Sunday, July 3, 2016

ਸੁਹਪਣ-ਦੇਹੀ
ਸੁਹਪਣ ਦੀ ਦੇਹੀ,ਸਦਾੰਨਦ ਸਨਾਤਨ ,
ਰੂਪ ਛਿਣ-ਛਿਣ ਸਵਾਇਆ,
ਕਦੇ ਨਾ ਅਣਹੋਇਆ ਹੋਵੇ,
ਬਸ ਛੁਪ ਜਾਇ ਚੁਪ ਚੁਪੀਤੀਆਂ ਬੇਲਾਂ ਪਿਛੇ ਝੋਲੀ ਭਰੀ.
ਬਸ ਸਾਡੇ ਕੰਨੀਂ ਨਾ ਪਵੇ ਸੂਹ,
ਸੌ ਜਾਇ ਨਰੋਈ ਨੀਂਦ, ਸੁਫ਼ਨਿਆਂ ਜੜੀ,
ਸਾਹ ਮੰਦ ਮੰਦ ਧੜਕਣ |

ਹਰ ਆਸ ਦੀ ਡੋਲੀ ਤੋਰ ਵਿਦਾ ਕਰੀਏ ਭਾਵੇਂ,
ਫ਼ੁੱਲ ਕੂਲੇ ਇਹ ਮੇਘਾਂ ਦੇ ਕੁੰਡਲ,
ਨੂੜੀ ਰਖਣ ਨਾਲ ਧਰਤ ਦੇ,
ਭਾਵੇਂ ਉਦਾਸੀ ਏ ਘਣੀ,
ਕਰੋਪੀ ਕੁਦਰਤ ਦੀ ਸੰਘਣੀ,
ਅਣਮਨੁਖੀ ਥੁੜਾਂ,
ਬੁਝੇ-ਕੁਮਲਾਏ ਦਿਨ,
ਨ੍ਹੇਰਾ ਡੁਲਕਾਉਂਦੇ ,
ਪਿਛੇ ਪਿਛੇ ਪੈੜ ਨਪਦੇ ਫ਼ਿਰਦੇ,
ਘੋਰ ਨਿਰਾਸੇ ਰਾਹ |

ਬਾਵਜੂਦ ਇਸ ਦੇ ,
ਕੋਈ ਨਾ ਕੋਈ ਛੋਹ ਸੁਹੱਪਣ ਦੀ,
ਮੁਰਝਾਈਆਂ ਰੂਹਾਂ ਦਾ ਘੁਂਡ ਚੁਕ ਹੀ ਜਾਂਦੀ,
ਸੂਰਜ ਕਦੇ ਚੰਨ ਬਣ ਕੇ,
ਬਜ਼ੁਰਗ ਕਦੇ ਜਵਾਨ ਬਿਰਖ,
ਫ਼ੈਲਦੇ ਨਿਮਾਣੀਆਂ ਭੇਡਾਂ ਦੇ ਸਿਰ ਛਾਂ ਬਣ ਕੇ,
ਇਹੋ ਜਹੇ ਨੇ ਅਮਲਤਾਸ ,
ਹਰਿਆਏ ਸੰਸਾਰ ’ਚ ਆਪਣੇ ,
ਦਗ-ਦਗ ਜਗਦੇ;
ਝਰ ਝਰ ਝਰਦੇ ਝਰਦੇ ਝਰਨੇ,
ਠੰਡੇ ਨਿਰਮਲ,
ਢਾਲਾਂ ਬਣ ਖਲੋਏ,
ਭਖਦੇ ਜੇਠ ਹਾੜ ਮੋਹਰੇ;
ਵਿਚ ਵਿਚਾਲੇ ਜੰਗਲ ਦੇ,
ਭਰ ਜੋਬਨ ਖਿੜੇ ਸਿਂਧੂਰੀ ਗੁਲਾਬ,
ਕਸਤੂਰੀ ਜਈ ਤਿਰੋਂਕਦੇ |
ਪਰਲੌ ਦਾ ਇਹ ਜਾਹੋ ਜਲਾਲ ਏਨਾ ਹੀ ਐ,
ਮੌਤ ਦਾ ਇੱਕ ਟੱਕ ਰਾਜ,
ਐਵੈਂ ਕਲਪਣਾ ਸਾਡੀ,
ਕੋਰੀਆਂ ਕਹਾਣੀਆਂ ਪੜੀਆਂ ਸੁਣੀਆਂ;
ਓਸ ਆਸਮਾਨੀ ਕੌਲੇ ’ਚੋਂ,
ਬਰਸੇ ਅਮਰਤਾ ਦਾ ਮੇਹ,
ਕਿਆਮਤਾਂ ਦੇ ਆਰ-ਪਾਰ,
ਪਵੇ ਫ਼ੁਹਾਰ ਅੰਦਰ ਬਾਹਰ

ਇਨ੍ਹਾ ਮਹਿਕਾਂ ਦਾ ਅਹਿਸਾਸ,
ਕੋਈ ਘੜੀ ਦਾ ਪ੍ਰਾਹੁਣਾ ਨਹੀ,
ਨਹੀ ਛਿਣ-ਭੰਗੁਰ ਇਹ ਟਹਿਣੀਆਂ,
ਜੋ ਖਹਿ- ਖਹਿ ਜਾਂਦੀਆਂ,
ਸ਼ਿਵਾਲੈ ਦੇ ਬੁਰਜ ਨਾਲ,
ਖੁਦ ਹੀ ਮੰਦਰ ਹੋ ਜਾਂਦੀਆਂ,
ਘੁਲ ਜਾਂਦੀਆਂ ਉਸ ਦੀ ਰੂਹ ਅੰਦਰ ,
ਚੰਨ ਵੀ ਇੰਜ ਹੀ ਕਰਦਾ,
ਕਾਵਿ ਹਨੇਰੀ ਝੁੱਲਦੀ,
ਅਨੰਤ ਲੌਅ ਧੂਹ ਪਾਉਂਦੀ ਤਦ ਤਾਈਂ,
ਖਣਕਦੀਆਂ ਘੰਟੀਆਂ ਵਾਂਗ ਜੈ-ਨਾਦ ਕਰਦੀ,
ਲਹਿ ਨਹੀ ਜਾਂਦੀ ਜਦ ਤਾਈਂ ਰੂਹ ਅੰਦਰ,
ਨੱਕੋ-ਨੱਕ, ਹਰ ਖੂਂਜੇ, ਹਰ ਨੁਕਰੇ ;
ਫ਼ੇਰ ਖਿੜੇ ਦੁਪਹਿਰ ਜਾਂ ਘਿਰਣ ਘਟਾਵਾਂ ਘੋਰ,
ਉਹ ਸਾਥ ਨਹੀ ਛੁਟਦਾ,
ਭਵੇਂ ਲੱਖ ਵਾਰ ਮਰ ਜਾਈਏ |

ਤਾਹੀਓਂ ਤਾਂ ਤੁਰਿਆ ਮੈਂ ਚਾਈਂ ਚਾਈਂ,
ਏਂਡੀਮਿਓਨ ਦੀ ਗਾਥਾ ਦੇ ਸੁਰ ਲਭਦਾ,
ਇਸ ਨਾਓਂ ਦੀ ਟੁਂਕਾਰ,ਲਹਿ ਗਈ,
ਮੇਰੇ ਵਜੂਦ ਅੰਦਰ;
ਹਰ ਦ੍ਰਿਸ਼ ਨਿਖਰ ਗਿਆ,
ਨ੍ਹਾਤੀਆਂ-ਨ੍ਹਾਤੀਆਂ ਗਈਆਂ ਵਾਦੀਆਂ,
ਕਚੂਰ ਹਰੀਆਂ,
ਸ਼ਹਿਰ ਦਾ ਰੌਲਾ ਸਾਰਾ ਧੁਲ ਗਿਆ,
ਕੰਨ ਹੋਏ ਹੋਲੇ ਫ਼ੁੱਲ,
ਚਲ ਮਨਾਂ ਤੁਰ ਬਾਘੀਆਂ ਪਾ|

ਹੁਣ ਜਦ ਨੂੰ ਨਵੇਲੀਆਂ ਡੋਡੀਆਂ ਪਲਕਾਂ ਖੋਲਣ,
ਬਿਰਧ ਜੰਗਲਾਂ ਦੀਆਂ ਝੁਰੜੀਆਂ ’ਚ,
ਹਯਾ ਦਾ ਰੰਗ ਮੁੜ ਧੜਕੇ,
ਕਿੱਕਰਾਂ ’ਤੇ ਹਲਕੀ ਜਰਦ ਰਾਲ ਮਹਿਕਾਂ ਝੁਲਾਏ,
ਜਦ ਤਾਈਂ ਮਧਾਣੀਆਂ ਗੜਕਣ ਚਾਟੀਆਂ ’ਚ,
ਦੁੱਧ ਖਾਣ ਉਬਾਲੇ,
’ਤੇ ਰੁੱਤਾਂ ਗੰਦਲਾਂ ’ਚ ਰਸ ਚੋਂਦੀਆਂ;
ਮੈਂ ਚੁਪਚਾਪ ਚੱਪੂ ਚਲਾਵਾਂ,
ਖੇਂਵਦਾ ਜਾਵਾਂ ਕਿਸ਼ਤੀ,
ਧਾਰਾਵਾਂ ਸੰਗ ਵਗਦਾ ਜਾਵਾਂ,
ਹੋਰ ਡੁੰਘੇਰੇ ਹੋਰ ਅਜਾਣੇ ਮੁਕਾਮਾ ਨੂੰ |


ਇਹਤੋਂ ਪਹਿਲਾਂ ਕੇ ਰੱਤ ਸਿੰਧੂਰੇ
ਕੇਸੂਆਂ ਦਾ ਰੰਗ ਖੁਰ ਜਾਏ,
ਘਾਹ-ਫ਼ੂਸ ਹੋ ਛੁਪ ਜਾਣ ਕਲੀਆਂ,
ਮੈਂ ਕਿੰਨੇ ਹੀ ਗੀਤ ਖਿੜਾਣੇ ਚਾਹਾਂ;
ਹਾਲੇ ਤਾਂ ਮੱਖੀਆਂ ਸ਼ਹਿਦ ਦੀਆਂ ਅਲਾਉਂਦੀਆਂ,
ਅੰਗੂਰ ਰਸੇ, ਤੇ ਫ਼ਲੀਆਂ ਮਟਰਾਂ ਦੀਆਂ ਭਰੀਆਂ,
ਅਧਪਕੇ ਤੂਤਾਂ ਵਾਂਗ ਮੇਰੀ ਕਥਾ ਵੀ ਵਿਚਾਲੇ ਹਾਲੇ,
ਹਾਏ ਰੱਬਾ ਕਿਤੇ ਸਿਆਲ ਈ ਨਾ ਪੈ ਜਾਣ,
ਠੰਡੇ ਯਖ ਸਿਆਲ, ਘੇਰ ਲੈਣ ਇਹਨੂ ਕਿਤੇ
ਅੱਧ-ਅਧੂਰੀ ਨੂੰ ਅਧਵਾਟੇ,
ਚਲੋ ਪਤਝੜ ਨੂੰ ਦਿਓ ਹੱਲਾਸ਼ੇਰੀ,
ਪਿੱਠ ਥਾਪੜੋ ਉਹਦੀ,ਛਾਣ ਦਿਓ ਚੁਫ਼ੇਰੇ
ਸੋਨੇ ਰੰਗੀ ਭਾਅ, ਅੰਤਮ ਵੇਲੇ ਮੇਰੇ,
ਅੰਗ-ਸੰਗ ਰਹੇ ਬਸ ਇਹੋ|

ਹੁਣ ਮੈਂ ਡੋਰ ਖਿਆਲਾਂ ਦੀ ਖੁੱਲੀ ਛੱਡਾਂ,
ਅੱਥਰੇ ਰਾਹੀਂ,ਖੋਰੂ ਪਾਵਣ ਚੜੀਆਂ ਆਣ ਹਨੇਰੀਆਂ,
ਨਗਾੜੇ ਗੜਕਣ , ਡਮਰੂ ਖੜਕਣ,
ਸੈ-ਸੈ ਵਜਣ ਰਣਭੇਰਈਆਂ:
ਡਗਮਗ ਡਗਮਗ ਰਾਹ ਡੋਲਦੇ
ਝਟਪਟ ਹੋਣ ਤਿਆਰ
ਸੇਜਾ ਸਬਜ਼ ਬਿਛਾਉਣ;
ਜਿਧਰੋਂ ਦੀ ਵੀ ਆਏ ਸਵਾਰੀ
ਫ਼ੁੱਲਾਂ ਥੀਂ ਨਦੀਨਾ ਥਾਣੀ,
ਲੰਘ ਜਾਏ ਬੇਰੋਕ,
ਸਰਪਟ ਜਾਂਦੀ ਧੂੜ ਉਡਾਂਦੀ,
ਬੇਖਟਕੇ ਬੇਖੋਫ਼ |

ਕੀਟਸ [ਰੂਪਾਂਤਰ:ਬਲਰਾਮ]



No comments:

Post a Comment