Wednesday, March 16, 2011

ਗੀਤਾਂਜਲੀ :ਪੰਜਾਬੀ ਰੂਪ

ਟੈਗੋਰ ਦਾ ਕਾਵ-ਸਾਗਰ
ਟੈਗੋਰ ਦੇ ਇਹ ਗੀਤ ਬ੍ਰ੍ਹਹਿ੍ਮਂਡੀ ਪ੍ਰੇਮ ਦੇ ਗੀਤ ਹਨ |ਉਹ ਬ੍ਰ੍ਹਹਿਮਂਡ ਜੋ ਬੇਜਾਨ ਅਣੂਆਂ ਦਾ ਪਸਾਰ ਨਹੀਂ ਹੈ ,ਚੇਤਨਾ ਤੇ ਅਨਂਦ ਦਾ ਭਰਿਆ ਹੈ |ਜਿਸ ਵਿਚੋਂ ਕੁਝ ਮਹਾਕਵਿ ਦੇ ਗੀਤਾਂ ਵਿਚ ਛਲਕ ਗਿਆ|ਅਰਥਾਂ ਤੋਂ ਪਾਰ ਕਦੇ ਇਹ ਰਂਗ ਬਣਦਾ,ਕਦੇ ਗੂਂਜ |ਕਾਂਗੜਾ ਸ਼ੈਲੀ ਦੇ ਚਿਤ੍ਰਾਂ ਵਿਚਲੀ ਸਖੀ ਕੈਨਵਸ ਚੋਂ ਨਿਕਲ ਗੀਤਾਂ ਦੀਆਂ ਗਲੀਆਂ ਚ ਪ੍ਰੀਤਮ ਦਾ ਦਰ ਲਭਦੀ ਹੈ,ਤੂਫ਼ਾਨੀ ਰਾਤ ,ਕੜ੍ਕਦੀ ਬਿਜਲੀ ਉਸ ਨੂਂ ਕੁਝ ਨਹੀ ਸੁਝਦਾ|ਕਿਤੇ ਇਹ ਅਨਂਦ ਵਿਰਹੋਂ ਬਣਦਾ,ਕਿਤੇ ਅਰਜੋਈ|ਪਰ ਭੈਅ ਕਿਧਰੇ ਨਹੀਂ,ਆਸਥਾ ਹੈ ਅਸਤਿਤਵ ਵਿਚ ਜੋ ਡੋਲਦੀ ਨਹੀਂ|ਇਸੇਲਈ ਜੀਵਨ ਦੀ ਸਾਂਝ ਤੇ ਮੌਤ ਵੀ ਨਵਜੀਵਨ ਦਾ ਦੁਆਰ ਬਣ ਜਾਂਦੀ ਹੈ|




ਗੀਤਾਂਜਲੀ:ਟੈਗੋਰ:ਗੀਤ੧

ਤੂੰ ਮੈਨੂੰ ਅਸੀਮ ਕਰ ਦਿੱਤਾ,
ਜਿਓਂ ਮੌਜ ਤੇਰੀ!
ਇਸ ਕੱਚੇ ਭਾਂਡੇ ਨੂੰ ,
ਤੂੰ ਕੈ ਵਾਰ ਖਾਲੀ ਕੀਤਾ,
ਤੇ ਭਰ ਦਿੱਤਾ ਮੁੜ ਸਜਰੇ ਜੀਵਨ ਨਾਲ |
ਵਾਦੀਆਂ ਪਹਾੜਾਂ ਥੀਂ ਨਾਲ-ਨਾਲ ਲਈ ਫ਼ਿਰਿਆ ਤੂੰ ,
ਇਸ ਕਾਹਨੀ ਜਹੀ ਬਾਂਸਰੀ ਨੂੰ ,
ਤੇ ਭਰ ਦਿੱਤੀਆਂ ਇਹਦੇ ਸਾਹੀਂ,
ਆਦਿ-ਕੁਆਰੀਆਂ ਤਾਨਾਂ |
ਅਜਰ ਅਮਰ ਤੇਰੀ ਛੋਹ ਨੇ,
ਅਲੂਏਂ ਜਹੇ ਮੇਰੇ ਦਿਲ ਦੇ,
ਕੜ੍ਹ ਪਾੜ ਛੱਡੇ,
ਤੇ ਝਰ ਝਰ ਪੈਂਦਾ ਹੁਣ ਉਸ ’ਚੋਂ,
ਜੋ ਕਦੇ ਨਾ ਝਰਿਆ,
ਅਕਹਿ, ਅਛੋਹ,
ਤੇਰੀਆਂ ਨੇਹਮਤਾਂ ਦੀ ਝੜੀ,
ਭਰਦੀ ਜਾਂਦੀ ਏ ਮੇਰੀ ਚੂਚੀ ਜਈ ਬੁੱਕ,
ਜੁਗ ਬੀਤੇ ਤੂੰ ਹਾਲੇ ਵੀ ਵਰਦਾਂ,
ਤੇ ਮੈਂ ਹਾਲੇ ਵੀ ਊਣਾ |

ਜਦ ਤੂੰ ਗਾਉਣ ਦਾ ਹੁਕਮ ਸੁਣਾਇਆ,
ਇੰਜ ਲੱਗਾ ਮੈ ਮਰ ਜਾਵਾਂਗਾ,
ਖੁਸ਼ੀ ਦੇ ਮਾਰੇ ਦਿਲ,
ਪਾਰਾ ਪਾਰਾ ਖਿੰਡ ਜਾਵੇਗਾ;

ਤੇਰੇ ਮੁਖ ਵੱਲ ਦੇਖਦਾ ਹਾਂ,
ਹੰਝੂ ਅੱਖੀਆਂ ’ਚੋਂ ਚੋਅ ਜਾਂਦੇ,
ਮੈਲਾ ਕੁਸੈਲਾ ਖਰਵਾ,
ਜੋ ਵੀ ਹੈ ਮੇਰੇ ਜੀਵਨ ’ਚ,
ਖੁਰ ਜਾਂਦਾ ਇੱਕ
ਮਿੱਠੜੀ ਜੇਈ ਧੁਨ ’ਚ,
ਗੀਤਾਂ ਦੀ ਧੂਫ਼ ,
ਖੰਭ ਖਿਲਾਰ ਉਡ ਜਾਂਦੀ,
ਪਂਛੀ ਹੋ ਤੁਰ ਪੈਂਦੀ
ਸਾਗਰੋਂ ਪਾਰ |

ਮੈਂ ਜਾਣਦਾਂ ਤੂੰ ਮੇਰੇ ਗੀਤਾਂ
ਨੂੰ ਮਾਣਦੈਂ ਆਨੰਦ ਲੈਂਦਾਂ,
ਤੇਰੇ ਹਜ਼ੂਰ ’ਚ ,
ਮੇਰੀ ਹੈਸੀਅਤ ਸਿਰਫ਼,
ਇੱਕ ਗਵਈਏ ਦੀ |

ਦੂਰ ਅਂਬਰ ਗਾਂਹਦੇ
ਗੀਤਾਂ ਦੇ ਫ਼ੰਘਾਂ ਨਾਲ
ਮੈਂ ਛੋਹ ਲੈਂਦਾਂ ਤੇਰੇ ਪੈਰ,
ਛੋਹ ਜਿਸਨੂੰ ਲੋਚਦਿਆਂ
ਵੀ ਡਰਦਾਂ|

ਗਾਉਣ ਦੀ ਮਸਤੀ ’ਚ ਗੁਟ
ਬੇਖੁਦ ਹੋਇਆ ,ਮੈਂ ਯਾਰ ਬੁਲਾਇਆ
ਓਸ ਨੂੰ ਜੋ ਸਾਈਂ ਮੇਰਾ |

ਤੇਰੇ ਗੀਤਾਂ ਦੇ ਰਾਜ਼ ਮੈਂ
ਕੀ ਜਾਣਾਂ
ਤੇਰੀਆਂ ਤਾਨਾਂ ਦੀ ਲੋਅ
ਤਾਂ ਜਗ ਰੁਸ਼ਨਾਇਆ|

ਧੁਨਾਂ ਤੇਰੀਆਂ ਦੇ ਪ੍ਰਾਣ
ਤਾਂ ਅੰਬਰ ਅੰਬਰ ਧੜਕਣ|

ਪਾਵਨ ਸੁਰਧਾਰ ਤੇਰੀ
ਮੇਲ੍ਹਦੀ ਜਾਵੇ
ਪੱਥਰਾਂ ਪਹਾੜਾਂ ਨੂੰ ਖੋਰਦੀ
ਰਸਦੀ ਜਾਵੇ ਜ਼ੋਰੋ ਜ਼ੋਰ |

ਮੇਰਾ ਮਨ ਤਰਸੇ
ਤੇਰੀ ਤਾਨ ’ਚ ਤਾਨ ਮਿਲਾਵਾਂ,
ਤੜਪਾਂ ਤਰਲੇ ਪਾਵਾਂ,
ਤੁਤਲਾਵਾਂ,
ਬੋਲ ਮੇਰੇ ਪਰ
ਗੀਤ ਨਾ ਬਣਦੇ,
ਘਬਰਾਵਾਂ,ਕੁਰਲਾਵਾਂ,
ਕੂਕ ਕੂਕ ਰਹਿ ਜਾਵਾਂ|

ਹੇ ਪ੍ਰਭੋ!ਤੂੰ ਹਿਰਦਾ ਮੇਰਾ
ਫ਼ਾਹ ਲਿਆ,ਇਨ੍ਹਾ ਅੰਤਹੀਨ
ਸੁਰਾਂ ਦੇ ਪਾਸ਼ ਅੰਦਰ|



ਹੇ ਪ੍ਰਾਣਾਂ ਦੇ ਪ੍ਰਾਣ,
ਕਰਾਂ ਜਤਨ ਮੈਂ
ਦਮ-ਦਮ,
ਇਹ ਤਨ
ਪਾਕ-ਸਾਫ਼
ਮੈਂ ਰਖਾਂ,
ਜਾਣਾ ਮੈਂ,ਤੇਰੀ ਹੀ
ਮਘਦੀ ਛੋਹ ਮੇਰੇ
ਅੰਗ-ਅੰਗ ਸਮਾਈ |

ਕੋਸ਼ਿਸ਼ ਕਰਾਂ ਮੈਂ
ਹਰ ਦਮ.
ਸੋਚਾਂ ਮੇਰੀਆਂ ’ਚ ਕੋਈ
ਝੂਠ ਨਾ ਸੰਨ੍ਹ ਲਾ ਜਾਵੇ,
ਜਾਣਾ ਮੈਂ , ਤੂੰ ਹੀ ਉਹ
ਸੱਚ ਹੈਂ,ਜੀਹਨੇ ਜਹਿਨ
ਮੇਰੇ ਵਿੱਚ ਤਰਕ ਦੀ
ਜੋਤ ਜਗਾਈ |

ਜਤਨ ਕਰਾਂ ਜੀ ਤੋੜ
ਮੈਂ ਦਮ ਦਮ,ਦੂਰ ਰਖਾਂ
ਹਰ ਬੁਰਾਈ ਹਿਰਦੇ ਤੋਂ,
ਚੜਦੀ ਰਖਾਂ ਪ੍ਰੀਤ ਦੀ ਪੀਂਘ,
ਜਾਣਾ ਮੈਂ , ਤੇਰਾ ਹੀ ਹਿੰਡੋਲਾ
ਸਜਿਆ ਮੇਰੇ ਦਿਲ ਦੀ ਕੰਦਰਾ
ਅੰਦਰ, ਮੇਰੀ ਦਮ ਦਮ ਕੋਸ਼ਿਸ਼
ਇਹੋ, ਤੂੰ ਹੀ ਤੂੰ ਮਹਿਕੇਂ ਮੇਰੇ
ਦਮ ਦਮ,ਹਰ ਝਲਕਾਰੇ ਅੰਦਰ,
ਜਾਣਾ ਮੈਂ, ਤੇਰੀ ਹੀ ਸੌਗਾਤ ਪ੍ਰਭੂ,
ਮੈਂ ਬਲ ਪਾਇਆ ਕਾਜ ਰਚਾਇਆ |



ਘੜੀ ਪਲ ਤੇਰੇ ਨਾਲ ਬੈਠਾਂ,ਤੇਰੇ ਸੰਗ,
ਇਹੋ ਤਾਂਘ ਮੇਰੀ,ਇਹੋ ਮੰਗ ,
ਹਥਲੇ ਕੰਮ ਮੁਕਾ ਲਵਾਂਗਾ ਬਿਂਦ ਬਾਦ|

ਤੇਰਾ ਮੁਖੜਾ ਔਝਲ ਹੋਇ,
ਤਾਂ ਦਿਲ ਟਿਕਦਾ ਨਹੀ ,
ਬਰੇਤੇ ਪਈ ਮਛੀ ਵਾਂਗ ਤੜਫ਼ਦਾ ;
ਕੰਮ ਬੋਝ ਹੋ ਜਾਂਦਾ ਮੈਨੂੰ ,
ਸਾਹਾਂ ਦਾ ਸਮੰਦਰ,ਛੋਰ ਹੀਨ ,
ਕੱਟਿਆਂ ਨਹੀ ਕੱਟਦਾ |

ਰੁੱਤ ਹੁਨਾਲੀ ਅੱਜ
ਮੇਰੀ ਬਾਰੀ ’ਤੇ ਆਈ,
ਠੰਡੇ ਹੋਕੇ ਭਰਦੀ,
ਗੁਣਗੁਣ ਕਰਦੀ;
ਭੌਂਰੇ ਭਾਟਾਂ ਵਾਂਗ
ਗੁਣਗੁਣਾਉਂਦੇ,
ਝੁਕ ਝੁਕ ਜਾਂਦੇ
ਫ਼ੁੱਲਾਂ ਦੇ ਹਜ਼ੂਰ|

ਇਹ ਤੇ ਚੁਪ ਬੈਠਣ ਦੀ ਬੇਲਾ,
ਤੇਰੇ ਸਾਵ੍ਹੇਂ ਢੁਕ ਬੈਠਣ ਦੀ,
ਹੜਿਆਏ ਅਨੰਦ ਭਂਵਰ ਵਿਚ
ਜ਼ਿੰਦਗੀ ਦੇ ਸੁਹਾਗ ਗਾਉਣ ਦੀ ,
ਸਵਂਬਰ ਰਚਾਉਣ ਦੀ |




ਗੀਤ:੬
ਤੋੜ ਲੈ ਇਹ ਸੁਕੜਾ ਜਿਹਾ ਫ਼ੁੱਲ,
ਛੇਤੀ ਕਰ ਦੇਰ ਨਾ ਲਾ,
ਹਾਏ ਰੱਬਾ! ਕਿਤੇ ਝੜ ਈ ਨਾ ਜਾਏ,
ਹੋ ਨਾ ਜਾਏ ਖਾਕ|

ਗਲੇ ਦੀ ਮਾਲਾ ’ਚ ਥਾਂ ਦੇ ਭਾਵੇਂ ਨਾ,
ਬਸ ਉਸ ਦਰਦੀਲੀ ਛੋਹ ਦਾ
ਮਾਣ ਬਖਸ਼ ਦੇ, ਹਥੀਂ ਤੋੜ ਲੈ ਆਪਣੇ |
ਹਾਏ ਰੱਬਾ !ਕਿਤੇ ਆਥਣ ਵੀ ਨਿਕਲ ਜਾਏ,
ਮੇਰੇ ਜਾਗਣ ਤੋਂ ਪਹਿਲਾਂ,ਘੜੀ ਨਿਕਲ ਜਾਏ,
ਭੇਂਟਾ ਦੀ;ਅੰਤਮ |

ਭਾਵੇਂ ਰੰਗ ਨਹੀ ਇਸ ਦੇ ਇਸ ਜੋਗੇ,
ਮਹਿਕ ਵੀ ਹੈ ਮੁਰਝਾਈ,
ਫ਼ੇਰ ਵੀ ਆਪਣੀ ਟਹਿਲ ’ਚ ਲੈ ਲੈ,
ਹਾਲੇ ਵੀ ਕੁਝ ਸਾਹ ਅਟਕੇ ਨੇ :
ਤੋੜ ਲੈ ਇਸ ਸੁਕੜੇ ਜਏ ਫ਼ੁੱਲ ਨੂੰ |


ਗੀਤ:੭
ਮੇਰੇ ਗੀਤ ਅੱਜ ਸਾਰੇ ਛੰਦ ਅਲੰਕਾਰ ਲਾਹ ਆਏ ਨੇ ,
ਹੁਣ ਤੇਰੇ ਅੱਗੇ ਝੂਠ ਇਹ ਹਾਰ ਸਿਂਗਾਰ ਭਲਾ ਕੀ ਖੋਹੰਦੇ ਨੇ ,
ਬਸ ਪਰਦਾ ਹੀ ਬਣਦੇ ਨੇ ਤੇਰੇ ਮੇਰੇ ਦਰਮਿਆਂ ,
ਇਨਾਂ ਗਹਣਿਆਂ ਦੀ ਖਣ-ਖਣ 'ਚ ,
ਤੇਰੇ ਅਲੂਂਏ ਜਏ ਬੋਲ ਰੁਲ ਜਾਂਦੇ ,
ਤੇਰੇ ਮੋਹਰੇ ਮੇਰਾ ਕਵੀ ਹੋਣ ਦਾ ਹੰਕਾਰ ,
ਸਂਗਦਾ ਖੁਰ ਗਿਆ ,
ਹੇ ਮਹਾਕਵੀ ਮੈਂ ਤੇਰੇ ਚਰਣਾਂ 'ਚ ਹਾਂ,
ਮੇਹਰ ਕਰ ਮੇਰਾ ਜੀਵਨ ਸਾਦ -ਮੁਰਾਦ ਕਰ ਦੇ ,
ਬੰਸੀ ਵਾਂਗ ਆਪਣੇ ਸੁਰਾਂ ਨਾਲ ਮੇਰਾ ਛੇਦ-ਛੇਦ ਭਰ ਦੇ .


ਗੀਤ:੮
ਓ ਪਿਆ ਬਾਲ ਬੇਚਾਰਾ,ਸੋਨੇ ਮੜਿਆ,
ਕੀਮਤੀ ਚੋਗਾ ਰੇਸ਼ਮੀ,ਮੋਤੀਂ
ਜੜਿਆ, ਲੜੀਆਂ ਲਟਕਣ ਪੈਰੀਂ ਅਟਕਣ,
ਕਦਮ ਕਦਮ ਤੇ ਠੇਡੇ ,ਮਜ਼ਾ ਮਾਰਿਆ ਗਿਆ
ਏ ਸਾਰਾ ਕਿਹੜੇ ਦਿਲ ਹੁਣ ਖੇਡੇ |

ਦਾਗ ਧੱਬੇ ਦੇ ਖੋਫ਼ੋਂ ਠਰਿਆ,ਛਿਜਣੋ ਡਰੇ
ਖੁੰਗੀਓਂ ਡਰਿਆ ,ਸਾਰੇ ਜਗ ਤੋਂ ਬਚ ਬਚ ਬਹਿਂਦਾ,
ਤੁਰਨੋ ਵੀ ਹੈ ਸਹਮਿਆ ਰਹਿਂਦਾ |

ਜੇ ਇਨ੍ਹਾ ਗਹਣਿਆ ਬੰਨਣ ਹੀ ਬਣਨਾ,
ਮਿੱਟੀ ਦੀ ਨਰੋਈ ਛੋਹ ਤੋਂ ਸਾਨੂੰ ,
ਦੂਰ ਦੂਰ ਹੀ ਕਰਨਾ ,
ਜਗ ਦੇ ਅਲਬੇਲੇ ਮੇਲੇ ਵਿਚ,
ਪੈਰ ਧਰਨੋਂ ਵੀ ਬਰਜਿਤ ਕਰਨਾ,
ਤਾਂ ਮਾਂ ਇਸ ਸਜਧਜ ਦਾ ਫ਼ਾਇਦਾ ਕੀ!
ਇਹ ਤਾਂ ਨਿਰਾ ਘਾਟੇ ਦਾ ਸੌਦਾ |


ਗੀਤ:੯
ਮੂਰਖ ਆਪਣੀ ਹੀ ਘਨੇੜੀ ਚੜਨਾ ਚਾਹੇਂ!
ਆਪਣੇ ਈ ਮੋਢੀਂ! ਓ ਭਿਖਾਰੀਆ ,ਆਪਣੇ
ਹੀ ਦਰ ’ਤੇ ਮੰਗਣ ਆਇਆਂ!

ਸਰੇ ਬੋਝ ਉਸਦੇ ਬੋਝੇ ਪਾ ਦੇ, ਜੋ ਝਲ
ਸਕਦਾ ਹੈ, ਐਵੇਂ ਮੁੜ ਮੁੜ ਨਾ ਦੇਖ,
ਪਛਤਾਵਾ ਨਾ ਪਾਲ |

ਖਾਹਿਸ਼ਾਂ ਜਿਸ ਦੀਵੇ ਦੇ ਕੰਨੀਂ ਫੂਕ ਦਿੰਦੀਆਂ,
ਚੂਸ ਜਾਂਦੀਆਂ ਉਸਦੀ ਲੌਅ, ਇੱਕੋ ਸਾਹੇ|
ਨਾਪਾਕ ਨੇ ਇਹ ,ਹੱਥ ਇਨ੍ਹਾ ਦੇ ਮੈਲੇ-ਲਿਬੜੇ,
ਕਬੂਲ ਨਾ ਇਨ੍ਹਾ ਦੇ ਤੋਹਫ਼ੇ,
ਕਬੂਲ ਕਰ ਉਹੀ, ਮੁਹਬਤ
ਸੁੱਚੀ ਜੋ ਝੋਲੀ ਪਾਵੇ ਤੇਰੀ,
- ਜੋ ਵੀ |



ਗੀਤ:੧੦
ਇਹੋ ਤਾਂ ਹੈ ਤੇਰੀ ਚੌਂਕੀ, ਜਿਥੇ ਚਰਣ ਤੇਰੇ ਸੋਹਣ,
ਰਹਿਣ ਨਿਮਾਣੇ ਜਿਥੇ, ਹੀਣਿਓਂ ਹੀਣੇ, ਜੋ ਹੋ ਕੇ
ਵੀ ਅਣਹੋਏ |

ਜਦ ਵੀ ਤੈਨੂੰ ਸੀਸ ਝੁਕਾਵਾਂ, ਸਿਰ ਨਾ ਮੇਰਾ ਪਹੁਂਚੇ
ਉਨ੍ਹਾ ਨਿਵਾਣਾ ਤਾਈਂ , ਜਿੱਥੇ ਚਰਣ ਤੇਰੇ ਸੋਹਣ,
ਹੀਣਿਓਂ ਹੀਣੇ, ਜੋ ਹੋ ਕੇ ਵੀ ਅਣਹੋਏ |

ਹੰਕਾਰ ਕਦੇ ਨਾ ਪਹੁਂਚੇ ਉੱਥੇ,
ਜਿੱਥੇ ਤੂੰ ਫਿਰੇਂ ਫ਼ਕੀਰੀ ਵੇਸ,
ਨਿਮਾਣਿਆ ਵਿਚ ਨਿਮਾਣਾ
ਹੋਇਆ, ਜਿੱਥੇ ਰਹਿਣ ਹੀਣਿਓਂ
ਹੀਣੇ, ਜੋ ਹੋ ਕੇ ਵੀ ਅਣਹੋਏ |


ਮੇਰੇ ਦਿਲ ਨੂੰ ਕਦੇ ਨਾ ਲਭਿਆ
ਉਹ ਕੁੰਜ ਉਹ ਬੇਲਾ,
ਨਿਵਾਸਿਆਂ ਨਾਲ ਨਿਵਾਸੇਂ ਜਿੱਥੇ,
ਤੂੰ ਹੋ ਕੇ ਸਖਾ ਸਹੇਲਾ,
ਰਹੇ ਨਿਮਾਣਿਆਂ ਸੰਗ ,
ਜੋ ਹੀਣਿਓਂ ਹੀਣੇ,
ਹੋ ਕੇ ਵੀ ਅਣਹੋਏ |



ਗੀਤ:੧੧
ਛੱਡ ਪਰ੍ਹਾਂ ਇਹ ਭਜਨ ਕੀਰਤਨ,
ਛੱਡ ਸੁੱਟ ਕਾਠ ਦੀ ਮਾਲਾ|
ਸੁੰਨੇ ਏਸ ਸ਼ਿਵਾਲੇ ਅੰਦਰ,
ਦਰ ਬੂਹੇ ਸਭ ਢੋਈ,
ਨ੍ਹੇਰੀ ਨੁਕਰ ਮੱਲੀ ਬੈਠਾਂ,
ਕਿਸ ਨੂੰ ਪਿਆ ਧਿਆਵੇਂ ?
ਖੋਲ ਕੇ ਅਖੀਆਂ ਵੇਖ ਨਜ਼ਾਰਾ,
ਰਬ ਤੇਰਾ ਨਾ ਇਥੇ |

ਉਹ ਤਾਂ ਉੱਥੇ, ਕਿਰਸਾਨ
ਵਾਹ ਰਿਹੇ ਜਿਥੇ, ਬਂਜਰ
ਸਖਤ ਜ਼ਮੀਨ, ਰੋੜੀ ਕੁਟਣ
ਰਾਹ ਬਣਾਵਣ ਜਿਥੇ ਉਹ ਮਜ਼ਦੂਰ |
ਸਿਖਰ ਦੁਪਿਹਰੇ ਵਰ੍ਹਦੀ ਰੁੱਤੇ,
ਉਹ ਤੇ ਨਾਲ ਉਨ੍ਹਾ ਦੇ ,
ਮਿੱਟੀਓ ਮਿੱਟੀ ਹੋਇਆ,
ਉਲਝੇ ਕੇਸ ਤੇ ਹਥੀਂ ਅੱਟਣ |
ਫੂਕ ਇਹ ਚੋਗਾ ਗੇਰੂਆ,
ਉਤਰ ਆ ਭੋਇਂ ਪਥਰੀਲੀ,
ਨਾਲ ਖਲੋ ਆ ਉਹਦੇ|

ਮੁਕਤੀ ਇਹ ਤੂੰ ਕਿਥੋਂ ਭਾਲੇਂ,
ਕਿਥੋਂ ਹੈ ਇਹ ਮੋਖ ?
ਸਾਡਾ ਸਾਈਂ ਤਾਂ ਆਪ ਸਮਾਇਆ,
ਸਾਰੇ ਏਸ ਪਸਾਰੇ ਅੰਦਰ,
ਹੋਇਆ ਬਂਦੀ ਚਾਈਂ ਚਾਈਂ;
ਸਦਾ ਸਦਾ ਲਈ ਨਾਲ
ਅਸਾਂ ਪ੍ਰਣਾਇਆ |

ਛੱਡ ਸਮਾਧੀਆਂ ਬਾਹਰ ਆ ਜਾ ,
ਪਰਾਂ ਕਰ ਧੂਫ਼ ਸੁਗੰਧੀਆਂ |
ਕੀ ਹੋਇਆ ਜੇ ਹੋਇਆ ਮੈਲਾ,
ਸਿਰ ਉਹਦੇ ਦਾ ਸਾਫ਼ਾ,
ਕੀ ਹੋਇਆ ਜੇ ਗਲ ਨੇ ਲੀਰਾਂ,
ਗਲ ਨਾਲ ਉਹਨੂ ਲਾ ਲੈ,
ਨਾਲ ਖਲੋ ਤੇ ਦੋ ਚਾਰ ਬੂਂਦਾਂ,
ਉਹਦੇ ਮੁੜਕੇ ਵਿਚ ਰਲਾ ਦੇ|



ਗੀਤ:੧੨
ਯਾਤਰਾ ਮੇਰੀ ਲੰਮੀ,ਯੁਗੋ ਯੁਗ ਲੰਮੀ,
ਪੈਂਡਾ ਲੰਮਾ ਵਲ ਵਲੇਵਿਆਂ ਵਾਲਾ,

ਮੈਂ ਤਾਂ ਤੁਰਿਆ ਸਫ਼ਰ ਨੂੰ ,
ਆਦ ਕਿਰਣ ਦੇ ਰਥ ’ਤੇ ਚੜਿਆ,
ਜਗ ਦੇ ਓਹਰੇ ਮਾਰਗ ਗਾਂਹਦਾ,
ਪਂਧ ਮੁਕਾਉਂਦਾ,ਛੱਡ ਆਇਆਂ ਪੈੜ,
ਮੈਂ ਆਪਣੀ ਤਾਰਿਆਂ ’ਤੇ ਨਛਤਰਾਂ ਤਾਈਂ |

ਮਾਰਗ ਜੋ ਆਪਣੇ ਵੱਲ ਲੈ ਕੇ ਆਵੇ,
ਹੈ ਸਭ ਤੋਂ ਲੰਮਾ ,ਸੂਖਮ ਤੋਂ ਸੂਖਮ
ਉਹ ਵਿਦਿਆ , ਜਿਸ ਤੋਂ ਧੁਨ
ਵਿਚ ਸਾਦਗੀ ਆਵੇ |

ਘਰ ਆਪਣੇ ਪਹੁਂਚਣ ਤੋਂ ਪਹਿਲਾਂ,
ਹਰ ਇੱਕ ਦਰ ਖੜਕਾਉਣਾ ਪੈਂਦਾ,
ਭਵੇਂ ਲੱਗੇ ਲੱਖ ਪਰਾਇਆ,
ਅਂਬਰੋ ਅਂਬਰ ਪੈਂਦੀ ਖਾਕ ਛਨਣੀ,
ਫਿਰ ਕਿਤੇ ਅੰਤ ਗੁਫ਼ਾ ਉਹ ਆਉਂਦੀ,
ਧੁਰ ਅੰਦਰ ਦੀ |

ਇਸ ਤੋਂ ਪਹਿਲਾਂ ਕਿ ਮੂਂਦ ਲਵਾਂ ਮੈਂ,
ਦੂਰ ਦੁਰਾਡੇ ਭੌਂਦੀਆਂ ਅੱਖਾਂ,
ਫ਼ਿਰ ਨਿਕਲੇ ਬਰਬਸ ਮੂਹੋਂ,
"ਵੇਖਾਂ, ਆਹ ਰਿਹਾ ਤੂੰ |"

"ਕਿੱਥੇ ਹੈਂ" ਦੀ ਗੂਂਜੇ ਕੂਕ ,
ਹਜ਼ਾਰਾਂ ਨਦੀਆਂ ਸਮੰਦਰਾਂ ਅੰਦਰ
ਹੰਝੂ ਹੰਝੂ ਇਹੋ ਸਵਾਲ;
ਗੂਂਜੇ ਉਹੋ ਭਰੌਸਾ ਵਂਡਦੀ,
ਜਗ ਨੂੰ ਸਰੋਬਾਰ ਪਈ ਕਰਦੀ,
"ਹਾਂ!ਮੈਂ ਹਾਂ,ਹਾਂ ਮੈਂ ਹਾਂ!"



ਗੀਤ:੧੩
ਜਿਹੜਾ ਗੀਤ ਮੈਂ ਗਾਉਣ ਨੂੰ ਆਇਆਂ,
ਉਹ ਤੇ ਪਿਆ ਅਣਗਾਇਆ |

ਸਾਜਾਂ ਨੂੰ ਸਾਧਦਿਆਂ ਸੁਰ ਕਰਦਿਆਂ
ਈ ਉਮਰ ਗੁਜ਼ਰ ਗਈ |
ਹਾਲੇ ਵੀ ਵੇਲਾ ਨਹੀ ਆਇਆ,
ਸ਼ਬਦਾਂ ਦੀ ਲੈਅ ਤਾਰ ਤਾਰ
ਪਈ, ਊਂਈ..., ਦਿਲ ਪੀੜ
ਨਾਲ ਭਰਿਆ, ਚਾਹਨਾ ਦੀ ਪੀੜ|

ਹਾਲੇ ਬੂਰ ਨਹੀ ਪਿਆ;ਬਸ ਹਵਾ
ਲਂਘਦੀ ਏ ਕੋਲੋਂ ਦੀ,ਹੌਕੇ ਭਰਦੀ |

ਮੈਂ ਉਸ ਦੀ ਸੂਰਤ ਨਹੀ ਦੇਖੀ,
ਨਾ ਹੀ ਆਵਾਜ਼ ਸੁਣੀ ਹੈ ;
ਹਲਕੀ ਹਲਕੀ ਕਦਮਾ ਦੀ
ਆਹਟ ਬਸ ਕੰਨੀ ਪਈ ਹੈ,
ਉਹ ਮੇਰੇ ਘਰ ਮੋਹਰਿਓਂ ਲਂਘਿਆ |

ਉਮਰਾਂ ਲੰਮਾ ਚੁਪਹਿਰਾ ਬੀਤ ਚਲਿਆ,
ਉਹਦੀ ਰਾਹ ਜੋਹਂਦਿਆ,
ਪਰ ਜੋਤ ਤਾਂ ਹਾਲੇ ਵੀ ਜਗੀ ਨਹੀ,
ਮੈਂ ਕਿਵੇਂ ਬੁਲਾਵਾਂ ਓਸ ਨੂੰ ,
ਘਰ ਹਲੇ ਹਨ੍ਹੇਰਾ |

ਉਹਦੇ ਮਿਲਣ ਦੀ ਆਸ ’ਤੇ
ਜੀਵਿਆ ਹਾਂ ਮੈਂ , ਪਰ ਉਹ
ਘੜੀ ਤਾਂ ਕਿਤੇ ਦਿਖਦੀ ਨਹੀ |



ਗੀਤ:੧੪
ਖਾਹਿਸ਼ਾਂ ਨੇ ਘੇਰਾ ਪਾਇਆ ਤੇ
ਹੂਕ ਮੇਰੀ ਦਰਦੀਲੀ, ਹਰ
ਬਾਰ ਰਖ ਲੈਂਦਾ ਮੈਨੂੰ ,
ਤੂੰ ਠੋਕਰ ਮਾਰ ;
ਤੇਰੀ ਇਹ ਡਾਹਡੀ ਦਿਆ
ਮੇਰੇ ਜੀਵਨ ’ਤੇ ਛਾਈ ਰਹੀ ਏ,
ਪਲ-ਪਲ |

ਦਿਨ-ਦਿਨ ਤੂੰ ਘੜਿਆ ਮੈਨੂੰ ,
ਪਾਤਰ ਕੀਤਾ ਓਸ ਸਾਦਗੀ ਦਾ,
ਅਣਮੁੱਲੇ ਤੋਹਫ਼ੇ ਮੇਰੀ ਝੋਲੀ ਪਾਏ,
ਬਿਣਮੰਗੇ -ਇਹ ਅਂਬਰ, ਇਹ ਲੌਅ,
ਜੀਵਨ,ਇਹ ਦੇਹ, ਇਹ ਮਨ ਲੁਟਾਏ-
ਮੂੰਹਜ਼ੋਰ ਖਾਹਿਸ਼ਾਂ ਦੇ ਚੁਂਗਲ ਤੋਂ
ਬਚਾਈ ਰਖਿਆ ਮੈਨੂੰ |

ਅਜਿਹੇ ਵੀ ਸਮੇਂ ਆਏ ਜਦ
ਢੇਰੀ ਢਾਈ ਪਿਆ ਰਿਹਾ ਮੈਂ,
ਤੇ ਅਜਿਹੇ ਵੀ ਪਲ ਜਦ
ਸੁੱਤਾ ਉਠਾ ਅਭੜਵਾਹ
ਨਸ ਤੁਰਿਆ ਮਂਜ਼ਿਲ ਵਲ;
ਪਰ ਬੇਦਰਦੀ ਨਾਲ ਤੂੰ
ਛੁਪਾ ਲਿਆ ਖੁਦ ਨੂੰ ,
ਰੂਪੋਸ਼ ਹੋ ਗਿਆ ਨਜ਼ਰੋਂ |

ਬਾਰ ਬਾਰ ਦੁਰਕਾਰ ਕੇ ਮੈਨੂੰ
ਤੂੰ ਇਸ ਜੋਗਾ ਕਰਦਾਂ ,ਕਿ ਤੇਰੇ
ਨੇੜੇ ਹੋ ਪਾਵਾਂ ,ਘਾਟਾਂ ਦੀ ਜਿਲ੍ਹਣ ’ਚੋਂ,
ਡਗਮਗਾਉਂਦੀਆਂ ਖਹਿਸ਼ਾਂ ’ਚੋਂ
ਬਾਂਹ ਫੜਦਾਂ ਕਿ ਗਲ ਲਗ ਪਾਵਾਂ ਤੇਰੇ |



ਗੀਤ:੧੫
ਮੈਂ ਤਾਂ ਤੇਰੇ ਗੀਤ ਗਾਉਣ ਨੂੰ ਆਇਆਂ,
ਆਲੀਸ਼ਾਨ ਭਵਨ ਵਿਚ ਤੇਰੇ,
ਇਕ ਨੁਕਰੇ ਬੈਠਾਂ|

ਤੇਰੇ ਇਸ ਜਹਾਨ ਅਂਦਰ,
ਕੋਈ ਕੰਮ ਨ੍ਹੀ ਮੇਰਾ,
ਮੇਰੇ ਇਸ ਅਜਾਈਂ ਜੀਵਨ ਵਿਚੋਂ,
ਤਾਂ ਸਿਰਫ਼ ਧੁਨਾ ਹੀ ਫ਼ੁਟਦੀਆਂ,
ਆਵਾਰਾ ਭੋਂਦੀਆਂ ਧੁਨਾਂ|

ਜਦ ਰਾਤ ਦੇ ਸਿਆਹ ਮਂਦਰ ’ਚ,
ਸਮਾਂ ਹਥ ਬੰਨੀ ਖੜਾ,
ਮੌਨ ਅਰਾਧਨਾ ’ਚ,
ਹੁਕਮ ਦੇ ਮੈੰਨੂ,
ਖੜਾ ਹੋਵਾਂ ਤੇਰੇ ਸਾਹਵੇਂ,
ਤੇ ਗੀਤ ਗਾਵਾਂ|

ਸਵੇਰ ਦੀ ਹਵਾ ’ਚ,
ਜਦ ਸੋਨ ਰਂਗੀ ਦਿਲਰੁਬਾ ਦਾ,
ਸੁਰ ਮਘਿਆ,ਮਾਣ ਦੇ ਮੈਨੂੰ ,
ਮੈਂ ਪੇਸ਼ ਹੋਵਾਂ ਤੇਰੇ ਹਜ਼ੂਰ|



ਗੀਤ:੧੬
ਜਗ ਦੇ ਇਸ ਮੇਲੇ ਦਾ ,
ਬੁਲਾਵਾ ਆਇਆ ਮੈਨੂੰ,
ਜੀਵਨ ਮੇਰਾ ਵਡਭਾਗੀ ਹੋਇਆ|
ਅੱਖਾਂ ਨੇ ਰੱਜ ਰੱਜ ਡਿਠਾ,
ਕੰਨਾਂ ਨੇ ਰਸ ਚਖਿਆ|

ਏਸ ਉਤਸਵ ਦੀ ਘੜੀ,
ਮੇਰਾ ਜਿੰਮਾ ਸੀ ਇਹੋ,
ਕਿ ਛੇੜੀ ਰਖਾਂ ਸਾਜ,
ਜੋ ਵੀ ਵਸ ਸੀ ਮੇਰੇ,
ਮੈਂ ਵਾਹ ਲਾਈ ਪੂਰੀ|

ਹੁਣ, ਕੋਈ ਤਾਂ ਦਸੋ,
ਕੀ ਉਹ ਘੜੀ ਆਈ,
ਅੰਤ ਨੂੰ ਕਿ ਮੈਂ ਜਾਵਾਂ
ਅਂਦਰ ,ਦੀਦਾਰ ਕਰਾਂ
ਉਹਦਾ,ਤੇ ਮੌਨ ਅਰਾਧਨਾ
ਦਾ ਅਰਘ ਦਿਆਂ |



ਗੀਤ:੧੭
ਮੈਂ ਹਾਲੇ ਪਿਆ ਉਡੀਕਾਂ,
ਕਿਤੋਂ ਲਹਿਰ ਪਿਆਰ ਦੀ ਆਏ,
ਸਾਨੂੰ ਤੇਰੇ ਹਥ ਵਿਕਾਏ,
ਇਸੇ ਲਈ ਤਾਂ ਹੋਇਆ ਕੁਵੇਲਾ,
ਖੁਂਝਿਆ ਮੇਲਾ,ਮੈਂ ਦੋਸ਼ੀ,
ਭੁੱਲਾਂ ਨੇ ਢੇਰ|

ਨੇਮ ਕਨੂਨਾਂ ਦੇ ਫ਼ਂਦੇ ਲੈ,
ਨੂੜਨ ਦੀ ਖਾਤਿਰ ਮੈਨੂੰ ,
ਬਾਰ ਬਾਰ ਉਹ ਆਏ,
ਮੈਂ ਖਿਸਕ ਗਿਆ,
ਉਹ ਮੈਨੂੰ ਫ਼ਾਹ ਨਾ ਪਾਏ|

ਮੈਂ ਹਾਲੇ ਪਿਆ ਉਡੀਕਾਂ,
ਕਿਤੋਂ ਲਹਿਰ ਪਿਆਰ ਦੀ ਆਏ,
ਸਾਨੂੰ ਤੇਰੇ ਹਥ ਵਿਕਾਏ|

ਲੋਕੀਂ ਊਜਾਂ ਲਾਉਣ,
ਆਖਣ ਬੇਪਰਵਾਹ,
ਸ਼ਕ ਰਤਾ ਨਾ ਭੋਰਾ,
ਉਹ ਆਖਣ ਸਚ ਖਰਾ|

ਆਈ ਹੱਟ ਵਧਾਉਣ ਦੀ ਵੇਲਾ,
ਖਿਂਡਿਆ ਮੇਲਾ,ਕੰਮ ਸਭ ਗਏ ਮੁਕਾ,
ਉਹ ਜੋ ਮੇਰੀ ਹੱਟੇ ਆਏ,
ਭਾਅ ਰਹੇ ਕਰਦੇ,
ਮੁੜ ਗਏ ਕਦਦੇ,
ਬੁੜਬੁੜ ਕਰਦੇ|

ਮੈਂ ਹਾਲੇ ਪਿਆ ਉਡੀਕਾਂ,
ਕਿਤੋਂ ਲਹਿਰ ਪਿਆਰ ਦੀ ਆਏ,
ਸਾਨੂੰ ਤੇਰੇ ਹਥ ਵਿਕਾਏ|




ਗੀਤ:੧੮
ਮਣਾਂਮੂਹੀ ਬੱਦਲ ਘਿਰ ਆਏ,
ਨ੍ਹੇਰਾ ਢੇਰਾਂ ਦੇ ਢੇਰ,
ਕਲਮਕੱਲਾ ਦਰ ਤੇਰੇ ਦੇ
ਬਾਹਰ ਖੜਾ ਮੈਂ,
ਓ ਪਿਆਰਿਆ!
ਕਿਉਂ ਤਰਸਾਏਂ?

ਚਹਲ ਪਹਲ ਦੀ ਵੇਲਾ ਸੀ ਜਦ ,
ਜੀਵਨ ਦੀ ਸਿਖਰ ਦੁਪਹਿਰੀ,
ਮੈਂ ਜਗ ਦੀ ਕਚਹਿਰੀ,
ਰੁਝਿਆ ਰਿਹਾ|
ਪਰ ਤਨਹਾਈਆਂ ਮਾਰੇ,
ਹਨੇਰੇ ਇਸ ਦਿਨ ’ਚ,
ਕੋਈ ਨਹੀ ਤੁਧ ਬਿਨ,
ਜਿਸ ਤੇ ਰਖਾਂ ਟੇਕ|

ਮੁਖੜੇ ਆਪਣੇ ਦੀ ਇਕ
ਝਲਕ ਵੀ ਜੇ ਤੂਂ ਨਾ ਦਿਖਾਈ,
ਪਿਠ ਕਰ ਛਡੀ ਉੱਕਾ ਹੀ,
ਮੇਰੇ ਵਲ,ਤਾਂ ਨਹੀ ਜਾਣਦਾ ਮੈਂ,
ਲੰਮੀਆਂ ਇਹ ਸਾਉਣ ਦੀਆਂ
ਝੜੀਆਂ ਕਿਂਜ ਕੱਟਾਂਗਾ ਮੈਂ|

ਡੂਂਘੀ ਛਾਈ ਆਸਮਾਨ ਦੀ
ਉਦਾਸੀ ਅਂਦਰ, ਦੇਰ ਤਾਈਂ
ਘੂਰਦਾ ਰਹਾਂ, ਤੇ ਦਿਲ ਮੇਰਾ,
ਵਿਹਵਲ ਹਵਾ ਦੇ ਨਾਲ,
ਰਹੇ ਵਿਲਕਦਾ|




ਗੀਤ:੧੯
ਜੇ ਤੂਂ ਬੋਲੇਂਗਾ ਨਹੀ,
ਮੈਂ ਤੇਰੀ ਚੁਪ ਨਾਲ,
ਆਪਣਾ ਹਿਰਦਾ
ਭਰ ਲਵਾਂਗਾ,
ਹਂਢਾਵਾਂਗਾ ਉਹਨੂੰ |
ਇਕਟਕ ਉਡੀਕਾਂਗਾ ,
ਜਿਉਂ ਉਡੀਕੇ ਰਾਤ,
ਤਾਰਿਆਂ ਜੜੀ,
ਸਬਰ ਨਾਲ ਭਰੀ,
ਸਿਰ ਝੁਕਾਈ,
ਜਗਰਾਤੇ ਖੜੀ|

ਸਵੇਰ ਤਾਂ ਆਏਗੀ ਹੀ,
ਧੁਲ ਜਾਏਗਾ ਹਨੇਰਾ,
ਤੇਰੀ ਨਾਦ ਧੁਨ,
ਸੁਨਹਿਰੀ ਫ਼ੁਹਾਰਾਂ ਬਣ,
ਅਂਬਰ ਥੀਂ ਬਰਸੇਗੀ|

ਫ਼ੇਰ ਤੇਰੇ ਬੋਲ,
ਫ਼ਂਘ ਲਾ ਉਡਣਗੇ,
ਪਂਛੀਆਂ ਦੇ ਹਰ
ਆਲ੍ਹਣੇ ’ਚੋਂ ,ਗੀਤ
ਬਣ-ਬਣ;ਜਂਗਲ-
ਬੇਲੀਂ ਤੇਰੀਆਂ ਤਾਨਾਂ,
ਫ਼ੁੱਲ ਹੋ ਖਿੜਣਗੀਆ|



ਗੀਤ:੨੦
ਦਿਨ ਵੇਲੇ ਜਦ ਕਂਵਲ ਖਿੜੇ ਸੀ,
ਹਾਏ!ਮਨ ਮੇਰਾ ਰਿਹਾ ਭਟਕਦਾ,
ਮੈਂ ਅਣਭੋਲ ਰਿਹਾ ਅਣਜਾਣ|

ਝੋਲੀ ਮੇਰੀ ਖਾਲੀ ਤੇ
ਫ਼ੁੱਲ ਰਹੇ ਅਣਗੋਲੇ|

ਬਾਰ ਬਾਰ ਉਦਾਸੀ,
ਮੇਰੇ ਉਪਰ ਢਹਿਂਦੀ,
ਤੇ ਅਭੜਵਾਹਾ ਉਠਦਾ
ਸੁਫ਼ਨੇ ’ਚੋਂ,ਮਹਿਸੂਸ ਕਰਦਾ
ਅਦਭੁਤ ਸੁਗੰਧੀਆਂ ਦੇ
ਭਿਜੇ ਭਿਜੇ ਨਿਸ਼ਾਨ
ਘੁਲੇ ਜੋ ਦਖਣੀ ਹਵਾਵਾਂ ’ਚ |

ਇਹ ਮਧਮ ਜਹੀ ਮਧੁਰਤਾ,
ਦਿਲ ਦੁਖਾਉਂਦੀ,ਭਰ ਦਿਂਦੀ
ਵਿਰਹੋਂ ਨਾਲ, ਤੇ ਇੰਜ ਲਗਦਾ
ਮੈਨੂੰ ਕਿ ਉਹ ਤੇ ਨਿੱਘੇ ਮੌਸਮਾਂ
ਦੀ ਲਹਿਰਾਉਂਦੀ ਜਹੀ ਸਾਹ ਸੀ,
ਪੂਰੇ ਹੋਣ ਨੂੰ ਤਾਂਘਦੀ|

ਮੈਂ ਨਹੀ ਸੀ ਜਾਣਦਾ ਉਦੋਂ,ਕਿ
ਉਹ ਤੇ ਇੰਨੇ ਨੇੜ੍ਹੇ ਸੀ ਮੇਰੇ,
ਮੇਰੀ ਹੀ ਸੀ ਉਹ, ਨਹੀ ਸੀ
ਪਤਾ ਕਿ ਇਹ ਮੂਰਤੀਮਾਨ
ਮਿਠਾਸ , ਖਿੜੀ ਹੈ ਮੇਰੇ ਹੀ
ਹਿਰਦੇ ਦੀਆਂ ਗਹਿਰਾਈਆ ’ਚ|




ਗੀਤ:੨੧
ਹੁਣ ਤਾਂ ਇਹ ਬੇੜੀ ਆਪਣੀ,
ਠਿੱਲਣੀ ਹੀ ਪਊ ਮੈਨੂੰ |
ਹਾਏ! ਏਸ ਕੰਢੇ ਖਲੋਤੇ ਜੁਗ ਬੀਤੇ
ਥੱਕੇ-ਹਾਰੇ ਮਰੀਅਲ ਚਾਲੇ|

ਬਹਾਰ ਤੇ ਤੁਰ ਗਈ,
ਹਂਢਾ ਕੇ ਆਪਣਾ ਖੇੜਾ |
ਤੇ ਹੁਣ ਮੁਰਝਾਏ ਬੁੱਸੇ ਫ਼ੁੱਲਾਂ
ਦਾ ਬੋਝਾ ਲਈ ਮੈਂ ਖੜਾ ਉਡੀਕਦਾਂ
ਡੰਗ ਟਪਾਉਂਦਾ |

ਲਹਿਰਾਂ ਤਾਂ ਮੁੰਹਜ਼ੋਰ ਹੋ ਗਈਆਂ,
ਹਨੇਰੀ ਜਹੀ ਬੀਹੀ ’ਚ ਫ਼ੜਫ਼ੜ ਕਰਦੇ
ਪੀਲੇ ਪੱਤੇ, ਲੜਖੜਾਉਂਦੇ ਕੰਢੇ ’ਤੇ ਆ ਡਿਗਦੇ|

ਕਿਹੜੀ ਸੁੰਨ ’ਚ ਨਜ਼ਰਾਂ ਟਿਕਾਈ ਬੈਠਾਂ ਤੂੰ!
ਕੀ ਇਹ ਝਰਨਾਹਟ ਜਹੀ ਹਵਾ ਦੀਆਂ ਰਗਾਂ
’ਚੋਂ ਲਂਘਦੀ,ਗੀਤ ਛੇੜਦੀ ਓਸ ਪਾਰ ਦੇ,
ਤੇਰੇ ਅੰਦਰ ਨਹੀ ਛਿੜਦੀ ?



ਗੀਤ:੨੨
ਸਾਉਣ ਦੀਆਂ ਘਣਘੋਰ ਘਟਾਵਾਂ ’ਚ
ਮਲ੍ਹਕ-ਮਲ੍ਹਕ ਪਬ ਧਰਦੀ,
ਤੁਰਦੀ ਪੋਲੇ ਪੈਰੀਂ,
ਲੰਘ ਜਾਂਦੀ ਟਿਕੀ ਰਾਤ ਵਾਂਗ,
ਸਭ ਪਹਿਰੂਆਂ ਨੂੰ ਭਰਮਾਉਂਦੀ|

ਅੱਜ ਭਲਕ ਨੇ ਮੂਂਦ ਲਈਆਂ
ਇਹਦੀਆਂ ਪਲਕਾਂ,ਖੋਰੂ ਪਾਉਂਦੀਆਂ
ਪੁਰੇ ਦੀਆਂ ’ਵਾਵਾਂ ਦੀ ਜਿੱਦੀ ਪੁਕਾਰ
’ਤੋਂ ਬੇਪਰਵਾਹ,ਸਦਾ ਜਾਗਦੇ ਨੀਲੇ
ਇਸ ਅਂਬਰ ਨੇ ਕਢ ਛਡਿਆ ਅੱਜ
ਲੰਮਾ ਸਾਰਾ ਘੁੰਡ|

ਜਂਗਲ-ਬੇਲਿਆਂ ਡੱਕ ਲਏ ਨੇ ਗੀਤ,
ਬੂਹੇ ਹਰ ਘਰ ਦੇ ਵੱਜੇ-ਢੋਏ|
ਸੁੰਨੀਆਂ ਹੋਈਆਂ ਗਲੀਆਂ ’ਚ
ਕੱਲਮਕੱਲਾ ਪਾਂਧੀ ਤੂੰ ਹੀ|
ਓ ਯਾਰ ਮੇਰੇ,ਮਹਿਬੂਬ ਮੇਰੇ,
ਦਰ ਸਭ ਖੁੱਲੇ ਮੇਰੇ ਘਰ ਦੇ
ਲੰਘ ਨਾ ਕੋਲੋਂ ਸੁਫ਼ਨਾ ਬਣ ਕੇ|



ਗੀਤ:੨੩
ਓ ਮੇਰੇ ਪਿਆਰੇ ਸਖਾ!
ਏਸ ਤੂਫ਼ਾਨੀ ਰਾਤ ’ਚ
ਕੀ ਤੂੰ ਹੈਂ ਪਰਦੇਸੀ ਹੋਇਆ,
ਮੁਕਾਏਂ ਇਸ਼ਕ ਦੇ ਪੈਂਡੇ?
ਅਂਬਰ ਤਾਂ ਹਾਰੀ ਬੈਠਾ,
ਭਰਦਾ ਉਭੇ ਸਾਹ |

ਅੱਜ ਦੀ ਰਾਤ ਨੀਂਦ ਨੀ ਮੈਨੂੰ |
ਮੁੜ ਮੁੜ ਖੋਲਾਂ ਬੂਹਾ,ਹਨ੍ਹੇਰੇ ’ਚ
ਝਾਤੀਆਂ ਮਾਰਾਂ ਘੜੀ-ਮੁੜੀ,
ਓ ਮੇਰਿਆ ਬੇਲੀਆ!

ਕੁਝ ਨਜ਼ਰ ਨਹੀ ਆਉਂਦਾ,
ਸਬ ਝਾਉਲਾ ਝਾਉਲਾ,
ਖੌਰੇ ਤੂੰ ਕਿਧਰ ਦੀ ਆਵੇਂ,
ਕਿਹੜਾ ਤੇਰਾ ਰਾਹ!

ਸਿਆਹ ਕਾਲੀ ਨਦੀ ਦੇ ਕਿਸ ਕੰਢੇ,
ਗੁਸੈਲੇ ਇਸ ਜਂਗਲ ਦੀ ਕਿਹੜੀ ਨੁੱਕਰੇ,
ਉਦਾਸੀ ਦੀਆਂ ਕਿਹੜੀਆਂ ਡੁਂਘਾਣਾਂ ’ਚੋਂ,
ਕਿਸ ਭੂਲ-ਭੁਲਈਆ ’ਚੋਂ,ਤੂੰ ਮੇਰੇ ਤਕ
ਆਉਣ ਦਾ ਮਾਰਗ ਉਣਦਾ ਏਂ ਬੇਲੀਆ ?




ਗੀਤ:੨੪
ਦਿਨ ਜੇ ਹੰਭ ਗਿਆ ,ਪਰਿੰਦਿਆਂ ਜੇ ਬਿਸਾਰ ਦਿਤੇ ਨੇ ਗੀਤ
ਖੰਭ ਹਵਾ ਦੇ ਲੜਖੜਾਣ, ਲੈਣ ਜੇ ਉਭੇ -ਉਭੇ ਸਾਹ
ਤਾਂ ਪਰਦਾ ਖਿਚ ਦੇਈਂ,ਸਿਆਹ ਗੂੜਾ ਪਰਦਾ ,ਜਿਵੇਂ ਤੂੰ ਢਕ ਲੈਂਦਾ ਏਂ
ਧਰਤੀ ਸਾਰੀ ,ਨੀਂਦ ਦੀ ਕੂਲੀ -ਕੂਲੀ ਬੁਕਲ ਚ ,
ਤੇ ਪੋਲੇ -ਪੋਲੇ ਮੂੰਦ ਦਿੰਨਾਂ ਅਲਸਾਈਆਂ ਕੰਵਲ ਪੱਤੀਆਂ,
ਠੀਕ ਸਾਂਝ ਵੇਲੇ ,ਇਓਂ ਢਕ ਲੀਂ ਮੈਂਨੂੰ ਵੀ |
ਮੈਂ ਉਹ ਪਾਂਧੀ ,ਸਾਹ-ਸੱਤ ਹੀਣਾ, ਝੋਲੀ ਜਿਹਦੀ ਹੋਈ ਸਖਣੀ,
ਖੁਰ ਗਏ ਚਾਰੇ ਵਿਚ ਮਝਧਾਰ ,ਲੀੜੇ ਜਿਹਦੇ ਲੀਰੋ -ਲੀਰ ,
ਪੈਰੀਂ ਭੋਰੀਆਂ ਕੇਸੀਂ ਧੂੜ ;
ਹੁਣ ਕੰਗਾਲੀ ਢਕ ਲੈ ਉਹਦੀ ,
ਕਜ ਲੈ ਸਭ ਨੰਗੇਜ ;
ਜੀਵਨ ਮੁੜ ਖੇੜਾ -ਖੇੜਾ ਕਰਦੇ ,
ਮੇਹਰਾਂ ਭਰੀ ਰਾਤ ਸਿਰ ਧਰ ਦੇ |
                                    ਟੈਗੋਰ ੨੫
ਥਕੇਵੇਂ ਭਰੀ ਰਾਤ ਏ ,ਨੀਂਦ ਦੀਆਂ ਬਾਹਾਂ ਚ ਝੂਲ ਜਾਣ ਦੇ ,
ਬਿਨ ਹੀਲ-ਹੁਜ੍ਹਤ ਤੇਰੇ ਹਥ ਦੇ ਡੋਰ ,ਸੋ ਜਾਣ ਦੇ |
ਬਲ ਦੇ ਮੈਨੂੰ, ਐਞੇਂ ਗਰੀਬੜੀ ਜਹੀ ਪੂਜਾ ਲਈ ਤੇਰੀ ,
ਮੈਂ ਇਸ ਨਿਤਾਣੀ ਜਹੀ ਰੂਹ ਨੂੰ ਮਜਬੂਰ ਨਾ ਕਰਾਂ|
ਤੂੰ ਹੀ ਤਾਂ ਏਂ , ਜਿਸ ਦਿਨ ਦੀਆਂ ਥਕੀਆਂ-ਹਾਰੀਆਂ ਪਲਕਾਂ ਤੇ ਰਾਤ ਦਾ ਫਿਹਾ ਧਰਿਆ ,
ਨਜ਼ਰਾਂ ਚ ਤਾਜ਼ਗੀ ਭਰਨ ਨੂੰ , ਸਜਰੀ ਸਵੇਰ ਦੀ ਤਾਨ ਮਘਾਉਣ ਨੂੰ ,
ਤੂੰ ਹੀ ਚੰਦੋਲਾ ਕਰਿਆ |
                      ੨੬
ਉਹ ਆਇਆ ਨੇੜੇ ਹੋ ਬੈਠਾ ,ਪਰ ਮੈਂ ਸੁੱਤੀ ਦੀ ਸੁੱਤੀ ,
ਹਾਏ ਕੇਹੀ ਮੰਦਭਾਗਣ ਨੀਂਦ ਨੀ ਮੈਂ ਅਨਹੋਈ ਦੀ |
ਉਹ ਆਇਆ ਤਾਂ ਰਾਤ ਟਿਕੀ ਸੀ ,ਹੋਠੀਂ ਉਹਦੇ ਮੁਰਲੀ ਧਰੀ ਸੀ ,
ਉਸ ਦੀ ਤਾਨ ਤੇ ਸੁਰ ਹੋਏ ਸੁਫਨੇ ਹੋਰ ਸੁਨਹਿਰੀ  ਹੋਏ ,
ਰਸਭਿੰਨੇ ਅਲਸੋਏ|    
ਹਾਏ !ਕਿਉਂ ਮੈਂ ਸਾਰੀ ਰੈਣ ਵਿਹਾਈ,
ਕਿਉਂ ਮੈਂ ਉਹ ਸੂਰਤ ਨਾ ਵੇਖੀ ,
ਨ੍ਹਾ ਜਿਸਦੇ ਸਾਹੀਂ ਮੈਂ ਨਸ਼ਿਆਈ |
27
 ਚਾਨਣ ਕਿਥੇ ਹੈ,ਕਿਥੇ ਲੋਅ ?ਬਾਲੋ ਇਸ ਨੂੰ ,
 ਬਲਦੀਆਂ ਖਾਹਿਸ਼ਾਂ ਦੀ ਆਹੂਤੀ ਦਿਓ !
ਇਹ  ਦੀਵਾ ਤਾਂ ਛਿੱਟ ਚਾਨਣੀ ਦਾ ਤਿਹਾਇਆ ,
 ਮੇਰੇ ਹਿਰਦੇ ਦੀ ਹੋਣੀ ਵੀ ਕੀ ਇਹੋ ਹੈ ਬਸ ?
 ਉਫ!ਏਦੂੰ  ਤਾਂ ਮੌਤ ਚੰਗੀ ਮੇਰਿਆ ਮਾਲਕਾ| 
ਮੁਸ਼ਕਿਲ ਤੇਰਾ ਦਰ ਖੜਕਾਇਆ ,
“ਪ੍ਰੇਮ ਸੁਨੇਹਾ ਲੈ ਮੈਂ  ਆਈ ,
ਸਾਈਂ ਤੇਰਾ ਹਾਲੇ ਜਾਗੇ ,
ਰਾਤ ਦੇ ਕੂੜ ਹਨੇਰੇ ਅੰਦਰ ,
ਤੈਨੂੰ ਪਿਆ ਪੁਕਾਰੇ |”
ਅੰਬਰ ਸਬ ਮੇਘਾਂ ਨੇ ਕੱਜਿਆ ,
ਮੋਹਲੇਧਾਰ ਪਿਆ ਮੀਂਹ ਬਰਸੇ ,
ਮੈਂ ਨਾ ਜਾਣਾ ਗੁਦਗੁਦੀ ਜਹੀ,
ਇਹ ਮੇਰੇ ਅੰਦਰ ਕੀ!ਹਾਏ
ਇਹਦੇ ਅਰਥ ਅਵਲੜੇ ਮਾਏ|
ਬਿੰਦ ਭਰ ਦਮਕੀ ਬਿਜਲੀ ,
ਗੂੜੀ -ਗੂੜੀ ਹੋਰ ਸਿਆਹੀ ,
ਲੱਪ ਅਖੀਆਂ ਤੇ ਮਲ ਗਈ ,
ਦਿਲ ਕਾਹਲਾ -ਵਾਹਲਾ ,
ਟੋਹ -ਟੋਹ ਵਧਦਾ ,ਠੇਡੇ ਖਾਂਦਾ ,
ਰਾਹ ਪਿਆ ਟੋਲੇ,ਕੜਕੇ ਰਾਤ
ਪਈ ਵਾਜਾਂ ਮਾਰੇ ,ਯਾਰ ਬੁਲਾਵੇ
ਯਾਰ ਬੁਲਾਵੇ ,ਪਾਰ ਬੁਲਾਵੇ |
ਚਾਨਣ ਕਿਥੇ ਹੈ ,ਕਿਥੇ ਲੋਅ?
ਬਾਲੋ ਇਸਨੂੰ ਬਲਦੀਆਂ ਖਾਹਿਸ਼ਾਂ
ਦੀ ਅਹੂਤੀ ਦਿਓ !
ਘਣ ਗਰਜੇ ਹਵਾਵਾਂ ਸ਼ੂਕਣ ,
ਹੂਕਣ ਵਾਹੋਦਾਹ ,ਰਾਤ ਕੱਜਲ ਦੀ ਸਿੱਲ
ਜਹੀ ਕਾਲੀ  ਸੱਪ ਵਲੇਵੇਂ ਰਾਹ ,
ਹਨੇਰੇ ਨੂੰ ਟੱਕਰਾਂ ਮਾਰ ਐਵੇਂ ਡੰਗ ਨਾ ਟਪਾ ,
ਜਿੰਦ ਆਪਣੀ ਦੀ ਚੂਲੀ ਪਾ ਤੇ ,
ਚਿਰਾਗ ਇਸ਼ਕ ਦਾ ਬਾਲ|





ਗੀਤ:੨੮
ਬੇੜੀਆਂ ਇਹ ਬਹੁਤ ਢੀਠ ਨੇ,
ਤੇ ਤੋੜਨ ਲਗਿਆਂ ਦਿਲ ਵੀ ਦੁਖਦਾ ਮੇਰਾ|

ਆਜ਼ਾਦੀ ਹੀ ਤਾਂ ਬਸ ਚਾਹਾਂ ਮੈਂ,
ਪਰ ਉਮੀਦ ਕਰਦਿਆਂ ਇਹਦੀ
ਜੀ ਮੇਰਾ ਸ਼ਰਮਾਵੇ|

ਬੇਸ਼ਕੀਮਤੀ ਖਜਾਨੇ ਬੇਸ਼ਕ
ਛੁਪੇ ਨੇ ਤੁਧ ਵਿਚ,
ਤੂੰ ਹੀ ਮੇਰਾ ਅਸਲ ਸਖਾ ਹੈਂ,
ਪਰ ਇਹ ਤੜਕ-ਭੜਕ,
ਜਿਸ ਨੇ ਮੱਲ ਰਖਿਆ,
ਮੇਰਾ ਸਾਰਾ ਅਕਾਸ਼,
ਹੂਂਝ ਸੁੱਟਾਂ ਇਸਨੂੰ ,
ਜੇਰਾ ਨਹੀ ਪੈਂਦਾ ਮੇਰਾ|

ਜਿਸ ਚਾਦਰ ਨੇ ਢਕਿਆ ਮੈਨੂੰ
ਖਫਣ ਹੈ ਉਹ ਤੇ,ਧੂੜ ਦਾ, ਮੌਤ ਦਾ;
ਨਫ਼ਰਤ ਕਰਾਂ ਮੈਂ ਏਸ ਨੂੰ ,
ਫ਼ੇਰ ਵੀ ਲਾਈ ਰਖਾਂ ਹਿੱਕ ਦੇ ਨਾਲ|

ਮੇਰੇ ਕਰਜੇ ਭਾਰੀ,ਨਕਾਮੀਆਂ ਡਾਢੀਆਂ,
ਮੇਰੀ ਹਯਾ ਦਾ ਮਰਮ ਗੁਝਾ ਤੇ ਬੋਝਲ;
ਫ਼ੇਰ ਵੀ ਜਦ ਆਪਣੇ ਭਲੇ ਲਈ ਦੁਆ ਮਂਗਦਾਂ,
ਤਾਂ ਕਂਬ ਜਾਂਦਾਂ ਇਸ ਡਰ ਨਾਲ ਕਿ ਕਿਧਰੇ
ਇਹ ਦੁਆ ਸੁਣੀ ਹੀ ਨਾ ਜਾਏ|





ਗੀਤ:੨੯
ਉਹ ਜਿਸ ਨੂੰ ਮੈਂ ਵਲ ਰਖਿਆ
ਆਪਣੇ ਨਾਂ ਦੇ ਘੇਰੇ ’ਚ,
ਰੋਂਦਾ-ਕੁਰਲਾਉਂਦਾ,
ਨ੍ਹੇਰੀ ਉਸ ਕੋਠੜੀ ’ਚ|
ਰੁਝਿਆ ਰਿਹਾ ਮੈਂ ਬਹੁਤ
ਇਹ ਕਂਧ ਉਸਾਰਨ ’ਚ
ਉਸਦੇ ਦੁਆਲੇ;
ਤੇ ਜਿਓਂ ਜਿਓਂ ਇਹ ਦੀਵਾਲ
ਉਸਰਦੀ ਜਾਵੇ, ਉੱਚੀ ਉਠਦੀ
ਜਾਵੇ ਆਸਮਾਨ ਵੱਲ,ਉਸਦੇ
ਕਾਲੇ ਪਰਛਾਵੇਂ ਪਿਛੇ ਓਝਲ
ਹੁਂਦੀ ਜਾਵੇ ਮੇਰੀ ਅਸਲੀ ਹਸਤੀ|

ਫ਼ਖਰ ਹੈ ਮੈਨੂੰ ਇਸ ਬੁਲਂਦ
ਦੀਵਾਰ ’ਤੇ,ਨਿਤ ਲਿਪਦਾਂ
ਮਿੱਟੀ-ਗਾਰੇ ਨਾਲ, ਮਤੇ ਕੋਈ
ਮਘੋਰਾ ਰਹਿ ਜਾਏ ਸ਼ੋਹਰਤ ਦੇ
ਇਸ ਭੋਰੇ ਅਂਦਰ;ਜਿੰਨਾ ਮੈਂ
ਤਰਦਦ ਕਰਦਾਂ, ਨਜ਼ਰੋਂ ਓਹਲੇ
ਹੁਂਦਾ ਜਾਏ ਮੇਰਾ ਸ਼ੁਧ ਵਜੂਦ|



ਗੀਤ:੩੦
ਤੈਨੂੰ ਮਿਲਣ ਮੈਂ ’ਕੱਲਾ ਹੀ ਤੁਰਿਆ ਸੀ
--ਚੋਰੀ ਚੋਰੀ--
ਖੋਰੇ ਕੌਣ ਹੈ ਜੋ ਚੁਪ-ਚਪੀਤੇ ਨਾਲ
ਹੋ ਤੁਰਿਆ ਮੇਰੇ,ਮੁੰਹ ’ਨ੍ਹੇਰੇ ?ਖਹਿੜਾ ਛੁਡਾਉਣ
ਨੂੰ ਬਥੇਰੀਆਂ ਝਕਾਨੀਆਂ ਦਿਤੀਆਂ ਮੈਂ,ਪਰ ਪੱਲਾ
ਨਹੀਂ ਛੁਟਿਆ ਮੇਰਾ |

ਆਪਣੀ ਹੁਬਵੀਂ ਤੋਰ ਨਾਲ ਉਹ ਧੂੜ ਉਡਾਉਂਦਾ
ਫ਼ਿਰਦਾ ਧਰਤੀ ’ਤੇ; ਕੁਝ ਵੀ ਬੋਲਾਂ ਮੈਂ,ਆਪਣੀ
ਭਾਰੀ ਭਰਕਮ ਆਵਾਜ਼ ਰਲ੍ਹਾ ਦਿਂਦਾ ,ਹਰ ਅੱਖਰ ’ਚ|

ਉਹ ਤੇ ਮੇਰਾ ਹੀ ਤੁਛ ਅਹਿਮ ਏ,ਮੇਰੇ ਸਾਈਂ,ਉਸ ਨੂੰ
ਤੇ ਕੋਈ ਲੱਜ-ਸ਼ਰਮ ਨਹੀਂ;ਪਰ ਮੈਂ ਸ਼ਰਮਸਾਰ ਹਾਂ ਤੇਰੇ
ਦਰਾਂ ਤਾਈਂ ਆਇਆਂ ਉਸੇ ਦੀ ਸਂਗਤ ’ਚ |



ਗੀਤ:੩੧
"ਓ ਕੈਦੀਆ ਦਸ ਖਾਂ ਮੈਨੂੰ ,
ਕਿਸ ਨੇ ਬਂਦੀ ਬਣਾਇਆ ਭਲਾ ਤੈਨੂੰ ?"

"ਉਹ ਸੀ ਸਾਂਈ ਮੇਰਾ,"ਆਖਿਆ ਕੈਦੀ ਨੇ|
"ਮੈਂ ਸੀ ਸੋਚਦਾ ਕਿ ਹਰ ਕਿਸੇ ਨੂੰ ਸੁੱਟ ਸਕਦਾਂ
ਹਾਂ ਮੈਂ ਪਿਛੇ ਇਸ ਜਹਾਨ ਵਿਚ,ਕੋਈ ਨਾ ਸਾਨੀ
ਮੇਰਾ ਦੌਲਤਾਂ ’ਚ ,ਸੱਤਾ ’ਚ,ਖਜ਼ਾਨੇ ਭਰ ਲਏ ਮੈਂ
ਆਪਣੇ ਉਸ ਦੌਲਤ ਨਾਲ ਜੋ ਅਮਾਨਤ ਸੀ ਮੇਰੇ
ਸਾਈਂ ਦੀ| ਜਦ ਨੀਂਦ ਸੀ ਭਾਰੂ ਮੈਂ ਜਾ ਚੜਿਆ
ਉਸ ਸੇਜਾ,ਜੋ ਸੀ ਮੇਰੇ ਸਾਈਂ ਦੀ,ਅੱਖ ਖੁੱਲੀ ਤਾਂ
ਵੇਖਿਆ ਮੈਂ ਸੀ ਜਕੜਿਆ ਪਿਆ ,ਆਪਣੇ ਹੀ ਖਜ਼ਾਨੇ
ਅੰਦਰ ਹੋਇਆ ਕੈਦੀ|"

"ਸੁਣ ਬਂਦੀਵਾਨ,ਦਸ ਖਾਂ ਭਲਾ ਕਿਸ ਨੇ ਘੜੇ ਤੇਰੇ ਇਹ
ਅਟੁੱਟ ਬਂਧਨ?"

"ਉਹ ਸੀ ਮੈਂ,"ਆਖਿਆ ਬਂਦੀਵਾਨ,
"ਜਿਸ ਬੜੇ ਹੀ ਜਤਨਾਂ ਨਾਲ ਘੜੇ ਇਹ ਸਂਗਲ|
ਮੈਨੂੰ ਲਗਦਾ ਸੀ ਕਿ ਮੇਰੀ ਇਹ ਅਮੋੜ ਤਾਕਤ
ਸਾਰੇ ਜਗ ਨੂੰ ਫ਼ਾਹ ਲਏਗੀ,
ਮੈਨੂੰ ਛਡ ਅਛੂਤਾ,ਖੁੱਲਾ ਤੇ ਆਜ਼ਾਦ|
ਮੈਂ ਦਿਨ-ਰਾਤ ਮੁਸ਼ਕਤ ਕੀਤੀ
ਇਨ੍ਹਾ ਸਂਗਲਾਂ ’ਤੇ--ਦਿਓਕਦ ਭਠੀਆਂ ’ਚ ਢਾਲਿਆ,
ਦਮੋ-ਦਮ ਮਾਰੀਆਂ ਸੱਟਾਂ ਪੂਰੀ ਤਾਣ ਲਾ|
ਆਖਿਰ ਨੂੰ ਕੰਮ ਨੇਪਰੇ ਚੜਿਆ,
ਇਕ-ਇਕ ਕੜੀ ਜੁੜੀ ਹੋਈ ਅਟੁੱਟ,
ਤਾਂ ਲੱਭਾ ਕਿ ਉਸਨੇ ਤਾਂ ਮੈਨੂੰ ਹੀ
ਨੂੜ ਰਖਿਆ ਅਪਣੇ ਵਲੇਵੇਂ ’ਚ|"



ਗੀਤ:੩੨
ਹਰ ਹੀਲੇ ਉਹ ਮੇਰੀ ਹਿਫ਼ਾਜ਼ਤ
ਦੀ ਕਵਾਇਦ ਕਰਦੇ,ਉਹ ਜੋ
ਮੁਹਬੱਤ ਕਰਦੇ ਮੈਨੂੰ ਏਸ
ਜਹਾਨ ਅੰਦਰ|ਪਰ ਇਸ਼ਕ
ਤੇਰੇ ਦੀ ਤਾਂ ਗੱਲ ਹੀ ਕੁਝ
ਹੋਰ ਏ,ਉਹ ਵਸੀਹ ਏ ਉਨ੍ਹਾਂ
ਸਭਨਾਂ ਦੇ ਤੇਹ ਤੋਂ,ਤੂੰ ਆਜ਼ਾਦ
ਰਖਦਾ ਏਂ ਮੈਨੂੰ |

ਮਤੇ ਮੈਂ ਭੁੱਲ ਹੀ ਜਾਵਾਂ ਉਨ੍ਹਾ ਨੂੰ,
ਮੈਨੂੰ ਇਕੱਲਿਆਂ ਛਡਣ ਦਾ ਹੌਂਸਲਾ
ਉਹ ਕਦੀ ਨਾ ਕਰਦੇ|ਪਰ ਦਿਨ
ਬੀਤਦੇ ਦਿਹਾੜੇ ਲੰਘਦੇ ਜਾਂਦੇ,
ਤੇਰਾ ਦੀਦਾਰ ਨਾ ਹੁਂਦਾ|

ਆਪਣੀਆਂ ਅਰਦਾਸਾਂ ’ਚ ਜੇ
ਮੈਂ ਤੈਨੂੰ ਯਾਦ ਨਾ ਵੀ ਕਰਾਂ,
ਦਿਲ ਆਪਣੇ ’ਚ ਥਾਂ ਨਾ ਵੀ
ਦਿਆਂ,ਇਸ਼ਕ ਤੇਰਾ ਫ਼ਿਰ ਵੀ
ਉਡੀਕੇ ਮੁਹਬੱਤ ਨੂੰ ਮੇਰੀ|



ਗੀਤ:੩੩
ਜਦ ਦਿਨ ਸੀ,ਰੋਸ਼ਨੀ ਸੀ,ਉਹ
ਮੇਰੇ ਘਰ ਆਏ ਤੇ ਕਹਿਣ ਲੱਗੇ,
"ਸਾਨੂੰ ਤਾਂ ਐਵੇਂ ਗਿੱਠ ਭਰ ਥਾਂ
ਹੀ ਚਾਹੀਦੀ ਹੈ ਬਸ|" ਕਹਿਂਦੇ,
"ਈਸ਼ ਅਰਾਧਨਾ ’ਚ ਅਸੀਂ ਹੱਥ
ਵਟਾਵਾਂਗੇ ਤੇਰਾ ਤੇ ਮੇਹਰਾਂ ’ਚੋਂ
ਉਹਦੀਆਂ,ਬਣਦਾ ਹਿੱਸਾ ਜੋ ਵੀ
ਸਾਡਾ,ਬਸ ਸ਼ੁਕਰ ਕਰ ਕਬੂਲਾਂਗੇ ";
ਤੇ ਉਹ ਜਾ ਬੈਠੇ ਇੱਕ ਨੁੱਕਰੇ,
ਤੇ ਬੈਠੇ ਰਹੇ ਚੁਪਚਾਪ,ਨਿਮਾਣਿਆਂ
ਵਾਂਗ |

ਪਰ ਰਾਤ ਦੇ ਹਨੇਰੇ ’ਚ ਮੈਂ ਡਿੱਠਾ,
ਧਾੜਵੀਆਂ ਵਾਂਗ ਖੋਰੂ ਪਾਉਂਦੇ,
ਉਹ ਮੇਰੀ ਪਾਕ ਦਰਗਾਹ ਅੰਦਰ
ਵੜੇ,ਤੇ ਪ੍ਰਭੂ ਚਰਣਾ ’ਚ ਪਈਆਂ
ਤਮਾਮ ਭੇਟਾਂ ਆਪਣੀ ਨਪਾਕ ਹਵਸ
ਨਾਲ ਹੜਪ ਲਈਆਂ|



ਗੀਤ:੩੪
ਬਸ ਏਨਾਂ ਕੁ ਰਖ ਛਡ ਮੈਨੂੰ ਕਿ ਜਿਥੋਂ
ਸਰਵਸ ਆਪਣਾ ਮੈਂ ਨਾਉਂ ਕਰ ਸਕਾਂ ਤੇਰੇ|

ਬਸ ਏਨੀ ਕੁ ਰੀਝ ਰਹਿਣ ਦੇ ਮੇਰੀ ਕਿ ਹਰ
ਪਾਸੇ ਤੈਨੂੰ ਮਹਿਸੂਸ ਕਰ ਪਾਵਾਂ , ਹਰ ਸ਼ੈਅ
’ਚੋਂ ਤੇਰਾ ਹੀ ਦੀਦਾਰ ਹੋਵੇ , ਤੇ ਹਰ ਛਿਣ
ਤੈਨੂੰ ਆਪਣਾ ਪ੍ਰੇਮ ਅਰਪਣ ਕਰਾਂ |

ਬਸ ਮਾਸਾ ਕੁ ਰਹਿਣ ਦੇ ਮੈਨੂੰ , ਏਨਾਂ ਕੁ ਕਿ
ਕਦੇ ਤੈਨੂੰ ਓਹਲੇ ਨਾ ਕਰ ਪਾਵਾਂ |

ਬਸ ਏਨਾ ਕੁ ਬਂਧਨ ਛਡ ਦੇ ਕਿ ਬੱਝਾ
ਰਹਾਂ ਮੈਂ ਤੇਰੇ ਹੁਕਮ ਨਾਲ,ਮੇਰੇ ਜੀਵਨ
’ਚ ਤੇਰੇ ਹੀ ਮਨੋਰਥ ਪਰਵਾਨ ਚੜਨ--
ਤੇ ਉਹ ਬਂਧਨ ਹੋਵੇ ਤੇਰੇ ਪਿਆਰ ਦਾ |



ਗੀਤ:੩੫
ਮਨ ਜਿਥੇ ਨਿਰਭਓ ਹੈ ਤੇ ਮਸਤਕ
ਸਦਾ ਬੁਲੰਦ ;
ਗਿਆਨ ਬਂਧਨਹੀਨ ਹੈ-ਮੁਕਤ;
ਜਿਥੇ ਸਂਸਾਰ ਨਹੀ ਗਿਆ ਵਂਡਿਆ,
ਨਹੀ ਹੋਇਆ ਟੋਟੇ-ਟੋਟੇ,ਸੋੜੀਆਂ
ਘਰੋਗੀ ਕਂਧਾਂ ਦਾ ਫ਼ਾੜਿਆ;
ਸ਼ਬਦ ਜਿਥੇ ਗੂਂਜਦੇ ਨੇ ਸੱਚ ਦੀਆਂ ਡੁਂਘਾਣਾਂ ’ਚੋਂ;
ਅਣਥਕ ਘਾਲਣਾਵਾਂ ਜਿਥੇ ਖੜੀਆਂ ਬਾਹਾਂ ਖੋਲ -
ਪੂਰਣਤਾ ਤਾਈਂ ਤਾਂਘਦੀਆਂ;
ਵਿਵੇਕ ਦੀ ਨਿਰਮਲ ਧਾਰਾ ਜਿਥੇ ਜਜ਼ਬ ਨਹੀ ਹੁਂਦੀ
ਮੁਰਦਾ ਆਦਤਾਂ ਦੇ ਮਾਰੂਥਲ ’ਚ ,ਰਾਹ ਨਹੀ ਭਟਕਦੀ
ਦਿਲਗੀਰ ਵੀਰਾਨਿਆਂ ’ਚ;
ਮਨ ਦੀ ਰਹਿਨੁਮਾਈ ਹੈ ਜਿਥੇ ਤੇਰੇ ਹਥੀਂ
ਚਿਂਤਨ ਤੇ ਕਰਮ ਦੇ ਸਦਾ ਵਿਗਸਦੇ ਮਾਰਗਾਂ ’ਤੇ-
ਆਜ਼ਾਦੀ ਦੀ ਇਸ ਜ਼ੰਨਤ ਅੰਦਰ,ਹੇ ਪਿਤਾਮਾਹ,
ਜਾਗਣ ਦੇ ਮੇਰੇ ਮੁਲਖ ਨੂੰ,ਭਾਰਤ ਦੀ ਰਗ-ਰਗ ’ਚ
ਸੁਰਗਾਂ ਦੀ ਟੁਂਕਾਰ ਭਰ ਦੇ|

{ਗੀਤ:੩੫ ਬਾਂਗਲਾ ਤੋਂ ਅਨੁਵਾਦ}
ਮਨ ਜਿਥੇ ਭੋਅ ਬਿਨ,ਸੀਸ ਸਦਾ ਬੁਲੰਦ,
ਬੰਧਨਹੀਨ ਗਿਆਨ;
ਸੌੜੀਆਂ-ਸੌੜੀਆਂ ਵੱਟਾਂ ਹੇਠਾਂ ਭੌਂ ਨਾ ਵਂਡੀ,
ਨਹੀ ਹੋਈ ਖੰਡੋ-ਖੰਡ;
ਸ਼ਬਦ ਦਿਲਾਂ ’ਚੋਂ ਉਠਣ ਗੂਂਜਦੇ ਧਾਉਂਣ ਲਬਾਂ ਨੂੰ ;
ਰੋਮ-ਰੋਮ ਛੋਰ-ਛੋਰ ਕਰਮਧਾਰ ਉਲਰੀ ਜਾਏ ਅਣਥਕ,
ਬਾਹਾਂ ਖਿਲਾਰ,ਪੂਰਣ ਨੂੰ ਗਲ ਲਾਉਣ;
ਹੋਛੀਆਂ ਰਵਾਇਤਾਂ ਦਾ ਮਰੂਥਲ ਪੀ ਨਾ ਜਾਏ
ਵਿਵੇਕ ਦੀ ਨਿਰਮਲ ਧਾਰ;
ਕਰੇ ਸੌ ਹਥੀਂ ਪੁਰਸ਼ਾਰਥ,ਕੰਮਕਾਰ-ਫ਼ਿਕਰਾਂ-ਮੌਜਾਂ ਨਿਤ
ਵਾਗਡੋਰ ਤੁਧ ਹੱਥੇ;
ਵਾਰ ਕਰ ਹੱਥੀਂ,ਨਿਰਮਮ ਹੋ ਪਿਤਾਮਹ,ਭਾਰਤ ਦੀ ਰਗ-ਰਗ ’ਚ
ਸੁਰਗਾਂ ਦੀ ਟੁਂਕਾਰ ਭਰ ਦੇ|


चित्त येथा भय़शून्य उच्च येथा शिर, ज्ञान येथा मुक्त, येथा गरहेर प्राचीर
आपन प्रांगणतले दिबस-शर्बरी बसुधारे राखे नाइ खणड क्शुद्र करि,
येथा बाक्य हरदयेर उतसमुख हते उच्छसिय़या उठे, येथा निर्बारित स्रोते,
देशे देशे दिशे दिशे कर्मधारा धाय़ अजस्र सहस्रबिध चरितार्थताय़,
येथा तुच्छ आचारेर मरु-बालु-राशि बिचारेर स्रोतपथ फेले नाइ ग्रासि -
पौरुशेरे करेनि शतधा, नित्य येथा तुमि सर्ब कर्म-चिंता-आनंदेर नेता,
निज हस्ते निर्दय़ आघात करि पित, भारतेरे सेइ स्बर्गे करो जागरित |


ਗੀਤ:੩੬
ਇਹੋ ਅਰਦਾਸ ਹੈ ਤੁਧ ਤਾਈਂ,ਹੇ ਸੁਆਮੀ!ਵਾਰ ਕਰ,
ਪੁੱਟ ਸੁੱਟ ਕਂਗਾਲੀ ਜੋ ਹਿੱਕ ’ਚ ਜਮਾਈ ਬੈਠੀ ਜੜਾਂ|

ਝੋਲੀ ਪਾ ਏਨਾ ਕੁ ਤਾਣ ਕਿ ਜਰ ਜਾਵਾਂ ਖੁਸ਼ੀਆਂ ਤੇ
.ਗਮ ਸਹਿਜੇ ਜਹੇ|

ਬਖਸ਼ ਦੇ ਏਨੀ ਕੁ ਸਮਰਥਾ ਕਿ ਪਰਵਾਨ ਚੜਾ ਪਾਵਾਂ
ਪਿਆਰ ਤੇਰੇ ਹਜ਼ੂਰ|

ਬਸ ਏਨੀ ਕੁ ਸ਼ਕਤੀ ਕਿ ਕਦੇ ਨਾ ਛੁੱਟੇ ਪੱਲਾ .ਗਰੀਬ ਦਾ
ਤੇ ਟੇਕਾਂ ਕਦੇ ਨਾ ਘੁਟਨੇ ਸਾਹਵੇਂ ਹਂਕਾਰੀ ਸੱਤਾ ਦੇ|

ਬਲ ਦੇ ਏਨਾ ਕੁ ਕਿ ਮਨ ਰਹੇ ਬੁਲਂਦ ਰੋਜ਼ਾਨਾ ਦੇ ਜਂਜਾਲਾਂ ਤੋਂ|

ਤੇ ਏਨੀ ਸ਼ਕਤੀ ਵੀ ਦੇਈਂ ਮਾਲਕਾ ਕਿ ਸਭ ਤਾਣ-ਪ੍ਰਾਣ ਨਿਛਾਵਰ
ਕਰ ਸਕਾਂ,ਪ੍ਰੇਮ ਨਾਲ ਭਰ ਡੁਲ ਸਕਾਂ ਤੇਰੇ ਚਰਣਾ ’ਚ|



ਗੀਤ੩੭
ਜਾਪਿਆ ਜਿਵੇਂ ਯਾਤਰਾ ਦਾ ਅੰਤ ਆ ਗਿਆ
ਆਖਰੀ ਤੁਪਕਾ ਮੇਰੀ ਤਾਕਤ ਦਾ ਚੋ ਗਿਆ
ਆਖਿਰਕਾਰ,-ਸਭ ਰਾਹ ਸਾਹਮਣੇ ਦੇ ਬਂਦ ,
ਰਸਦ-ਪਾਣੀ ਸਭ ਮੁੱਕਾ ਤੇ ਮੌਨ
ਗੁਮਨਾਮੀ ਦੀ ਗੋਦ ’ਚ ਪਨਾਹ ਲੈਣ
ਦਾ ਸਮਾਂ ਆਣ ਢੁੱਕਾ|

ਪਰ ਮੈਂ ਵੇਖਿਆ ਮੇਰੇ ਅੰਦਰ ਖੇਡ ਓਸਦੀ
ਦਾ ਕੋਈ ਅੰਤ ਨਹੀਂ|ਜ਼ੁਬਾਨ ’ਤੇ ਪੁਰਾਣੇ
ਅੱਖਰ ਜਦ ਸੁੱਕਣ ਲਗਦੇ, ਦਿਲ ’ਚੋਂ
ਨਵੀਆਂ ਲਗਰਾਂ ਫੁਟ ਪੈਂਦੀਆਂ;ਪੁਰਾਣੀਆਂ
ਪਗਡੰਡੀਆਂ ਲੋਪ ਹੁਂਦੀਆਂ ਜਿਥੇ ਵੀ,ਕੌਤਕਾਂ
ਭਰੇ ਨਵੇਂ ਦਿਸਹੱਦੇ ਖੁੱਲ ਜਾਂਦੇ|



ਗੀਤ:੩੮
ਮੇਰੀ ਆਰਜ਼ੂ ਤੂੰ ਹੀ ਤੂੰ,ਕੇਵਲ ਤੂੰ -ਮੇਰੇ
ਹਿਰਦੇ ਅੰਦਰ ਘੁਲੇ ਇਹ ਰਟਣ ਨਿਰੰਤਰ|
ਖਾਹਿਸ਼ਾਂ ਸਭ ਜੋ ਭਟਕਾਉਂਦੀਆਂ ਦਿਨੇ-ਰਾਤ,
ਸਭ ਕੂੜ ਨੇ,ਮੂਲੋਂ ਸਖਣੀਆਂ|

ਜਦ ਰਾਤ ਹਨੇਰੇ ਦੀ ਹਿੱਕ ’ਚ ਲੁਕਾਈ ਰਖਦੀ
ਹੈ ਤਾਂਘ ਲੌ ਦੀ,ਉਦੋਂ ਵੀ ਅਚੇਤਨ ਦੀਆਂ ਡੂਂਘੀਆਂ
ਵਾਦੀਆਂ ’ਚ ਗੂਂਜੇ ਇਹੋ ਸਦਾ-’ਮੇਰੀ ਆਰਜ਼ੂ ਤੂੰ,
ਤੂੰ ਹੀ ਤੂੰ,"

ਜਦੋਂ ਤੂਫ਼ਾਨ ਸ਼ੂਕੇ ਭਰ ਜੋਬਨ ਜ਼ੋਰੋ-ਜ਼ੋਰ ,ਤੇ ਉਦੋਂ
ਜਦ ਲੋਚੇ ਉਹ ਬਸ ਸ਼ਾਂਤ ਹੋ ਜਾਣ ਨੂੰ,ਬਾਗੀ ਖਾਹਿਸ਼ਾਂ
ਮੇਰੀਆਂ ਲੱਖ ਮੁੰਹ ਮੋੜਨ ਤੇਰੇ ਇਸ਼ਕ ਤੋਂ ਫ਼ੇਰ ਵੀ ਗੂਂਜੇ
ਇਹੋ ਪੁਕਾਰ-"ਮੇਰੀ ਆਰਜ਼ੂ ਤੂੰ ਹੀ ਤੂੰ,ਕੇਵਲ ਤੂੰ |"


ਗੀਤ:੩੯
ਦਿਲ ਜੇ ਕਠੋਰ ਹੋ ਜਾਵੇ,ਰੁੱਖਾ-ਰੁੱਖਾ,
ਮੇਹਰਾਂ ਬਣ ਬਰਸ ਜਾਈਂ ਤੂੰ |

ਜੀਵਨ ਦੀ ਛਬ ਖੁਸ ਜਾਵੇ ਜਦ,
ਗੀਤਾਂ ਦੀ ਬੌਛਾਰ ਬਣ ਆਈਂ|

ਚੀਖ-ਚਿਹਾੜਾ ਕੰਮ-ਧੰਦਿਆਂ ਦਾ
ਘੇਰ ਲਵੇ ਜਦ ਚੁਫ਼ੇਰਿਓਂ ਤੋੜ ਲਵੇ
ਉਸ-ਪਾਰ ਨਾਲੋਂ,ਬਹੁੜੀਂ ਮੇਰੇ ਸਾਈਂਆ,
ਮੌਨ ਦਿਆ ਸਰਵਰਾ ਅਮਨ ਸਕੂਨ
ਦੀਆਂ ਦਾਤਾਂ ਸਂਗ ਆਈਂ|

ਜਦ ਭਿਖਸ਼ੂ ਮਨ ਮੇਰਾ ਹੋਏ ਖੂੰਜੇ ਲੱਗੀ
ਬੈਠਾ,ਢਿਹਾ ਜਿਹਾ,ਬੂਹੇ ਮੇਰੇ ਆਈਂ,ਮੇਰੇ
ਸ਼ਾਹਾ,ਤੇ ਆਈਂ ਸ਼ਹਿਨਸ਼ਾਹਾਂ ਦੀ ਧਜ ਦੇ ਨਾਲ|

ਖਾਹਿਸ਼ਾਂ ਜਦ ਅੰਨਾ ਕਰ ਛੱਡਣ ਮਨ ਨੂੰ ,
ਮਾਇਆਜਾਲ ਫ਼ੈਲਾਉਣ, ਪਾਉਣ ਅੱਖੀਂ ਘੱਟਾ,
ਓ ਪਰਮ-ਪਾਵਨ,ਤੂੰ ਜੋ ਸਦਾ ਚੇਤਨ,ਆਈਂ
ਬਿਜਲੀਆਂ ਲਿਸ਼ਕਾਉਂਦਾ ਗਰਜਦਾ ਆਈਂ ਤੂੰ|



ਗੀਤ:੪੦
ਓ ਪ੍ਰਭੋ ਜੀ!
ਡੱਕੀ ਪਈ ਏ ਬਾਰਿਸ਼,
ਦਿਲ ਦੀ ਖਂਗਰ ਭੌਂ ’ਤੇ
ਛਿੱਟ ਪਈ ਨੂੰ ਮੁੱਦਤ ਹੋਈ|
ਦਿਸ਼ਾਵਾਂ ਨੰਗਮ-ਨੰਗੀਆਂ
ਦੂਰ ਦੁਮੇਲਾਂ ਤਾਈਂ ਬੱਦਲਾਂ
ਦਾ ਕੋਈ ਫ਼ੇਹਾ ਨਾ ਦਿਸਦਾ,
ਠੰਡੀਆਂ ਫ਼ੁਹਾਰਾਂ ਦੇ ਕਿਸੇ ਸੁਨੇਹੇ
ਦੀ ਕਿਧਰੇ ਉਘ-ਸੁਘ ਨਾ ਪੈਂਦੀ|
ਜੇ ਇਹੋ ਮਰਜ਼ੀ ਏ ਤੇਰੀ ਤਾਂ,
ਮਿਰਤੂ ਜਹੀਆਂ ਘਟਾਵਾਂ ਘੱਲ ਦੇ
ਝਂਬ ਸੁੱਟ ਸਾਰਾ ਆਸਮਾਨ
ਬਿਜਲਈ ਕੋਰੜਿਆਂ ਨਾਲ,
ਲੂੰ-ਲੂੰ ਰੋਹਲੇ ਤੂਫ਼ਾਨਾਂ ਨਾਲ
ਭਰ ਸੁੱਟ|

ਪਰ ਮੇਰੇ ਸਾਈਂਆਂ!ਏਸ ਨੂੰ ਮੋੜ ਲੈ,
ਚੁਪ-ਚੁਪੀਤੇ ਵਗਦੀ ਇਸ ਅੱਗ ਨੂੰ
ਹੋੜ ਲੈ,ਇੱਕ-ਟੱਕ ਤਿੱਖੀ ਤੇ ਕਰੂਰ,
ਇਹ ਝੁਲਸਾਉਂਦੀ ਜਾਵੇ,ਹਿਰਦੇ ਨੂੰ
ਮੇਰੇ,ਘੋਰ ਨਿਰਾਸ਼ਾ ’ਚ ਤਾਉਂਦੀ ਜਾਵੇ

ਮੇਹਰ ਦਿਆਂ ਬੱਦਲਾਂ ਨੂੰ ਵਰ ਜਾਣ ਦੇ,
ਝਰ ਜਾਣ ਦੇ;ਪਿਓ ਦੇ ਗੁਸੈਲੇ ਛਿਣਾ ’ਚ,
ਜਿਉਂ ਮਾਂ ਦੇ ਨੈਣੋਂ ਹੰਝੂ ਝਰਦੇ|


ਗੀਤ:੪੧
ਓ ਮੇਰੇ ਮਹਿਬੂਬ ਕਿਥੇ ਲੁਕਿਆ ਏਂ ਤੂੰ ਸਾਰੇ ਇਸ
ਝਮੇਲੇ ਪਿਛੇ,ਲੁਕਣਮੀਟੀ ਖੇਡੇਂ ਪਰਛਾਵਿਆਂ ਓਹਲੇ?
ਨਿਗੂਣਾ ਜਾਣ ਕੇ ਤੈਨੂੰ,ਸੁੱਟ ਧੂੜ ਭਰੀਆਂ ਰਾਹਾਂ ’ਤੇ
ਲਤਾੜਦੇ ਚਲੇ ਗਏ ਉਹ|ਅਕੇਵੇਂ ਮਾਰੀਆਂ ਇਨ੍ਹਾ ਘੜੀਆਂ
’ਚ ਭੇਟਾ ਲਈ ਨਿਕ-ਸੁਕ ਦੀ,ਮੈਂ ਉਡੀਕਦਾ ਤੈਨੂੰ,ਲੰਘਦੇ
ਵੜਦੇ ਉਹ ਖੋਹ ਲੈ ਗਏ ਸਭ ਫੁੱਲ-ਤਿਲ,ਇਕ-ਇਕ ਕਰ
ਕੇ,ਤੇ ਝੋਲੀ ਮੇਰੀ ਹੋਈ ਖਾਲੀ-ਖਾਲੀ|

ਲੰਘ ਗਈ ਪ੍ਰਭਾਤ ਬੇਲਾ,ਢਲੀ ਦੁਪਹਿਰ,ਸੰਝ ਦੇ
ਪਰਛਾਵੀਂ ਨੈਣ ਹੋਏ ਸੁੱਤ-ਉਣੀਂਦੇ|ਘਰੀਂਮੁੜਦੇ ਲੋਕ
ਫ਼ਿਕਰੇ ਕਸਦੇ ਮੁਸਕਣੀਆਂ ਹਸਦੇ ਤਕਦੇ ਲੰਘਦੇ,
ਸ਼ਰਮਸਾਰ ਕਰਦੇ ਮੈਂਨੂੰ|ਮੈਂ ਕਿਸੇ ਭਿਖਾਰਨ ਵਾਂਗ
ਬੈਠੀ,ਬੁੱਕਲ ’ਚ ਮੁੰਹ ਲੁਕੋਈ,ਜਦ ਉਹ ਪੁਛਦੇ
ਮੈਨੂੰ,ਆਖਿਰ ਕੀ ਲੋੜਾਂ ਮੈਂ,ਚੁੱਪ ਵੱਟ ਜਾਵਾਂ ਮੈਂ,
ਨੀਵੀਂ ਪਾਵਾਂ,ਕੁਝ ਨਾ ਬੋਲਾਂ|

ਆਹ!ਕਿੰਝ ਦੱਸਾਂ ਮੈਂ ਕਿ ਮੈਨੂੰ ਤੇ ਝਾਕਾਂ ਤੇਰੀਆਂ,
ਤੂੰ ਸੀ ਕੌਲ ਮਿਲਣ ਦਾ ਕੀਤਾ|ਲਾਜ ਦੀ ਮਾਰੀ
ਕੀ ਹੁਣ ਬੋਲਾਂ,ਆਹ ਮੈਂ ਦਾਜ ਇੱਕਠਾ ਕੀਤਾ,
ਛਿੱਲੜ ਚਾਰ ਕਂਗਾਲੀ ਵਾਲੇ|ਆਹ,ਮਾਣਮੱਤੀ
ਮੈਂ ਦਿਲ ਨਾ ਫ਼ੋਲਾਂ ਗੁੱਝਾ ਭੇਦ ਏ ਅਹਿਦਾਂ ਵਾਲਾ|

ਭੋਏਂ ਬੈਠੀ ਮੈਂ ਨੁਕਰੇ ਲੱਗੀ,ਤਕਦੀ ਰਹਾਂ ਮੈਂ ਅਂਬਰ
ਵੱਲੀਂ,ਆਮਦ ਤੇਰੀ ਦੇ ਸੁਫ਼ਨੇ ਲੈਂਦੀ,ਹੁਣੇ ਆਏਗੀ
ਤੇਰੀ ਸਵਾਰੀ,ਕਿਤੋਂ ਅਚਾਣਕ ਰਿਸ਼ਮਾਂ ਵਂਡਦੀ,
ਜਗਮਗ-ਜਗਮਗ ਹੋ ਜਾਏਗੀ;ਸੋਨੇ-ਰੰਗੀ ਉਡਣ
ਫ਼ਰੇਰੇ ਰਥ ਤੇਰੇ ’ਤੇ,ਮੁੰਹਟੱਡੀ ਉਹ ਰਹੇ ਖਲੋਏ
ਰਾਹਾਂ’ਤੇ,ਡੋਰ-ਭੋਰ ਜਹੇ,ਜਦ ਉਨ੍ਹਾ ਤੱਕਿਆ ਤੂੰ
ਖੁਦ ਉਠਿਆਂ ਆਸਣ ਉੱਤੋਂ ਉਤਰ ਕੇ ਆਇਆਂ
ਮੈਂਨੂੰ ਧੂੜ ’ਚੋਂ ਚੁਕਣ ਖਾਤਿਰ,ਨਾਲ ਬਿਠਾਇਆ
ਲੀਰੀਂ ਖੁਥੜੀ ਉਸ ਮਂਗਤੀ ਨੂੰ,ਉਹ ਕਂਬੀ ਜਾਵੇ,
ਮਾਣ ਕਰੇ ਨਾਲੇ ਸ਼ਰਮਾਵੇ,ਜਿਉਂ ਕੋਈ ਵੇਲ ਰੁੱਤੇ
ਲੂ ਦੀ ਥਰ-ਥਰ ਕਂਬੇ ਸੁਂਗੜੀ ਜਾਵੇ|

ਪਰ ਸਮਾਂ ਤਾਂ ਉਡਦਾ ਜਾਂਦਾ,ਤੇਰੀ ਆਈ ਬਿੜਕ ਕਿਤੋਂ
ਨਾ,ਸੂਹ ਨਾ ਕੋਈ ਆਹਟ ਕਿਧਰੋਂ|ਕਈ ਨਜ਼ਾਰੇ ਆਏ ਤੁਰ
ਗਏ,ਰਂਗਰਲੀਆਂ ਤੇ ਜਸ਼ਨ ਮਨਾਉਂਦੇ,ਧੁਨ ਆਪਣੀ ’ਚ
ਉਡਦੇ ਜਾਂਦੇ|ਕੀ ਉਹ ਸਿਰਫ਼ ਤੂੰ ਹੀ ਸੈਂ ਜੋ ਰਿਹਾ ਖਲੋਈ
ਮੌਨ ਉਨ੍ਹਾ ਪਰਛਾਵਿਆਂ ਪਿਛੇ ਸਾਰੇ ਓਸ ਝਮੇਲੇ ਓਹਲੇ?
ਤੇ ਮੈਂ ਊਂਈ ਰਿਹਾ ਉਡੀਕਦਾ,ਵਿਲਕਦਾ,ਕੂੜੀ ਕਿਸੇ ਤਾਂਘ
ਦੇ ਮਗਰੇ ਦਿਲ ਰਿਹਾ ਖੂਨ ਦੇ ਹੰਝੂ ਚੋਂਦਾ?



ਗੀਤ:੪੨
ਭੋਰ ਮੇਰੇ ਕੰਨੀਂ ਫ਼ੁਸਫ਼ੁਸਾਈ ਕਿ ਅਸੀਂ
ਜਾਵਾਂਗੇ ਜਲ-ਵਿਹਾਰ ਨੂੰ ,ਸਿਰਫ਼ ਤੂੰ
ਤੇ ਮੈਂ,ਦੂਜਾ ਕੋਈ ਜਾਣ ਨਾ ਪਾਵੇ ਰਾਜ਼
ਏਸ ਦਾ,ਸਫ਼ਰ ਮੁਕਦਸ ਜੋ ਨਾ ਕਿਸੇ
ਦੇਸ ਨੂੰ ਜਾਵੇ,ਜਿਸ ਦਾ ਕੋਈ ਸਿਰਾ-
ਛੋਰ ਨਾ|ਅੰਤਹੀਨ ਇਸ ਸਾਗਰ ਅੰਦਰ
ਮੌਨੀ ਤੇਰੀ ਮੁਸਕਾਨ ਦੇ ਮੋਹਰੇ ਗੀਤ ਮੇਰੇ
ਤਾਂ ਹੁਬ-ਹੁਬ ਜਾਂਦੇ,ਉਹ ਸੁਣਦੀ ਬਸ ਚੁਪ-
ਚਪੀਤੇ,ਉਹ ਮਚਲਣ ਜਿਉਂ ਲਹਿਰਾਂ ਉਛਲਣ,
ਪਿਛੇ ਛੱਡ ਸ਼ਬਦਾਂ ਦੇ ਬਂਧਨ ਤਾਨਾਂ ਮਹਿਕਣ|

ਹਾਲੇ ਕੀ ਉਹ ਘੜੀ ਨਾ ਆਈ?ਹਾਲੇ ਕੀ ਕੋਈ
ਕਾਜ ਅਧੂਰੇ?ਲਓ ਪੱਤਣਾ ਤੇ ਸ਼ਾਮਾਂ ਪਈਆਂ,
ਢਲਿਆ ਰੰਗ ਦੁਮੇਲਾਂ ਤਾਈਂ,ਮੁੜ ਆਏ ਵਤਨਾਂ
ਨੂੰ ਪਂਛੀ|

ਜਾਣੇ ਕੌਣ ਕਦ ਬਂਧਨ ਛੁਟ ਸਨ, ਕਦ ਇਹ ਬੇੜੀ
ਰੁੜ ਪਾਏਗੀ,ਅੰਤਮ ਲਿਸ਼ਕ ਆਥਣ ਦੀ ਵਾਂਗਣ,
ਰਾਤ ਦੀ ਝੋਲੀ ਘੁਲ ਪਾਏਗੀ|



ਗੀਤ:੪੩
ਇਆਣਾ ਸੀ ਮੈਂ,ਅਣਪਕਿਆ ਤੇਰੇ ਸੁਆਗਤ
ਲਈ;ਤਾਂ ਤੂੰ ਆਇਆ ਮੇਰੇ ਦਿਲ ਦੇ ਵਿਹੜੇ,
ਬੇਧੜਕ,ਐਵੇਂ ਮਮੂਲੀ ਜਹੇ ਬਂਦੇ ਵਾਂਗ ਜਿਸ
ਨੂੰ ਮੈਂ ਨਾ ਜਾਣਾ ਨਾ ਬੁੱਝਾਂ,ਓ ਜਾਦੂਗਰਾ ਤੂੰ
ਤੇ ਖੁਣ ਦਿੱਤੀ ਅਨੰਤਤਾ ਮੇਰੇ ਜੀਵਨ ਦੇ
ਤੁਛ ਜਹੇ ਛਿਣਾ ਦੇ ਮਸਤਕ ’ਤੇ|

ਅੱਜ ਅਚਾਣਕ ਜਦ ਮੈਂ ਝਾਤੀ ਮਾਰੀ, ਘੁੰਡ
ਚੁਕਿਆ ਉਨਾ ਤੋਂ ਤੇ ਤੇਰੇ ਹਸਤਾਖਰ ਦੇਖੇ,
ਕੀ ਵੇਖਾਂ ਉਹ ਤੇ ਬਿਖਰੇ ਪਏ ਹਰ ਥਾਈਂ, ਪਏ
ਉਡਦੇ ਧੂੜ ਕਣਾਂ ਜਹੇ,ਬੀਤੀਆਂ ਬਿਸਰ ਗਈਆਂ
ਖੁਸ਼ੀਆਂ-.ਗਮੀਆਂ ਸੰਗ ਗਲਵਕੜੀ ਪਾਈ|

ਤੂੰ ਮੈਥੋਂ,ਬੱਚਿਆਂ ਵਾਂਗ ਧੂੜ ਉਡਾਉਂਦੇ,ਚਿਕੜ
’ਚ ਗਲਤਾਣ ਹੁਂਦੇ ਤੋਂ ਵੀ ਮੁੰਹ ਨਾ ਮੋੜਿਆ,ਤੇ
ਆਹਟ ਜੋ ਮੈਂ ਸੁਣੀ ਸੀ ਉਸ ਨੁਕਰੇ ਖੇਡਦਿਆਂ
ਉਹੀ ਤਾਂ ਗੂਂਜੇ ਤਾਰਿਆਂ ਦੇ ਵੇੜੇ,ਅਂਬਰੋ-ਅਂਬਰੀ
ਉਹੀ ਸਮਾਵੇ|



ਗੀਤ:੪੪
ਇਹੋ ਤਾਂ ਮਸਤੀ ਹੈ ਮੇਰੀ,ਕਿ ਕਿਸੇ ਨੁੱਕਰੇ ਬਹਿ
ਮੈਂ ਤੇਰੀ ਰਾਹ ਜੋਹਾਂ ਤੇ ਉਡੀਕਾਂ,ਜਿੱਥੇ ਰੋਸ਼ਨੀ
ਪਿੱਛੇ ਭੌਂਦੇ ਪਰਛਾਵੇਂ ਤੇ ਮੇਹ ਵਰ੍ਹਦਾ ਜੇਠ-ਹਾੜ
ਦੀਆਂ ਪੈੜਾਂ ਦਬਦਾ|

ਪੈਗੰਬਰ,ਉਤਰਦੇ ਅਣਜਾਣੇ ਆਕਾਸ਼ਾਂ ਤੋਂ,ਪਿਠ ਠੋਕਦੇ
ਮੇਰੀ ਤੇ ਵਾਹੋ-ਦਾਹੀ ਤੁਰ ਜਾਂਦੇ ਆਪਣੀ ਰਾਹੇ,ਦਿਲ
ਮੇਰਾ ਹੁਲਾਰੇ ਲੈਂਦਾ,ਵਗਦੀ ਪੌਣ ਦੇ ਸਾਹੀਂ ਸ਼ਹਿਦ ਹੈ
ਘੁਲਿਆ|

ਪੋਹ ਫੁਟਦੀ ਤੋਂ ਆਥਣ ਤੀਕ ਮੈਂ ਬੈਠਾ ਰਹਾਂ ਇੱਥੇ,
ਦਰਾਂ ’ਚ;ਮੈਂ ਜਾਣਦਾ ਹਾਂ ਕਿਸੇ ਵੀ ਛਿਣ ਚਾਣਚਕ
ਘੜੀ ਉਹ ਆਏਗੀ ਸੁਲੱਖਣੀ,ਜਦ ਦੀਦਾਰ ਹੋਣਗੇ|

ਉਦੋਂ ਤਾਈਂ ਮੈਂ ਬਸ ਇੱਕਲਾ ਹੀ ਗਾਵਾਂਗਾ,ਮੁਸਕਰਾਵਾਂਗਾ;
ਤੇਰੇ ਇਕਰਾਰ ਦੀ ਮਹਿਕ ਹਵਾ ਨੂੰ ਭਰ ਰਹੀ ਹੈ ਤਦ ਤਾਈਂ|



ਗੀਤ:੪੫
ਕੀ ਤੂੰ ਨਹੀਂ ਸੁਣੀ ਉਸਦੀ ਖਮੋਸ਼ ਆਹਟ?ਉਹ
ਆਉਂਦਾ ਜਾਂਦਾ,ਹੋਰ ਨੇੜੇ,ਹੋਰ ਨੇੜੇ ਹੋਰ...|

ਹਰ ਛਿਣ ਹਰ ਘੜੀ,ਹਰ ਦਿਨ ਹਰ ਰਾਤ
ਉਹ ਆਉਂਦਾ ਜਾਂਦਾ,ਹੋਰ ਨੇੜੇ,ਹੋਰ ਨੇੜੇ ਹੋਰ|

ਚਿਤ ਦੇ ਅਨੰਤ ਰੌਂ-ਜਵਾਰ ਅੰਦਰ,
ਅਨੇਕਾਂ ਈ ਗੀਤ ਮੈਂ ਗਾਏ,ਪਰ ਹਰ
ਤਾਨ ਉਨ੍ਹਾ ਦੀ ਨਿੱਤ ਇਹੋ ਡੋਂਡੀ ਪਾਏ,
"ਉਹ ਆ ਰਿਹਾ,ਨੇੜੇ,ਹੋਰ ਨੇੜੇ ਹੋਰ|"
ਅਪ੍ਰੈਲ ਦੇ ਮਘਦੇ ਮਹਕਦੇ ਦਿਨਾਂ ’ਚ
ਜੰਗਲ ਬੇਲਿਆਂ ਥਾਣੀ ਉਹ ਆ ਰਿਹਾ,
ਨੇੜੇ,ਹੋਰ ਨੇੜੇ ਹੋਰ...|

ਸਾਉਣ ਦੀਆਂ ਉਦਾਸੀਆਂ ਰਾਤਾਂ ਦੀਆਂ
ਝੜੀਆਂ ’ਚ ਮੇਘਾਂ ਦੇ ਗਰਜਦੇ ਰੱਥ ’ਤੇ
ਸਵਾਰ ਉਹ ਆ ਰਿਹਾ,ਨੇੜੇ,ਹੋਰ ਨੇੜੇ ਹੋਰ|

ਹਰ ਦੁਖ ਅੰਦਰ ਉਸੇ ਦੇ ਕਦਮਾਂ ਦੀ ਆਹਟ
ਥਪ-ਥਪਾ ਜਾਂਦੀ ਮੇਰੇ ਦਿਲ ਨੂੰ,ਹੈ ਉਸੇ ਦੇ ਚਰਣਾਂ
ਦੀ ਸੁਨਹਰੀ ਛੋਹ ਜੋ ਜਗਮਗਾ ਜਾਂਦੀ ਮੇਰੇ ਚਾਵਾਂ ਨੂੰ|



ਗੀਤ:੪੬
ਪਤਾ ਨਹੀਂ ਕਿੰਨੇ ਅਨਾਦ ਯੁਗਾਂ ਤੋਂ ਤੂੰ
ਨੇੜੇ ਈ ਨੇੜੇ ਢੁਕਦਾ ਆ ਰਿਹਾ ਏਂ,
ਗਲ ਲਾਉਣ ਨੂੰ ਮੈਨੂੰ|ਤੇਰੇ ਇਹ ਸੂਰਜ
ਸਿਤਾਰੇ ਛੁਪਾ ਨਹੀ ਸਕਦੇ ਤੈਨੂੰ ਮੈਥੋਂ
ਸਦਾ-ਸਦਾ ਲਈ|

ਭਲਕ ਸਾਰ ਤੇ ਕਦੇ ਤ੍ਰਿਕਾਲਾਂ ਵੇਲੇ
ਕਿੰਨੀ ਹੀ ਵਾਰ ਤੇਰੇ ਕਦਮਾਂ ਦੀ ਭਿਣਕ
ਪਈ ਤੇ ਕਾਸਦ ਤੇਰਾ ਮੇਰੇ ਹਿਰਦੇ ਚੋਂ
ਫ਼ੁਸਫ਼ੁਸਾਇਆ,ਓਹਲੇ ਨਾਲ ਬੁਲਾਇਆ
ਉਸ ਮੈਨੂੰ|

ਪਤਾ ਨਹੀ ਕਿਉਂ ਅੱਜ ਜੀਵਨ ਮੇਰਾ ਕੰਬ
ਰਿਹਾ ਏ ਲੂੰ-ਲੂੰ,ਤੇ ਥਰਥਰਾਉਂਦਾ ਜਿਹਾ
ਕੋਈ ਚਾਅ ਵਗ-ਵਗ ਜਾਂਦਾ ਮੇਰੀ ਹਿੱਕ ’ਚੋਂ|

ਇਉਂ ਜਿਉਂ ਹੱਟ ਵਧਾਉਣ ਦੀ ਵੇਲਾ ਹੈ ਆਉਣ
ਪੁੱਜੀ,ਤੇ ਹਵਾ ’ਚ ਤੇਰੀ ਮਧੁਰ ਮਾਜੂਦਗੀ ਦੀ
ਮਦਹੋਸ਼ੀ ਜਹੀ ਖੁਸ਼ਬੋ ਮਹਿਸੂਸ ਪਈ ਹੁੰਦੀ ਹੈ|



ਗੀਤ:੪੭
ਰਾਤ ਤਾਂ ਤਕਰੀਬਨ ਨਿਕਲ ਚੱਲੀ ਏ
ਅਜਾਈਂ ਉਡੀਕਦਿਆਂ ਉਸਨੂੰ|ਡਰ ਹੈ ਮੈਂਨੂੰ
ਮਤੇ ਉਹ ਆਏ ਤੜਕਸਾਰ,ਦਰਾਂ ’ਤੇ ਮੇਰੇ
ਦਸਤਕ ਦਏ ਅਚਾਣਕ,ਜਦ ਥੱਕ ਹਾਰ
ਮੈਂ ਸੁੱਤਾ ਹੋਵਾਂ ਬੇਸੁਰਤ|ਓ ਪਿਆਰਿਓ,
ਰਾਹ ਛੱਡੋ ਨਾ ਓਸ ਦੀ-ਹੋੜੋ ਨਾ ਉਸਨੂੰ|

ਜੇ ਖਣਕ ਉਸਦੇ ਕਦਮਾਂ ਦੀ ਜਗਾਏ ਨਾ ਮੈਨੂੰ,
ਤਾਂ ਕੋਸ਼ਿਸ਼ ਨਾ ਕਰਿਓ ਮੈਨੂੰ ਉਠਾਣ ਦੀ,ਇਹੋ
ਮਿੰਨਤ ਏ ਮੇਰੀ|ਮੈਂ ਨਹੀਂ ਚਾਹੁਂਦਾ ਕਿ ਖਰੂਦੀ
ਪਂਖੇਰੂਆਂ ਦੀ ਨਿਰਤ ਮੰਡਲੀ ਜਗਾਏ ਮੈਨੂੰ,ਜਾਂ
ਸਰਘੀ ਦੀ ਲਾਲੀ ਦੇ ਜਸ਼ਨ ’ਚ ਖੜਮਸਤ
ਹਵਾਵਾਂ ਪੁਕਾਰਨ ਮੈਨੂੰ ਸੁੱਤੇ ਨੂੰ|ਸੌਣ ਦੇਣਾ ਮੈਨੂੰ
ਘੂਕ ਜੇ ਸਾਈਂ ਮੇਰਾ ਵੀ ਆਣ ਢੁੱਕੇ ਦਰਾਂ ਤੇ ਮੇਰੇ
ਅਚਾਣਕ |

ਆਹ!ਮੇਰੀ ਨੀਂਦਰ,ਅਣਮੁੱਲੀ ਨੀਂਦਰ ਲੋਚੇ ਫ਼ਨ੍ਹਾ
ਹੋਣਾ ਬਸ ਉਡੀਕੇ ਉਸ ਦੀ ਛੋਹ|ਆਹ! ਮੁੰਦੇ ਮੇਰੇ
ਨੈਣ ਖੋਲਣ ਪਲਕਾਂ ਉਸੇ ਮੁਸਕਾਨ ਦੀ ਲੋਅ ਨੂੰ,
ਜਦ ਉਹ ਸਾਹਵੇਂ ਹੋਵੇ ਮੇਰੇ ਜਿਉਂ ਨੀਂਦਰ ਦੇ
ਹਨ੍ਹੇਰੇ ’ਚੋਂ ਸੁਫ਼ਨਾ ਕੋਈ ਉਗਮਦਾ ਹੈ|

ਪ੍ਰਗਟਣ ਦਿਓ ਉਸਨੂੰ ਮੇਰੀਆਂ ਨਜ਼ਰਾਂ ਸਾਹਵੇਂ
ਸਭ ਲਾਟਾਂ ਤੇ ਸਭ ਰੂਪਾਂ ਦਾ ਬਾਨੀ ਹੋ ਕੇ|ਖੇੜੇ
ਦੀ ਪੈਹਲੀ ਕੰਬਣੀ ਮੇਰੀ ਜਾਗੀ ਰੂਹ ਤਾਈਂ ਬਸ
ਆਉਣ ਦਿਓ ਉਸੇ ਦੀ ਤੱਕਣੀ ਤੋਂ|ਆਪੇ ਵੱਲ ਮੇਰੀ ਇਸ
ਵਾਪਸੀ ਨੂੰ ਹੋਣ ਦਿਓ ਮੋੜਾ ਫ਼ੋਰੀ ਉਸੇ ਵੱਲ ਨੂੰ|



ਗੀਤ:੪੮
ਸਵੇਰ ਦਾ ਸ਼ਾਂਤ ਸਾਗਰ ਪਂਖੇਰੂਆਂ ਦੀਆਂ ਤਾਨਾਂ
ਨਾਲ ਛੱਲੋ-ਛੱਲ ਹੋਇਆ;ਰਾਹਾਂ ਕੰਡੇ ਖਿੜੇ ਫੁੱਲ
ਸਾਰੇ ਪਏ ਮਸਤ ਝੂਮਣ;ਬੱਦਲਾਂ ਦੀਆਂ ਤਰੇੜਾਂ’ਚੋਂ
ਚੋਂਦਾ ਸੁਨਹਰੀ ਖਜ਼ਾਨਾ ਚੁਫੇਰੇ ਖਿਲਰਿਆ ਪਰ
ਅਸੀਂ ਤੁਰੇ ਜਾਂਦੇ ਹਾਂ ਆਪਣੀ ਰਾਹੇ ਬਿਨਾ ਰੱਤੀ
ਭਰ ਵੀ ਧਿਆਨ ਮਾਰੇ|ਅਸੀਂ ਨਾ ਤਰਾਨੇ ਛੋਂਹਦੇ
ਹਾਂ ਨਾ ਝੂਮਦੇ ਹਾਂ;ਅਸੀਂ ਉਸ ਗਰਾਂ ਵਣਜ ਨੂੰ ਨਹੀ
ਗਏ;ਨਾ ਹੀ ਕੁਝ ਬੋਲੇ ਨਾ ਮੁਸਕਰਾਏ;ਅਸੀਂ ਰਾਹ
ਲਮੇਰੇ ਨਾ ਕੀਤੇ|ਜਿਉਂ ਜਿਉਂ ਸਮਾਂ ਲੰਘਿਆ ਅਸੀਂ
ਆਪਣੀ ਚਾਲ ਤਿਖੇਰੀ ਹੀ ਕਰਦੇ ਗਏ|

ਸੂਰਜ ਸਿਰ ’ਤੇ ਚੜ ਆਇਆ ਤੇ ਘੁੱਗੀਆਂ ਬੇਲਾਂ ਦੀ
ਛਾਵੇਂ ਗੁਟਕਦੀਆਂ|ਸਿਖਰ ਦੁਪੈਹਰ ਦੀਆਂ ਤੱਤੀਆਂ
’ਵ੍ਹਾਵਾਂ ’ਚ ਸੁੱਕੇ-ਛਿੱਜੇ ਪੱਤੇ ਡੋਲਦੇ ਘੁਮੇਰਾਂ ਖਾਂਦੇ|
ਗੱਦੀ ਮੁੰਡੇ ਪਿੱਪਲੀ ਛਾਵੇਂ ਉਂਘਲਾਉਂਦੇ ਸੁਫ਼ਨੇ ਲੈਂਦੇ
ਤੇ ਮੈਂ ਥੱਕੇ-ਹਾਰੇ ਅੰਗ ਫੈਲਾ ਵਿਛ ਜਾਂਦਾ ਹਾਂ ਘਾਹ
’ਤੇ ਵਗਦੇ ਪਾਣੀਆਂ ਦੇ ਕੰਡੇ|

ਸੰਗੀ-ਸਾਥੀ ਹਕਾਰਤ ਨਾਲ ਭਰੇ ਮੌਜੂ ਉਡਾਉਂਦੇ ਮੇਰਾ;
ਧੌਣਾ ਅਕੜਾਈ ਉਹ ਤੁਰੇ ਜਾਂਦੇ ਵਾਹੋ-ਦਾਹੀ;ਨਾ ਉਹ
ਪਿੱਛਲ ਝਾਤ ਪਾਉਂਦੇ ਨਾ ਸੁਸਤਾਉਂਦੇ;ਦੂਰ ਨੀਲੀ ਧੁੰਦ ’ਚ
ਛਾਈਂ-ਮਾਈਂ ਹੋ ਜਾਂਦੇ ਉਹ|ਅਨੇਕਾਂ ਚਰਗਾਹਾਂ,ਪਹਾੜੀਆਂ
ਟੱਪਦੇ ਉਹ ਦੂਰ-ਦੁਰੇਡੇ ਦੇ ਅਜਨਬੀ ਦੇਸਾਂ ’ਚੋਂ ਗੁਜ਼ਰਦੇ|
’ਏਸ ਅਨੰਤ ਰਾਹ ਦੇ ਮਹਾਨ ਮੇਜ਼ਬਾਨ,ਤੈਨੂੰ ਲੱਖ-ਲੱਖ ਸਲਾਮ’
ਲਾਹਨਤਾਂ ਮਲਾਮਤਾਂ ਦੀ ਚੋਭ ਉਠਾ ਦੇਂਦੀ ਮੈਨੂੰ,ਪਰ ਅੰਦਰੋਂ ਕੋਈ
ਹੁੰਗਾਰਾ ਨਾ ਉਠਦਾ|ਮੈਂ ਛੱਡ ਦਿੰਦਾ ਖੁਦ ਨੂੰ ਇਸ ਅਨੰਦਮਈ
ਜਿੱਲਤ ਦੀਆਂ ਡੁੰਘਾਣਾ ’ਚ ਡੁਬ ਜਾਣ ਨੂੰ-ਨਿੰਮੇ-ਨਿੰਮੇ ਚਾਅ
ਦੇ ਝਲਕਾਰਿਆਂ ’ਚ ਗੁਮ ਜਾਣ ਨੂੰ|

ਸੂਰਜ ਦੀ ਟੇਕ ਉਣ ਦਿੰਦੀ ਇਕ ਹਰਿਆਈ ਜਹੀ ਉਦਾਸੀ
ਦਿਲ ਦੇ ਦੁਆਲੇ ਹੌਲੀ-ਹੌਲੀ|ਮੈਂ ਬਿਸਾਰ ਦਿੰਦਾ ਕਿ ਕਿਸ
ਲਈ ਸੀ ਮੈਂ ਸਫ਼ਰ ਕੀਤਾ,ਤੇ ਹਾਰ ਜਾਂਦਾ ਅਪਣਾ ਦਿਲ ਸਹਜੇ
ਹੀ ਗੀਤਾਂ ਨਜ਼ਾਰਿਆਂ ਦੇ ਭਂਵਰਜਾਲ ਨੂੰ|

ਅੰਤ ਜਦ ਨੀਂਦਰ ਖੁੱਲੀ ਮੇਰੀ,ਮੈਂ ਅੱਖਾਂ ਖੋਲੀਆਂ ਤਾਂ ਦੇਖਾਂ ਕਿ
ਸਿਰਹਾਣੇ ਖੜਾ ਏਂ ਤੂੰ ਮੇਰੇ,ਅਪਣੀ ਮੁਸਕਾਨ ਨਾਲ ਮੇਰੀ ਨੀਂਦ ਨੂੰ
ਸਰੋਬਾਰ ਕਰਦਾ|ਕਿੰਨਾ ਡਰਿਆ ਸੀ ਮੈਂ ਕਿ ਰਾਹ ਏ ਤੇਰਾ ਲੰਮੇਰਾ,
ਹੰਭਾ ਦੇਣ ਵਾਲਾ,ਸੀ ਤੁਧ ਤਾਈਂ ਪਹੁੰਚਣ ਦੀ ਮਾਰੋ-ਮਾਰ ਬਹੁਤ ਹੀ
ਦੁਸ਼ਵਾਰ!




ਗੀਤ:੪੯
ਆਪਣੇ ਸਿੰਘਾਸਨ ਤੋਂ ਤੂੰ ਉਤਰ ਆਇਆਂ
ਆਣ ਖਲੋਇਆਂ ਮੇਰੀ ਝੁੱਗੀ ਦੇ ਦਰਾਂ ਮੋਹਰੇ|

ਮੈਂ ਗਾ ਰਿਹਾ ਸੀ ਕਿਸੇ ਨੁੱਕਰੇ ਕੱਲਮ-ਕਾਰਾ ਤੇ
ਕੰਨੀਂ ਪਈ ਤੇਰੇ ਉਹ ਧੁਨ| ਤੂੰ ਉਤਰ ਆਇਆ
ਤੇ ਆਣ ਖਲੋਇਆ ਮੇਰੀ ਝੁੱਗੀ ਦੇ ਦਰਾਂ ਮੋਹਰੇ|

ਦਰਬਾਰ ਤੇਰੇ ’ਚ ਫ਼ਨਕਾਰ ਨੇ ਬੇਸ਼ੁਮਾਰ ਤੇ
ਹਰ ਘੜੀ ਗੂੰਜਦੇ ਨੇ ਗੀਤ ਉੱਥੇ|ਪਰ ਇਹ
ਅਲ੍ਹੜ ਜਿਹਾ ਨਗਮਾ ਇਸ ਸਿੱਧੜ ਦਾ ਤੇਰੇ
ਇਸ਼ਕ ਨੂੰ ਜਾ ਛੋਹਿਆ|ਰੱਤੀ ਭਰ ਪੀੜ ਤੁਣਕਾ
ਜਿਹੀ,ਕੁੱਲ ਜਹਾਨਾਂ ਦੇ ਮਹਾਂ ਸੰਗੀਤ ’ਚ ਭਿੱਜੀ,
ਤੇ ਹੱਥੀਂ ਫੁੱਲ ਲੈ ਈਨਾਮ ਵੱਜੋਂ ਤੂੰ ਉਤਰ ਆਇਆਂ
ਤੇ ਆਣ ਖਲੋਇਆਂ ਮੇਰੀ ਝੁੱਗੀ ਦੇ ਦਰਾਂ ਮੋਹਰੇ|



ਗੀਤ:੫੦
ਪਿੰਡ ਦੀ ਫ਼ਿਰਨੀ ’ਤੇ ਦਰ-ਦਰ ਮੰਗਦਾ ਫਿਰਦਾ ਸੀ
ਮੈਂ,ਜਦ ਉਸਦਾ ਸੁਨਹਿਰੀ ਰੱਥ ਪ੍ਰਗਟ ਹੋਇਆ ਕਿਸੇ
ਸਜੀਲੇ ਸੁਫ਼ਨੇ ਵਾਂਗ,ਸੋਚੀਂ ਪਿਆ ਸੀ ਮੈਂ,ਕੌਣ ਹੈ ਇਹ,
ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ!

ਮੇਰੀਆਂ ਉਮੀਦਾਂ ਮਚਲ ਪਈਆਂ,ਇੰਜ ਜਾਪਿਆ ਮੇਰੇ
ਬੁਰੇ ਦਿਨਾਂ ਦਾ ਅੰਤ ਹੋਇਆ ਕਿ ਹੋਇਆ,ਅਣਮੰਗੀ
ਭਿਛਿਆ ਦੀ ਆਸ ’ਚ ਉਡੀਕਦਾ ਖੜਾ ਸੀ ਮੈਂ,ਚੋਹੀਂ
ਪਾਸੀਂ ਖਜ਼ਾਨੇ ਖਿੱਲਰੇ ਨਜ਼ਰ ਆਉਂਦੇ ਸੀ|

ਰੱਥ ਐਣ ਸਾਹਮਣੇ ਆਣ ਰੁਕਿਆ ਮੇਰੇ|ਤੇਰੀ ਨਜ਼ਰ
ਪਈ ਮੇਰੇ ਉੱਤੇ ਤੇ ਤੂੰ ਮੁਸਕਰਾਉਂਦਾ ਉਤਰ ਆਇਆ,
ਜਾਪਿਆ ਜਿੰਦ ਮੇਰੀ ਦੇ ਭਾਗ ਜਾਗੇ ਆਖਿਰ ਨੂੰ|

ਤੇ ਫੇਰ ਅਚਾਣਕ ਤੂੰ ਆਪਣਾ ਸੱਜਾ ਹੱਥ ਅੱਗੇ ਕਢਿਆ
ਤੇ ਬੋਲਿਆ,"ਜੋ ਵੀ ਹੈ ਝੋਲੀ ਪਾ ਦੇ ਮੇਰੀ!"

ਆਹ!ਕਿਹੀ ਸ਼ਹਿਨਸ਼ਾਹਾਂ ਵਾਲੀ ਮਸ਼ਕਰੀ ਸੀ ਇਹ ਕਿਸੇ
ਮੰਗਤੇ ਮੋਹਰੇ ਹੱਥ ਅੱਡਣਾ ਮੰਗਣ ਖਾਤਿਰ!ਹੱਕਾ-ਬੱਕਾ
ਖੜਾ ਸੀ ਮੈਂ ਦੁਚਿੱਤੇ ਪਿਆ,ਤੇ ਫੇਰ ਝੋਲੀ ’ਚੋਂ ਟਟੋਲ ਹੋਲੀ
ਜਿਹੇ ਮੈਂ ਇਕ ਮਰਿਅਲ ਜਿਹਾ ਜੌਂ ਦਾ ਦਾਣਾ ਕਢਿਆ ਤੇ
ਤਲੀ ਟਿਕਾ ਦਿੱਤਾ ਤੇਰੀ|

ਪਰ ਅਚੰਭੇ ਦਾ ਮੇਰੇ ਪਾਰਾਵਾਰ ਨਹੀਂ ਸੀ ਕੋਈ ਜਦ ਆਥਣ
ਵੇਲੇ ਮੈਂ ਝੋਲਾ ਪਲਟਿਆ ਫ਼ਰਸ਼ ਉੱਤੇ ਤਾਂ ਦੇਖਾਂ ਕਿ ਉਹੀ ਨਿੱਕਾ
ਜਿਹਾ ਦਾਣਾ ਹੋ ਸੋਨੇ ਦਾ ਢੇਰ ਉੱਤੇ ਪਿਆ ਚਮਕੇ|ਫੁੱਟ ਪਿਆ ਮੈਂ
ਰੋਇਆ ਜ਼ਾਰੋ-ਜ਼ਾਰ ਸੋਚਾਂ ਕਾਸ਼ ਇੰਨੀ ਕੁ ਹਿੰਮਤ ਹੁੰਦੀ ਕੀਤੀ ਕਿ
ਪਾ ਸਕਦਾ ਆਪਣਾ ਸਰਵਸ ਤੇਰੀ ਝੋਲੀ|




ਗੀਤ:੫੧
ਰਾਤ ਸੰਘਣੀ ਹੋਈ|ਦਿਨ ਦੇ ਕਾਰਜ ਸਬ ਮੁਕ-ਮੁਕਾਏ|
ਅਸਾਂ ਸੋਚਿਆ ਅਖੀਰੀ ਪ੍ਰਾਹੁਣਾ ਰਾਤ ਦਾ ਆ ਚੁੱਕਾ,ਪਿੰਡ
ਦੇ ਬੂਹੇ ਸਾਰੇ ਢੋ ਦਿੱਤੇ|ਕਿਤੇ ਕੋਈ ਫ਼ੁਸ-ਫ਼ੁਸਾਇਆ ਕਿ
ਰਾਜਾ ਤਾਂ ਆਣ ਵਾਲਾ ਏ ਹਾਲੇ|ਅਸੀਂ ਹੱਸ ਪਏ ਤੇ ਬੋਲੇ,
"ਨਾ,ਇਹ ਨਹੀ ਹੋ ਸਕਦਾ|"

ਇੰਜ ਲਗਦਾ ਕਿ ਬੂਹਾ ਖੜਕਿਆ ਪਰ ਅਸੀਂ ਕਹਿ
ਛਡਦੇ ਕਿ ਕੁਝ ਨਹੀ ਐਵੇਂ ਹਵਾ ਹੋਏਗੀ|ਅਸੀਂ ਦੀਵੇ
ਬੁਝਾਏ ਤੇ ਲੇਟ ਗਏ ਸੌਣ ਖਾਤਿਰ|ਫ਼ੇਰ ਕਿਸੇ ਕਿਹਾ,
"ਕਾਸਿਦ ਆਇਆ,ਦੂਤ ਉਸਦਾ|"ਮਖੌਲ ਹੀ ਸਮਝਿਆ
ਅਸੀਂ,"ਕਾਹਨੂੰ,ਹਵਾ ਹੀ ਹੋਏਗੀ ਬਸ!"

ਰਾਤ ਦੀ ਸੁੰਨ-ਸਰਾਂ ’ਚ ਕੋਈ ਆਵਾਜ਼ ਹੋਈ,ਬੇਸੁਰਤੀ
’ਚ ਸੋਚਿਆ ਅਸੀਂ ਕਿ ਦੂਰ ਕੋਈ ਬੱਦਲ ਗਰਜਿਆ
ਹੋਏਗਾ|ਧਰਤੀ ਕੰਬੀ,ਕੰਧਾ ਲੜਖੜਾਈਆਂ,ਨੀਂਦ ਵਿੱਚ
ਖਲਲ ਆਣ ਪਿਆ|ਕੋਈ ਬੋਲਿਆ ਕਿ ਇਹ ਤਾਂ ਪਹੀਆਂ
ਦੀ ਆਵਾਜ਼ ਸੀ|ਅਸੀਂ ਸੁੱਤ-ਉਣੀਂਦਰੇ ਹੀ ਬੁੜਬੁੜਾਏ,
"ਕਾਹਨੂੰ,ਕਿਤੇ ਬਿਜਲੀ ਗੜਕੀ ਏ!"

ਮੁੰਹ ਹਨੇਰਾ ਸੀ ਹਾਲੇ ਜਦ ਨਗਾੜਿਆਂ ’ਤੇ ਧਮਕ
ਪਈ|ਆਵਾਜ਼ ਆਈ,"ਜਾਗੋ!ਝਟਪਟ ਜਾਗੋ!"ਦਿਲ
ਫੜ ਬੈਠ ਗਏ ਅਸੀਂ ਭੈ ਨਾਲ ਕੰਬਦੇ|ਕਿਸੇ ਕਿਹਾ,
"ਲਓ,ਉਹ ਰਿਹਾ ਮਹਾਰਾਜ ਦਾ ਝੰਡਾ!"ਛਾਲ ਮਾਰ
ਉੱਠੇ ਅਸੀਂ ਕੂਕ ਪਏ,"ਹੁਣ ਟਾਲਣ ਦੀ ਘੜੀ ਨਾ ਰਹੀ!"

ਰਾਜਾ ਤਾਂ ਆਣ ਢੁੱਕਾ-ਪਰ ਰੌਸ਼ਨੀਆਂ ਕਿਥੇ ਨੇ,ਕਿਥੇ
ਨੇ ਫੁੱਲਾਂ ਦੇ ਹਾਰ?ਸਿੰਘਾਸਨ ਕਿੱਥੇ ਹੈ ਉਸਦਾ?ਓਹ,
ਨਮੋਸ਼ੀ ਏ!ਨਿਰੀ ਨਮੋਸ਼ੀ!ਦਰਬਾਰ ਕਿੱਥੇ ਹੈ ਸਜਿਆ,
ਕਿੱਥੇ ਨੇ ਸਾਜ-ਸਿੰਗਾਰ?ਕਿਸੇ ਕਿਹਾ,"ਬੇਕਾਰ ਹੈ ਸਾਰਾ
ਰੌਲਾ!ਸੁਆਗਤ ਕਰੋ ਉਸਦਾ ਖਾਲੀ ਹੱਥੀਂ,ਲੈ ਚੱਲੋ ਉਸਨੂੰ
ਘਰ ਆਪਣੇ ਜੋ ਹੈ ਨਿਰੋਲ ਖਾਲੀ!"

ਦਰ ਖੋਲੋ,ਗੂੰਜਣ ਦਿਓ ਸ਼ੰਖਨਾਦ!ਘਣੀ ਹਨੇਰੀ ਰਾਤੇ ਨੂੰ
ਆਣ ਪੁੱਜਿਆ ਸਾਡੇ ਹਨੇਰੇ ਸੁੰਨੇ ਘਰ ਦਾ ਸਾਈਂ|ਗਗਨ
ਦਮਾਮੇ ਗਰਜਦੇ,ਹਨੇਰਾ ਕੰਬੇ ਫਰਫੜਾਉਂਦੀ ਲਾਟ ’ਚ|
ਲੈ ਆਓ ਜੁੱਲੀ ਚਿਥੜੇ ਹੋਈ ਤੇ ਵਿਛਾ ਦੇਵੋ ਵੇਹੜੇ ’ਚ|
ਤੂਫ਼ਾਨਾਂ ਦੇ ਸੰਗ ਅਚਾਨਕ ਆਣ ਵੜਿਆ ਹੈ ਡਰਾਉਣੀ
ਬੋਲੀ ਇਸ ਰਾਤ ਦਾ ਸਾਈਂ|



ਗੀਤ:੫੨
ਸੋਚਿਆ ਸੀ ਕਿ ਮੰਗ ਲਵਾਂ ਫੁੱਲਾਂ ਦਾ ਉਹ ਹਾਰ ਜੋ ਤੂੰ ਗਲ
ਵਿਚ ਸੀ ਪਾਇਆ,ਪਰ ਹਿੰਮਤ ਨਾ ਪਈ|ਸੋ ਮੈਂ ਉਡੀਕਦਾ
ਰਿਹਾ ਸਵੇਰ ਹੋਣ ਤਾਈਂ,ਜਦੋਂ ਤੂੰ ਵਿਦਾ ਸੀ ਹੋਇਆ,ਤੇਰੇ
ਬਿਛੌਣੇ ਤੋਂ ਚੰਦ ਨਿਸ਼ਾਨੀਆਂ ਚੁਗਣ ਨੂੰ|ਸਾਰੀ ਪ੍ਰਭਾਤ ਮੈਂ
ਭਟਕੀ ਭਿਖਾਰਣਾਂ ਵਾਂਗ ਇੱਕੀ-ਦੁੱਕੀ ਕਿਸੇ ਮਧੋਲੀ-ਮਿੱਧੀ
ਪੰਖੜੀ ਖਾਤਿਰ|

ਆਹ,ਇਹ ਭਾਗ ਮੇਰੇ,ਕੀ ਲਭਿਆ ਮੈਨੂੰ?ਤੇਰੇ ਇਸ਼ਕ ਦੀ ਇਹ
ਕਿਹੀ ਨਿਸ਼ਾਨੀ ਏ?ਨਹੀ ਏ ਫੁੱਲ,ਨਾ ਸ਼ੈਹ ਕੋਈ ਸੁਆਦਲੀ,ਨਾ
ਹੀ ਸੁਗੰਧਿਤ ਜਲ ਦਾ ਕੁੰਭ|ਇਹ ਤਾਂ ਸ਼ੂਕਦੀ ਸ਼ਮਸ਼ੀਰ ਤੇਰੀ,
ਲਾਟ ਵਾਂਗ ਲਿਸ਼ਕਦੀ,ਅਸਮਾਨੀ ਗਾਜ਼ ਵਾਂਗ ਡਿਗਦੀ|ਭਲਕ
ਦੀ ਕਮਸਿਨ ਜਹੀ ਲੋਅ ਅੰਦਰ ਆਈ ਝੀਥਾਂ ਥਾਣੀ ਤੇ ਤੇਰੇ
ਬਿਸਤਰ ’ਤੇ ਪਸਰ ਗਈ|ਭੋਰ ਦੇ ਪੰਛੀ ਹੋਲੇ-ਹੋਲੇ ਚੂਕਣ ਤੇ
ਪੁਛਣ,"ਕੀ ਖਟਿਆ ਤੈਂ,ਸੁਆਣੀਏ?"ਨਾ,ਇਹ ਤਾਂ ਫੁੱਲ ਨਹੀ,
ਨਾ ਕੋਈ ਸ਼ੈਹ ਸੁਆਦਲੀ,ਨਾ ਹੀ ਸੁਗੰਧਿਤ ਜਲ ਦਾ ਕੁੰਭ ਕੋਈ
ਭਰਿਆ,ਇਹ ਤਾਂ ਡਰਾਉਣੀ ਖੜਗ ਓਸ ਦੀ|

ਅਚੰਭੇ ਭਰਿਆ ਮੈਂ ਨੀਝ ਲਾ ਸੋਚਾਂ,ਇਹ ਕੇਹੀ ਸੌਗਾਤ ਏ ਤੇਰੀ|
ਨਾ ਕਿਸੇ ਖੂੰਜੇ ਛੁਪਾ ਹੋਵੇ ਮੈਥੋਂ,ਜੇ ਪਹਿਣ ਤੁਰਾਂ ਤਾਂ ਲੱਜ ਆਵੇ,
ਮੈਂ ਤਾਂ ਨਿਤਾਣੀ ਅਜ਼ਲਾਂ ਦੀ,ਹਿੱਕ ਨਾਲ ਘੁੱਟਾਂ ਏਸ ਨੂੰ ਤਾਂ ਇਹ
ਖੁਭਦੀ ਜਾਵੇ|ਫੇਰ ਵੀ ਇਹ ਜੋ ਮਾਣ ਤੂੰ ਬਖਸ਼ਿਆ ਏ ਮੈਨੂੰ,ਪੀੜ
ਦੇ ਏਸ ਬੋਝ ਨੂੰ,ਉਪਹਾਰ ਨੂੰ ਤੇਰੇ ਹਿਰਦੈ ’ਤੇ ਜਰਾਂਗੀ ਮੈਂ|

ਹੁਣ ਇਸ ਜਗ ’ਤੇ ਕੋਈ ਭੌ ਨਹੀਂ ਬਚਿਆ ਮੇਰੇ ਲਈ, ਤੂੰ ਹੀ ਰਹੇਂਗਾ
ਜੇਤੂ ਸਾਰੇ ਮੇਰੇ ਝੇੜਿਆਂ ’ਚੋਂ|ਮੌਤ ਤੂੰ ਝਰ ਗਿਆ ਏਂ ਝੋਲੀ ਮੇਰੀ ਤੇ
ਜਿੰਦ ਆਪਣੀ ਮੈਂ ਨਿਛਾਵਰ ਕਰਾਂਗੀ ਉਸਤੋਂ| ਸਬ ਬੰਧਨ ਕੱਟਣ ਨੂੰ
ਤੇਰੀ ਤਲਵਾਰ ਸੰਗ ਹੈ ਮੇਰੇ,ਫੇਰ ਏਸ ਜਹਾਨ ’ਚ ਹੁਣ ਕੀ ਭੈਅ ਹੈ|

ਹੁਣ ਤੋਂ ਇਨ੍ਹਾਂ ਹਾਰ-ਸਿਂਗਾਰਾਂ ਤੋਂ ਤੋਬਾ ਮੇਰੀ|ਮੇਰੇ ਦਿਲ ਦੇ ਸਰਤਾਜ,
ਉਡੀਕ ਦੀਆਂ ਘੜੀਆਂ ਹੋਰ ਨਹੀਂ,ਹੁਣ ਖੂੰਜੇ ਵੜ-ਵੜ ਨਹੀਂ ਰੋਵਾਂਗਾ
ਮੈਂ,ਹੁਣ ਕੋਈ ਸੰਗ ਨਾ,ਨਾ ਹੀ ਕੋਈ ਮਿਠੜੀ ਲੋਕਲਾਜ|ਤੂੰ ਇਹ ਖਡਗ
ਬਖਸ਼ੀ ਏ ਸ਼ਿੰਗਾਰ ਨੂੰ ਮੇਰੇ|ਹੁਣ ਇਹ ਗੁੱਡੀਆਂ ਪਟੋਲੇ ਭਲਾ ਮੈਨੂੰ ਕੀ
ਸੋਹਂਦੇ ਨੇ!



ਗੀਤ:੫੩
ਸੋਹਣੇ ਨੇ ਤੇਰੇ ਕਂਗਣ,ਸਿਤਾਰੀਂ ਜੜੇ,ਅਸੰਖ ਰੰਗਾਂ ’ਚ
ਕੌਤਕੀਂ ਘੜੇ ਜ਼ੇਵਰ ਤੇਰੇ,ਪਰ ਹੋਰ ਵੀ ਸੋਹਣੀ ਜਾਪੇ ਮੈਨੂੰ
ਸ਼ਮਸ਼ੀਰ ਤੇਰੀ,ਅੰਬਰੀਂ ਸ਼ੂਕਦੀ ਏਹਦੀ ਧਾਰ,ਜਿਉਂ ਗਰੁੜ
ਨੇ ਖਿਲਾਰੇ ਹੋਣ ਖੰਬ ਅਪਣੇ,ਆਥਣ ਦੀਆਂ ਗੁਸੈਲ ਸੰਦਲੀ
ਕਿਰਣਾਂ ’ਚ ਇਕ ਇਕਸਾਰ ਘੁਲੀ ਹੈ|

ਇਹ ਥਰ-ਥਰਾਏ ਜਿਉਂ ਕਾਲ ਦੇ ਅੰਤਲੇ ਵਾਰ ’ਤੇ ਜੀਵਨ ਦਾ
ਅਖੀਰੀ ਹੁਂਗਾਰਾ ਪੀੜ ਦੀ ਤਰੰਗ ’ਚ ਕੰਬੇ;ਦਮਕੇ ਇਓਂ ਜਿਉਂ
ਹਸਤੀ ਦੀ ਖਾਲਸ ਲੌਅ ਲੌਕਿਕ ਰੂਪ ’ਚ ਲਟ-ਲਟ ਬਲ ਉੱਠੇ,
ਭਭੂਕੇ ਵਾਂਗ ਮਚ ਪਏ |

ਸੋਹਣੇ ਨੇ ਤੇਰੇ ਕੰਗਣ,ਅੰਬਰੀ ਨਗੀਨਿਆਂ ਨਾਲ ਜੜੇ;ਪਰ ਤਲਵਾਰ
ਤੇਰੀ,ਓ ਤੂਫ਼ਾਨਾਂ ਦੇ ਸੁਲਤਾਨ,ਹੈ ਅਜ਼ੀਮੋ-ਸ਼ਾਨ,ਪਰਮ ਸੁਹਪਣ ’ਚ
ਲਪੇਟੀ,ਭਿਅੰਕਰ ਹੈ ਇਸ ’ਤੇ ਨਜ਼ਰ ਧਰਣਾ ਜਾਂ ਧਿਆਨ ਵੀ ਕਰਨਾ
ਉਸਦਾ|



ਗੀਤ:੫੪
ਮੈਂ ਕੁਝ ਨਾ ਪੁਛਿਆ ਤੈਥੋਂ;ਨਾ ਹੀ ਨਾਂ ਅਪਣਾ ਕੰਨੀ ਪਾਇਆ ਤੇਰੇ|
ਜਦ ਤੂੰ ਰੁਖਸਤ ਹੋਇਆ ਮੈਂ ਕੁ ਨਾ ਕੀਤੀ ਚੁਪਚਾਪ ਖੜਾ ਰਿਹਾ|
ਕੱਲਮ-ਕੱਲਾ ਰਿਹਾ ਮੈਂ ਉਸ ਖੂਹ ’ਤੇ,ਪਰਛਾਵਾਂ ਬਿਰਖ ਦਾ ਵੀ ਸੀ
ਢਲ ਚਲਿਆ ਹੋਲੀ-ਹੋਲੀ,ਸੁਆਣੀਆਂ ਸਬ ਤੁਰ ਗਈਆਂ ਸੀ ਘਰੋ-
ਘਰੀ ਲੈ ਮਟਕੀਆਂ ਸੂਹੀਆਂ ਭਰੀਆਂ ਨੱਕੋ-ਨੱਕ|ਉਨ੍ਹਾ ਬੁਲਾਇਆ
ਮੈਨੂੰ,ਹਾਕ ਮਾਰੀ,"ਨੀ ਚਲ ਤੁਰ ਹੁਣ,ਸਵੇਰ ਦੀ ਸ਼ਾਮ ਹੋਣ ਨੂੰ ਆਈ|"
ਪਰ ਮੈਂ ਨਿੱਸਲ ਜਹੀ ਖਿਆਲੀਂ ਗੁਆਚੀ ਟਾਲਦੀ ਰਹੀ|

ਤੇਰੇ ਆਉਣ ਦੀ ਭਿਣਕ ਵੀ ਨਾ ਪਈ ਮੈਨੂੰ| ਨਜ਼ਰਾਂ ਤੇਰੀਆਂ ਜਦ ਮੇਰੇ
ਉੱਤੇ ਪਈਆਂ ਉਦਾਸੀਆਂ ਸਨ,ਬੋਲ ਬੁਝੇ-ਬੁਝੇ,ਮਸਾਂ ਹੀ ਬੋਲਿਆ ਤੂੰ,
"ਹਾਂ,ਮੈਂ ਇੱਕ ਪਿਆਸਾ ਰਾਹੀ|"ਖਿਆਲਾਂ ’ਚੋਂ ਤ੍ਰਭਕ ਉਠੀ ਮੈਂ ਤੇ ਉਲਦ
ਦਿੱਤੀ ਗਾਗਰ ਤੇਰੇ ਜੁੜੇ ਹੱਥਾਂ ’ਤੇ ਬਰਸ ਪਿਆ ਪਾਣੀ|ਸਿਰਾਂ ’ਤੇ ਪੱਤੇ
ਸਰਸਰਾਏ;ਅਣਗਾਹੇ ਹਨ੍ਹੇਰਿਆਂ ’ਚੋਂ ਬਬੀਹੇ ਬੋਲ ਪਏ,ਮੋੜਾਂ ਤੋਂ ਵਗ ਤੁਰੀ
ਰਾਤ ਦੀ ਰਾਣੀ ਦੀ ਮੈਹਕ|

ਗੂਂਗੀ ਹੋਈ ਖੜੀ ਸੀ ਮੈਂ ਸ਼ਰਮ ਦੀ ਮਾਰੀ ਜਦ ਤੂੰ ਸੀ ਮੇਰਾ ਨਾਂ ਪੁਛਿਆ|
ਆਖਿਰ,ਐਸਾ ਕੀ ਕੀਤਾ ਮੈਂ ਕਿ ਤੂੰ ਯਾਦ ਰਖੇਂ ਮੈਨੂੰ?ਪਰ ਉਹ ਸਮ੍ਰਿਤੀ ਕਿ
ਮੈਂ ਤੇਰੀ ਪਿਆਸ ਬੁਝਾਉਣ ਨੂੰ ਘੁੱਟ ਪਾਣੀ ਦੇ ਪਾਈ ਧੜਕਦੀ ਹੈ ਮੇਰੇ ਅੰਦਰ
ਤੇ ਪਿਆਰ ਭਿੱਜੀ ਲੱਗੀ ਰਹਿੰਦੀ ਗਲ ਨਾਲ|ਭੋਰ ਦੀ ਬੇਲਾ ਬਹੁਤ ਪਛੜ
ਗਈ,ਪੰਛੀ ਗਾਉਣ ਹੰਭੇ-ਹਾਰੇ,ਨਿੰਮ ਦੇ ਪੱਤੇ ਖੜਕਣ ਸਿਰ ’ਤੇ ਤੇ ਮੈਂ ਬੈਠੀ-
ਬੈਠੀ ਪਈ ਹਾਂ ਸੋਚਾਂ ਦੇ ਰਾਹ|



ਗੀਤ:੫੫
ਨਿਢਾਲ ਏ ਦਿਲ ਤੇਰਾ ਤੇ ਅੱਖਾਂ ’ਚ ਨੀਂਦ ਭਰੀ ਏ ਹਾਲੇ ਤਾਈਂ|

ਤੁਧ ਤਕ ਪੁੱਜਾ ਨਹੀਂ ਕੀ ਸੁਨੇਹਾ ਕਿ ਫੁੱਲਾਂ ਦੀ ਬਾਦਸ਼ਾਹਤ ਸੋਹੇ
ਕੰਡਿਆਂ ਦੇ ਵਿਚਕਾਰ?ਜਾਗ,ਹੁਣ ਤੇ ਜਾਗ,ਨਾ ਅਜਾਈਂ ਡੰਗ ਨਾ
ਟਪਾ!

ਪਥਰੀਲੇ ਇਸ ਰਾਹ ਦੇ ਅਖੀਰ,ਅਛੂਹੇ ਏਕਾਂਤ ਦੇ ਦੇਸ਼,ਮਿੱਤਰ ਮੇਰਾ
ਬੈਠਾ ਏ ਬਿਲਕੁਲ ਇਕੱਲਾ|ਉਸ ਨਾਲ ਛਲ ਨਾ ਕਰ|ਜਾਗ,ਹੁਣ ਤੇ
ਜਾਗ|ਕੀ ਹੋਇਆ ਜੇ ਅੰਬਰ ਹਫ਼ਿਆ,ਲੂ ਵਗੇ ਉਹ ਲੂੰ-ਲੂੰ ਕੰਬੇ ਡਰਿਆ
ਸਿਖਰ ਦੁਪਹਰੀ ਤੋਂ,ਕੀ ਹੋਇਆ ਜੇ ਬਲਦੀ ਰੇਤਾ ਪਿਆਸ ਆਪਣੀ ਦਾ
ਜਾਲ ਵਿਛਾਇਆ|


ਕੀ ਕੋਈ ਚਾਅ ਨਾ ਬਚਿਆ ਦਿਲ ਤੇਰੇ ਦੀਆਂ ਗਹਰਾਈਆਂ ਅੰਦਰ?
ਤੇਰੇ ਕਦਮਾਂ ਦੀ ਹਰ ਥਾਪ ’ਤੇ ਕੀ ਡਫ ਰਾਹ ਦੀ ਨੱਚ-ਨੱਚ ਨਾ
ਜਾਵੇ ਦਰਦ ਪਿਰੁੰਨੀਆਂ ਮਿਠੀਆਂ ਸੁਰਾਂ ’ਚ?




ਗੀਤ:੫੬
ਬਸ ਇੰਨੀ ਹੈ ਗੱਲ ਕਿ ਚਾਓ ਤੇਰਾ ਡੁਲ-ਡੁਲ ਜਾਏ ਅੰਦਰੋਂ ਮੇਰਿਓਂ|

ਬਸ ਇੰਨੀ ਹੈ ਗੱਲ ਕਿ ਤੂੰ ਉਤਰ ਆਇਆਂ ਏਂ ਮੇਰੇ ਕਰੀਬ|ਓ ਸੱਤੇ
ਆਸਮਾਨਾਂ ਦੇ ਸਿਰਮੋਰ,ਕਿਧਰ ਜਾਂਦਾ ਤੇਰਾ ਪਿਆਰ ਜੇ ਮੈ ਨਾ ਹੁੰਦਾ?

ਤੂੰ ਹੀ ਤੇ ਚੁਣਿਆ ਮੈਨੂੰ ਸਾਰੇ ਇਸ ਖਜ਼ਾਨੇ ’ਚ ਭਾਈਵਾਲ ਕੀਤਾ ਆਪਣਾ|
ਹਿਰਦੇ ਮੇਰੇ ’ਚ ਚੱਲੇ ਅਨੰਤ ਲੀਲਾ ਤੇਰੇ ਅਨੰਦ ਦੀ|ਜਿੰਦ ਮੇਰੀ ’ਚ ਰਜ਼ਾ
ਤੇਰੀ ਹੋ ਰਹੀ ਮੂਰਤੀਮਾਨ|

ਤੇ ਇਸੇ ਲਈ,ਓ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ,ਘੁੰਘਟ ਕਢ ਬੈਠਾ ਏਂ ਤੂੰ ਹੁਸਨਾਂ
ਦਾ,ਦਿਲ ਮੋਹਣ ਨੂੰ ਮੇਰਾ|ਤੇ ਇਸੇ ਲਈ ਇਸ਼ਕ ਤੇਰੇ ਨੇ ਸਮੋ ਦਿੱਤਾ ਖੁਦ ਨੂੰ
ਪਿਆਰੇ ਆਪਣੇ ਦੇ ਪ੍ਰੇਮ ’ਚ,ਤੇ ਉਥੇ ਹੀ ਨਜ਼ਰ ਆਵੇਂ ਤੂੰ ਦੋਹਾਂ ਦੇ ਸੰਪੂਰਨ
ਸੰਗਮ ’ਚ।



ਗੀਤ:੫੭
ਜੋਤ,ਮੇਰੀ ਰੁਸ਼ਨਾਈ,ਮੇਲ੍ਹੇ ਦੋਹੇਂ ਜਹਾਨ ਮਹਾਬਲੀ
ਪ੍ਰਕਾਸ਼,ਨੈਣਾਂ ਨੂੰ ਚੁੰਮੇ ਚਾਨਣੀ, ਘੁਲੇ ਦਿਲਾਂ ’ਚ
ਨੇਹ ਰੋਸ਼ਨੀ|

ਆਹ,ਨਿਰਤ ਕਰੇ ਪ੍ਰਕਾਸ਼,ਪ੍ਰੀਤਮ ਮੇਰਾ,ਜਿੰਦ ਮੇਰੀ
ਦੇ ਮਰਕਜ਼ ’ਤੇ,ਰੁਮਕੇ ਰੋਸ਼ਨੀ,ਸੱਜਣੀ ਮੇਰੀ,ਡੋਰੀ
ਮੇਰੇ ਪ੍ਰੇਮ ਦੀ,ਖਿੜੇ ਆਕਾਸ਼,ਪੌਣ ਵਗੇ ਮਤਵਾਲੜੀ,
ਚੁਫ਼ੇਰੇ ਭੋਇਂ ਦੇ ਮਸਤ ਬਹੇ ਮੁਸਕਾਨ|

ਰੋਸ਼ਨੀ ਦੀਆਂ ਵੇਹਵ੍ਹਲ ਛੱਲਾਂ ’ਤੇ ਤਾਰੀਆਂ ਲਾਉਣ
ਭਂਭੀਰੀਆਂ,ਮੋਤੀਆ-ਚਂਬੇਲੀ ਦੀਆਂ ਦੁੱਧ ਚਿੱਟੀਆਂ
ਕਲੀਆਂ ਚਾਨਣ ਦੀਆਂ ਲੈਹਰਾਂ ’ਚੋਂ ਖਿੜ-ਖਿੜ ਜਾਣ|

ਹਰ ਬਦਲੀ ’ਤੇ ਸੋਨ-ਕੰਨੀਆਂ ਕੱਢਦੀ ਰੋਸ਼ਨੀ,ਮੇਰੀ
ਪ੍ਰੀਤਮਾ,ਖਿੰਡਾਉਂਦੀ ਰਤਨ-ਮਣੀਆਂ ਭਰ-ਭਰ ਝੋਲੀਆਂ,
ਪੱਤੀ-ਪੱਤੀ ਹੋਈ ਹੁਲਾਸਣੀ,ਮੇਰੀ ਹਾਨਣੀ,ਬਾਹਾਂ ਉਲਾਰ
ਵਗਦੀਆਂ ਮਸਤੀਆਂ|ਕਿਨਾਰੇ ਤੋੜ ਤੁਰੀਆਂ ਅੰਬਰੀ
ਨਦੀਆਂ,ਕੜ ਪਾੜ ਤੁਰੇ ਖੁਮਾਰ|



ਗੀਤ:੫੮
ਘੁਲਣ ਦਿਓ ਸਭ ਖੁਸ਼ੀਆਂ ਨੂੰ ਅੱਡੀਆਂ ਤਾਈਂ ਅੰਤਮ ਗੀਤ
’ਚ ਮੇਰੇ -ਜਿਸ ਚਾਅ ਦੀ ਮਾਰੀ ਭੌਂਇ ਡੁੱਲ-ਡੁੱਲ ਜਾਏ
ਖਰਮਸਤੀਆਂ ਕਰੇ ਘਾਹ ਹੋ ਵਿਛਦੀ ਵਗਦੀ ਜਾਵੇ,ਸ਼ਿਸ਼ਕੇਰੀ
ਜਿਸ ਚਾਅ ਦੀ ਜੀਵਨ-ਮੌਤ ਦੀ ਜੋੜੀ ਕੁੱਲ ਜਹਾਨ ਅੰਦਰ
ਪੈਲਾਂ ਪਾਉਂਦੀ ਫਿਰੇ,ਆਨੰਦ ਜੋ ਤੂਫ਼ਾਨਾਂ ਦੀਆਂ ਰਗਾਂ ’ਚ
ਘੁਲਿਆ,ਹਲੂਣੇ-ਜਗਾਵੇ ਜੀਵਨ ਨੂੰ ਖੇੜਿਆਂ ਦੇ ਹੁਲਾਰੇ
ਦੇ-ਦੇ,ਚਾਅ ਜੋ ਨਿੱਸਲ ਹੋਈ ਬੈਠਾ ਹੰਝੂ ਸੰਜੋਈ ਦਰਦ ਦੇ
ਸੂਹੇ ਖਿੜੇ ਕੰਵਲ ’ਤੇ,ਤੇ ਉਹ ਚਾਅ ਜਿਸਨੇ ਆਪਣਾ ਸਭ
ਕੁਝ,ਜੋ ਵੀ ਸੀ ਉਸ ਕੋਲ,ਧੂੜ ’ਚ ਉਡਾ ਦਿੱਤਾ ਅਤੇ ਕਦੇ
ਕੋਈ ਸ਼ਬਦ ਨਾ ਛੂਹਿਆ|




ਗੀਤ:੫੯
ਹਾਂ,ਮੈਂ ਜਾਣਾ ਇਹ ਹੈ ਪ੍ਰੀਤ ਤੇਰੀ ਹੋਰ ਨਹੀਂ ਕੁਝ ਵੀ,
ਮਹਰਮ ਦਿਲਾਂ ਦਿਆ ਹੈਂ ਤੂੰ ਹੀ ਤੂੰ ਤੇ ਹੋਰ ਕੁਝ ਨ-
ਇਹ ਸੁਨਹਰੀ ਚਾਨਣੀ ਨਚਦੀ ਫਿਰੇ ਜੋ ਪੱਤਿਆਂ ’ਤੇ,
ਇਹ ਮਨਮੌਜੀ ਮੇਘ ਲਾਉਣ ਤਾਰੀਆਂ ਜੋ ਅੰਬਰਾਂ ’ਚ,
ਮੰਦ-ਮੰਦ ਵਗੇਂਦੀ ਹਵਾ ਛੱਡ ਜਾਂਦੀ ਜੋ ਆਪਣੀ ਠੰਡਕ
ਮਸਤਕ ’ਤੇ ਮੇਰੇ|

ਰੋਸ਼ਨੀ ਸਵੇਰ ਦੀ ਨੇ ਭਰ ਛਡੀਆਂ ਮੇਰੀਆਂ ਅੱਖੀਆਂ-
ਇਹ ਸੁਨੇਹਾ ਹੈ ਤੇਰਾ ਦਿਲ ਨੂੰ ਮੇਰੇ|ਅੰਬਰਾਂ ’ਚੋਂ ਤੇਰੀ
ਸੂਰਤ ਵਿਖੇ,ਪਲਕਾਂ ਝੁਕੀਆਂ ਤੇਰੀਆਂ ਨੈਣਾਂ ’ਤੇ ਮੇਰੇ,
ਤੇ ਹਿਰਦਾ ਮੇਰਾ ਛੋਹੇ ਚਰਣ ਤੇਰੇ|





ਗੀਤ:੬੦
ਕਿਨਾਰਿਆਂ ’ਤੇ ਅੰਤਹੀਨ ਜਹਾਨਾਂ ਦੇ ਜੁੜਦੇ ਨੇ
ਜੁਆਕ|ਅਸੀਮ ਆਕਾਸ਼ ਅਡੋਲ ਹੈ ਸਿਰਾਂ ਤਾਈਂ
ਤੇ ਖੋਰੂ ਪਾਉਣ ਬੇਚੈਨ ਪਾਣੀ|ਕਿਨਾਰਿਆਂ ’ਤੇ
ਅੰਤਹੀਨ ਜਹਾਨਾਂ ਦੇ ਜੁੜਦੇ ਨੇ ਜੁਆਕ ਨਚਦੇ
ਟੱਪਦੇ ਸ਼ੋਰ ਮਚਾਉਂਦੇ|

ਰੇਤ ਦੇ ਘਰੋਂਦੇ ਬਣਾਉਂਦੇ ਉਹ ਖੇਲਦੇ ਨੇ ਘੋਗੇ
ਸਿੱਪੀਆਂ ਨਾਲ|ਜਰਜਰ ਪੱਤਿਆਂ ਦੀਆਂ ਬੇੜੀਆਂ
ਬਣਾਉਂਦੇ ’ਤੇ ਫੇਰ ਠਿਲ ਦਿੰਦੇ ਮੁਸਕਰਾਉਂਦੇ ਹੋਏ
ਡੂੰਘੇ ਪਾਣੀਆਂ ਨੂੰ|ਬੱਚਿਆਂ ਖੇਡ ਰਚਾਈ ਏ ਕਿਨਾਰਿਆਂ
’ਤੇ ਜਹਾਨਾਂ ਦੇ|

ਉਹ ਜਾਣਨ ਨਾ ਕਿਵੇਂ ਤੈਰਨਾ ਏ,ਨਾ ਹੀ ਜਾਣਨ ਕਿਵੇਂ
ਸੁੱਟਣੇ ਨੇ ਜਾਲ|ਮਾਹੀਗੀਰ ਮੋਤੀਆਂ ਦੇ ਲਾਉਣ ਡੁਬਕੀਆਂ
ਮੋਤੀਆਂ ਖਾਤਿਰ,ਤਾਜ਼ਿਰ ਖੇਵਣ ਜਹਾਜ਼ ਅਪਣੇ,ਠੀਕਰੇ
ਜੋੜਨ ਜੁਆਕ ਤਦ ਨੂੰ ਤੇ ਫੇਰ ਖਿਂਡਾ ਦੇਣ ਮੁੜ ਤੋਂ|
ਉਹ ਨਾ ਲੋਚਣ ਛੁਪੇ ਖਜ਼ਾਨਿਆਂ ਨੂੰ,ਨਾ ਹੀ ਜਾਣਨ
ਕਿਵੇਂ ਸੁੱਟਣੇ ਨੇ ਜਾਲ|

ਹੱਸ-ਹੱਸ ਦੂਹਰਾ ਹੋਏ ਸਮੰਦਰ ਤੇ ਮੁਸਕਾਨ ਸਾਗਰ
ਕੰਡਿਆਂ ਦੀ ਜਿਉਂ ਪੀਲੀ ਜਈ ਲਸ਼ਕੋਰ|ਮੌਤ ਵਰਤਾਵੀਆਂ
ਲੈਹਰਾਂ ਗਾਉਣ ਅਰਥਹੀਣ ਗਾਥਾ ਬਾਲਾਂ ਦੇ ਕੰਨੀ,
ਐਨ ਕਿਸੇ ਮਾਂ ਵਾਂਗ ਜੋ ਗਾਉਂਦੀ ਪੰਘੂੜਾ ਝੁਟਾਉਂਦੀ
ਬੱਚੇ ਨੂੰ ਆਪਣੇ|

ਕਿਨਾਰਿਆਂ ’ਤੇ ਅੰਤਹੀਨ ਜਹਾਨਾਂ ਦੇ ਜੁੜਦੇ ਨੇ
ਜੁਆਕ|ਝੱਖੜ ਝੁੱਲਣ ਪੰਧਹੀਨ ਆਸਮਾਨਾਂ ’ਤੇ,
ਗਰਕਣ ਜਹਾਜ਼ ਅਣਗਾਹੇ ਪਾਣੀਆਂ ਦੀ ਝੋਲੀ,
ਪਸਰੀ ਏ ਮੌਤ ਹਰ ਥਾਈਂ ਤੇ ਬਾਲਾਂ ਹੈ ਖੇਡ ਰਚਾਈ|
ਕਿਨਾਰਿਆਂ ’ਤੇ ਅੰਤਹੀਨ ਜਹਾਨਾਂ ਦੇ ਹੋ ਰਿਹਾ ਏ
ਮਹਾ-ਸਮਾਗਮ ਬਾਲਾਂ ਦਾ|




ਗੀਤ:੬੧
ਨੀਂਦ ਜੋ ਬਾਲਾਂ ਦੇ ਨੈਣਾਂ ’ਚ ਉਤਰੀ ਜਾਵੇ-ਕੀ ਜਾਣੇ ਕੋਈ
ਇਹ ਆਵੇ ਕਿਧਰੋਂ?ਹਾਂ,ਖਬਰ ਹੈ ਕੋਈ ਉਡਦੀ ਜਹੀ ਕਿ
ਇਹਦਾ ਵਾਸਾ ਹੈ ਉੱਥੇ,ਪਰੀਆਂ ਦੇ ਲੋਕ,ਘਨੇ ਜੰਗਲਾਂ ਦੀ
ਛਾਵੇਂ ਜਿੱਥੇ ਟਾਵੇਂ-ਟਾਵੇਂ ਜੁਗਨੂਆਂ ਦੀ ਲੋਅ,ਲਮਕੇ ਪਿਆ
ਜਿੱਥੇ ਸ਼ਰਮਾਕਲ ਜਹੀਆਂ ਕਲੀਆਂ ਦਾ ਜੋੜਾ ਟੂਣੇਹਾਰੀ|
ਇਹ ਆਵੇ ਉੱਥੋਂ ਚੁਮਣ ਖਾਤਿਰ ਨੈਣ ਬਾਲੜੇ|

ਮੁਸਕਾਨ ਜੋ ਬਾਲਾਂ ਦੇ ਬੁੱਲਾਂ ’ਤੋਂ ਟਿਮਕੇ ਜਦੋਂ ਉਹ ਹੋਣ ਸੋਏ
-ਕੀ ਜਾਣੇ ਕੋਈ ਕਿੱਥੇ ਸੀ ਇਹ ਪੈਦਾ ਹੋਈ?ਹਾਂ,ਖਬਰ ਹੈ ਕੋਈ
ਉਡਦੀ ਜਹੀ ਕਿ ਏਕਮ ਦੇ ਚੰਨ ਦੀ ਅਲ੍ਹੜ ਜਹੀ ਕਿਰਣ ਕੋਈ
ਪਾਂਡੂ-ਰੰਗੀ ਖਿਜਾਂ ਦੇ ਖੁਰਦੇ ਬੱਦਲਾਂ ਦੀ ਕੰਨੀਂ ਨੂੰ ਜਾ ਟਕਰਾਈ
ਤੇ ਉੱਥੇ ਹੀ ਪੈਹਲੀ ਵੇਰਾਂ ਇਹ ਮੁਸਕਾਨ ਪੁੰਗਰੀ ਤਰੇਲ-ਨਹਾਈ
ਸਵੇਰ ਦਿਆਂ ਖ੍ਵਾਬਾਂ ਅੰਦਰ|ਮੁਸਕਾਨ ਜੋ ਬਾਲ ਦੇ ਬੁੱਲਾਂ ’ਤੋਂ
ਟਿਮਕੇ ਜਦੋਂ ਹੋਣ ਉਹ ਸੋਏ|

ਮਿਠੜੀ ਜਹੀ ਇਹ ਨਰਮ ਤਾਜ਼ਗੀ ਜੋ ਬਾਲਾਂ ਦੇ ਅੰਗਾਂ ’ਚੋਂ
ਖਿੜਦੀ-ਕੀ ਜਾਣੇ ਕੋਈ ਕਿੱਥੇ ਰਹੀ ਇਹ ਛੋਪ ਖਲੋਈ ਹੁਣ
ਤਾਈਂ?ਹਾਂ,ਜਦ ਮਾਂ ਸੀ ਹਾਲੇ ਅਲ੍ਹੜ ਬਾਲੜੀ ਰਸੀ ਰਹੀ ਇਹ
ਹਿਰਦੇ ਉਹਦੇ ਜਿਉਂ ਪ੍ਰੇਮ ਦੀਆਂ ਹੋਣ ਮੌਨ ਤੇ ਨਾਜ਼ੁਕ ਰਮਜ਼ਾਂ-
ਮਿਠੜੀ ਜਹੀ ਇਹ ਨਰਮ ਤਾਜ਼ਗੀ ਜੋ ਬਾਲਾਂ ਦੇ ਅੰਗਾਂ ’ਚੋਂ ਖਿੜਦੀ|




ਗੀਤ:੬੨
ਜਿਓਂ ਮੈਂ ਤੇਰੀ ਝੋਲੀ ਪਾਈਆਂ,ਰੰਗ-ਰਂਗੀਲੀਆਂ ਬਾਜ਼ੀਆਂ
ਲਾਲ ਮੇਰੇ ਮੈਂ ਬੁਝਿਆ ਤਾਹੀਂ ਕਿਉਂ ਏਹ ਖੇਡ ਖਿੰਡੀ ਰੰਗੀਲੀ
ਬੱਦਲਾਂ ਤਾਈਂ,ਪਾਣੀਆਂ ’ਤੇ,ਕਿਓਂ ਫੁੱਲਾਂ ’ਤੇ ਰੰਗ ਤਿਰੋਂਕੇ-
ਜਿਓਂ ਮੈਂ ਤੇਰੀ ਝੋਲੀ ਪਾਈਆਂ ਰੰਗ-ਬਿਰੰਗੀਆਂ ਬਾਜ਼ੀਆਂ,
ਓ ਲਾਲ ਮੇਰੇ|

ਜਿਓਂ ਮੈਂ ਗਾਇਆ ਕਿ ਤੂੰ ਪੈਲਾਂ ਪਾਵੇਂ ਤਾਹੀਂ ਓਂ ਰਮਜ਼ ਪਛਾਣੀ
ਕਿਉਂ ਪੱਤਿਆਂ ਅੰਦਰ ਹੈ ਸੰਗੀਤ,ਲੈਹਰਾਂ ਕਿਉਂ ਰਲ ਕਰਨ
ਪੁਕਾਰਾਂ ਕੰਨ ਲਾ ਸੁਣਦੀ ਧਰਤੀ ਦੀ ਰੂਹ ਤਈਂ-ਜਿਓਂ ਮੈਂ
ਗਾਇਆ ਕਿ ਤੂੰ ਪੈਲਾਂ ਪਾਵੇਂ|

ਜਿਓਂ ਮੈਂ ਸ਼ੈਹ ਧਰੀ ਕੋਈ ਮਿਠੜੀ ਲਪ-ਲਪ ਕਰਦੇ ਹੱਥਾਂ ’ਤੇ
ਤੇਰੇ ਖੁੱਲਾ ਭੇਦ ਫੇ ਮੈਂ ਥੀਂ ਗੁੱਝਾ ਕਿਉਂ ਫੁੱਲਾਂ ਦੀ ਕੁੱਪੀ ਸ਼ਹਿਦ
ਹੈ ਭਰਿਆ,ਚੋਰੀ-ਛੁਪੀਂ ਕਿਉਂ ਰਸ ਜਾਂਦੇ ਨੇ ਫਲ-ਜਿਓਂ ਮੈਂ ਸ਼ੈਹ
ਧਰੀ ਕੋਈ ਮਿਠੜੀ ਲਪ-ਲਪ ਕਰਦੇ ਹੱਥਾਂ ’ਤੇ ਤੇਰੇ|

ਜਿਉਂ ਮੈਂ ਤੇਰਾ ਮੁਖੜਾ ਚੁੰਮਿਆ ਕਿ ਤੂੰ ਮੁਸਕਾਵੇਂ,ਮੇਰੇ ਪਿਆਰੇ,
ਤਾਂ ਮੈਂ ਜਾਣੇ ਅਨੰਦ ਦੇ ਧਾਰੇ ਫ਼ਜਰ ਦੀ ਵੇਲਾ ਅਰਸ਼ੋਂ ਬਰਸਣ
ਜੋ ਚੰਗਿਆਰੇ,ਆਹ!ਕੀ ਅਨੰਦ ਜਦ ਭਖਦੀ ਰੁੱਤੇ ਪੌਣ ਕੋਈ
ਮੇਰੀ ਦੇਹ ਛੂਹ ਜਾਵੇ-ਜਿਉਂ ਮੈਂ ਤੇਰਾ ਮੁਖੜਾ ਚੁੰਮਿਆ ਕਿ ਤੂੰ
ਮੁਸਕਾਵੇਂ|





ਗੀਤ:੬੩
ਤੂੰ ਮੈਨੂੰ ਉਨਾ ਦਾ ਵੀ ਬੇਲੀ ਬਣਾ ਦਿੱਤਾ ਜਿਨਾ ਨੂੰ ਮੈਂ ਜਾਣਾ ਵੀ
ਨਾ,ਉਨਾ ਘਰਾਂ ’ਚ ਠਾਹਰ ਦਿੱਤੀ ਜੋ ਨਹੀਂ ਸਨ ਮੇਰੇ ਆਪਣੇ|
ਸਭੇ ਦੂਰੀਆਂ ਸਮੇਟ ਨੇੜੇ ਕੀਤੀਆਂ ਤੇ ਅਜਨਬੀਆਂ ਨੂੰ ਸੰਗੀ-
ਸਖਾ ਕੀਤਾ|

ਦਿਲ ਵਿਚ ਔਖ ਜਹੀ ਸੀ ਛਡਦਿਆਂ ਉਹ ਠੋਰ ਪੁਰਾਣੀ ਜਾਣੀ-
ਪਛਾਣੀ;ਵਿਸਰ ਗਿਆ ਸੀ ਮੈਨੂੰ ਕਿ ਨਵੇਂ ਵਿੱਚੀਂ ਵਸੇ ਪੁਰਾਣਾ ਤੇ
ਉਹ ਵੀ ਤੇ ਤੇਰਾ ਈ ਬਸੇਰਾ ਏ|

ਜਨਮ-ਮਰਣ ਦੇ ਵਿੱਚੋਂ ਥੀਂ ਲੈ ਜਾਵੇਂ ਤੂੰ ਜਿਧਰ ਨੂੰ ਵੀ,ਇਹ ਜਗ
ਜਾਂ ਕਿਸੇ ਹੋਰ ਜਹਾਨੀ,ਮੈਂ ਥੀਂ ਤੂੰ ਹੀ ਤੂੰ,ਉਹੋ ਸਖਾ ਮੇਰੇ ਅੰਤਹੀਨ
ਜੀਵਨ ਦਾ ਜੋ ਗੰਢ ਦੇਵੇ ਹਿਰਦੇ ਨੂੰ ਮੇਰੇ ਹਰ ਵਾਰ ਬੇ-ਪਛਾਣੀਆਂ
ਖੁਸ਼ੀਆਂ ਦੇ ਸੰਗ|

ਜਦ ਤੈਨੂੰ ਜਾਣ ਲਿਆ,ਪਰਾਇਆ ਤਾਂ ਫੇਰ ਰਿਹਾ ਕੋਈ ਨਾ,ਕੋਈ
ਦਰ ਵੀ ਰਿਹਾ ਨਾ ਢੋਇਆ,ਓ!ਅਰਦਾਸ ਮੇਰੀ ਇਹ ਪੂਰਣ ਕਰਦੇ
ਬਹੁਰੰਗੀ ਏਸ ਕਲੋਲ ਦੇ ਅੰਦਰ ਕਿਧਰੇ ਮੈਂ ਵਿਸਾਰ ਨਾ ਬੈਠਾਂ ਅਗੰਮ
ਅਨੰਦ ਉਸ ਏਕਮ ਦੀ ਛੋਹ ਦਾ|





ਗੀਤ:੬੪
ਸੁਨਸਾਨ ਨਦੀ ਦੇ ਢਾਲੂ ਕੰਡੇ ਸਰਕੰਡਿਆਂ ਵਿਚਾਲੇ ਮੈਂ ਉਸਨੂੰ
ਪੁਛਿਆ,"ਮੁਟਿਆਰੇ,ਬਲਦੇ ਏਸ ਦੀਵੇ ਨੂੰ ਬੁਕਲ ਓਹਲੇ ਲੁਕੋਈ
ਕਿਧਰ ਜਾ ਰਹੀ ਏਂ ਤੂੰ?ਮੇਰਾ ਘਰ ਹਨੇਰੇ ਡੁੱਬਾ,ਇਕੱਲਾਂ ਦਾ
ਮਾਰਿਆ-ਮੈਨੂੰ ਅਪਣੀ ਲਾਟ ਹੁਧਾਰੀ ਦੇ-ਦੇ!"ਉਸ ਅਪਣੀਆਂ
ਸਿਆਹ ਅੱਖਾਂ ਚੁੱਕੀਆਂ ਤੇ ਘੁਸਮਸੇ ਨੂੰ ਚੀਰ ਛਿਣ ਭਰ ਮੇਰੇ
ਵੱਲੀਂ ਤੱਕਿਆ ਤੇ ਬੋਲੀ,"ਮੈਂ ਤਾਂ ਆਈ ਆਂ ਨਦੀ ਤਾਈਂ ਏਸ
ਚਿਰਾਗ ਨੂੰ ਧਾਰਾ ਵਿਚ ਪਰਵਾਹਣ,ਉਦੋਂ ਜਦ ਦਿਨ ਦੀ ਲੋਅ
ਮੱਧਮ ਪੈ ਜਾਊ ਪਛਮ ਵਿੱਚੀਂ|"ਮੈਂ ਖੜਾ ਇਕੱਲਾ ਸਰਕੰਡਿਆਂ
ਵਿਚਾਲੇ ਤੱਕਦਾ ਰਿਹਾ ਦੀਵੇ ਉਹਦੇ ਦੀ ਕੰਬਦੀ ਜਹੀ ਲੋਅ
ਰੁੜਦੀ ਜਾਂਦੀ ਅਜਾਈਂ ਵਹਿਣਾ ਦੇ ਸੰਗ|

ਘਿਰ-ਘਿਰ ਆਉਂਦੀ ਰਾਤ ਦੀ ਘਣੀ ਚੁੱਪ ’ਚ ਮੈਂ ਪੁਛਿਆ,"ਮੁਟਿਆਰੇ,
ਤੇਰੀਆਂ ਜੋਤਾਂ ਤੇ ਸਭੇ ਜਗਦੀਆਂ-ਫੇਰ ਕਿਧਰ ਜਾ ਰਹੀ ਏਂ ਤੂੰ
ਇਹ ਚਿਰਾਗ ਲੈ ਕੇ?ਮੇਰਾ ਘਰ ਹਨੇਰੇ ਡੁੱਬਾ,ਇਕੱਲਾਂ ਦਾ ਮਾਰਿਆ
-ਮੈਨੂੰ ਅਪਣੀ ਲਾਟ ਹੁਧਾਰੀ ਦੇ-ਦੇ!"ਉਸਨੇ ਅਪਣੀਆਂ ਸਿਆਹ
ਅੱਖਾਂ ਚੁੱਕੀਆਂ ਤੇ ਮੇਰੇ ਚੇਹਰੇ ’ਤੇ ਗੱਡ ਦਿੱਤੀਆਂ,ਤੇ ਜੱਕੋਤਕੀ
’ਚ ਖੜੀ ਰਹੀ ਬਿੰਦ ਭਰ ਤੇ ਫੇਰ ਬੋਲੀ,"ਮੈਂ ਤੇ ਲਿਆਈਂ ਆਂ
ਚਿਰਾਗ ਅਪਣਾ ਉਸ ਅਸਮਾਨ ਦੀ ਭੇਂਟਾ ਕਰਨ|"ਮੈਂ ਖੜਾ ਵੇਖਦਾ
ਰਿਹਾ ਉਹਦੀ ਲੋਅ ਬਲਦੀ ਜਾਂਦੀ ਬੇਕਾਰ ਸੁੰਨੀ ਉਸ ਖਲਾ ’ਚ|

ਮੱਸਿਆ ਦੀ ਰਾਤ ਘੋਰ ਉਦਾਸੀ ਤਾਰਾ ਵੀ ਨਾ ਟਿਮਕੇ ਪੁਛਿਆ ਮੈਂ,
"ਮੁਟਿਆਰੇ,ਕੇਹੀ ਭਾਲ ਏ ਤੇਰੀ,ਹਿੱਕ ਨਾਲ ਘੁੱਟੀ ਫਿਰੇਂ ਲਾਟ?
ਮੇਰਾ ਘਰ ਹਨੇਰੇ ਡੁੱਬਾ,ਇਕੱਲਾਂ ਦਾ ਮਾਰਿਆ-ਮੈਨੂੰ ਅਪਣੀ ਲਾਟ
ਹੁਧਾਰੀ ਦੇ-ਦੇ!"ਉਹ ਛਿਣ ਭਰ ਰੁਕੀ ਕੁਝ ਸੋਚਦੀ ਘੂਰਦੀ ਰਹੀ
ਮੇਰੇ ਚੇਹਰੇ ਵੱਲ ਹਨੇਰੇ ਨੂੰ ਚੀਰਦੀ ਤੇ ਬੋਲੀ,"ਮੈਂ ਤਾਂ ਲਿਆਈ
ਆਂ ਲਾਟ ਅਪਣੀ ਜੋਤਾਂ ਦੇ ਜਸ਼ਨ ’ਚ ਸਜਾਉਣ|"ਮੈਂ ਖੜਾ ਵੇਖਦਾ
ਰਿਹਾ ਨਿੱਕੇ ਜਿਹੇ ਦੀਵੇ ਨੂੰ ਉਹਦੇ ਗੁਮਦਿਆਂ ਬੇਸੂਦ ਰੋਸ਼ਨੀਆਂ ਦੀ
ਭਰਮਾਰ ’ਚ|





ਗੀਤ:੬੫
ਓ ਮੇਰੇ ਖੁਦਾ ਮੇਰੇ ਜੀਵਨ ਦੇ ਇਸ ਭਰ ਉਛਲਦੇ ਪਿਆਲੇ ’ਚੋਂ
ਕਿਹੜੀ ਇਲਾਹੀ ਮਦਿਰਾ ਪੀਏਂਗਾ ਤੂੰ?ਓ ਮੇਰੇ ਮਹਾਕਵੀ ਕੀ
ਇਹੋ ਹੈ ਤੇਰਾ ਅਨੰਦ ਕਿ ਸਿਰਜਣਾ ਅਪਣੀ ਨੂੰ ਮੇਰੀਆਂ ਅੱਖਾਂ
ਨਾਲ ਤੱਕੇਂ ਤੇ ਖੜਾ ਰਹੇਂ ਮੇਰੇ ਕੰਨਾਂ ਦੇ ਦੁਆਰ ’ਤੇ ਚੁਪ-ਚਪੀਤਾ
ਸੁਣਨੇ ਨੂੰ ਅਪਣੀਆਂ ਹੀ ਧੁਨਾਂ ਸਨਾਤਨ|

ਸਂਸਾਰ ਤੇਰਾ ਉਣ ਰਿਹਾ ਸ਼ਬਦ ਮਨ ਅੰਦਰ ਮੇਰੇ ਤੇ ਮਸਤੀ ਤੇਰੀ
ਭਰਦੀ ਸੁਰਾਂ ਉਨਾ ਤਾਈਂ|ਮੇਰੇ ਝੋਲੀ ਪਾਇਆ ਤੂੰ ਖੁਦ ਨੂੰ ਉਲਫ਼ਤ
’ਚ ਮੇਰੀ ਤੇ ਅਪਣੀ ਹੀ ਮਿਠਾਸ ਖਾਲਿਸ ਮਹਸੂਸੇਂ ਮੇਰੇ ਅੰਦਰ ਆਪੇ|




ਗੀਤ:੬੬
ਉਹ ਜੋ ਹਸਤੀ ਮੇਰੀ ਦੀ ਗਹਰਾਈ ’ਚ ਹਮੇਸ਼ਾਂ ਰਹੀ
ਵਿਦਮਾਨ,ਸੰਝ ਦੇ ਝਲਕਾਰਿਆਂ ’ਚ ਤੇ ਝਾਤੀਆਂ ’ਚ;
ਉਹ ਜਿਸਨੇ ਪਰਭਾਤ ਦੀ ਰੋਸ਼ਨੀ ’ਚ ਕਦੇ ਘੁੰਡ ਨਾ
ਚੁਕਿਆ,ਓ ਮੇਰੇ ਖੁਦਾ!ਮੇਰੀ ਇਹ ਅੰਤਲੀ ਭੇਟਾ ਹੋਏਗੀ
ਤੈਨੂੰ,ਮੇਰੇ ਅੰਤਮ ਗੀਤ ’ਚ ਲਪੇਟੀ|ਸ਼ਬਦਾਂ ਬਹੁਤ ਵਰ-
-ਗਲਾਇਆ ਪਰ ਜਿੱਤ ਨਾ ਪਾਏ ਉਹਨੂੰ;ਉਕਸਾਹਟਾਂ
ਬੇਚੈਨ ਬਾਹਾਂ ਉਲਾਰੀ ਖੜੀਆਂ ਰਹੀਆਂ ਫ਼ਿਜ਼ੂਲ|

ਦੇਸ਼-ਦਿਸ਼ਾਂਤਰ ਅਵਾਰਾ ਫਿਰਿਆ ਮੈਂ ਓਸ ਨੂੰ ਦਿਲ
’ਚ ਲੁਕਾਈ,ਉਸੇ ਧੁਰੀ ਗਿਰਦ ਆਏ ਉਤਾਰ ਚੜਾਓ
ਸਾਰੇ,ਮੇਰੇ ਜੀਵਨ ਦੇ ਉਥਾਨ ਨਿਵਾਣ ਸਭ|

ਮੇਰੀਆਂ ਸੋਚਾਂ ’ਤੇ ਅਮਲਾਂ ’ਤੇ ਨੀਂਦਾਂ ’ਤੇ ਖ੍ਵਾਬਾਂ ’ਤੇ
ਛਾਈ ਰਹੀ ਉਹੀ ਫਿਰ ਵੀ ਰਹੀ ਇਕੱਲੀ ਜੁਦਾ-ਜੁਦਾ|

ਅਨੇਕਾਂ ਲੋਕਾਂ ਨੇ ਆ ਦਰ ਖੜਕਾਏ ਮੇਰੇ ਤੇ ਪੁਛਦੇ ਰਿਹੇ
ਪਤਾ ਉਸਦਾ ਤੇ ਮੁੜ ਗਏ ਨਿਰਾਸ਼ ਹੋ|

ਕੋਈ ਨਹੀਂ ਜਹਾਨ ਅੰਦਰ ਜਿਸ ਦੇਖਿਆ ਹੋਵੇ ਉਹਨੂੰ ਰੂ-
ਬ-ਰੂ,ਅਪਣੀ ਹੀ ਤਨਹਾਈ ’ਚ ਟਿਕੀ ਉਡੀਕਦੀ ਰਹੀ
ਉਹ ਅੰਗੀਕਾਰ ਨੂੰ ਤੇਰੇ|




ਗੀਤ:੬੭
ਤੂੰ ਹੀ ਏਂ ਅੰਬਰ ਤੇ ਆਲ੍ਹਣਾ ਵੀ ਤੂੰ ਹੀ|ਤੂੰ ਹੀ ਓ
ਰੂਪਵੰਤ,ਆਲ੍ਹਣੇ .ਚ ਲੁਕੀ ਉਹ ਮੁਹਬੱਤ ਏ ਤੇਰੀ
ਜਿਸ ਫ਼ਾਹ ਰਖਿਆ ਰੂਹ ਨੂੰ ਰੰਗਾਂ ’ਚ ਸੁਗੰਧਾਂ ’ਚ
ਧੁਨਾਂ ’ਚ|

ਉਹ ਆਉਂਦੀ ਏ ਸਵੇਰ ਸੱਜੇ ਹਥ ਧਰੀ ਸੁਨਹਰੀ
ਚਂਗੇਰ ਹੁਸਨਾਂ ਦਾ ਤਾਜ ਲਈ ਤੇ ਮਲ੍ਹਕ ਜਹੇ ਧਰ
ਜਾਂਦੀ ਧਰਤੀ ਦੇ ਮੱਥੇ|

ਤੇ ਸ਼ਾਮ ਉਤਰਦੀ ਉੱਥੇ ਵੱਗਾਂ ਹੱਥੋਂ ਰੁਂਡ-ਮਰੁਂਡ
ਹੋਈਆਂ ਸੁੰਨਮ-ਸੁੰਨੀਆਂ ਚਰਗਾਹਾਂ ’ਤੇ,ਪਛਮ ਵਿੱਚੋਂ,
ਪੈੜ ਵਿਹੂਣੀਆਂ ਪਗਡਂਡੀਆਂ ਥਾਣੀ,ਵਿਸ਼ਰਾਮ ਦੇ
ਮਹਾਸਾਗਰ ’ਚੋਂ ਵਿਸਾਲ-ਮਿਲਾਪ ਦੇ ਠੰਡੇ ਝੋਕੇ ਭਰੀ
ਸੁਨਹਲੀ ਝੱਜਰ ’ਚ ਅਪਣੀ|

ਪਰ ਓਧਰ,ਜਿਧਰ ਫੈਲਿਆ ਏ ਅਸੀਮ ਅਕਾਸ਼ ਰੂਹ
ਦੀ ਅਜ਼ੀਮ ਪਰਵਾਜ਼ ਲਈ,ਛਾਈ ਹੈ ਨਿਰਮਲ ਜੋਤ
ਸ਼ਵੇਤ|ਉਥੇ ਨਾ ਦਿਨ ਹੈ ਨਾ ਰਾਤ,ਨਾ ਰੂਪ ਨਾ ਰੰਗ,
ਤੇ ਕਿਧਰੇ ਕਦੇ ਕੋਈ ਸ਼ਬਦ ਨਹੀਂ|




ਗੀਤ:੬੮
ਸੂਰਜ-ਕਿਰਣ ਤੇਰੀ ਆਉਂਦੀ ਏਸ ਧਰਤੀ ’ਤੇ ਮੇਰੀ ਬਾਹਾਂ
ਪਸਾਰੀ ਖੜੀ ਰਹਿੰਦੀ ਦਰਾਂ ’ਤੇ ਮੇਰੇ ਸਾਰਾ-ਸਾਰਾ ਦਿਨ
ਵਾਪਿਸ ਲੈ ਜਾਣ ਨੂੰ ਚਰਣਾਂ ਤਾਈਂ ਤੇਰੇ ਉਹ ਬੱਦਲ ਜੋ
ਬਣੇ ਹੰਝੂਆਂ,ਹੋਂਕਿਆਂ ਤੇ ਗੀਤਾਂ ਤੋਂ ਮੇਰੇ|

ਚਾਅ-ਮਲ੍ਹਾਰਾਂ ਨਾਲ ਲਪੇਟੀ ਤੂੰ ਤਾਰਿਆਂ ਭਰੇ ਬਦਨ ਦੁਆਲੇ
ਅਪਣੇ ਚੁੰਨੀ ਉਹ ਛਿਤਰਾਏ ਜਹੇ ਬੱਦਲ ਵਾਲੀ,ਦੇਵੇਂ ਉਸਨੂੰ
ਅਸੰਖ ਰੂਪ ਤੇ ਆਕਾਰ ਤੇ ਰੰਗੀ ਜਾਵੇਂ ਛਿਣ-ਛਿਣ ਬਦਲਦੇ
ਰੰਗਾਂ ਦੀ ਨੁਹਾਰ ਅੰਦਰ|

ਬਹੁਤ ਹੌਲੀ ਏ ਛੋਹਲੀ ਜਈ,ਨਾਜ਼ੁਕ ਨੈਣੀ ਨੀਰ ਭਰੀ ਸਾਂਵਲੀ
ਜਹੀ,ਇਸੇ ਲਈ ਤੇ ਪਿਆਰੀ ਏ ਤੈਨੂੰ,ਤੇ ਤੂੰ ਏਂ ਨਿਰਂਜਨ ਤੇ ਨਿਰ
-ਮਲ|ਇਸੇ ਲਈ ਤਾਂ ਇਹ ਕੱਜ ਪਾਏ ਪਾਵਨ ਪਰਮ ਲੌ ਨੂੰ ਤੇਰੀ
ਦਿਲ ਵਿੰਨਵੇਂ ਅਪਣੇ ਹਨ੍ਹੇਰਿਆਂ ਹੇਠ|




ਗੀਤ:੬੯
ਧਾਰ ਜੀਵਨ ਦੀ ਵਗੇ ਜੋ ਮੇਰੀਆਂ ਰਗਾਂ ਅੰਦਰ ਦਿਨੇਂ-ਰੈਣ
ਮਚਲਦੀ ਉਹੋ ਕੁੱਲ ਜਹਾਨ ਅੰਦਰ ਨਿਰਤ ਕਰੇ ਹੋ ਤਾਲਬੱਧ|

ਪ੍ਰਾਣ ਉਹੀ ਖੁਸ਼ੀ ਬਣ ਫੁੱਟਦੇ ਧਰਤੀ ਕੁੱਖੋਂ ਅਸੰਖ ਤਿੜਾਂ ਘਾਹ
ਦੀਆਂ ਬਣ ਤੇ ਫੁੱਟਦੇ ਖਰੂਦੀ ਫੁੱਲਾਂ ਪੱਤੀਆਂ ਦੀਆਂ ਮੌਜਾਂ ਹੋ-ਹੋ|

ਤੇ ਜੀਵਨ ਉਹੋ ਜੋ ਝੂਲੇ ਮਹਾਸਾਗਰੀ ਪਂਘੂੜਿਆਂ ਅੰਦਰ ਜੀਵਨ
ਦੇ ਤੇ ਮ੍ਰਿਤੂ ਦੇ,ਉਤਰਾਓ ਵਿੱਚ ਤੇ ਪ੍ਰਵਾਹ ਵਿੱਚ|

ਮੈਨੂੰ ਜਾਪੇ ਮੇਰਾ ਅੰਗ-ਅੰਗ ਰੁਸ਼ਨਾਇਆ ਜੀਵਨ ਲੈਹਰ ਦੀ ਇਸ
ਛੋਹ ਦੇ ਨਾਲ|ਤੇ ਫ਼ਖਰ ਮੇਰਾ ਹੈ ਇਹੋ ਕਿ ਜਿੰਦ ਜੋ ਧੜਕੇ ਜੁਗਾਂ
-ਜੁਗਾਂ ਤੋਂ ਨੱਚਦੀ ਫ਼ਿਰੇ ਓਹ ਮੇਰੇ ਲਹੂ ਵਿੱਚ ਇਸ ਛਿਣ ਅੰਦਰ|




ਗੀਤ:੭੦
ਕੀ ਓਪਰਾ ਏ ਤੁਧ ਲਈ ਮਗਨ ਹੋਣਾ ਅਨੰਦਮਈ ਇਸ
ਧੁਨ ਦੇ ਸੰਗ?ਉਛਲਨਾ ਬੁੱਲਿਆਂ ’ਚ ਗੁੰਮ ਜਾਣਾ,ਦਿਲ
ਹਲੂਣੀਆਂ ਇਨ੍ਹਾਂ ਖੁਸ਼ੀਆਂ ਦੇ ਵਾ-ਵਰੋਲਿਆਂ ’ਚ ਖਿਲਰ
ਜਾਣਾ?

ਨੱਸੀ ਜਾਏ ਹਰ ਸ਼ੈ,ਰੁਕੇ ਨਾ ਬਿੰਦ ਨੂੰ,ਨਾ ਦੇਖੇ ਮੁੜ-ਮੁੜ,
ਹੋੜ ਸਕੇ ਨਾ ਕੋਈ ਚੱਲੇ ਨਾ ਕੋਈ ਵਾਹ,ਉਹ ਨੱਸੀਆਂ ਜਾਵਣ|

ਤਾਲ ਮਿਲਾਉਣੀ ਇਸ ਚੰਚਲ ਲੈਅ ਨਾਲ,ਧੁਨਾਂ ਛੋਹਲੀਆਂ,
ਨੱਚਦੇ ਮੌਸਮ ਆਉਣ ਤੇ ਗੁਜ਼ਰਣ-ਰੰਗ ਤੇ ਤਾਨਾਂ ਤੇ ਘੁਲਣ
ਸੁਗੰਧੀਆਂ ਅਗੰਮੀ ਆਬਸ਼ਾਰਾਂ ’ਚੋਂ ਛਲਕਣ ਖੁਸ਼ੀਆਂ ਤੇ
ਖਿੰਡਦੀਆ ਜਾਵਣ ਹੱਥ ਖੜਾਈ,ਛਿਣ-ਛਿਣ ਜਾਵਣ
ਮਰਦੀਆਂ|





ਗੀਤ:੭੧
ਤਾਂ ਜੋ ਖੁਦੀ ਨੂੰ ਅਪਣੀ ਫੈਲਾ ਸਕਾਂ ਮੈਂ ਤੇ ਖਿੰਡਾ ਸਕਾਂ ਚੁਫ਼ੇਰੇ
ਖਲਾ ’ਚ,ਇਉਂ ਜੋਤ ਅਪਣੀ ਦੇ ਦੁਆਲੇ ਤਾਣ ਦਿੱਤੇ ਤੂੰ ਰੰਗੀਨ
ਪਰਛਾਵੇਂ-ਇਹੋ ਏ ਤੇਰੀ ਮਾਯਾ|

ਅਪਣੀ ਹੀ ਹੋਂਦ ਅੰਦਰ ਤੂੰ ਖੜੀ ਕੀਤੀ ਇਹ ਵਾੜ ਤੇ ਫ਼ਰਮਾਨ
ਐਲਾਨਿਆ ਤੇ ਵੰਡ ਦਿੱਤਾ ਖੁਦ ਨੂੰ ਅਸੰਖ ਰੰਗਾਂ ’ਚ|ਤੇਰੀ ਇਹ
ਸਵੈ-ਜੁਦਾਈ ਦੇਹ ਧਾਰੀ ਬੈਠੀ ਏ ਮੇਰੇ ਵਿੱਚੀਂ|

ਬਿਰਹੋਂ ਦਾ ਗੀਤ ਗੂੰਜੇ ਅੰਬਰੋ-ਅੰਬਰ ਹੋ ਬਹੁਰੰਗੀ ਹੰਝੂ ਬਣ-
ਬਣ ਬਹੇ ਮੁਸਕਾਨਾਂ,ਆਸਾਂ ਕਦੇ ਤੇ ਹਾਲ-ਦੁਹਾਈਆਂ;ਲੈਹਰਾਂ
ਉਠਣ ਮੁੜ ਡੁਬ ਜਾਵਣ,ਖ੍ਵਾਬ ਸਜਣ ਤੇ ਖਿੰਡ-ਖਿੰਡ ਜਾਵਣ|
ਮੁਝ ਥੀਂ ਹਾਰ ਇਹ ਤੇਰੀ ਹੀ ਮੈਂ ਦੀ |

ਇਹ ਚਿਲਮਨ ਜੋ ਤੂੰ ਖੜੀ ਕੀਤੀ ਰੰਗੀ ਪਈ ਏ ਅਸੰਖ ਮੂਰਤਾਂ
ਨਾਲ ਜੋ ਰੈਣ-ਦਿਵਸ ਦੀ ਕੂਚੀ ਵਾਹੀਆਂ|ਓਹਲੇ ਇਹਦੇ ਤੇਰੀ
ਚੌਕੀ ਏ ਉਸਰੀ ਵਿੰਗ-ਵਲੇਵਿਆਂ ਦੇ ਵਚਿੱਤਰ ਹੁਨਰ ਵਿੱਚ,
ਹੂਂਝਦੀ ਜਾਂਦੀ ਲੀਕਾਂ ਸਿਧੀਆਂ ਜੋ ਬਾਂਝ ਤਮਾਮ|

ਝਾਕੀ ਅਨੁਪਮ ਇਹ ਤੇਰੀ ਮੇਰੀ ਛਾਈ ਪਈ ਏ ਅੰਬਰੀਂ|ਤਾਨਾਂ
ਤੇਰੀਆਂ ਮੇਰੀਆਂ ਸਭ ਪੌਣਾਂ ਖਣਕਾਈਆਂ ਤੇ ਸਭ ਜੁਗ ਲੰਘਦੇ
ਛੁਪਣ-ਛੁਪਾਈ ’ਚ ਤੇਰੀ-ਮੇਰੀ|





ਗੀਤ:੭੨
ਉਹੋ ਤਾਂ ਹੈ,ਅਂਤਰੰਗ ਮੇਰੇ,ਜਿਸ ਜਗਾਈ ਏ ਹਸਤੀ ਮੇਰੀ ਗੁੱਝੀਆਂ
ਛੋਪਲੀਆਂ ਛੋਹਾਂ ਦੇ ਨਾਲ|

ਉਹੋ ਤਾਂ ਹੈ ਜਿਸ ਧੂੜਿਆ ਜਾਦੂ ਇਨ੍ਹਾ ਅੱਖੀਆਂ ’ਤੇ ਝੂਮਦਾ ਫਿਰੇ
ਖੇਡਦਾ ਮੇਰੇ ਦਿਲ ਦੀਆਂ ਤਾਰਾਂ ’ਤੇ ਮੇਲ੍ਹਦੀਆਂ ਖੁਸ਼ੀਆਂ-ਗਮਾਂ ਦੀਆਂ
ਬੈਹਰਾਂ ’ਤੇ|

ਉਹੀ ਤਾਂ ਹੈ ਜੋ ਉਣੇ ਜਾਲ ਮਾਯਾ ਦੇ ਸੋਨੇ-ਚਾਂਦੀ ਦੀ ਝਾਲ ਵਾਲੇ,
ਛਿਣ-ਭਂਗਰ ਜਹੇ ਰੰਗ,ਹਰੇ ਤੇ ਨੀਲੇ ਛਾਈਂ-ਮਾਈਂ ਜਹੇ,ਆਓ ਚੋਰੀ
-ਚੋਰੀ ਮਾਰੀਏ ਝਾਤੀ ਇਨ੍ਹਾ ਝੀਤਾਂ ਥਾਣੀ ਚਰਣਾਂ ਤਈਂ ਓਹਦੇ,ਛੋਹ
ਜਿਨ੍ਹਾ ਦੀ ਮੈਨੂੰ ਮੈਂ ਵਿਸਰਾਈ|

ਦਿਨ ਆਉਂਦੇ ਜੁਗ ਗੁਜ਼ਰਦੇ ਤੇ ਹਮੇਸ਼ਾਂ ਰਹੇ ਉਹੋ ਜੋ ਛੇੜ ਜਾਏ ਜੀਅ
ਨੂੰ ਮੇਰੇ ਭੇਸ ਬਦਲ-ਬਦਲ ਨਾਮ ਧਰੀ ਅਨੇਕ,ਖੁਸ਼ੀਆਂ-ਗਮੀਆਂ ਦੇ
ਅਨੰਤ ਵਜਦ ਵਿੱਚ|




ਗੀਤ:੭੩
ਬੰਦਖਲਾਸੀ ਨਹੀਂ ਮੇਰੀ ਕਿਸੇ ਵੈਰਾਗ ਅੰਦਰ|ਗਲਵਕੜੀ
ਮੁਕਤੀ ਵਾਲੀ ਛੋਹੇ ਮੈਨੂੰ ਹਜ਼ਾਰ ਬੰਧਨਾਂ ’ਚ ਹੁਲਾਸ ਵਾਲੇ|

ਨਿਰਮਲ ਮੈਯ ਅਪਣੀ ਨਾਨਾ ਰੰਗਾਂ ਤੇ ਸੁਗੰਧਾਂ ਵਾਲੀ ਹਮੇਸ਼ਾਂ
ਵਹਾਈ ਤੂੰ ਮੁਝ ਤਾਈਂ,ਭਰਿਆ ਇਸ ਮਿੱਟੀ ਦੇ ਭਾਂਡੇ ਨੂੰ ਭਰਭੂਰ|

ਜਗ ਮੇਰਾ ਜਗਾਵੇ ਹਜ਼ਾਰ ਜੋਤਾਂ ਵਿਲੱਖਣ ਉਸੇ ਦੀ ਲਾਟ ਵਿੱਚੋਂ
ਤੇ ਧਰ ਆਏ ਉਹਦੇ ਠਾਕਰਦੁਆਰੇ ਦੇ ਦਰਾਂ ਮੋਹਰੇ|

ਨਾ,ਮੈਂ ਕਦੇ ਨਾ ਢੋਹਾਂ ਬੂਹੇ ਇਹ ਇੰਦਰੀਆਂ ਦੇ|ਇਹ ਛੂਹਣਾ ਇਹ
ਸੁਣਨਾ ਇਹ ਨੈਣੀਂ ਨਜ਼ਾਰੇ ਚਖਣ ਸਾਰੇ ਹੀ ਅਨੰਦ ਤੇਰਾ|

ਹਾਂ,ਭਰਮ ਮੇਰੇ ਸਾਰੇ ਮਚ ਜਾਣ ਅਨੰਦ ਦੇ ਚਾਨਣ ’ਚ,ਤੇ ਤਾਂਘਾਂ
ਸਾਰੀਆਂ ਰਸ ਜਾਣ ਮੇਵਾ ਬਣ ਪ੍ਰੇਮ ਦਾ|




ਗੀਤ:੭੪
ਦਿਨ ਲੰਘਿਆ ਕਦੋਂ ਦਾ,ਢਲ ਆਏ ਪਰਛਾਵੇਂ ਧਰਾ ’ਤੇ|ਵੇਲਾ ਏ
ਇਹੋ ਮੈਂ ਪਣਘਟ ਨੂੰ ਜਾਵਾਂ ਮਟਕੀ ਭਰਨ ਨੂੰ|

ਹਵਾ ਸੰਝ ਦੀ ਵਗੇ ਤਾਂਘੀ-ਤਾਂਘੀ ਪਾਣੀਆਂ ਦੀਆਂ ਸਰੋਦੀ ਸੁਰਾਂ
ਸੰਗ|ਆਹ!ਬੁਲਾਵੇ ਇਹ ਮੈਨੂੰ ਤ੍ਰਿਕਾਲਾਂ ਦੇ ਨ੍ਹੇਰੇ,ਧੂਹੇ ਬਾਹਰ ਨੂੰ|
ਸੁੰਨੀਆਂ ਡੰਡੀਆਂ ਕੋਈ ਆਵੇ ਨਾ ਜਾਵੇ,ਪੌਣਾਂ ਫ਼ੰਘ ਲਾ ਉਡੀਆਂ,
ਲੈਹਰਾਂ ਆਫਰੀਆਂ ਫਿਰਣ ਦਰਿਆ ਅੰਦਰ|

ਮੈਂ ਨਾ ਜਾਣਾ ਮੁੜਾਂਗੀ ਘਰ ਨੂੰ ਕਦੇ ਮੈਂ|ਮੈਂ ਨਾ ਜਾਣਾ ਨਸੀਬਾਂ ’ਚ
ਮਿਲਣਾ ਹੈ ਕਿਸਨੂੰ|ਉੱਥੇ ਪੱਤਣਾਂ ’ਤੇ ਡੋਂਗੀ ’ਚ ਨਿੱਕੀ ਜਿਹੀ ਅਜ-
ਨਬੀ ਕੋਈ ਬਜਾਵੇ ਪਿਆ ਬਾਂਸੁਰੀ|




ਗੀਤ:੭੫
ਸੌਗਾਤਾਂ ਤੇਰੀਆਂ ਅਸਾਂ ਮਰਜਾਣਿਆਂ ਲਈ ਪੂਰ ਕੇ ਸਭੇ
ਲੌੜਾਂ ਮੁੜ ਜਾਣ ਫੇਰ ਤੁਧ ਤਾਈਂ ਅਣ-ਘੱਟੀਆਂ|

ਨਦੀਆਂ ਨੂੰ ਅਪਣੇ ਕੰਮ ਨੇ ਨਿੱਤ ਕਰਨ ਜੋਗੇ ਹਫ਼ੀਆਂ ਜਾਣ
ਪਿੰਡਾਂ ਖੇਤਾਂ ਥੀਂ|ਫੇਰ ਵੀ ਝੂਮਦੇ ਜਾਣ ਨਿਰੰਤਰ ਇਹ ਧਾਰੇ
ਚਰਣ ਪਖਾਰਣ ਨੂੰ ਤੇਰੇ|

ਪੁਸ਼ਪ ਖਿੰਡਿਆਉਣ ਮੈਹਕਾਂ ਤੇ ਰਸਿਆਉਣ ਪੌਣਾਂ;ਮੁੜ ਚਾੜ
ਜਾਵਣ ਤੇਰੇ ਚਰਣਾਂ ਵਿੱਚ ਭੇਂਟ ਅੰਤਲੀ ਉਹ ਸਿਰਾਂ ਵਾਲੀ|

ਅਰਾਧਨਾ ਤੇਰੀ ਨਾ ਨਿਰਧਨ ਕਰੇ ਜਗ ਨੂੰ|ਕਵੀ ਦੇ ਬੋਲਾਂ ਤੋਂ
ਬੰਦਾ ਲਵੇ ਭਾਓ ਜੋ ਮਨ ਭਾਵਣ;ਪਰ ਅੰਤਲਾ ਆਸ਼ਾ ਉਨ੍ਹਾ ਦਾ
ਨਿਵੇਂ ਬਸ ਤੇਰੇ ਵੱਲੀਂ|




ਗੀਤ:੭੬
ਨਿਤ ਦਿਹਾੜੇ,ਓ ਸਾਈਂ ਮੇਰੇ,ਖੜ ਪਾਊਂ ਕੀ ਹਜ਼ੂਰ ’ਚ ਤੇਰੇ,
ਆਹਵੇਂ-ਸਾਹਵੇਂ|ਦੋਹੇਂ ਹੱਥ ਬੰਨੀ,ਓ ਵਾਲੀ ਕੁੱਲ ਜਹਾਨਾਂ ਦੇ,
ਖੜ ਪਾਊਂ ਕੀ ਹਜ਼ੂਰ ’ਚ ਤੇਰੇ,ਆਹਵੇਂ-ਸਾਹਵੇਂ|

ਤੇਜਵਾਨ ਤੇਰੇ ਅੰਬਰ ਹੇਠਾਂ ਬਿਨ ਚੂੰ-ਚਾਂ ਦੇ ਸੁੰਜ ਸਰਾਂ ਵਿੱਚ|
ਨਿਰਮਾਣਾ ਦਿਲ ਲਈ ਖੜ ਪਾਊਂ ਕੀ ਹਜ਼ੂਰ ’ਚ ਤੇਰੇ ਆਹਵੇਂ-
ਸਾਹਵੇਂ|

ਡਾਹਡੇ ਤੇਰੇ ਇਸ ਜਗ ਅੰਦਰ ਜੋ ਘਾਲਣੀਂ ਖੁੱਭਾ,ਸਂਘਰਸ਼ੀਂ ਡੁੱਬਾ,
ਭੱਜੀ ਜਾਂਦੀ ਭੀੜ ਵਿਚਾਲੇ ਖੜ ਪਾਊਂ ਕੀ ਹਜ਼ੂਰ ’ਚ ਤੇਰੇ,ਆਹਵੇਂ-
ਸਾਹਵੇਂ|

ਤੇ ਜਦ ਕੰਮ ਮੇਰਾ ਮੁੱਕ ਜਾਊਗਾ ਇਸ ਜਗ ਅੰਦਰ,ਸ਼ਹਿਨਸ਼ਾਹਾਂ
ਦੇ ਓ ਸ਼ਹਿਨਸ਼ਾਹ,ਕੱਲਾ ਤੇ ਨਿਸ਼ਬਦਾ ਖਲੋ ਪਾਊਂ ਕੀ ਹਜ਼ੂਰ ’ਚ
ਤੇਰੇ,ਆਹਵੇਂ-ਸਾਹਵੇਂ|





ਗੀਤ:੭੭
ਜਾਣਾਂ ਰੱਬ ਜਿਹਾ ਤੈਨੂੰ ਅਪਣੇ ਤੇ ਖੜਾ ਰਹਾਂ ਮੈਂ ਦੂਰ-ਨਾ ਸਕਾ
ਜਾਣ ਕੇ ਤੈਨੂੰ ਅਪਣਾ ਤੇਰੇ ਕੋਲ ਨੂੰ ਆਇਆ|ਪਿਤਾ ਜਾਣਾ ਮੈਂ
ਤੈਨੂੰ ਤੇਰੇ ਚਰਣੀਂ ਝੁਕ-ਝੁਕ ਜਾਵਾਂ-ਨਾ ਜਾਣ ਸਹੇਲਾ ਅਪਣਾ
ਗਲ ਬਾਹਾਂ ਪਾਵਾਂ|

ਨਾ ਰਹਿ ਪਾਵਾਂ ਮੈਂ ਉਸ ਥਾਂਵੇਂ ਜਿੱਥੇ ਤੂੰ ਖੁਦ ਹੋ ਮੇਰੇ ਵਰਗਾ
ਉਤਰੇਂ,ਉੱਥੇ ਦਿਲ ਅਪਣੇ ਵਿਚ ਫ਼ਾਹਣ ਨੂੰ ਤੈਨੂੰ ਤੇ ਸਖਾ ਵਾਂਗ
ਤੇਰੇ ਸੰਗ ਤੁਰਣ ਨੂੰ|

ਤੂੰ ਹੈਂ ਹਮਸਾਇਆ ਮੇਰਾ ਹੋਰ ਮੇਰੇ ਹਮਵਤਨਾਂ ਵਰਗਾ,ਪਰ ਮੈਂ
ਬੇਧਿਆਨਾ ਹਾਂ ਉਨ੍ਹਾ ਵੱਲੀਂ,ਨਾ ਵੰਡਾਂ ਮੈਂ ਖੱਟੀ ਅਪਣੀ ਸੰਗ ਉਨ੍ਹਾ
ਦੇ,ਸਾਂਝਾ ਕਰਨ ਨੂੰ ਸਰਵੱਸ ਇਉਂ ਅਪਣਾ ਨਾਲ ਨੂੰ ਤੇਰੇ|

ਨਾ ਖੁਸ਼ੀ-ਗਮੀ ਵਿਚ ਸਾਥ ਨਿਭਾਇਆ ਬੰਦਿਆਂ ਦੇ ਸੰਗ,ਤੇ ਇਉਂ
ਨਾਲ ਖੜੋਇਆ ਤੇਰੇ|ਸੰਗਦਾ ਰਿਹਾ ਮੈਂ ਜ਼ਿੰਦਗੀ ਦੀ ਭੇਟਾ ਦੇਣੋ,ਤੇ
ਬਸ ਜੀਵਨ ਦੇ ਡੂੰਘੇ ਪਾਣੀਆਂ ’ਚ ਇਉਂ ਛਾਲ ਨਾ ਮਾਰੀ|




ਗੀਤ:੭੮
ਕਾਇਨਾਤ ਹਾਲੇ ਜਦ ਨਵੀਂ-ਨਵੀਂ ਸੀ ਤੇ ਤਾਰੇ ਸਾਰੇ ਦਮਕਦੇ ਸੀ
ਜੋਬਨ ਦੇ ਜਲੌ ’ਚ,ਦੇਵਤਿਆਂ ਮਹਫ਼ਿਲ ਸਜਾਈ ਅੰਬਰੀਂ ਤੇ ਗਾਏ
ਮੰਗਲ ਗਾਨ,"ਅਹੋ!ਮੁਜੱਸਮ ਪੂਰਣਮਾ!ਅਹਾ!ਅਨੰਦ ਨਰੋਲ!"

ਫੇਰ ਕੋਈ ਕੂਕਿਆ ਅਚਾਣਕ-"ਜਾਪਦੈ ਕਿਧਰੇ ਕਿਤਾਈਂ ਤਿੜਕ
ਗਈ ਏ ਨੂਰ ਦੀ ਧਾਰ ਤੇ ਖੋ ਗਿਆ ਏ ਕੋਈ ਤਾਰਾ|"

ਕੜਾਕ ਟੁੱਟੀਆਂ ਵੀਣਾ ਦੀਆਂ ਸੋਨ ਤਾਰਾਂ,ਗੀਤ ਸਭ ਥਮ ਗਏ ਉਨ੍ਹਾ
ਦੇ,ਮਾਰੇ ਦਿਲਸ਼ਿਕਨੀ ਦੇ ਵਿਲਕਦੇ ਬੋਲੇ-"ਹਾਂ,ਤਾਰਾ ਜੋ ਖੁੱਸਿਆ ਸੀ
ਸਰਵੋਤਮ,ਮਾਣ-ਸ਼ਾਨ ਸੀ ਸਭ ਅੰਬਰਾਂ ਦੀ!"

ਖੋਜ ਜਾਰੀ ਏ ਉਸਦੀ ਉਸੇ ਦਿਨ ਤੋਂ ਬਿਨਾ ਰੁਕਿਆਂ,ਤੇ ਦੁਖੜਾ ਇਹ
ਮੁੰਹੋ-ਮੁੰਹੀ ਤੁਰੀ ਜਾਂਦਾ ਕਿ ਨਾਲ ਉਸਦੇ ਖੁਸ਼ੀ ਖੁਸ ਗਈ ਏਸ ਜਹਾਨ
ਵਾਲੀ!

ਸਿਰਫ਼ ਰਾਤ ਦੇ ਡੂੰਘੇ ਮੌਨ ਅੰਦਰ ਤਾਰੇ ਮੁਸਕਰਾਉਂਦੇ ਤੇ ਫ਼ੁਸਫ਼ੁਸਾਉਂਦੇ
ਨੇ ਆਪੋ ਵਿੱਚੀ-"ਅਜਾਈਂ ਹੈ ਏ ਭਾਲ|ਅਖੰਡ ਪੂਰਣਮਾ ਦੀ ਬਾਤ ਬਸ
ਹੋਈ ਤਮਾਮ ਹਮੇਸ਼ਾਂ ਲਈ|





ਗੀਤ:੭੯
ਜੇ ਭਾਗਾਂ ’ਚ ਨਹੀ ਮੇਰੇ ਮਿਲਣਾ ਤੈਨੂੰ ਇਸ ਜਿੰਦੜੀ ’ਚ ਤਾਂ ਹਰ
ਘੜੀ ਇਹ ਅਹਿਸਾਸ ਹੋਣ ਦਈਂ ਮੈਨੂੰ ਕਿ ਮੈਂ ਤੇਰਾ ਦੀਦਾਰ ਨਾ
ਕੀਤਾ-ਛਿਣ ਭਰ ਵੀ ਵਿਸਰਣ ਨਾ ਦਈਂ ਇਹ,ਪੀੜ ਇਸ ਦੁਖ ਦੀ
ਢੋਣ ਦਈਂ ਖ੍ਵਾਬਾਂ ਨੂੰ ਮੇਰੇ ਤੇ ਰੜਕਨ ਦਈਂ ਜਾਗਦੀਆਂ ਘੜੀਆਂ
’ਚ|

ਤੇ ਦਿਨ ਜਦ ਲੰਘਣ ਮੇਰੇ ਇਸ ਜਗ ਦੀਆਂ ਭੀੜ ਭਰੀਆਂ ਮੰਡੀਆਂ
’ਚ,ਤੇ ਮਾਲਾਮਾਲ ਹੋਵਾਂ ਨਿੱਤ ਦੀਆਂ ਖੱਟੀਆਂ ਨਾਲ ਭਰਾਂ ਜਦ
ਝੋਲੀਆਂ,ਤਾਂ ਧੜਕਣ ਦਈਂ ਇਹ ਅਹਿਸਾਸ ਹਰ ਪਲ ਕਿ ਮੈਂ ਕੁਝ
ਨਾ ਖੱਟਿਆ-ਛਿਣ ਭਰ ਵੀ ਵਿਸਰਣ ਨਾ ਦਈਂ ਇਹ,ਪੀੜ ਇਸ
ਦੁਖ ਦੀ ਢੋਣ ਦਈਂ ਖ੍ਵਾਬਾਂ ਨੂੰ ਮੇਰੇ ਤੇ ਰੜਕਨ ਦਈਂ ਜਾਗਦੀਆਂ
ਘੜੀਆਂ ’ਚ|

ਬਹਾਂ ਜਦ ਸੜਕ ਕੰਡੇ ਥਕਿਆ ਹਫ਼ਿਆ,ਬਿਸਤਰ ਜਦ ਲਾਵਾਂ ਭੋਇਂ
ਧੂੜ ਅੰਦਰ,ਤਾਂ ਧੜਕਣ ਦਈਂ ਇਹ ਅਹਿਸਾਸ ਹਰ ਪਲ ਕਿ ਜਾਤਰਾ
ਤਾਂ ਹਾਲੇ ਲੰਮੀ ਏ ਪਈ-ਛਿਣ ਭਰ ਵੀ ਵਿਸਰਣ ਨਾ ਦਈਂ ਇਹ,ਪੀੜ
ਇਸ ਦੁਖ ਦੀ ਢੋਣ ਦਈਂ ਖ੍ਵਾਬਾਂ ਨੂੰ ਮੇਰੇ ਤੇ ਰੜਕਨ ਦਈਂ ਜਾਗਦੀਆਂ
ਘੜੀਆਂ ’ਚ|

ਤੇ ਸਜੀ ਧਜੀ ਹੋਵੇ ਜਦ ਬੈਠਕ,ਬਾਂਸਰੀਆਂ ਵਜਣ ਤੇ ਹਾਸੇ ਖਿੜਨ
ਸਿਰਾਂ ਥੀਂ,ਤਾਂ ਧੜਕਣ ਦਈਂ ਇਹ ਅਹਿਸਾਸ ਹਰ ਪਲ ਕਿ ਮੈਂ ਤੈਨੂੰ
ਤਾਂ ਨਿਓਂਦਾ ਨਾ ਭੇਜਿਆ ਅਪਣੇ ਘਰ ਦਾ-ਛਿਣ ਭਰ ਵੀ ਵਿਸਰਣ ਨਾ
ਦਈਂ ਇਹ,ਪੀੜ ਇਸ ਦੁਖ ਦੀ ਢੋਣ ਦਈਂ ਖ੍ਵਾਬਾਂ ਨੂੰ ਮੇਰੇ ਤੇ ਰੜਕਨ
ਦਈਂ ਜਾਗਦੀਆਂ ਘੜੀਆਂ ’ਚ|






ਗੀਤ:੮੦
ਮੈਂ ਖਿਜਾਂ ਦੀ ਬੱਦਲੀ ਕੋਈ ਬਚੀ ਖੁਚੀ ਜਹੀ ਉਡਦੀ ਫਿਰਾਂ
ਅਵਾਰਾ ਅੰਬਰੀਂ ਬਸ ਊਂ ਈ,ਓ ਹਮੇਸ਼ਾਂ ਲਿਸ਼ਕਦੇ ਆਫ਼ਤਾਬ
ਮੇਰੇ!ਝਲਕ ਤੇਰੀ ਨੇ ਹਾਲੇ ਤਾਈਂ ਪੰਘਰਾਈ ਨਾ ਧੁੰਦ ਮੇਰੀ,
ਲੈਅ ਕਰਨੇ ਨੂੰ ਮੈਨੂੰ ਲੌਅ ਵਿਚ ਤੇਰੀ,ਤੇ ਗਿਣਦਾ ਪਿਆ ਹਾਂ
ਮੈਂ ਸਾਲ ਮਹੀਨੇ ਜੁਦਾਈ ਦੇ ਤੇਰੇ|

ਜੇ ਏਹੋ ਰਜ਼ਾ ਹੈ ਤੇਰੀ ਤੇ ਏਹੋ ਹੈ ਤੇਰੀ ਮੌਜ,ਤਾਂ ਲੈ-ਲੈ ਮੇਰੀ
ਇਹ ਖੁਰ-ਖੁਰ ਜਾਂਦੀ ਸੁੰਨ,ਚਿਤਰ ਦੇ ਇਹਨੂੰ ਰੰਗ ਭਰ ਦੇ,
ਸੋਨੇ ਵਿਚ ਮੜ੍ਹਦੇ ਇਸਨੂੰ,ਕਲੋਲ ਕਰੇਂਦੀਆਂ ਪੌਣਾਂ’ਚ ਠਿੱਲ
ਦੇ ਤੇ ਖਿੰਡਾ ਦੇ ਅਨੰਨ ਕੌਤਕਾਂ ’ਚ|

ਤੇ ਫੇਰ ਜਦ ਮਰਜ਼ੀ ਹੋਏ ਤੇਰੀ ਇਸ ਖੇਡ ਨੂੰ ਮੁਕਾਉਣ ਦੀ ਕਰ
ਸ਼ੂਕਦੀ ਰਾਤ ਕੋਈ,ਤਾਂ ਪੰਘਰ ਜਾਊਂ ਮੈਂ ਲੋਪ ਹੋ ਜਾਊਂ ਹਨੇਰਿਆਂ
’ਚ,ਹੋ ਸਕਦੀ ਹੈ ਹੋਵੇ ਇਹ ਨਿਖਰੀ ਕਿਸੇ ਸਵੇਰ ਦੀ ਤਬੱਸੁਮ
ਅੰਦਰ,ਸ਼ੱਫ਼ਾਕ ਸੁਚਮ ਦੀ ਠੰਡਕ ਅੰਦਰ|





ਗੀਤ:੮੧
ਕਿਸੇ ਵੇਹਲੇ ਦਿਨ ਅਜਾਈਂ ਗਏ ਸਮੇ ਲਈ ਝੂਰਿਆ ਹਾਂ ਮੈਂ ਕਈ
ਵੇਰਾਂ|ਪਰ ਸਾਈਂ ਮੇਰੇ ਉਹ ਕਦੇ ਨਾ ਗਿਆ ਅਜਾਈਂ,ਤੂੰ ਸੰਭਾਲਿਆ
ਹੈ ਮੇਰੀ ਅਓਧ ਦੇ ਹਰ ਛਿਣ ਨੂੰ ਖੁਦ ਅਪਣੇ ਹੱਥੀਂ|

ਸਭਨਾ ਸ਼ੈਆਂ ਦੇ ਗਰਭ ’ਚ ਲੁਕਿਆ ਤੂੰ ਹੀ ਬੀਆਂ ’ਤੇ ਬੂਰ ਲੈ ਕੇ
ਆਉਂਦੈਂ,ਡੋਡੀਆਂ ਨੂੰ ਫੁੱਲ ਕਰਦੈਂ ਤੇ ਰਸਵੰਤੇ ਸ਼ਗੂਫ਼ਿਆਂ ਨੂੰ ਫਲਵਾਨ|

ਥਕਿਆ ਟੁੱਟਾ ਮੈਂ ਬਿਸਤਰ ’ਤੇ ਪਿਆ ਸੀ ਸੁੱਤਾ ਤੇ ਸੋਚਦਾ ਸੀ ਕੰਮ
ਕਾਰ ਜਿਉਂ ਰੁਕ ਗਏ ਸਾਰੇ|ਸਵੇਰਸਾਰ ਉਠਿਆ ਤਾਂ ਤੱਕਿਆ ਗਜਬ
ਫੁੱਲ ਖਿੜੇ ਨੇ ਮੇਰੀ ਫੁਲਵਾੜੀ|





ਗੀਤ:੮੨
ਤੇਰੇ ਕੋਲ ਤਾਂ ਅਨੰਤ ਸਮਾਂ ਹੈ ਪ੍ਰਭੂ|ਕੋਈ ਨਹੀਂ ਜੋ ਤੇਰੇ ਪਲਾਂ-ਛਿਣਾ
ਦਾ ਹਿਸਾਬ ਰਖੇ|ਰੈਨ-ਦਿਨ ਆਉਣ ਜਾਣ,ਯੁਗ ਖਿੜਨ ’ਤੇ ਝੜ
ਜਾਣ ਜਿਉਂ ਫੁੱਲ ਪੱਤੀਆਂ|ਤੂੰ ਜਾਣਦਾ ਏਂ ਕਿਵੇਂ ਕਰੀਦੀ ਹੈ ਉਡੀਕ|
ਸਦੀਆਂ ਤੇਰੀਆਂ ਲੱਗੀਆਂ ਰਹਿੰਦੀਆਂ ਉਪਰੋ-ਥਲੀ ਰੋਹੀ ਦੇ ਕਿਸੇ
ਨਿਮਾਣੇ ਜਹੇ ਫੁੱਲ ਨੂੰ ਨਿਖਾਰਣ|

ਸਾਡੇ ਕੋਲ ਸਮਾਂ ਨਹੀਂ ਗਵਾਉਣ ਜੋਗਾ,ਸਮੇਂ ਦੀ ਤੋੜ ’ਚ ਧੱਕਮ
-ਧੁੱਕੀ ਤਾਂ ਕਰਨੀ ਹੀ ਪਊ ਮੌਕੇ ਹਥਿਆਉਣ ਨੂੰ|ਕੰਗਲੇ ਹਾਂ ਅਸੀਂ
ਸੁਸਤਾ ਵੀ ਨਹੀਂ ਸਕਦੇ|

ਤੇ ਇਹੋ ਸਮਾਂ ਹੈ ਜੋ ਉੜਦਾ ਜਾਏ ਲੁਟਾਵਾਂ ਮੈਂ ਜਿਸਨੂੰ ਹਿਰਸਾਂ ਮਾਰੇ
ਹਰ ਐਰੇ-ਗੈਰੇ ’ਤੋਂ ਜੋ ਵੀ ਟਕਰੇ,ਪਰ ਭੇਟਾ ਕੋਈ ਨਾ ਸਰਦੀ ਚੌਖਟ
’ਤੇ ਤੇਰੀ ਉਹ ਖਾਲੀ ਦੀ ਖਾਲੀ ਅੰਤ ਸਮੇਂ ਤਈਂ|

ਤੇ ਹੌਲ ਪੈਣ ਮੁੜ ਅੰਤਮ ਪੈਹਰੇ ਜੀ ਘਬਰਾਵੇ ਮਤੇ ਦਰ ਤੇਰਾ ਢੋਇਆ
ਜਾਵੇ;ਐਪਰ ਵੇਖਾਂ ਮੈਂ ਕਿ ਹਾਲੇ ਵੀ ਹੈ ਵੇਲਾ ਉੱਥੇ|





ਗੀਤ:੮੩
ਓ ਮਾਂ,ਮੋਤੀਆਂ ਦਾ ਮੈਂ ਹਾਰ ਪਿਰੋਇਆ ਗਲੇ ਲਈ ਤੇਰੇ
ਸੋਗੀ ਹੰਝੂਆਂ ਨਾਲ ਅਪਣੇ|

ਤਾਰਿਆਂ ਚਾਨਣ ਦੀਆਂ ਪਾਜ਼ੇਬਾਂ ਘੜੀਆਂ ਪੈਰ ਸ਼ਿਂਗਾਰਨ
ਨੂੰ ਤੇਰੇ,ਪਰ ਮਾਲਾ ਮੇਰੀ ਝੂਲੇ ਸੀਨੇ ਤੇਰੇ|

ਦੌਲਤਾਂ,ਨੇਕਨਾਮੀਆਂ ਦਾਤਾਂ ਤੇਰੀਆਂ ਦੇਵੇਂ ਨਾ ਦੇਵੇਂ ਸਭ
ਹੱਥ ਵਸ ਤੇਰੇ|ਪਰ ਇਹ ਹੰਝੂ ਤਾਂ ਮੇਰੇ ਨਿਰੋਲ ਅਪਣੇ,
ਲਿਆਇਆ ਤੁਧ ਤਾਈਂ ਜਦ ਇਹ ਸੌਗਾਤ ਮੇਹਰਾਂ ਭਰੀ
ਨਜ਼ਰ ਹੋਈ ਤੇਰੀ ਮੁਝ ਵੱਲ |





ਗੀਤ:੮੪
ਪੀੜ ਹੈ ਜੁਦਾਈ ਵਾਲੀ ਫੈਲੀ ਸਾਰੇ ਜਹਾਨ ਵਿੱਚ ਦੀਂ ਦੇਵੇ
ਜਨਮ ਅਸੰਖ ਆਕਾਰਾਂ ਨੂੰ ਅਨੰਤ ਅਸਮਾਨ ਅੰਦਰ|

ਇਹ ਜੁਦਾਈ ਦਾ ਗਮ ਏ ਜੋ ਬੈਠਾ ਰਹੇ ਟਿਕਟਿਕੀ ਲਾਈ
ਸਾਰੀ-ਸਾਰੀ ਰਾਤ ਤਾਰਿਆਂ ਵਿੱਚ ਚੁਪ-ਚਪੀਤਾ ਤੇ ਸਰ-
ਸਰਾਉਂਦੇ ਪੱਤਿਆਂ ਦਾ ਗੀਤ ਬਣ ਜਾਏ ਸਾਉਣ ਦੀਆਂ
ਸੰਵਲਾਈਆਂ ਝੜੀਆਂ ’ਚ|

ਫੁਟ-ਫੁਟ ਪੈਂਦਾ ਇਹ ਦਰਦ ਹੀ ਤਾਂ ਹੈ ਜੋ ਜੜਾਂ ਫੜਦਾ
ਤਾਂਘਾਂ ਤੇਹਾਂ ਵਿੱਚ,ਗ੍ਰਹਿਸਥ ਦੀਆਂ ਖੁਸ਼ੀਆਂ-ਗਮੀਆਂ ’ਚ;
ਤੇ ਇਹੋ ਹੈ ਜੋ ਵਹੇ ਪੰਘਰੇ ਹਮੇਸ਼ਾਂ ਗੀਤਾਂ ਥੀਂ ਮੇਰੇ ਸ਼ਾਇਰਾਨਾ
ਦਿਲ ’ਚੋਂ|





ਗੀਤ:੮੫
ਜਦ ਪੈਹਲੀ ਵਾਰ ਨਿਕਲੇ ਜੋਧੇ ਅਪਨੇ ਮਾਲਿਕ ਦੀ ਹਵੇਲੀ
’ਚੋਂ,ਕਿੱਥੇ ਲੁਕਾ ਛੱਡੀ ਸੀ ਉਨਾ ਤਾਕਤ ਅਪਣੀ?ਕਿੱਥੇ ਸੀ
ਉਨ੍ਹਾ ਦੇ ਜ਼ਰਾ ਬਕਤਰ ਤੇ ਸ਼ਸਤਰ-ਅਸਤਰ|

ਨਿਮਾਣੇ ਤੇ ਨਿਤਾਣੇ ਲਗਦੇ ਸੀ ਉਹ,ਤੇ ਤੀਰਾਂ ਦੀ ਬਾਛੜ
ਬਰਸੀ ਸੀ ਉਨਾ ’ਤੇ ਜਿਸ ਦਿਨ ਨਿਕਲੇ ਸੀ ਉਹ ਬਾਹਰ
ਮਾਲਿਕ ਦੀ ਹਵੇਲੀਓਂ|

ਜਦੋਂ ਜੋਧੇ ਪਰਤੇ ਵਾਪਿਸ ਮੋੜ ਮੁਹਾਰਾਂ ਮਾਲਿਕ ਦੀ ਹਵੇਲੀ
ਨੂੰ ਕਿੱਥੇ ਛੱਡ ਸੀ ਆਏ ਉਹ ਤਾਕਤ ਅਪਣੀ?

ਸੁੱਟੀਆਂ ਉਨਾ ਤਲਵਾਰਾਂ ਤੇ ਸੁੱਟੇ ਸਬ ਤੀਰ-ਕਮਾਨ;ਅਮਨ
ਉਨਾ ਦੇ ਮੱਥੇ ਲਿਖਿਆ ਸੀ,ਤੇ ਜੀਵਨ ਅਪਣੇ ਦੀਆਂ ਖੱਟੀਆਂ
ਛੱਡ ਆਏ ਸੀ ਉਹ ਪਿਛੇ ਜਿਸ ਦਿਨ ਉਹ ਮੁੜੇ ਪਿਛਾਂ ਮਾਲਿਕ
ਅਪਣੇ ਦੀ ਹਵੇਲੀ ਵੱਲ ਨੂੰ|





ਗੀਤ:੮੬
ਕਾਲ ਖੜਾ ਏ ਦਰਾਂ ’ਤੇ,ਚਾਕਰ ਤੇਰਾ|ਅਨਜਾਣ ਸਾਗਰਾਂ ਨੂੰ ਲੰਘ
ਆਇਆ ਏ ਉਹ ਤੇ ਸੁਨੇਹਾ ਤੇਰਾ ਲੈ ਕੇ ਆਇਆ ਘਰ ਮੇਰੇ|

ਰਾਤ ਹਨੇਰੀ ਏ ਤੇ ਦਿਲ ਮੇਰਾ ਡਰਿਆ-ਫ਼ੇਰ ਵੀ ਦੀਵਾ ਦਿਖਾਵਾਂਗਾ
ਮੈਂ,ਖੋਲ ਬੂਹੇ ਕਹਾਂ ਜੀ ਆਇਆਂ ਨੂੰ ਸੀਸ ਝੁਕਾਈ|ਕਾਸਦ ਏ ਤੇਰਾ
ਖੜਾ ਜੋ ਦਰਾਂ ’ਤੇ ਮੇਰੇ|

ਹੱਥ ਬੰਨ ਬਂਦਗੀ ਕਰਾਂਗਾ ਉਹਦੀ,ਹੰਝੂਆਂ ਨਾਲ ਅਪਣੇ|ਭੇਟ-ਪੂਜਾ
ਕਰਾਂਗਾ ਉਹਦੀ ਚਰਣਾ ’ਚ ਰੱਖ ਉਹਦੇ ਰੂਹ ਦਾ ਖਜ਼ਾਨਾ|

ਦਿੱਤਾ ਕੰਮ ਮੁਕਾ ਵਾਪਿਸ ਮੁੜ ਜਾਏਗਾ ਉਹ,ਪਰਭਾਤ ਤੇ ਮੇਰੀ ਛੱਡ
ਕੇ ਕੋਈ ਕਾਲਾ ਪਰਛਾਵਾਂ;ਤੇ ਉੱਜੜੇ ਘਰ ’ਚ ਮੇਰੇ ਦੀਨ-ਹੀਨ ਹਊਮੈ
ਹੋਏਗੀ ਮੇਰੀ ਆਖਰੀ ਭੇਟਾ ਤੈਨੂੰ|





ਗੀਤ:੮੭
ਵੇਹਬਲ ਉਮੀਦ ’ਚ ਭਜਦਾ ਫਿਰਿਆ ਮੈਂ ਤੇ ਲਭਦਾ ਰਿਹਾ ਉਸਨੂੰ
ਚਾਰ-ਚਫ਼ੇਰੇ ਆਸ਼ਿਆਨੇ ’ਚ ਅਪਣੇ;ਮੈਂ ਪਾਇਆ ਨਾ ਉਹਨੂੰ|

ਮੇਰਾ ਘਰ ਤੇ ਛੋਟਾ ਜਿਹਾ ਤੇ ਇੱਕ ਵੇਰਾਂ ਜੋ ਗਿਆ ਇੱਥੋਂ ਮੁੜ ਹੱਥ
ਨਾ ਆਉਂਦਾ ਕਦੇ|

ਪਰ ਤੇਰਾ ਭਵਨ ਤਾਂ ਅਨੰਤ ਏ,ਮੇਰੇ ਪ੍ਰਭੂ,ਤੇ ਲਭਦਾ-ਲਭਦਾ ਉਸਨੂੰ
ਮੈਂ ਤੇਰੇ ਦਰਾਂ ’ਤੇ ਆ ਪੁੱਜਾਂ|

ਆਥਣੀ ਅੰਬਰ ਦੇ ਤੇਰੇ ਸੁਨੈਹਰੀ ਸ਼ਾਮਿਆਨੇ ਹੇਠ ਖੜਾ ਹਾਂ ਮੈਂ ਤੇ
ਚੁਕਦਾਂ ਅਪਣੀਆਂ ਅਭਿਲਾਸ਼ੀ ਅੱਖੀਆਂ ਚੇਹਰੇ ਵੱਲ ਤੇਰੇ|

ਸਦੀਵਤਾ ਦੇ ਕੰਢੇ ਆਣ ਪੁੱਜਾ ਹਾਂ ਮੈਂ ਜਿੱਥੋਂ ਕੁਝ ਓਝਲ ਨਹੀਂ ਹੁੰਦਾ
-ਕੋਈ ਉਮੀਦ,ਕੋਈ ਚਾਅ,ਹੰਝੂਆਂ ਵਿੱਚ ਦੀ ਵੇਖੀ ਛਬ ਕੋਈ ਕਿਸੇ
ਮੁਖੜੇ ਦੀ|

ਓਹ,ਮੇਰੀ ਇਸ ਸੱਖਣੀ ਜ਼ਿੰਦੜੀ ਨੂੰ ਡੋਬ ਲੈ ਇਸ ਸਮੰਦਰ ’ਚ,
ਮਰਵਾ ਦੇ ਚੁਭੀ ਇਸਦੀ ਅਗਾਧ ਉਸ ਪੂਰਨਤਾ ’ਚ|ਬਸ ਇੱਕ
ਵੇਰ ਹੋਣ ਦੇ ਮੈਹਸੂਸ ਗੁਆਚੀ ਉਹ ਰਸੀਲੀ ਛੋਹ ਕਣ-ਕਣ ’ਚ
ਬਰੈਹਮੰਡ ਦੇ|





ਗੀਤ:੮੮
ਸੁੰਨੇ ਪਏ ਮੰਦਰ ਦੇ ਦੇਵਤਾ!ਵੀਣਾ ਦੀਆਂ ਟੁੱਟੀਆਂ ਤਾਰਾਂ ਹੁਣ ਗੀਤ
ਨਾ ਤੇਰੇ ਗਾਉਂਦੀਆਂ|ਸੰਧਿਆ ਵੇਲੇ ਘੰਟੀਆਂ ਪੂਜਾ ਦੀ ਘੜੀ ਦਾ
ਐਲਾਨ ਨਾ ਕਰਦੀਆਂ|ਹਵਾ ਵੀ ਚੁੱਪ ਵੱਟੀ ਬੈਠੀ ਤੇਰੇ ਬਾਰੇ ਗੁਮ
-ਸੁਮ|

ਤੇਰੇ ਵੀਰਾਨ ਆਸ਼ਿਆਨੇ ’ਚ ਖੁੱਲੇ ਫਿਰਨ ਬੁੱਲੇ ਬਹਾਰਾਂ ਦੇ|
ਲੈ ਆਉਣ ਸੰਗ ਫੁੱਲਾਂ ਦੀਆਂ ਲੈਹਰਾਂ|ਫੁੱਲ ਜੋ ਤੇਰੇ ਚਰਣੀਂ ਚੜਾਏ
ਨਾ ਜਾਵਣ ਹੁਣ ਹੋਰ|

ਤੇਰੇ ਪੁਰਾਣੇ ਠਾਠ-ਬਾਠ ਦਾ ਪੁਜਾਰੀ ਮੇਹਰਾਂ ਦਾ ਤਿਹਾਇਆ ਨਾ
-ਮੁਰਾਦਾ ਹੈ ਹੁਣ ਤਾਈਂ|ਸੰਝ ਹੋਈ ਨੂੰ,ਜਦ ਧੁੱਪਾਂ ਛਾਵਾਂ ਘੁਲਦੀਆਂ
ਘੁਸਮੁਸੀ ਧੁੰਦ ’ਚ,ਥੱਕਿਆ ਹਾਰਿਆ ਮੁੜਦਾ ਹੈ ਉਹ ਵੀਰਾਨ ਪਏ
ਦੇਵਾਲੇ ’ਚ ਦਿਲ ’ਚ ਅਭਿਲਾਸ਼ਾ ਲਈ|

ਜਸ਼ਨਾਂ ਦੇ ਦਿਹਾੜੇ ਕਿੰਨੇ ਈ ਆਉਣ ਤੁਧ ਤਈਂ ਸੁੰਨਮ-ਸੁੰਨੇ,ਓ
ਵੀਰਾਨ ਦੇਵਾਲੇ ਦੇ ਦੇਵਤਾ|ਪੂਜਾ ਦੀਆਂ ਰਾਤਾਂ ਕਿੰਨੀਆਂ ਲੰਘ
ਜਾਣ ਊਂਈ ਜਲੇ ਨਾ ਦੀਵਾ-ਬੱਤੀ|

ਮੂਰਤਾਂ ਅਨੇਕਾਂ ਘੜਨ ਨਵੀਆਂ ਇਹ ਫ਼ਨਾਂ ਦੇ ਮਾਹਿਰ ਸ਼ਿਲਪੀ
ਤੇ ਫ਼ੇਰ ਆਉਣ ਤਾਰ ਗੁਮਨਾਮੀ ਦੀ ਪਾਕ ਧਾਰਾ ’ਚ ਜਦ ਘੜੀ
ਆਣ ਪੁੱਜੇ ਉਨ੍ਹਾ ਵਾਲੀ|

ਦੇਵਤੇ ਸਿਰਫ਼ ਉਜੜੇ ਦੇਵਾਲਿਆਂ ਦੇ ਰਹਿਣ ਅਣ-ਪੂਜੇ ਅਣਗੌਲੇ
ਸਦਾ ਲਈ|





ਗੀਤ:੮੯
ਸ਼ੋਰੀਲੇ ਨੁਮਾਇਸ਼ੀ ਅਲਫ਼ਾਜ਼ ਹੁਣ ਹੋਰ ਨਹੀਂ-ਇਹੋ ਇੱਛਾ ਏ ਮੇਰੇ
ਮਾਲਿਕ ਦੀ|ਬਸ ਹੁਣ ਸਿਰਫ਼ ਫ਼ੁਸਫ਼ੁਸਾਵਾਂਗਾ ਮੈਂ|ਗੱਲ ਮੇਰੇ ਦਿਲ
ਦੀ ਤੁਰੇਗੀ ਗੀਤਾਂ ਦੀ ਗੁਣਗੁਣ ’ਚ|

ਸ਼ਾਹੀ ਮੰਡੀ ’ਚ ਜੁਤੇ ਨੇ ਬੰਦੇ ਵਾਹੋਦਾਹੀ|ਖਰੀਦਦਾਰ-ਦੁਕਾਨਦਾਰ
ਸਭ ਨੇ ਉੱਥੇ|ਪਰ ਮੈਂ ਬੇ-ਟੈਮੇਂ ਹੀ ਕਰ ਆਇਆਂ ਛੁੱਟੀ ਸਿਖਰ ਦੁਪੈ
-ਹਰੇ,ਛੱਡ ਧੰਦੇ ਦੀ ਮਾਰੋਮਾਰ|

ਖਿੜਨ ਦਿਓ ਫੇਰ ਫੁੱਲਾਂ ਨੂੰ ਬਗੀਚੇ ’ਚ ਮੇਰੇ,ਭਾਵੇਂ ਰੁੱਤ ਨਹੀ ਏ
ਉਨਾ ਦੀ;ਤੇ ਸਿਖਰ ਦੁਪੈਹਰੇ ਗੂਂਜ ਉਠਣ ਦਿਓ ਮਧੂਮੱਖੀਆਂ ਦੀ
ਅਲਸਾਈ ਤਾਨ|

ਚੰਗੇ-ਮੰਦੇ ਦੇ ਝੇੜਿਆਂ ਝਮੇਲਿਆਂ ’ਚ ਮੈਂ ਚੋਖਾ ਸਮਾਂ ਲਂਘਾਇਆ,ਪਰ
ਸੁੰਨੇ ਦਿਨਾਂ ਦੇ ਮੇਰੇ ਜੋੜੀਦਾਰ ਦੀ ਹੁਣ ਮਰਜ਼ੀ ਹੈ ਇਹੋ ਖਿੱਚ ਪਾਉਣ
ਦੀ ਦਿਲ ਨੂੰ ਮੇਰੇ ਅਪਣੇ ਵੱਲ ਨੂੰ;ਤੇ ਮੈਂ ਨਾ ਜਾਣਾ ਕਿਉਂ ਆਵੇ ਅਚਨ
-ਚੇਤੀ ਇਹ ਸਦਾ ਕੀ ਚਾਹੇ ਬੇਮਤਲਬੀ ਬੇਸਿਰਪੈਰੀ|





ਗੀਤ:੯੦
ਉਸ ਦਿਨ ਜਦ ਮੌਤ ਤੇਰੇ ਦਰਾਂ ’ਤੇ ਕਰੇਗੀ ਦਸਤਕ ਕੀ
ਤੂੰ ਕਰੇਂਗਾ ਅਰਪਨ ਉਸਨੂੰ?

ਓਹ!ਥਾਲੀ ਪੂਰੀ ਮੈਂ ਜੀਵਨ ਵਾਲੀ ਧਰਾਂ ਪਰਾਹੁਣੇ ਮੋਹਰੇ-
ਜਾਣ ਦਿਆਂ ਨਾ ਖਾਲੀ ਹੱਥੀਂ ਕਦੇ ਮੈਂ ਉਹਨੂੰ|

ਖਿਜਾਂ ਦੇ ਸਭਨਾ ਦਿਨਾਂ ਤੇ ਭਖਦੀਆਂ ਰਾਤਾਂ ਦੀਆਂ ਸਬ
ਅਲਮਸਤ ਸ਼ਰਾਬਾਂ,ਰੁੱਝੇ-ਰੁੱਝੇ ਜੀਵਨ ਦੀਆਂ ਸਬ ਖੱਟੀਆਂ
-ਕਮਾਈਆਂ ਧਰਾਂ ਮੈਂ ਉਹਦੇ ਸਾਹਵੀਂ ਮੁੰਦ ਦੀਆਂ ਜਾਂਦੀਆਂ
ਘੜੀਆਂ ’ਚ ਜਦ ਮੌਤ ਬੂਹਾ ਖੜਕਾਏ ਮੇਰਾ|





ਗੀਤ:੯੧
ਓ ਜੀਵਨ ਦੀ ਤੂੰ ਪਰਮ ਪ੍ਰਫੁਲਤਾ,ਮਿਰਤੂ,ਮੌਤ ਮੇਰੀ,ਆਏਂ ਕੋਲ
ਤੇ ਕਹੇਂ ਕੰਨਾ ’ਚ ਮੇਰੇ!

ਕਿੰਨੇ ਦਿਨਾਂ ਤੋਂ ਮੈਂ ਤੇਰੀ ਰਾਹ ਦੇਖੀ;ਤੇਰੇ ਲਈ ਹੈ ਮੈਂ ਖੁਸ਼ੀਆਂ
ਜਣੀਆਂ ਤੇ ਪੀੜ ਜੀਵਨ ਦੀ|

ਜੋ ਵੀ ਮੈਂ ਹਾਂ,ਤੇ ਜੋ ਵੀ ਹੈ ਮੇਰੇ ਕੋਲ,ਆਸਾਂ ਉਮੰਗਾ,ਤੇ ਇਹ ਸਭੇ
ਮੁਹਬਤਾਂ ਮੇਰੀਆਂ ਵਗਣ ਤੇਰੇ ਵੱਲੀਂ ਚੋਰੀ ਛਿਪੀ ਗੁਝੀ ਚਾਲੇ|
ਬਸ ਤੇਰੇ ਨੈਣਾਂ ’ਚੋਂ ਇੱਕ ਅੰਤਮ ਝਾਤ ਤੇ ਜਿੰਦ ਮੇਰੀ ਹਮੇਸ਼ਾਂ
ਲਈ ਹੋ ਜਾਊ ਤੇਰੀ ਹੀ|

ਗੁੰਦੇ ਗਏ ਫੁੱਲਾਂ ਦੇ ਹਾਰ ਤੇ ਤਿਆਰ ਬਰ ਤਿਆਰ ਹੈ ਦੁਲਹਨ ਦੀ
ਵਰਮਾਲਾ|ਪਰਨਾਈ ਜਾਊ ਜਦੋਂ ਲਾੜੀ ਛੱਡ ਜਾਊ ਘਰ ਅਪਣਾ ਤੇ
ਜਾ ਮਿਲੂ ਸਾਈਂ ਅਪਣੇ ਨੂੰ ਸੁੰਨੀ ਰਾਤ ’ਚ ਕੱਲੀ|






ਗੀਤ:੯੨
ਜਾਣਦਾ ਹਾਂ ਮੈਂ ਓਹ ਘੜੀ ਆਏਗੀ ਜਦ ਨਜ਼ਾਰਾ ਇਹ ਧਰਤੀ
ਵਾਲਾ ਖੁਸ ਜਾਏਗਾ ਮੈਥੋਂ,ਤੇ ਜੀਵਨ ਮੌਨ ’ਚ ਵਿਸ਼ਰਾਮ ਕਰੇਗਾ,
ਖਿੱਚ ਕੇ ਅੰਤਮ ਪਰਦਾ ਪਲਕਾਂ ’ਤੇ ਮੇਰੀ|

ਫੇਰ ਵੀ ਰਾਤੀਂ ਜਾਗਣਗੇ ਤਾਰੇ,ਤੇ ਪੋਹ ਫੁੱਟੇਗੀ ਪੈਹਲਾਂ ਵਾਂਗ,ਤੇ
ਘੜੀਆਂ-ਪਲ ਚੜ੍ਹਦੇ ਤੁਰੇ ਜਾਣਗੇ ਸਾਗਰ ਦੀਆਂ ਲੈਹਰਾਂ ਵਾਂਗ
ਖੁਸ਼ੀਆਂ ਗਮਾਂ ਨੂੰ ਢਾਲਦੇ|

ਜਦ ਮੈਂ ਸੋਚਾਂ ਘੜੀਆਂ ਅਪਣੀਆਂ ਦੇ ਅੰਤ ਬਾਰੇ,ਕੰਧਾਂ ਛਿਣਾਂ ਦੀਆਂ
ਟੁੱਟ-ਫੁੱਟ ਜਾਣ ਤੇ ਮਿਰਤੂ ਦੇ ਚਾਨਣ ’ਚ ਮੈਂ ਦੇਖਾਂ ਤੇਰਾ ਸਂਸਾਰ
ਬੇਪਰਵਾਹ ਖਜ਼ਾਨਿਆਂ ਸੰਗ|ਅਨੂਪਮ ਹੈ ਇਹਦੀ ਹੀਣੀ ਤੋਂ ਹੀਣੀ
ਠਾਹਰ,ਅਨੂਠੇ ਨੇ ਇਹਦੇ ਨੀਚਾਂ ਤੋਂ ਨੀਚ ਜੀਵ ਵੀ|

ਵਸਤਾਂ ਜਿਨ੍ਹਾ ਲਈ ਤਾਂਘਦਾ ਰਿਹਾਂ ਮੁੱਦਤਾਂ ਤੋਂ ਅਜਾਈਂ ਤੇ ਵਸਤਾਂ
ਜੋ ਮੈਂ ਪਾਈਆਂ-ਜਾਣ ਦਿਓ ਸਭ ਨੂੰ|ਹੋਣ ਦਿਓ ਮੈਨੂੰ ਨੇੜੇ ਸਚਮੁਚ
ਉਨ੍ਹਾ ਦੇ ਦੁਰਕਾਰਿਆ ਜਿਨ੍ਹਾ ਨੂੰ ਮੈਂ ਸਦਾ ਤੋਂ ਤੇ ਅਣਗੋਲਿਆਂ ਕੀਤਾ|





ਗੀੱਤ:੯੩
ਵਿਦਾਇਗੀ ਦੀ ਘੜੀ ਆਈ|ਅਲਵਿਦਾ ਕਹੋ ਮੈਨੂੰ,
ਹਮਵਤਨੋ ਮੇਰਿਓ!ਸੀਸ ਝੁਕਾ ਮੈਂ ਸਬ ਨੂੰ ਵਿਦਾ
ਲਵਾਂ ਹੁਣ|

ਇਹ ਪਈਆਂ ਮੇਰੇ ਦਰਾਂ ਦੀਆਂ ਚਾਬੀਆਂ-ਤੇ ਦਾਵੇ
ਸਾਰੇ ਛੱਡੇ ਮੈਂ ਘਰ ਅਪਣੇ ’ਤੇ|ਮੈਂ ਬਸ ਚਾਹਾਂ ਅੰਤਮ
ਬੋਲ ਦੋ ਪਿਆਰ ਦੇ ਤੁਸਾਂ ਪਾਸੋਂ|

ਗੁਆਂਡੀ ਰਹੇ ਅਸੀਂ ਲੰਮੇ ਚਿਰਾਂ ਤਾਈਂ,ਲੈਂਦਾ ਰਿਹਾ ਮੈਂ
ਕਿਤੇ ਬਹੁਤਾ ਦੇ ਸਕਦਾ ਸੀ ਜੋ ਵੀ ਤਿਲ ਫੁੱਲ|ਤੇ ਹੁਣ
ਦਿਨ ਚੜ ਚਲਿਆ ਤੇ ਸ਼ਮਾਂ ਜੋ ਰੋਸ਼ਨ ਕਰਦੀ ਰਹੀ
ਹਨੇਰਾ ਕੋਨਾ ਮੇਰਾ ਗੁੱਲ ਹੋਈ|ਬੁਲਾਵਾ ਆਣ ਪੁੱਜਾ ਤੇ
ਤਿਆਰ ਹਾਂ ਮੈਂ ਯਾਤਰਾ ਲਈ ਅਪਣੀ|





ਗੀਤ:੯੪
ਓ ਬੇਲੀ ਮੇਰਿਓ!ਵਿਛੜਨ ਦੀ ਇਸ ਬੇਲਾ ’ਚ ਕਹੋ
ਹੁਣ ਅੱਲਾ ਬੇਲੀ,ਦੁਮੇਲ ’ਤੇ ਛਾਈ ਪੋਹ ਫੁਟਾਲੇ ਦੀ
ਲਾਲੀ ਤੇ ਪੈਂਡਾ ਮੇਰਾ ਮਨਮੋਹਨਾ|

ਇਹ ਨਾ ਪੁੱਛੋ ਕੀ ਹੈ ਮੇਰੇ ਕੋਲ ਲੈ ਜਾਣ ਨੂੰ ਨਾਲ|
ਯਾਤਰਾ ਅਪਣੀ ਸ਼ੁਰੂ ਕਰਾਂਗਾ ਮੈਂ ਖਾਲੀ ਹੱਥੀਂ ਤੇ
ਆਸ ਗਰਭਾਏ ਮਨ ਨਾਲ|

ਸ਼ਾਦੀ ਵਾਲੇ ਹਾਰ ਪਾਵਾਂਗਾ ਮੈਂ ਅਪਣੇ,ਲਾਲ ਭੂਰੀ
ਯਾਤਰੀਆਂ ਵਾਲੀ ਵਰਦੀ ਨਹੀਂ ਮੇਰੀ,ਹਾਲਾਂਕਿ
ਪੈਂਡਾ ਏ ਖਤਰਿਆਂ ਭਰਿਆ ਪਰ ਕੋਈ ਭੈਅ ਨਹੀਂ
ਮੇਰੇ ਮਨ ਵਿੱਚ|

ਤਾਰਾ ਚੜ ਆਏਗਾ ਆਥਣ ਦਾ ਜਦ ਨੂੰ ਸਫ਼ਰ
ਇਹ ਮੁੱਕੂ ਤੇ ਗੂੰਜ ਉਠਣਗੇ ਤਰੈਕਾਲਾਂ ਦੇ ਸੋਗੀ
ਤਰਾਨੇ ਸ਼ਾਹੀ ਡਿਓੜੀਓਂ|





ਗੀਤ:੯੫
ਹੋਸ਼ ਨਹੀਂ ਮੈਨੂੰ ਉਸ ਛਿਣ ਦੀ ਜਦ ਪੈਹਲੀ ਵੇਰਾਂ ਮੈਂ
ਜੀਵਨ ਦੀਆਂ ਬਰੂਹਾਂ ਟੱਪੀਆਂ|

ਕੇਹੀ ਤਾਕਤ ਸੀ ਜਿਸ ਪ੍ਰਗਟਾਇਆ ਮੈਨੂੰ ਅਪਾਰ
ਇਸ ਰਹੱਸ ਅੰਦਰ ਜਿਓਂ ਅੱਧੀ ਰਾਤੀਂ ਵਣ ਅੰਦਰ
ਕੋਈ ਡੋਡੀ|

ਤੜਕਸਾਰ ਜਦ ਮੈਂ ਲੌਅ ਨੂੰ ਤੱਕਿਆ ਤਾਂ ਸਮਝ
ਗਿਆ ਬਿੰਦ ’ਚ ਕਿ ਬੇਗਾਨਾ ਨਹੀਂ ਹਾਂ ਮੈਂ ਇਸ
ਜਹਾਨ ਅੰਦਰ,ਅਨਾਮ ਅਰੂਪ ਉਸ ਅਗਮ ਨੇ
ਲਿਆ ਹੈ ਮੈਨੂੰ ਅਪਣੀਆਂ ਬਾਹਾਂ ’ਚ ਰੂਪ ਧਾਰ
ਮੇਰੀ ਅੰਮੜੀ ਦਾ|

ਇਵੇਂ ਈ ਮਿਰਤੂ ਸਮੇ ਉਹੋ ਅਗਮ ਪਰਗਟ
ਹੋਏਗਾ ਜਿਓਂ ਜਾਣਾਂ ਸਦਾ ਤੋਂ ਉਸਨੂੰ|ਕਿਉਂਜੋ
ਪਿਆਰਦਾ ਹਾਂ ਮੈਂ ਜੀਵਨ ਨੂੰ ਸੋ ਜਾਣਾ ਮੈਂ ਇਹ
ਕਿ ਮੁਹੱਬਤ ਕਰਾਂਗਾ ਮੌਤ ਨਾਲ ਵੀ ਉਵੇਂ ਹੀ|

ਬੱਚਾ ਚੀਕਦਾ ਕੁਰਲਾਉਂਦਾ ਜਦ ਮਾਂ ਸੱਜੀ ਦੁਧੀ
ਕਢ ਲੈਂਦੀ ਏ ਉਸ ਦੇ ਮੁਹੋਂ,ਪਰ ਦੂਜੇ ਹੀ ਛਿਣ ਪਾ
ਖੱਬੀ ਨੂੰ ਮੁੰਹ ਵਿੱਚ ਢਾਰਸ ਆਵੇ ਉਸਨੂੰ|





ਗੀਤ:੯੬
ਜਦੋਂ ਮੈਂ ਜਾਵਾਂ ਇੱਥੋਂ ਹੋਣ ਦਿਓ ਇਹੋ ਮੇਰੇ ਆਖਰੀ ਬੋਲ ਕਿ
ਦੇਖਿਆ ਹੈ ਜੋ ਮੈਂ ਹੈ ਅਪਰਮਪਾਰ|ਮੈਂ ਚਖਿਆ ਹੈ ਇਸ ਕੰਵਲ
ਦਾ ਮਰਮ ਭਰਿਆ ਸ਼ੈਹਦ ਖਿੰਡਰਿਆ ਜੋ ਰੋਸ਼ਨੀ ਦੇ ਸਮੰਦਰਾਂ
’ਤੇ,ਸੋ ਮਹਾ-ਸੁਭਾਗਵਾਨ ਹਾਂ ਮੈਂ-ਹੋਣ ਦਿਓ ਇਹੋ ਮੇਰੇ ਆਖਰੀ
ਬੋਲ|

ਅਨੰਤ ਰੂਪਾਂ ਦੀ ਇਸ ਰੰਗਸ਼ਾਲਾ ’ਚ ਮੈਂ ਸ੍ਵਾਂਗ ਨਿਭਾਇਆ
ਅਪਨਾ ਤੇ ਏਥੇ ਹੀ ਝਲਕੀ ਦੇਖੀ ਉਸਦੀ ਜੋ ਰਹੇ ਅਰੂਪ|

ਸਾਰਾ ਪਿੰਡਾ ਮੇਰਾ ਤੇ ਇਕ-ਇਕ ਅੰਗ ਕੰਬ ਰਿਹਾ ਏ ਉਸਦੀ
ਛੋਹ ਨਾਲ ਜੋ ਛੋਹਿਆਂ ਛੂਹ ਨਾ ਹੋਵੇ;ਤੇ ਜੇ ਅੰਤ ਆਉਂਦਾ ਹੈ
ਇੱਥੇ ਤਾਂ ਆਉਣ ਦਿਓ-ਹੋਣ ਦਿਓ ਇਹੋ ਮੇਰੇ ਆਖਰੀ ਬੋਲ|





ਗੀਤ:੯੭
ਜਦ ਤਾਈਂ ਤੂੰ ਨਾਲ ਖੇਡਦਾ ਸੀ ਮੇਰੇ ਕਦੇ ਨਾਂ ਵੀ ਨਾ ਪੁਛਿਆ
ਤੈਥੋਂ|ਨਾ ਕੋਈ ਝਾਕਾ ਸੀ ਮੈਨੂੰ ਨਾ ਕੋਈ ਭੌਅ,ਖੂਬ ਰੰਗੀਲਾ ਸੀ
ਜੀਵਨ ਮੇਰਾ|

ਤੜਕਸਾਰ ਮਾਰਦਾ ਹਾਕ ਤੂੰ ਜਗਾ ਲੈਂਦਾ ਸੁੱਤੇ ਨੂੰ ਮੈਨੂੰ ਜਿਓਂ
ਕੋਈ ਯਾਰ ਬੇਲੀ ਹੋਏਂ ਮੇਰਾ ਤੇ ਦੌੜਾਈ ਫਿਰਦਾ ਮੈਨੂੰ ਜੰਗਲ-
ਬੇਲੀਂ ਪਿੱਛੇ-ਪਿੱਛੇ|

ਉਨੀਂ ਦਿਨੀ ਕਦੇ ਪਰਵਾਹ ਨਾ ਕੀਤੀ ਮੈਂ ਕਿ ਅਰਥ ਜਾਣਾਂ
ਉਨਾ ਗੀਤਾਂ ਦੇ ਜੋ ਤੂੰ ਗਾਉਂਦਾ ਏ ਮੇਰੇ ਲਈ|ਬਸ ਤੇਰੀ ਤਾਨ
’ਚ ਤਾਨ ਮਿਲਾਉਂਦਾ ਗਿਆ,ਤੇ ਮਨ ਮੇਰਾ ਨਚਦਾ ਰਿਹਾ ਤੇਰੀ
ਧੁਨ ’ਚ|

ਤੇ ਹੁਣ ਜਦ ਲੰਘਿਆ ਉਹ ਮੌਜ-ਮੇਲਾ ਤਾਂ ਅਚਾਣਕ ਇਹ ਕਹੀ
ਝਾਕੀ ਦੇਖਾਂ ਮੇਰੇ ਸਾਹਮਣੇ?ਤਮਾਮ ਕਾਇਨਾਤ ਬੇਜ਼ਬਾਨ ਸਬ
ਸਿਤਾਰਿਆਂ ਸਣੇ ਨੈਣ ਝੁਕਾਈ ਖੜੀ ਏ ਤੇਰੇ ਕਦਮਾਂ ’ਚ,ਵਿਸਮਾਦ
’ਚ ਡੁੱਬੀ|





ਗੀਤ:੯੮
ਅਰਪਿਤ ਸ਼ਸਤਰਾਂ ਨਾਲ ਸ਼ਿੰਗਾਰਾਂਗਾ ਮੈਂ ਤੈਨੂੰ,ਸੇਹਰੇ ਮੇਰੀ
ਸ਼ਿਕਸਤ ਦੇ|ਕਦੇ ਵੀ ਵਸ ਨਾ ਸੀ ਮੇਰੇ ਕਿ ਨਿਕਲ ਪਾਵਾਂ
ਬਿਣ-ਹਾਰਿਓਂ|

ਨਿਹਚਾ ਹੈ ਮੈਨੂੰ ਮੂਧੇ ਮੁੰਹ ਪਏਗਾ ਹੰਕਾਰ ਮੇਰਾ,ਇੰਤਹਾਈ
ਦਰਦ ਦੀ ਮਾਰੀ ਜਿੰਦ ਤੋੜ ਜਾਏਗੀ ਬੰਧਨ ਸਾਰੇ,ਸੁੰਨਾ-
ਸੁੰਨਾ ਦਿਲ ਮੇਰਾ ਭਰੂ ਆਹਾਂ ਜਿਓਂ ਉਜਾੜਾਂ ’ਚ ਸਰਸਰਾਉਣ
ਸਰਕੰਡੇ,ਤੇ ਹੰਝੂ ਬਣ ਚੋ ਜਾਣ ਖੰਗਰ-ਪੱਥਰ|

ਨਿਹਚਾ ਹੈ ਮੈਨੂੰ ਸੈ ਪੰਖਰੀਆਂ ਇਹ ਕੰਵਲ ਦੀਆਂ ਰਹਣੀਆਂ
ਨਾ ਬੰਦ ਹਮੇਸ਼ ਤੇ ਛਿਪੇ ਖਜ਼ਾਨੇ ਇਸਦੇ ਸ਼ੈਹਦ ਵਾਲੇ ਫੁੱਟ
ਪੈਣੇ ਇੱਕ ਦਿਨ|

ਨੀਲੇ ਅੰਬਰੋਂ ਅੱਖ ਵੇਖੂ ਕੋਈ ਟਿਕਟਿਕੀ ਲਾਈ ਤੇ ਸੈਨਤਾਂ
ਨਾਲ ਬੁਲਾਊ ਮੈਨੂੰ|ਕੁੱਝ ਵੀ ਨਾ ਬਚੂ ਮੇਰੇ ਕੋਲ,ਕੱਖ ਵੀ ਨਾ,
ਅੰਤਮ ਮਰਣ ਪਾਵਾਂਗਾ ਮੈਂ ਚਰਣਾਂ ’ਚ ਤੇਰੇ|






ਗੀਤ:੯੯
ਜਦੋਂ ਮੈਂ ਛੱਡ ਦਿਤੀ ਪਤਵਾਰ ਜਾਣਦਾ ਸੀ ਮੈਂ ਕਿ
ਆਈ ਉਹ ਘੜੀ ਕਿ ਤੂੰ ਸਾਂਭੇ ਇਹਨੂੰ|ਲੋੜ ਹੋਏਗੀ
ਜੋ ਵੀ ਤੱਤ-ਛਿਣ ਹੋਏਗਾ ਸਭ|ਬੇਸੂਦ ਹੈ ਸਭ ਭਜ-
ਦੌੜ|

ਦਿਲਾ ਮੇਰਿਆ,ਧੂਹ ਲੈ ਹੱਥ ਪਿਛਾਂ ਨੂੰ ਤੇ ਚੁਪਚਾਪ
ਮੰਨ ਲੈ ਹਾਰ ਅਪਣੀ,ਜਿਸ ਥਾਏਂ ਰਖਿਆ ਜਾਏਂ ਬੈਹ
ਰਹੁ ਪੂਰਨ ਸ਼ਾਂਤ ਹੋ ਤੇ ਜਾਣ ਸੁਭਾਗਾ ਖੁਦ ਨੂੰ|

ਦੀਵੇ ਮੇਰੇ ਬੁਝ-ਬੁਝ ਜਾਣ ਹਵਾ ਦੇ ਹਰ ਨਿਗੂਣੇ
ਝੋਕੇ ਨਾਲ,ਤੇ ਉਨਾ ਨੂੰ ਜਗਾਣ ਦੀ ਆਹਰੇ ਮੈਂ ਭੁੱਲ-
ਭੁੱਲ ਜਾਵਾਂ ਬਾਕੀ ਸਭ ਕੁਝ|

ਪਰ ਇਸ ਵੇਰ ਸਿਆਣਪ ਕਰਾਂਗਾ ਮੈਂ ਰਾਹ ਜੋਹਾਂਗਾ
ਹਨੇਰੇ ਵਿੱਚ ਹੀ,ਸਫ਼ ਵਿਛਾ ਕੇ ਫ਼ਰਸ਼ ’ਤੇ;ਤੇ ਜਦੋਂ
ਵੀ ਖੁਸ਼ੀ ਹੋਏ ਤੇਰੀ,ਮੇਰੇ ਸਾਈਂ,ਤੂੰ ਆਈਂ ਚੁਪਚਾਪ
ਤੇ ਵਿਰਾਜ ਜਾਈਂ ਸਿੰਘਾਸਨ ’ਤੇ|






ਗੀਤ:੧੦੦
ਰੂਪਾਂ-ਮੂਰਤਾਂ ਦੇ ਮਹਾ-ਸਮੰਦਰ ’ਚ ਡੁਬਕੀਆਂ ਮਾਰੀਆਂ
ਮੈਂ ਅਥਾਹ ਡੁੰਘਾਈਆਂ ਤਾਈਂ,ਹਾਸਿਲ ਕਰਨ ਦੀ ਆਸ
’ਚ ਮੋਤੀ ਸੁੱਚਾ ਅਰੂਪ ਵਾਲਾ|

ਰੁੱਤਾਂ ਦੀ ਭੰਨੀ ਇਹ ਬੇੜੀ ਲਈ ਹੋਰ ਨਾ ਭਟਕਾਂ ਹੁਣ ਮੈਂ
ਸਾਗਰੋ-ਸਾਗਰ|ਉਹ ਦਿਨ ਹਵਾ ਹੋਏ ਜਦੋਂ ਲੈਹਰੋ-ਲੈਹਰੀ
ਡੋਲਣਾ ਸ਼ੁਗਲ ਸੀ ਮੇਰਾ|

ਹੁਣ ਤਾਂ ਵਿਆਕੁਲ ਹਾਂ ਮੈਂ ਮਰਣੇ ਨੂੰ ਉਸ ਅਮਰ ’ਚ|
ਅਥਾਹ ਰਸਾਤਲਾਂ ਦੀ ਦਰਸ਼ਨੀ ਡਿਉੜੀ ’ਚ ਬੇਤਰਜ਼
ਤਾਰਾਂ ਦੀ ਮਿਓਸਕੀ ਠਾਠਾਂ ਮਾਰਦੀ ਹੈ ਜਿੱਥੇ ਉੱਥੇ ਲੈ
ਜਾਵਾਂਗਾ ਮੈਂ ਜੀਵਨ ਦੀ ਇਹ ਦਿਲਰੁਬਾ|

ਉਸ ਅਨੰਤ ਦੀ ਲੈਅ ’ਚ ਲੈਅ ਕਰਾਂਗਾ ਮੈਂ ਇਸਨੂੰ,ਤੇ
ਲਵੇਗਾ ਉਹ ਜਦ ਆਖਰੀ ਹਿਚਕੀ,ਭਰੇਗਾ ਅੰਤਮ ਹੌਕਾ
ਤਾਂ ਧਰ ਦਿਆਂਗਾ ਮੌਨ ਸਾਜ ਅਪਣਾ ਸ਼ਾਂਤ ਚਰਣਾਂ ’ਚ
ਤੇਰੇ|






ਗੀਤ:੧੦੧
ਉਮਰ ਭਰ ਢੂੰਡਦਾ ਰਿਹਾਂ ਤੈਨੂੰ ਮੈਂ ਅਪਣੇ ਗੀਤਾਂ ਦੇ ਸੰਗ|
ਉਹੀ ਤਾਂ ਸੀ ਜੋ ਲਈ ਫਿਰੇ ਮੈਨੂੰ ਦਰ-ਦਰ ਤਾਈਂ,ਸੋਹਬਤ
ਉਨਾ ਦੀ ’ਚ ਮਹਿਸੂਸਿਆ ਮੈਂ ਜਿਉਂ ਲਭ ਰਿਹਾਂ,ਛੋਹ ਰਿਹਾਂ
ਅਪਣਾ ਸੰਸਾਰ |

ਗੀਤ ਹੀ ਤਾਂ ਸੀ ਮੇਰੇ ਜਿਨਾ ਸਿਖਾਏ ਮੈਨੂੰ ਸਬਕ ਸਾਰੇ ਜੋ ਮੈਂ
ਹਾਸਿਲ ਕੀਤੇ;ਉਨਾ ਸੁਝਾਏ ਮੈਨੂੰ ਰਾਹ ਗੁੱਝੇ-ਗੁੱਝੇ,ਲੈ ਆਏ
ਨਜ਼ਰਾਂ ਸਾਹਵੇਂ ਮੇਰੀਆਂ,ਦਿਲ ਦੇ ਦੁਮੇਲ ’ਤੇ ਮੇਰੇ,ਤਾਰਿਆਂ ਦੇ
ਅੰਬਾਰ|

ਦਿਨ ਭਰ ਰਾਹ ਦਿਖਾਉਂਦੇ ਰਹੇ ਉਹ ਮੈਨੂੰ ਖੁਸ਼ੀਆਂ-ਗਮੀਆਂ
ਦੇ ਰਹਸਮਈ ਲੋਕ ’ਚ ਘੁਮਾਉਂਦੇ,ਤੇ ਅੰਤ,ਇਹ ਕਿਸ ਰਾਜ-
ਦੁਆਰੇ ਮੋਹਰੇ ਲਿਆ ਖੜਾਇਆ ਉਨਾ ਮੈਨੂੰ ਇਸ ਆਥਣ ਵੇਲੇ
ਯਾਤਰਾ ਮੇਰੀ ਦੇ ਅੰਤ ’ਚ?






ਗੀਤ:੧੦੨
ਲੋਕਾਂ ’ਚ ਖੜ ਫੜਾਂ ਮਾਰੀਆਂ ਮੈਂ ਕਿ ਮੈਂ ਜਾਣ ਲਿਆ ਤੈਨੂੰ|
ਮੇਰੀਆਂ ਸਭੇ ਕਿਰਤਾਂ ’ਚ ਉਹ ਸੂਰਤ ਦੇਖਦੇ ਤੇਰੀ|ਉਹ ਆਉਣ
ਤੇ ਪੁੱਛਣ ਮੈਥੋਂ,"ਕੌਣ ਹੈ ਇਹ?"ਮੈਨੂੰ ਸੁਝਦਾ ਨਾ ਕਿ ਕਿਵੇਂ
ਜਵਾਬ ਦਿਆਂ ਮੈਂ|ਮੈਂ ਕਿਹਾ,"ਸੱਚੀ ਤਾਂ ਇਹੋ ਏ ਕਿ ਮੈਂ ਕੁਝ
ਕਹਿ ਨਾ ਸਕਾਂ|"ਉਹ ਊਜਾਂ ਲਾਉਂਦੇ ਨੱਕ-ਬੁੱਲ ਵੱਟਦੇ ਤੁਰ
ਗਏ ਪਰ੍ਹਾਂ|ਤੇ ਤੂੰ ਬੈਠਾ ਮੁਸਕਾਉਂਦਾ ਰਿਹਾ|

ਨੌ-ਬਹਾਰ ਤਰਾਨਿਆਂ ’ਚ ਢਾਲਦਾ ਰਿਹਾ ਮੈਂ ਅਫ਼ਸਾਨੇ ਤੇਰੇ|
ਗੁੱਝੇ ਉਮਾਹ ਡੁਲ-ਡੁਲ ਆਉਂਦੇ ਦਿਲੋਂ|ਉਹ ਆਉਣ ਤੇ ਪੁੱਛਣ
ਮੈਥੋਂ,"ਦਸ ਖਾਂ ਮਾਇਨੇ ਕੀ ਤੇਰੇ?"ਮੈਨੂੰ ਸੁਝਦਾ ਨਾ ਕਿ ਕਿਵੇਂ
ਜਵਾਬ ਦਿਆਂ ਮੈਂ|ਮੈਂ ਕਿਹਾ,"ਆਹ,ਕੌਣ ਜਾਣੇ ਮਾਇਨੇ ਇਨਾ ਦੇ|"
ਮੁਸਕਣੀ ਹਸਦੇ ਉਹ ਤੁਰ ਗਏ ਨੱਕ-ਬੁੱਲ ਵੱਟਦੇ|ਤੇ ਤੂੰ ਬੈਠਾ
ਮੁਸਕਾਉਂਦਾ ਰਿਹਾ|






ਗੀਤ:੧੦੩
ਇੱਕੋ ਸਿਜਦੇ ’ਚ ਤੇਰੇ, ਮੇਰੇ ਖੁਦਾ,ਵਿਛ ਜਾਣ ਦੇ ਇੰਦਰੀਆਂ
ਮੇਰੀਆਂ ਤੇ ਛੂ ਜਾਣ ਦੇ ਇਹ ਸੰਸਾਰ ਕਦਮਾਂ ’ਚ ਤੇਰੇ|

ਸਾਓਣ ਦੀ ਕਾਲੀ ਘਟ ਵਾਂਗ ਅਣ-ਵਰੀਆਂ ਫ਼ੁਹਾਰਾਂ ਦੇ ਭਾਰ
ਜੋ ਨੀਵੀਂ-ਨੀਵੀਂ ਵਗੇ ਮਨ ਮੇਰੇ ਨੂੰ ਹੋਣ ਦੇ ਗੋਡਿਆਂ ਭਾਰ ਸਰ
-ਦਲਾਂ ’ਤੇ ਤੇਰੀ ਇੱਕੋ ਸਿਜਦੇ ’ਚ ਤੇਰੇ|

ਨਗਮੇ ਸਾਰੇ ਮੇਰੇ ਰੰਗ ਬਿਰੰਗੀਆਂ ਧੁਨਾਂ ਸਣੇ ਖੁਰ ਜਾਣ ਦੇ
ਇੱਕੋ ਪਰਵਾਹ ’ਚ ਤੇ ਵਹਿ ਜਾਣ ਦੇ ਮੌਨ ਦੇ ਸਾਗਰਾਂ ਵੱਲ
ਨੂੰ ਇੱਕੋ ਸਿਜਦੇ ’ਚ ਤੇਰੇ|

ਘਰ ਨੂੰ ਤਾਂਘੀਆਂ ਕੂੰਜਾਂ ਦੀਆਂ ਡਾਰਾਂ ਤੁਰੀਆਂ ਰਹਿਣ ਜਿਉਂ
ਦਿਨੇ-ਰੈਨ ਪਿਛਾਂਹ ਪਰਬਤੀ ਘੁਰਨਿਆਂ ਨੂੰ ਜਿੰਦ ਮੇਰੀ ਨੂੰ
ਉੜਨ ਦੇ ਇੱਕੋ ਉਡਾਨ ’ਤੇ ਕਦੀਮੀ ਘਰ ਨੂੰ ਅਪਣੇ ਇੱਕੋ
ਸਿਜਦੇ ’ਚ ਤੇਰੇ|


ਪੰਜਾਬੀ ਰੂਪਾਂਤਰਨ :ਬਲਰਾਮ













































.


























+

----------------------------------------------------------------------------------------------

No comments:

Post a Comment