Friday, April 16, 2010

mattlok

੧. ਮਾਤਲੋਕ
(ਹੌਲੀ ਹੌਲੀ ਮੰਚ ਉੱਤੇ ਸੁਫ਼ਨਮਈ ਰੋਸ਼ਨੀ ਫੈਲਦੀ ਹੈ। ਮਸਤੀ ਭਰੇ ਸੰਗੀਤ ਦੇ ਨਾਲ ਨਾਲ ਪਰੀਨੁਮਾਂ ਮੁਟਿਆਰਾਂ ਤੇ ਫ਼ਰਿਸ਼ਤੇ ਨ੍ਰਿਤ ਕਰਦੇ ਹਨ ਤੇ ਗੀਤ ਸ਼ੁਰੂ ਹੁੰਦਾ ਹੈ। ਕੁਝ ਦੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਹਨ। ਕੁਝ ਇੱਕ ਦੇ ਹੱਥਾਂ ਵਿੱਚ ਰੰਗ ਭਰੀਆਂ ਪਿਚਕਾਰੀਆਂ ਹਨ। ਹਸਦੇ ਖੇਡਦੇ ਕਿਲਕਾਰੀਆਂ ਮਾਰਦੇ ਉਹ ਪੂਰੇ ਮੰਚ 'ਤੇ ਨ੍ਰਿਤ ਕਰਦੇ ਹਨ।)
ਗੀਤ : ਨਾਟਕ ਜੀਉਂਦੇ ਸ਼ਮਸ਼ਾਨਾਂ ਦਾ
ਧਨਹੀਨਾਂ ਦਾ ਧਨਵਾਨਾਂ ਦਾ
ਕੌਤਕ ਵੇਖੋ ਇਨਸਾਨਾਂ ਦਾ
ਮਿੱਟੀ ਦੇ ਵਿੱਚ ਹੁੰਦੇ ਮਿੱਟੀ
ਮਿੱਟੀਓਂ ਅੰਨ ਉਗਾਂਦੇ
ਵਿੱਚ ਮਸ਼ੀਨਾਂ ਬਣਦੇ ਪੁਰਜੇ
ਚਰਬੀ ਮਾਸ ਖੁਆਂਦੇ
ਗਿਣ ਗਿਣ ਨੋਟ ਜੋ ਗਿਣਤੀ ਹੋ ਗਏ
ਆਪਣੇ ਆਪ ਗੁਆ ਕੇ
ਚਾਤਰ ਬਣ ਬਣ ਬਣਦੇ ਮੂਰਖ
ਸਿਆਣੇ ਸੁਘੜ ਨਦਾਨਾ ਦਾ
ਕੌਤਕ ਵੇਖੋ ਇਨਸਾਨਾਂ ਦਾ
ਨਾਟਕ ਜਿਉਂਦੇ ..........।
(ਗੀਤ ਦੇ ਦੌਰਾਨ ਪਰੀਆਂ ਤੇ ਫਰਿਸ਼ਤੇ ਇੰਜ ਪ੍ਰਤੀਕਰਮ ਕਰਦੇ ਹਨ ਜਿਵੇਂ ਕਿਸੇ ਨੂੰ ਲਭ ਰਹੇ ਹੋਣ। ਕੈਲਾ ਸ਼ਾਂਤ ਬੈਠਾ ਹੋਇਆ ਬੁਝੀ ਹੋਈ ਚਿਖਾ 'ਚ ਕਾਹਨਾ ਘੁਮਾ ਰਿਹਾ ਹੈ। ਉਸ ਦੀਆਂ ਅੱਖਾਂ ਇੱਕ ਬਿੰਦੂ 'ਤੇ ਸਥਿਰ ਹਨ। ਬਿਸ਼ਨੇ ਦੀਆਂ ਅੱਖਾਂ ਬੰਦ ਹਨ। ਗੀਤ ਦੇ ਖਤਮ ਹੋਣ ਦੇ ਨਾਲ ਹੀ ਰੋਸ਼ਨੀ ਸੁਰਖ ਹੋ ਜਾਂਦੀ ਹੈ। ਕਾਲੇ ਕਪੜਿਆਂ ਵਾਲੇ ਜਮ ਹੰਟਰ ਲਹਿਰਾਉਂਦੇ ਮੰਚ ਉੱਤੇ ਆਉਂਦੇ ਹਨ। ਪਰੀਆਂ ਅਤੇ ਫਰਿਸ਼ਤਿਆਂ ਵਿੱਚ ਭਜਦੜ ਮਚ ਜਾਂਦੀ ਹੈ। ਉਹ ਮੰਚ ਤੋਂ ਭਜ ਜਾਂਦੇ ਹਨ। ਸਾਰੇ ਮੰਚ 'ਤੇ ਹੰਟਰਾਂ ਵਾਲੇ ਦਨਦਨਾਂਦੇ ਹਨ ਤੇ ਫੇਰ ਬਾਹਰ ਨਿਕਲ ਜਾਂਦੇ ਹਨ। ਇਕਦਮ ਸੰਨਾਟਾ ਛਾ ਜਾਂਦਾ ਹੈ। ਬਿਸ਼ਨਾ ਅਭੜਵਾਹਾ ਉਠਦਾ ਹੈ। ਗਲੇ 'ਤੇ ਹੱਥ ਫੇਰਦਾ ਹੋਇਆ ਚਾਰੇ ਪਾਸੇ ਦੇਖਦਾ ਹੈ। ਸ਼ਾਂਤ ਬੈਠੇ ਕੈਲ਼ੇ ਨੂੰ ਦੇਖ ਕੇ ਸਿਰ ਨੂੰ ਝਟਕਾ ਜਿਹਾ ਦਿੰਦਾ ਹੈ ਤੇ ਫੇਰ ਕਪੜੇ ਝਾੜਦਾ ਹੋਇਆ ਕੌਲੇ ਕੋਲ ਜਾਂਦਾ ਹੈ।)
ਬਿਸ਼ਨਾ : (ਸਾਫ਼ਾ ਬੰਨਦੇ ਹੋਏ) ਚੱਲੀਏ ਫੇਰ ਫੌਜੀਆ। ਉਹ ਤੇ ਗਏ। (ਚਾਰੇ ਪਾਸੇ ਦੇਖਦਾ ਹੈ।) ਫੇਰ ਸਾਲਾ ਮੰਡੀ ਵਿੱਚ ਦੀ ਹੋ ਕੇ ਜਾਣਾ ਪਊ। ਉਧਰ ਈ ਗਈ ਲਗਦੇ (ਦੇਖਦਾ)
ਕੈਲਾ : ਕਿਉਂ ਮੰਡੀ ਤੋਂ ਡਰ ਲਗਦਾ। (ਹੱਥ ਝਾੜਦਾ ਹੈ।)
ਬਿਸ਼ਨਾ : ਮੈਂ ਕਿਹੜਾ ਤੇਰੇ ਵਰਗਾ ਯੋਧਾ ਆਂ।
ਕੈਲਾ : (ਜੁੱਤੀ ਪਾਉਂਦੇ ਹੋਏ) ਕਿੰਨੀ ਵਾਰ ਕਿਹਾ ਫੌਜੀ ਨਾ ਕਿਹਾ ਕਰ ਮੈਨੂੰ।
ਬਿਸ਼ਨਾ : ਠੀਕ ਏ ਫੇਰ ਨਹੀਂ ਕਹਿੰਦੇ। (ਛੇੜਦਾ ਹੈ) ਊਂ ਮੱਚਦਾ ਕਿਉਂ ਏਂ ਤੂੰ ਏਸ ਤੋਂ। (ਕੈਲਾ ਘੂਰਦਾ ਹੈ) ਚੰਗਾ ਚੰਗਾ। ਚਲ ਤੁਰ ਹੁਣ। (ਬਾਹਰ ਦੇਖਦਾ ਹੈ। ਪੂਰਾ ਉਤਾਵਲਾ)
ਕੈਲਾ : ਸ਼ਾਮ ਪਿੱਛੋਂ ਪੈਂਦੀ, ਕਾਹਲੀਆਂ ਪਹਿਲਾਂ ਈ ਪੈਣ ਲਗ ਜਾਂਦੀਆਂ। (ਉਠਦਾ ਹੈ।)
ਬਿਸ਼ਨਾ : ਹੋਰ ਸਰਿਆ ਵੀ ਕੀ ਏ ਏਥੇ ਮਸਾਣਾਂ 'ਚ।
ਕੈਲਾ : ਸਰਿਆ ਤੇ ਹੁਣ ਉੱਥੇ ਵੀ ਕੁਝ ਨਹੀਂ ਬਿਸ਼ਨਿਆ। (ਹੌਕਾ) ਐਵੇਂ ਭਟਕਣ ਏ
ਬਿਸ਼ਨਾ : (ਖੜਾ ਰਹਿੰਦਾ ਹੈ) ਚਲ ਪਿੰਡ ਤਾਂ ਵਸਦਾ ਏ ਉੱਥੇ।
ਕੈਲਾ : (ਵਿਅੰਗ 'ਚ) ਵਸਦਾ, ਉੱਥੇ ਤੇ ਕੁਝ ਹੋਰ ਈ ਦਿਖਦਾ ਸੀ। ਕਿ ਨਹੀਂ?
ਬਿਸ਼ਨਾ : ਤੂੰ ਹੀ ਦਸ ਫੇਰ, ਕਿਉਂ ਭਜਦੇ ਆਂ ਵਾਪਿਸ ਵਾਰ-ਵਾਰ, ਮੁੜ ਮੁੜ ਉਹੀ (ਝਿੱਥਾ ਪੈ ਕੇ ਗੱਲ ਵਿੱਚ ਛੱਡ ਦਿੰਦਾ ਹੈ।)
ਕੈਲਾ : (ਵਾਕ ਪੂਰਾ ਕਰਦਾ ਹੈ।) ਖਾਨਾਜੰਗੀ। (ਬੁਝੀ ਹੋਈ ਚਿਤਾ ਵੱਲ ਦੇਖ ਕੇ ਹਲਕਾ ਜਿਹਾ ਹਸਦਾ ਹੈ।) ਲਗਦਾ ਕੁਝ ਛੁੱਟ ਗਿਆ ਉੱਥੇ।
ਬਿਸ਼ਨਾ : (ਖੁਦ ਨੂੰ ਟੋਂਹਦੇ ਹੋਏ) (ਚੁੱਪੀ)ਮੁੱਢ।
ਕੈਲਾ : ਮੁਢ?
ਬਿਸ਼ਨਾ : (ਸਰੀਰ ਨੂੰ ਟਟੋਲਦੇ ਹੋਏ ਆਪਣੇ ਆਪ 'ਚ ਹੀ) ਹੰ ਹੰ ਹਾਂ, ਦੇਹ। ਸਰੀਰ।
ਕੈਲਾ : (ਖੁੱਲ ਕੇ ਹਸਦਾ ਹੋਇਆ ਚਿਖਾ ਵੱਲ ਜਾਂਦਾ ਹੈ।) ਉਹ ਤੇ ਰਹਿ ਈ ਜਾਂਦਾ। ਏਥੇ ਲਿਆ ਨਹੀਂ ਸਕਦੇ (ਸੁਆਹ ਫ਼ੋਲਦੇ ਹੋਏ) ਉੱਥੇ ਕਦੀ ਗੋਲਿਆ ਈ ਨਹੀਂ ਸੀ।
ਬਿਸ਼ਨਾ : ਸੋਚਿਆ ਚਲੋ ਖਲਾਸੀ ਹੋਈ। ਬਲਾ ਟਲੀ ਗਲੋਂ। ਉਸ ਦੇਹ ਤੋਂ ਛੁੱਟੇ।
(ਚੁੱਪੀ)
ਕੈਲਾ : (ਬਿਸ਼ਨੇ ਵੱਲ ਦੇਖਦੇ ਹੋਏ ਖੜਾ ਹੁੰਦਾ ਹੈ।) ਹੋਰ ਵੀ ਕੋਈ ਸਰੀਰ ਹੁੰਦਾ, ਮਨ ਦਾ ਪਿੰਡਾ ਕਦੇ ਸੋਚਿਆ ਸੀ? ਹੱਡ ਮਾਂਸ ਨਾਲੋਂ ਵੀ ਕੈੜਾ ਸ਼ਬਦਾਂ ਦਾ ਸਰੀਰ।
(ਚੁੱਪੀ)
ਬਿਸ਼ਨਾ : (ਕਾਹਲਾ ਪੈਂਦਾ ਹੈ।) ਚੱਲ। ਕੁਝ ਨਹੀਂ। (ਹੱਥ ਝਟਕਦਾ) ਐਵੇਂ ਪਰਛਾਵਾਂ। ਚੱਲ ਏਥੋਂ।
ਕੈਲਾ : ਕਿਸਦਾ। ਕਿਸਦਾ ਪਰਛਾਵਾਂ।
ਬਿਸ਼ਨਾ : ਪਰਛਾਵਾਂ ਹੈ ਤੇ ਸ਼ਹਿ ਵੀ ਜ਼ਰੂਰ ਹੋਏਗੀ।
ਕੈਲਾ : ਵਾਪਿਸ¸? (ਵਿਅੰਗ 'ਚ) ਮੁੜ ਉੱਥੇ ਈ¸?
ਬਿਸ਼ਨਾ : (ਮਜ਼ਬੂਰੀ ਜਿਹੀ 'ਚ ਸਿਰ ਹਿਲਾਉਂਦਾ ਹੈ।) ਹਾਂ।
ਕੈਲਾ : ਮੰਡੀ ਵਿੱਚ ਦੀ ਜਾਣਾ ਪਵੇਗਾ।
ਬਿਸ਼ਨਾ : ਇੱਥੇ ਕਿਹੜਾ ਫਰਿਸ਼ਤੇ ਹਾਰ ਲਈ ਖੜੇ ਆ! (ਬਿਸ਼ਨਾ ਖਿਝ ਜਾਂਦਾ ਹੈ।)
ਕੈਲਾ : (ਸ਼ਾਂਤ) ਜਿਹੜੀਆਂ ਅਰਥੀਆਂ ਚੋਂ ਫੁੱਲ ਕਿਰਦੇ ਬਿਸ਼ਨਿਆ ਉਨ•ਾਂ ਲਈ ਹਾਰ ਵੀ ਹੁੰਦੇ ਨੇ। ਅਰਥ ਪੱਲੇ ਹੋਣ ਤੇ ਫਰਿਸ਼ਤੇ ਵੀ ਆਉਂਦੇ ਨੇ ਵਿਮਾਨ ਲਈ ... ਪਰੀਆਂ ਵੀ। ਨਹਾ ਧੋ ਕੇ ਪੂਰਾ ਸ਼ਮਸ਼ਾਨ ਤਿਆਰ ਹੁੰਦਾ ਏ .... ਸਵਾਗਤ ਲਈ। ਹੋਲੀ ਹੁੰਦੀ ਏ ਉਸ ਦਿਨ ਮਸਾਣਾਂ 'ਚ। (ਕੈਲੇ ਦਾ ਜੋਸ਼ ਵਧਦਾ ਜਾਂਦਾ ਹੈ। ਬਿਸ਼ਨਾ ਹੈਰਾਨੀ ਭਰਿਆ ਉਸ ਨੂੰ ਦੇਖਦਾ ਰਹਿੰਦਾ ਹੈ।) ਮਸਾਣ ਨਚਦੇ ਨੇ ਉਸ ਦਿਨ ਵਜ਼ਦ 'ਚ ਆ ਕੇ। ਜਦ ਕੋਈ ਪੂਰਾ ਹੋ ਕੇ ਆਉਂਦਾ ਏ। ਅਰਥ ਕਮਾ ਕੇ, ਪੂਰਾ ਸੂਰਾ। (ਨਿਰਾਸ਼ਾ 'ਚ ਸਿਰ ਮਾਰਦਾ ਏ।) ਸਾਡੇ ਵਾਂਗ ਭਗੌੜਾ ਨਹੀਂ। ਨਾ ਏਸ ਪਾਰ ਨਾ ਉਸ ਪਾਰ। (ਚੁੱਪੀ। ਬਿਸ਼ਨਾ ਤੜਪ ਕੇ ਮੂੰਹ ਮੋੜ ਲੈਂਦਾ ਹੈ।) ਹਮੇਸ਼ਾਂ ਓਧਰੋਂ ਏਧਰ, ਏਧਰੋਂ ਓਧਰ। ਨਾ ਹੋਇਆ 'ਚ ਨਾ ਮੋਇਆਂ 'ਚ। (ਕੰਬਣ ਲਗਦਾ ਹੈ।) ਉੱਥੇ।
ਗੀਤ : ਢੋ ਢੋ ਉਮਰਾਂ ਦਾ ਭਾਰ ਗਏ
ਹੰਭ ਹਾਰ ਸਿਵੇ ਜੋ ਠਾਰ ਗਏ
ਬਿਣ ਲੜਿਓਂ ਸੁੱਟ ਹਥਿਆਰ ਗਏ
ਜੋ ਜਿੱਤ ਜਿੱਤ ਜੰਗਾਂ ਹਾਰ ਗਏ
ਅਣਹੋਇਆਂ ਦਾ ਅਣਮੋਇਆਂ ਦਾ
ਬੁਢਿਆ ਦਾ ਸ਼ੋਖ ਜਵਾਨਾ ਦਾ
ਨਾਟਕ ਜਿਉਂਦੇ ।
(ਗੀਤ ਦੇ ਦੌਰਾਨ ਫੁੱਲਾਂ ਦੇ ਹਾਰ ਤੇ ਰੰਗ ਭਰੀਆਂ ਪਿਚਕਾਰੀਆਂ ਲਈ ਫਰਸ਼ਿਤੇ ਅਤੇ ਪਰੀਆਂ ਮੁੜ ਆਉਂਦੇ ਹਨ। ਉਹ ਹਾਲੇ ਵੀ ਕਿਸੇ ਨੂੰ ਤਲਾਸ਼ ਰਹੇ ਹਨ। ਆਪਣੇ ਆਪ ਵਿੱਚ ਗੁਆਚੇ ਬਿਸ਼ਨਾ ਤੇ ਕੈਲਾ ਮੰਚ ਤੋਂ ਬਾਹਰ ਨਿਕਲ ਜਾਂਦੇ ਹਨ।) ਦੋ ਪਰੀਆਂ ਪਰਦਾ ਕਰਦੀਆਂ ਹਨ।
(ਰੋਸ਼ਨੀ ਹੌਲੀ ਹੌਲੀ ਮੱਧਮ ਹੁੰਦੀ ਹੈ।)
(ਵਿਹੜੇ 'ਚ ਮੰਜਾ ਡਾਹੀ ਮਿੱਠੂ ਪਿਆ ਹੈ। ਕੈਲਾ ਉਸ ਦੇ ਸਿਰਹਾਣਿਓਂ ਨਸ਼ੇ ਦੀ ਸ਼ੀਸ਼ੀ ਚੁੱਕ ਕੇ ਦੇਖਦਾ ਹੈ ਤੇ ਫੇਰ ਉੱਥੇ ਹੀ ਰਖ ਦਿੰਦਾ ਹੈ। ਪਿਛਲੇ ਪਾਸੇ ਸ਼ੇਰੇ ਹੋਰਾਂ ਦੇ ਦਰਾਂ ਮੂਹਰੇ, ਗਲੀ ਵਿੱਚ ਤੇਜਾ ਸੁੱਤਾ ਪਿਆ ਹੈ। ਬਿਸ਼ਨਾ ਉਸ ਦੇ ਸਿਰ•ਾਣੇ ਖੜਾ ਹੈ। ਕੈਲਾ ਪਿੱਛੇ ਕੰਧ 'ਤੇ ਲਗੀ ਆਪਣੀ ਤਸਵੀਰ ਵੱਲ ਦੇਖਦਾ ਹੈ ਤੇ ਉਸ ਵੱਲ ਵਧਦਾ ਹੈ। ਬਿਸ਼ਨਾ ਆਪਣੇ ਚੁਬਾਰੇ ਵੱਲ ਦੇਖਦਾ ਹੈ ਜਿਸ ਦੀ ਪਿੱਠ ਇਸ ਪਾਸੇ ਵੱਲ ਹੈ। ਪਿੱਛੇ ਪਈ ਪੌੜੀ ਨੂੰ ਉਹ ਖੜੀ ਕਰਦਾ ਹੈ। ਸ਼ੇਰਾ ਆਉਂਦਾ ਹੈ। ਬਿਸ਼ਨਾ ਉਸ ਨੂੰ ਬੁਲਾਉਣ ਦੀ ਕੋਸ਼ਿਸ ਕਰਦਾ ਹੈ। ਪਰ ਉਹ ਇੰਜ ਲੰਘ ਜਾਂਦਾ ਹੈ ਜਿਵੇਂ ਦੋਹਾਂ ਦੀ ਕੋਈ ਹੋਂਦ ਹੀ ਨਹੀਂ ਹੈ।)
ਆ ਗਏ ਫੇਰ ਉੱਥੇ ਈ¸ ਪਰਛਾਵਿਆਂ ਪਿੱਛੇ ਉਡਦੇ¸। (ਪ੍ਰਵੇਸ਼ ਦੇ ਨਾਲ ਨਾਲ ਰੋਸ਼ਨੀ ਹੁੰਦੀ ਹੈ।)
ਕੈਲਾ : (ਫੋਟੋ ਨੂੰ ਉਤਾਰ ਕੇ ਪੂੰਝਦੇ ਹੋਏ, ਆਪਣੇ ਆਪ 'ਚ ਹੀ) ਇਹ ਮੈਂ ਹਾਂ, ਕੰਧ 'ਤੇ ਲਟਕਦਾ ਕਰਨੈਲ ਸਿੰਘ, ਘੱਟੇ 'ਚ ਘੱਟਾ ਹੋਇਆ। (ਬਿਸ਼ਨਾ ਉਸਦੀਆਂ ਗੱਲਾਂ 'ਚ ਪਹਿਲੀ ਵਾਰ ਦਿਲਚਸਪੀ ਦਿਖਾਉਂਦਾ ਹੈ। ਕੈਲਾ ਤਸਵੀਰ ਨੂੰ ਮੁੜ ਦੀਵਾਰ 'ਤੇ ਟੰਗ ਦਿੰਦਾ ਹੈ।) ਜਿੱਦਣ ਲੈ ਕੇ ਆਏ ਸੀ, ਮੱਸਿਆ ਵਰਗਾ ਮੇਲਾ ਲੱਗਾ ਸੀ ਪਿੰਡ 'ਚ। ਮਾਰ ਤਕਰੀਰਾਂ ਤੇ ਤਕਰੀਰਾਂ। ਅੰਦਰ ਬਾਹਰ ਸ਼ਬਦ ਹੀ ਸ਼ਬਦ ਉਡਦੇ …— ਡੂਮਣੇ ਵਾਂਗ। ਮੇਰੇ ਹੀ ਬਾਰੇ ਗੱਲਾਂ ਹੋ ਰਹੀਆਂ ਸੀ। ਹਾਸਾ ਵੀ ਆਂਦਾ ਸੀ, ਸੰਗ ਵੀ । ਲੱਗਾ ਚਲੋ ਮਰ ਕੇ ਈ ਖੱਟ ਲਿਆ ਕੁਝ। ਰੱਬ ਨਾਲੋਂ ਉੱਚੀ ਟੀਸੀ ਤੇ ਬਿਠਾ ਰਹੇ ਸੀ ਮੈਨੂੰ। (ਬਿਸ਼ਨੇ ਨੂੰ) ਬਾਪੂ ਹੁਬ ਕੇ ਮੂਹਰੇ ਬੈਠਾ ਸੀ ਸਟੇਜ 'ਤੇ।
ਬਿਸ਼ਨਾ : ਫੇਰ ਤੂੰ ਵੀ ਝਾੜ ਦੇਣਾ ਸੀ ਭਾਸ਼ਣ (ਚੁਬਾਰੇ ਵਿੱਚ ਜਗੀ ਬੱਤੀ ਵੱਲ ਦੇਖਣ ਲਗਦਾ ਹੈ।)
ਬਿਸ਼ਨਾ : ਗਿਣਤੀਆਂ-ਮਿਣਤੀਆਂ... , ਸਮਾਂ ..... ਇਹ ਤੇ ਸਰੀਰ ਨਾਲ ਈ ਆਂਦਾ ਜਾਂਦਾ ਕੈਲਿਆ। ਕੱਲ ਦੀ ਗੱਲ ਲਗਦੀ ਜਦ ਇਸ ਚੁਬਾਰੇ ਤੋਂ ਲਾਹ ਰਹੇ ਸੀ ਮੈਨੂੰ! ਗਲ ਚੋਂ ਰੱਸਾ ਕੱਟਿਆ ਤਾਂ ਲੱਗਿਆ ਸਾਰੇ ਬੰਧਨ ਕੱਟੇ ਗਏ.. ਕੰਧਾਂ ਢਹਿ ਗਈਆਂ .. ਘੁਰਨੇ ਮਘੋਰੇ ਸਭ ਪਿੱਛੇ ਛੁੱਟੇ .. ਬਸ ਖੁੱਲਾ ਆਕਾਸ਼ । (ਹਸਦਾ ਹੈ। ਕੈਲਾ)
ਕੈਲਾ : ਸੁਣਨ ਵਾਲਾ ਤੇ ਮੈਂ ਕੱਲਾ ਹੀ ਸੀ। (ਹਸਦਾ) ਬਾਕੀ ਸਾਰੇ ਬੋਲਣ ਵਾਲੇ। ਮੈਂ ਤੇ ਉੱਥੇ ਪਿਆ ਸੀ। ਖਾਲੀ ਖਖਰ ਮਖੀਲ ਉਡ ਗਿਆ ਵੀ। ਹਸਣ ਲੱਗਦਾ ਹੈ।)
ਕੈਲਾ : ਕਮਾਲ ਦੀ ਜਗ•ਾ¸ਵੇਖ ਦੋਹਾਂ ਘਰਾਂ ਵੱਲ ਦੇਖ। ਲੱਗਦਾ ਨੀ ਜਿਵੇਂ ਬਾਰਡਰ ਤੇ ਖੜੇ ਆਂ¸।
ਬਿਸ਼ਨਾ : (ਦੇਖਦਾ ਹੈ ਤੇ ਹੋਰ ਉੱਚੀ ਹਸਦਾ ਹੈ।) ਫੇਰ ਕਹਿੰਦਾ ਫੌਜ਼ੀ ਨਾ ਕਹੋ ਮੈਨੂੰ¸।
ਕੈਲਾ : ਹਾਸੇ ਵਾਲੇ ਗੱਲ ਨੀ ਯਾਰ।
ਬਿਸ਼ਨਾ : (ਹਾਸਾ ਰੋਕਦੇ ਹੋਏ) ਤੇਰੀਆਂ ਤੇ ਹੁਣ ਅੱਖਾਂ ਵੀ ਨਹੀਂ ਟੈਸਟ ਹੋਣੀਆਂ.., ਕਿਹੜਾ ਕਰੂ....।
ਕੈਲਾ : ਤੂੰ ਦੇਖ ਤਾਂ ਸਹੀ, ਨਾ ਏਧਰੋਂ ਉਧਰ ਦਿਖਦਾ …...... ਜੋ ਉੱਥੇ ਹੈ, ਨਾ ਓਧਰੋਂ ਏਧਰ। ਐਵੇਂ ਉਡਵੇਂ ਜਿਹੇ ਅੰਦਾਜ਼ੇ ਅਵਾਜ਼ਾਂ ਦੇ। (ਬਿਸ਼ਨਾ ਥੋੜਾ ਸੰਜੀਦਾ ਹੁੰਦਾ ਹੈ।) ਖੜਾਕ ਜਿਹਾ ਸੁਣ ਕੇ ਲਗਦਾ ਕੋਈ ਹੈ।
ਬਿਸ਼ਨਾ : (ਵਾਕ ਪੂਰਾ ਕਰਦਾ ਹੈ।) ਉੱਥੇ। (ਫੇਰ ਹਸਣ ਲੱਗਦਾ ਹੈ।) ਤੇ ਫੇਰ ਅਸੀਂ ਫਾਇਰ ਖੋਲ ਦਿੰਦੇ ਹਾਂ।
(ਬਿਸ਼ਨਾ ਖੁੱਲ ਕੇ ਹਸਦਾ ਹੈ। ਉਸ ਦੇ ਚੁੱਪ ਹੋਣ ਤੋਂ ਬਾਅਦ ਇਕ ਸੰਨਾਟਾ ਪਸਰਦਾ ਹੈ।)
ਕੈਲਾ : ਮੈਂ ਮਕਾਨਾਂ ਦੀ ਗੱਲ ਨਹੀਂ ਕਰ ਰਿਹਾ।
ਬਿਸ਼ਨਾ : (ਹੋਕਾ) ਮੈਂ ਵੀ।
ਕੈਲਾ : (ਸੁੱਤੇ ਪਿਆਂ ਵੱਲ ਇਸ਼ਾਰਾ ਕਰ ਕੇ) ਇਵੇਂ ਈ ਜਿਉਂਦੇ ਨੇ ਸਭ। ਇਹ ਬਾਰਡਰ ...... ਫਾਇਰਿੰਗ, ਇਹੋ ਜ਼ਿੰਦਗੀ¸
ਬਿਸ਼ਨਾ : ਫੇਰ ਛੱਡ ਕਿਓ ਨੂੰ ਨਹੀਂ ਦਿੰਦੇ, ਜੀਅ ਨਹੀਂ ਕਰਦਾ।
ਕੈਲਾ : (ਹੈਰਾਨ) ਇਹ ਤੂੰ ਕਹਿੰਦਾ ...... ਤੂੰ!
ਬਿਸ਼ਨਾ : (ਨੀਵੀਂ ਪਾ ਕੇ) ਹਾਂ।
ਕੈਲਾ : ਖੁਦ ਈ ਤੇ ਛੱਡ ਕੇ ਗਿਆ ਸੀ। ਆਪਣੇ ਪੈਰੀਂ ਮਸਾਣਾਂ ਨੂੰ।
ਬਿਸ਼ਨਾ : (ਨਜ਼ਰਾਂ ਚੁਰਾਂਦੇ ਹੋਏ) ਫੇਰ ਮੁੜ ਕਿਉਂ ਆਉਂਦਾਂ ਵਾਰ ਵਾਰ। ਏਥੇ ਈ ...... ਮੁੜ ਮੁੜ ਕੇ। (ਹੌਂਕਣ ਲੱਗਦਾ ਹੈ। ਕੈਲਾ ਉਸ ਦੇ ਮੋਢੇ ਤੇ ਹੱਥ ਰੱਖਦਾ ਹੈ ਤੇ ਮੂੰਹ ਮੋੜ ਲੈਂਦਾ ਹੈ ਜਿਵੇਂ ਇਸ ਸਵਾਲ ਦਾ ਜਵਾਬ ਉਸ ਕੋਲ ਵੀ ਨਹੀਂ ਹੈ। ਚੁੱਪ)
ਪਿੱਛੋਂ ਨਾਮ ਜਪ ਲੈ ਨਿਮਾਣੀਏ ਜਿੰਦੇ
ਆਵਾਜ : ਨੀ ਔਖੇ ਵੇਲੇ ਕੰਮ ਆਉਗਾ।
(ਬਿਸ਼ਨਾ ਇਸ ਆਵਾਜ਼ 'ਤੇ ਇਸ ਤਰਾਂ ਦਾ ਪ੍ਰਤੀਕਰਮ ਕਰਦਾ ਹੈ ਜਿਵੇਂ ਖਿਝ ਗਿਆ ਹੋਵੇ।)
ਕੈਲਾ : ਲਗਦੈ ਸਵੇਰ ਹੋਣ ਵਾਲੀ ਏ।
ਆਵਾਜ਼ : ਵੇ ਤੂੰ ਵਸ ਵੇ ਜਮਾਂ ਦੇ ਪੈਣਾ
ਬੰਦਿਆ ਗੁਮਾਨ ਨਾ ਕਰੀਂ।
ਬਿਸ਼ਨਾ : (ਵਿਅੰਗ 'ਚ ਹਸਦਾ ਹੈ।) ਚੱਲ, ਤੁਰ ਏਥੋਂ।
(ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦੈ ਤੇਰੀ ਡਾਹਡੇ ਨਾਲ ਪ੍ਰੀਤ। ਦੋਹਾਂ ਘਰਾਂ ਚੋਂ ਆਵਾਜ਼ਾਂ ਆਉਣ ਲਗਦੀਆਂ ਹਨ। ਚੁਬਾਰੇ 'ਚ ਸ਼ੇਰਾ ਛਾਲ ਮਾਰ ਕੇ ਉਠਦਾ ਹੈ ਤੇ ਹੇਠਾਂ ਵੱਲ ਭਜਦਾ ਹੈ। ਅੰਦਰੋਂ ਪ੍ਰੀਤਮ ਸਾਫ਼ਾ ਬੰਨਦਾ ਹੋਇਆ ਆਂਦਾ ਹੈ ਤੇ ਸੁੱਤੇ ਪਏ ਮਿੱਠੂ ਨੂੰ ਦੇਖਦਾ ਹੈ। ਕਾਹਲੀ

ਕੈਲੇ : (ਵਿਅੰਗ 'ਚ) ਕਿੱਥੇ? ਉੱਥੇ। (ਬਿਸ਼ਨਾ ਖਚਰਾ ਜਿਹਾ ਹਸਦਾ ਹੈ।)
(ਕਾਹਲੀ ਸ਼ੇਰਾ ਲੰਘਦਾ ਹੈ।)
ਸ਼ੇਰਾ : ਸਸਰੀਕਾਲ ਚਾਚਾ ਸਿਆਂ
ਪ੍ਰੀਤਮ : ਸਸਰੀਕਾਲ ਵਈ ਸ਼ੇਰਿਆ......, ਜਿਉਂਦਾ ਰਹਿ। ਉਸ ਦੇ ਜਾਣ ਤੋਂ ਬਾਦ ਮਿੱਠੂ ਵੱਲ ਦੇਖਦਾ ਹੈ। ਮਿੱਠੂ ਵੱਖ ਲੈ ਕੇ ਸੌਂ ਜਾਂਦਾ ਹੈ। ਮੁੜ ਕੇ ਕੈਲੇ ਦੀ ਫੋਟੋ ਵੱਲ ਦੇਖਦਾ ਹੈ ਤੇ ਫੇਰ ਸੁੱਤੇ ਪਏ ਮਿੱਠੂ ਨੂੰ। ਬੁੜ -ਬੁੜਾਂਦਾ ਬਾਹਰ ਨਿਕਲ ਜਾਂਦਾ ਹੈ। ਪਿਛਲੇ ਘਰੋਂ ਸੀਤੋ ਥਾਲ ਲਈ ਲੰਘਦੀ ਹੈ। ਤੇਜਾ ਵੀ ਮੰਜਾ ਚੁੱਕ ਕੇ ਅੰਦਰ ਨੂੰ ਜਾਂਦਾ ਹੈ।)
ਆਵਾਜ਼ : ਤੈਨੂੰ ਤਰਨੀ ਵੈਤਰਣੀ ਪੈਣੀ
ਵੱਡਾ ਤੂੰ ਤੈਰਾਕ ਬਣਦਾਂ
ਬਿਸ਼ਨਾ : ਇਨ•ਾਂ ਤੇ ਯਾਰ , ਦੇਖਿਆ ਵੀ ਨਹੀਂ ਸਾਡੇ ਵੱਲ!
ਕੈਲਾ : ਪੱਤੇ ਝੜਦੇ ਫੁੱਲ ਡਿਗਦੇ। ਕੌਣ ਦੇਖਦਾ, ਉਹ ਵੀ ਭਰੇ ਮੇਲੇ 'ਚ। (ਵਿਅੰਗ) ਤੂੰ ਦੇਖਿਆ ਸੀ ਕਦੇ .... ਜੀਉਂਦੇ ਜੀ?
(ਪਿਛਲੇ ਪਾਸਿਓਂ ਟੋਕਰਾ ਲਈ ਜੀਤ ਲੰਘਦੀ ਹੈ।)
ਬਿਸ਼ਨਾ : (ਹੈਰਾਨ। ਬਰਬਸ ਮੁੰਹੋ ਨਿਕਲਦਾ ਹੈ।) ਜੀਤ! (ਉਹ ਨਿਕਲ ਜਾਂਦੀ ਹੈ। ਬਿਸ਼ਨਾ ਕੈਲੇ ਵੱਲ ਦੇਖਦਾ ਹੈ।)
ਕੈਲਾ : ਹੱਥੀਂ ਤੋੜੀਆਂ ਮੁੜ ਨੀ ਜੁੜਦੀਆਂ .... ਚਲ ਛੱਡ।
ਬਿਸ਼ਨਾ : ਪਰ ਇਹ ਤੇ......। (ਵਾਕ ਅਧੂਰਾ ਛੱਡ ਕੇ, ਆਵਾਜ਼ਾਂ ਮਾਰਦਾ ਪਿੱਛੇ ਨੂੰ ਜਾਂਦਾ ਹੈ।) ਜੀਤ।
ਕੈਲਾ : (ਹੱਸਦਾ) ਓ ਮੁੜ ਆ ਵੱਡਿਆ ਮਿਰਜ਼ਿਆ। ਮਰ ਕੇ ਵੀ ਟਿਕਾ ਨੀ ਇਨ•ਾਂ ਨੂੰ। (ਪੌੜੀ ਚੜ ਕੇ ਉਪਰ ਵੱਲ ਨੂੰ ਜਾਂਦਾ ਹੈ। ਦੂਜੇ ਪਾਸਿਓਂ ਦੋ ਅਮਲੀ ਆਉਂਦੇ ਹਨ। ਕੈਲਾ ਝਕਦਾ ਝਕਦਾ ਬਿਸ਼ਨੇ ਦੇ ਚੌਬਾਰੇ ਅੰਦਰ ਵੜਦਾ ਹੈ।)
2 : (ਦੂਜੇ ਨੂੰ ਸਿਗਰਟ ਫੜਾਂਦੇ ਹੋਏ।) ਲੈ ਫੜ ਕਰ ਐਸ਼।
(1 ਨੰਬਰ ਖਿੱਚ ਕੇ ਸੂਟਾ ਮਾਰਦਾ ਹੈ।) ਵੇਖੀ ਵੇਖੀ ਸੰਭਲ ਕੇ ਰਤਾ। (ਹਸਦਾ ਹੈ।
1 : (ਸਿਰ ਝਟਕਦਾ ਹੈ।) ਓ ਭੈਣ ਦੇਣੀ, ਭੁਆਂਟਣੀ ਲਿਆ ਤੀ ਉਇ। ਕੀ ਪਾਇਆ ਇਹ 'ਚ?
2 : ਕਿਰਲੀ ਦੀ ਪਾਈ ਏ ਪੂੰਛ।
1 : ਅਸ਼ਕੇ। (ਸਿਗਰਟ ਉਸ ਨੂੰ ਫੜਾਂਦਾ ਹੈ।) ਨਹੀਂ ਰੀਸਾਂ।
2 : (ਸੂਟਾ ਮਾਰਦੇ ਹੋਏ) ਕਿਓਂ, ਮਾਰਦੀ ਏ ਨਾ ਡੰਗ।
1 : ਮੈਂ ਸੁਣਿਆ ਯਾਰ, ਇਹ ਕਿਰਣਾ ਨੀ, ਏ ਬਚਨੇ ਕਾ, ਸੱਪ ਡੰਗਾਉਣ ਲਗ ਪਿਆ, ਨਾਥ ਵਾਂਗੂ ਜੀਭ 'ਤੇ। ਮੈਂ ਕਿਹਾ ਲੈ ਗਿਆ ਲੱਜ਼ਤ।
2 : ਰਹਿਣ ਦੇ ਰਹਿਣ ਦੇ ਗਪੋੜੀਆ। ਏਡੇ ਜੋਗਾ ਨੀ ਹਾਲੇ ਛੱਡੀ ਜਾਨੈਂ ਤੜਕੇ ਈ ਤੜਕੇ, (ਕੜਲ ਪੈਂਦੀ ਹੈ।) ਹਾਏ ਏਡੇ ਜੋਗਾ ਨੀ ਹਾਲੇ । (ਲੱਤ ਸਿੱਧੀ ਕਰਦੇ ਹੋਏ।) ਰੀਸਾਂ ਕਰਨੀਆਂ ਨਾਥ ਦੀਆਂ ਹੈਂਅ।
1 : ਲੈ ਸੋਂਹ ਪਾ ਲੈ ਭਾਵੇਂ। ਉਹ ਆਉਂਦਾ ਮਿੱਠੂ ਇਹ ਤੋਂ ਪੁਛ ਲੈ। (ਮਿੱਠੂ ਅੱਖਾਂ ਮਲਦਾ ਹੋਇਆ ਆ ਕੇ ਬੈਠਦਾ ਹੈ।) ਕਿਉਂ ਉਇ ਮਿੱਠੂਆ
ਮਿੱਠੂ : ਅੱਖਾਂ ਤਾਂ ਖੁੱਲ ਲੈਣ ਦਿਓ ਯਾਰ ¸। ਪਹਿਲੋ ਈ ਮੰਗ ਪਾ ਕੇ ਬਹਿ ਜਾਂਦੇ ਆ।
1 : ਓ ਮੈਂ ਤੇ ਭਤੀਜ।
ਮਿੱਠੂ : ਲੈ ਵੇਖ ਲੈ ਮੇਰੀ ਜੋਗੀ ਮਸਾਂ (ਸ਼ੀਸ਼ੀ ਪੀਂਦਾ ਹੈ।)
2 : ਚਲ ਉਇ ਤੁਰ ਏਥੋਂ।
ਮਿੱਠੂ : ਨਾ ਕਿੱਥੇ ਜਾਏਂਗਾ।
2 : ਕਰਦੇ ਆਂ ਕੋਈ ਹੀਲਾ ਵਸੀਲਾ
1 : ਭਾਗੋ ਤੂੰ ਚੋਲ ਖਾ ਸਾਡੀ ਖੈਰ ਹੈ।
(ਸੁੱਖੋ ਨੂੰ ਆਂਦੀ ਨੂੰ ਦੇਖ ਮਿੱਠੂ ਚੁਪ ਕਰ ਜਾਂਦਾ ਹੈ। ਸੁੱਖੋ ਬੁਹਾਰੀ ਦਿੰਦੀ ਹੋਈ ਨਾਲ-ਨਾਲ ਗਾਉਂਦੀ ਹੈ।)
ਸੁੱਖੋ : ਸੁੱਚੀ ਜ਼ਰੀ ਦਾ ਮੈਨੂੰ ਸੂਟ ਸਵਾ ਦੇ -2 - ਪੰਜ ਸੱਤ ਚੁੰਨੀਆਂ ਜੋੜ ਦੇ ...। (ਕੈਲੇ ਦੀ ਫੋਟੋ ਸਾਫ ਕਰਨ ਲਗਦੀ ਹੈ। ਉਪਰੋਂ ਖਿੜਕੀ ਵਿੱਚੋਂ ਦੀ ਦੇਖਦਾ ਹੈ।)
ਕੈਲਾ : ਕੁਝ ਵੀ ਕਹਿ ਬਿਸ਼ਨਿਆ.... ਸ਼ੇਰੇ ਨੇ ਘਰ ਚੰਗਾ ਸਾਂਭਿਆ .... ਸਾਡੇ ਵਾਲਾ ਤਾਂ ਦੇਖ ਲੈ
(ਸੁੱਖੋ ਫੇਰ ਝਾੜੂ ਦਿੰਦੀ ਗਾਉਣ ਲਗਦੀ ਹੈ।)
ਸੁੱਖੋ : ਪੰਜ ਸੱਤ ਚੁੰਨੀਆਂ ਜੋੜ ਦੇ, ਮਾਏ ਨੀ ਮੇਰਾ ਅੱਜ ਮੁਕਲਾਵਾ ਤੌਰ ਦੇ, ਮਾਏ ਨੀ ਮੇਰਾ (ਅੰਦਰੋ ਮੇਲੋ ਦੀ ਆਵਾਜ਼ ਆਉਂਦੀ ਹੈ :
(ਸੁੱਖੋ ਨੀ ਸੁੱਖੋ ..... ਕੁੜੇ ਪਾਣੀ ਦੇਈਂ ਘੁੱਟ, ਗਲਾ ਸੁਕਦਾ ਪਿਆ।)
ਸੁੱਖੋ : ਆਉਨੀ ਆਂ ਮਾਂ ਇੱਕ ਮਿੰਟ। (ਉਂਜ ਹੀ ਝਾੜ-ਪੁੰਝ 'ਚ ਲੱਗੀ ਰਹਿੰਦੀ ਹੈ ਤੇ ਗੁਣਗੁਣਾਂਦੀ ਹੈ।) ਮੇਰਾ ਅੱਜ ਮੁਕਲਾਵਾ ਤੋਰ ਦੇ। (ਮਿੱਠੂ ਦਬੇ ਪੈਰੀਂ ਆ ਕੇ ਉਸ ਨੂੰ ਡਰਾਂਦਾ ਹੈ। ਸੁੱਖੋਂ ਤ੍ਰਭਕਦੀ ਹੈ। ਮਿੱਠੂ ਖੁਲ ਕੇ ਹਸਦਾ ਹੈ।)
ਸੁੱਖੋ : ਫਿਟੇ ਮੂੰਹ ਤੇਰਾ। ਮੈਂ ਕਿਹਾ ਪਤਾ ਨੀ ਕਿਹੜਾ ਜਨੌਰ ਏ।
ਮਿੱਠੂ : (ਛੇੜਖਾਨੀ ਦੇ ਅੰਦਾਜ਼ 'ਚ) ਜਨੌਰ ਤਾਂ ਜਨੌਰ ਸਹੀ , ਐਂ ਦਸ ਕਿਧਰ ਦੀਆਂ ਤਿਆਰੀਆਂ ਹੋ ਰਹੀਆਂ ਸਵੇਰੇ ਸਵੇਰੇ ...... ਹੈਂਅ ...... ਚੋਰੀ ਚੋਰੀ ਕਿਤੇ.(ਹਸਦਾ)
ਸੁੱਖੋ : ਜਾ ਵੇ, ਐਵੇਂ ਭਕਾਈ ਨਾ ਮਾਰਿਆ ਕਰ ਵੇਲੇ। ਜਾਣਾ ਮੈਂ ਵਲੈਤ।
ਮਿੱਠੂ : ਤੇ ਮੈਂ ਹੋਰ ਕੀ ਕਹਿਨਾਂ (ਸੈਣਤ ਨਾਲ ਉਸ ਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਹੈ।) ਵਲੈਤ ਹੀ ਘੱਲਾਂਗੇ।
ਸੁੱਖੋ : ਰਹਿਣ ਦੇ ਤੂੰ ਗੱਲਾਂ ਨੂੰ
ਮਿੱਠੂ : ਸੁੱਚੀ ਜ਼ਰੀ ਦਾ ਤੈਨੂੰ ਸੂਟ ਸਵਾ ਦਿਆਂ, ਵਿੱਚ ਅੰਬਰੀ ਤਾਰੇ ਜੋੜ ਦਿਆਂ, ਭੈਣੇ ਨੀ ਤੇਰਾ ਹੁਣ ਮੁਕਲਾਵਾ ਤੌਰ ਦਿਆਂ।
ਸੁੱਖੋ : ਤੂੰ ਸਵਾ ਕੇ ਦੇਣੇ ਮੈਨੂੰ ਸੂਟ
ਮਿੱਠੂ : ਸੱਚੀਓਂ ਕਰਨਾ ਈ ਪਊ ਹੁਣ ਤੇ ਕੁਝ। (ਸਿਰ ਖੁਰਕਦਾ) ਰੁਪਏ ਤਾਂ 20 ਦੇਈਂ।
ਸੁੱਖੋ : (ਸਾਰੀ ਗੱਲ ਸਮਝ ਕੇ ਘੂਰਦੀ) ਪਹਿਲਾਂ ਐਂ ਦਸ ਮੈਨੂੰ ..., ਰਹਿੰਦਾ ਕਿੱਥੇ ਐਂ ਸਾਰਾ ਦਿਨ ..... ਮਾਂ ਮੇਰਾ ਸਿਰ ਖਾਈ ਜਾਊ ਨੀ ਆਇਆ ਨਹੀਂ ਨੀ ਹਾਲੇ।)
ਮਿੱਠੂ : ਤੂੰ ਮਾਈ ਈ ਛੱਡ ਉਨ•ੇ ਤਾਂ ਐਂ ਈ ਮਾਰੀ ਜਾਣੀਆਂ। (ਸ਼ਰਾਰਤ ਨਾਲ ਸੈਣਤ ਕਰਦਾ ਹੈ।) ਆਉਣ ਵਾਲਾ ਤੇ ਆ ਵੀ ਗਿਆ , ਤੇ ਉਹਨੇ ਮੁੜ ਵੀ ਜਾਣਾ ਛੇਤੀ
ਸੁੱਖੋ : ਕੌਣ ਕਿਹਦੀ ਗੱਲ ਕਰਦਾਂ?
ਮਿੱਠੂ : ਜਸਪਾਲ। (ਸੁੱਖੋ ਦੇ ਭਾਵ ਬਦਲਦੇ ਹਨ।) ਛੋਟਾ ਭਰਾ ਮਿਲਿਆ ਸੀ ਉਹਦਾ, ਜੀਵਨ। (ਕੈਲਾ ਖਿੜਕੀ ਬੰਦ ਕਰਦਾ)
ਸੁੱਖੋ : (ਮੁੰਹ ਫੇਰ ਕੇ ਕੰਮ 'ਚ ਰੁਝਦੀ ਹੈ।) ਮੈਨੂੰ ਕੀ ਏ ਫੇਰ ..... ਜੇ ਆਇਆ ਤੇ।
ਮਿੱਠੂ : (ਅੱਖਾਂ 'ਚ ਝਾਕਦੇ ਹੋਏ) ਅੱਛਾ ਜੀ।
ਸੁੱਖੋ : ਹਟ ਵੇ, ਹਰ ਵੇਲੇ ਘੋਖਾ ਈ ਕੱਢਦਾ ਰਹੂ।
ਮਿੱਠੂ : (ਚਿੜਾਂਦਾ ਹੈ) ਇੱਕ ਦਿਨ ਮਾਹੀ ਦੇ ਘਰ ਜਾਣਾ
ਨੀ ਜਿੰਦੇ ਕੋਈ ਚੱਜ ਸਿਖ ਲੈ
ਏਥੇ ਬੈਠ ਸਦਾ ਨਈਓਂ ਰਹਿਣਾ
ਨੀ ਜਿੰਦੇ ...................
(ਮਿੱਠੂ ਉਸ ਨੂੰ ਠਿਠ ਕਰਦਾ ਹੈ। ਸੁੱਖੋ ਮਾਰਨ ਲਈ ਪਿੱਛੇ ਦੌੜਦੀ ਹੈ। ਮਿੱਠੂ- ਲਿਆ 20 ਰੁਪਏ। ਮੋਹਰਿਓਂ ਮੇਲੋ ਆਉਂਦੀ ਹੈ।)
ਮੇਲੋ : ਵੇ ਤੁਸੀਂ ਕੀ ਖੌਰੂ ਪਾਇਆ ਦੋਹਾਂ ਨੇ। ਨੀ ਤੂੰ ਨੀ ... ਪਾਣੀ ਮੰਗਿਆ ਸੀ ਤੈਥੋਂ ਘੁਟ।
ਸੁੱਖੋ : ਉਹਨੂੰ ਨੀ ਕੁਝ ਕਹਿ ਹੁੰਦਾ। ਹਰ ਵੇਲੇ ਮੇਰੇ ਈ ਪਿੱਛੇ ਪਈ ਰਹੂ।
ਮੇਲੋ : ਉਹ ਤਾਂ ਹੈ ਈ ਇਹੋ ਜਿਹਾ ..... ਤੂੰ ਵੀ ਨਾਲ ਸੁਦੈਣ ਹੋ ਗਈ¸। (ਮਿੱਠੂ ਨੂੰ) ਨਾ ਕੀ ਆ ਵੇ ........
ਮਿੱਠੂ : (ਹਸਦਾ) ਗੱਲ ਵਿੱਚੋਂ ਇਹ ਹੈ ... ਪਈ ਜਸਪਾਲ ਆਇਆ ਹੋਇਆ .... ਤੇ ਇਹਦਾ ਵੀ ਦਿਲ ਨਹੀਂ ਲਗਦਾ ਹੁਣ ਏਥੇ । (ਹਸਦਾ ਹੈ।)
ਸੁਖੋ : ਦੇਖ ਲੈ ਕਿਵੇਂ ਬੋਲੀ ਜਾਂਦਾ ਅਵਾ-ਤਵਾ।
ਮਿੱਠੂ : ਅੱਛਾ, ਤੇ ਫੇਰ ਗਾਉਂਦਾ ਕੌਣ ਸੀ 'ਮੇਰਾ ਅੱਜ ਮੁਕਲਵਾ ਤੋਰ ਦੇ '
ਸੁਖੋ : ਠਹਿਰ ਤਾਂ ਤੂੰ ਮਿੱਠੂ ਦਿਆ ਬੱਚਿਆ (ਮਾਰਨ ਪੈਂਦੀ ਹੈ। ਧੱਕਾ ਖਾ ਕੇ ਆਪ ਹੀ ਮੰਜੇ 'ਤੇ ਡਿਗ ਪੈਂਦੀ ਹੈ। ਮਿੱਠੂ ਹਸਦਾ ਹੈ। ਮੇਲੋ ਵੀ ਖ਼ੁਸ਼ ਹੈ। ਸੁੱਖੋ ਉਸ ਨੂੰ ਮੂੰਹ ਚਿੜਾਂਦੀ ਹੈ।) ਮੈਂ ਦਿੰਨੀ ਤੈਨੂੰ ਰੁਪਏ ।
ਮਿੱਠੂ : ਐਤਕੀਂ ਤਾਂ ਤੋਰ ਈ ਦਿਓ। ਪੁੰਨ ਹਊਗਾ ਬੇਬੇ ਪੁੰਨ।
ਮੇਲੋ : (ਹਸਦੇ ਹੋਏ) ਵੇ ਜਾ ਵੇ ਮਰਾਸੀਆ, ਤੂੰ ਤੇ ਮਰਾਸੀਆਂ ਦੇ ਜੰਮਣਾ ਸੀ। (ਸੁੱਖੋ ਫੇਰ ਉਸ ਨੂੰ ਦੰਦੀਆਂ ਚਿੜਾਂਦੀ ਹੈ।)
ਮਿੱਠੂ : ਹੁਣ ਟਰਾਈ ਮਾਰ ਲੈਨੇ ਆਂ। ਜੱਟਾਂ ਦੇ ਜੰਮ ਕੇ ਵੀ ਕਿਹੜੇ ਖੋਹਣ ਖੋਹ ਲਏ¸।
ਮੇਲੋ : ਜਾ ਨੀ ਰੋਟੀ ਟੁਕ ਕਰ ਲੈ ਕੁਝ ...। ਫੇਰ ਬਹਿ ਜਾਏਗੀ ਕਿਤਾਬਾਂ 'ਚ ਸਿਰ ਦੇ ਕੇ। ਇਹਨੇ ਤਾਂ ਬੋਲੀ ਓ ਜਾਣਾ ¸।
(ਸੁੱਖੋ ਬੁੜਬੁੜ ਕਰਦੀ ਅੰਦਰ ਜਾਂਦੀ ਹੈ।)
ਮਿੱਠੂ : (ਫੇਰ ਛੇੜਦਾ ਹੈ।) ਨੀ ਜਿੰਦੇ ਕੋਈ ਚੱਜ ਸਿੱਖ ਲੈ¸।
ਮੇਲੋ : ਵੇ ਤੈਨੂੰ ਕੀਹਨੇ ਦਸਿਆ ਜਸਪਾਲ ਦੇ ਆਉਣ ਦਾ।
ਮਿੱਠੂ : ਇੱਕ ਤੁਹਾਨੂੰ ਛੱਡ ਕੇ ਸਾਰੇ ਇਲਾਕੇ ਨੂੰ ਪਤਾ।
ਮੋਲੋ : ਕੋਈ ਚਿੱਠੀ ਨੀ ਪੱਤਰ ਨੀ। ਨਾ ਸੁਨੇਹਾ ਘੱਲਿਆ।
ਮਿੱਠੂ : ਮੁੰਡਾ ਅਮਰੀਕਾ ਤੋਂ ਆਇਆ ਮਾਤਾ।
ਮੇਲੋ : (ਚਿੰਤਾ ਲੁਕੋਂਦੇ ਹੋਏ) ਕੋਈ ਨੀ ਵੇ, ਆਉਂਦਾ ਤੇਰਾ ਬਾਪੂ ਤੇ ਘੱਲਦੀ ਆਂ।
ਮਿੱਠੂ : ਤੁਸੀਂ ਸੋਚਾਂ ਦੀ ਸੋਚਦੇ ਰਹਿ ਜਾਣ ਤੇ ਕਬੂਤਰ ਕਿਸੇ ਹੋਰ ਈ ਛਤਰੀ 'ਤੇ ਜਾ ਬੈਠਣਾ। (ਸੁੱਖੋ ਝਾੜੂ ਚੁਕਣ ਦੇ ਬਹਾਨੇ ਆਉਂਦੀ ਹੈ ਤੇ ਉਨ•ਾਂ ਦੀਆਂ ਗੱਲਾਂ ਸੁਣਦੀ ਹੈ। ਚਿਹਰੇ 'ਤੇ ਡਰ ਅਤੇ ਚਿੰਤਾ ਝਲਕਦੀ ਹੈ।)
ਮੇਲੋ : ਚਜ ਦੀ ਭਾਖਿਆ ਕੱਢਿਆ ਕਰ ਵੇ ਮੁੰਹੋਂ।
ਮਿੱਠੂ : ਦੁਨੀਆ ਬੜੀ ਗਾਂਹ ਲੰਘ ਗਈ ਮਾਤਾ। ਹੁਣ ਇਹ ਉਹ ਵਾਲਾ ਜਸਪਾਲ ਨਹੀਂ।
ਮੇਲੋਂ : (ਖੰਘਦੀ) ਤੇ ਹੋਰ ਕੌਣ ਏ
ਮਿੱਠੂ : ਪਤਾ ਕੁਝ ਕਿੰਨੀ ਸਾਲੀਂ ਮੁੜਿਆ। ਗਰੀਨ ਕਾਰਡ ਅਗਲੇ ਦੀ ਜੇਬ 'ਚ ਹੈ, ਹਰੀ ਝੰਡੀ ਸੁਰਗਾਂ ਦੀ । ਸਮਝੀ ਕੁਲਾਂ ਤਰ ਜਾਂਦੀਆਂ ਕੁਲਾਂ।
(ਸੁੱਖੋ ਤੀਲਾਂ ਕੱਠੀਆਂ ਕਰਦੀ ਹੋਈ)
1. : (ਅੰਦਰ ਹੀ) ਤੋਰਾਂਗੇ ਵੇ, ਇੱਕ ਤੋਰ ਕੇ ਤਾਂ ਲੋਟ ਨਹੀਂ ਆਏ ਅੰਦਰ ਜਾਂਦੀ ਗੁੱਸੇ 'ਚ ਹੈ। ਮਿੱਠੂ ਫੇਰ ਖੰਘੂਰਾ ਮਾਰ ਕੇ ਛੇੜਦਾ ਹੈ।)
ਮਿੱਠੂ : ਮਿ. ਜਸਪਾਲ ਸਿੰਘ ਯੂ. ਐਸ. ਏ.। (ਹਵਾਜੀ ਜਹਾਜ ਦੀ ਆਵਾਜ਼ ਕੱਢਦਾ ਹੈ)
ਮੇਲੋ : (ਮਨ ਅੰਦਰਲੇ ਤੋਖਲਿਆਂ ਨੂੰ ਜਿਵੇਂ ਹੱਥ ਨਾਲ ਲਾਂਭੇ ਕਰਨ ਦੀ ਕੋਸ਼ਿਸ਼ ਕਰਦੀ ਹੈ।) ਵੇ ਫੇਰ ਕੀ ਐ, ਹੈ ਤੇ ਉਹੀ¸। ਆਪਣੇ ਕੈਲੇ ਦਾ ਆੜੀ।
ਮਿੱਠੂ : ਉਹ ਜ਼ਮਾਨਾ ਲਦ ਗਿਆ। ਲੋਕੀ ਥਾਲੀਆਂ 'ਚ ਰਿਸ਼ਤੇ ਲਈ ਫਿਰਦੇ ਉਨ•ਾਂ ਪਿੱਛੇ। ਤੇ ਤੁਹਾਡੇ ਲਈ ਉਹ ਉਹੀ ਐ।
ਮੇਲੋ : ਫਿਰਦੇ ਆ ਤਾਂ ਲਈ ਫਿਰਨ। ਕੌਲ ਕਰਾਰ ਵੀ ਕੋਈ ਚੀਜ਼ ਹੁੰਦੇ।
ਮਿੱਠੂ : ਕੌਲ ਜੀਹਦੇ ਨਾਲ ਸੀ ਉਹਨੂੰ ਗਿਆਂ ਜੁਗ ਹੋ ਗਏ। (ਚੁੱਪੀ) ਸ਼ਹਿਦ ਲਾ ਕੇ ਚੱਟੋ ਹੁਣ ਕਰਾਰਾਂ ਨੂੰ। (ਚੁੱਪੀ)
ਮੇਲੋ : ਫਸਲ ਬਾੜੀ ਤਾਂ ਸਾਂਭ ਲਈਏ, ਉੱਤੋਂ ਇਹ ਬੱਦਲ ਆਉਂਦਾ ਚੜਿਆ ਰੁੜ ਜਾਣਾ। (ਸਾਹ ਚੜ ਜਾਂਦਾ ਹੈ।) ਮੇਰੇ 'ਚ ਤਾਂ ਆਪ ਸੱਤਿਆ ਨਹੀਂ ਰਹੀ (ਖੰਘ ਛਿੜ ਜਾਂਦੀ ਹੈ।)
ਮਿੱਠੂ : ਸੁੱਖੋ ਪਾਣੀ ਲਿਆਈ ਫਟਾਫਟ। (ਕੋਲ ਆ ਕੇ ਉਸ ਦੀ ਪਿੱਠ ਮਲਦਾ ਹੈ। ਖਿੜਕੀ ਵਿੱਚੋਂ ਕੈਲਾ ਵੀ ਦੇਖਦਾ ਹੈ। ਸੁੱਖੋ ਪਾਣੀ ਲੈ ਕੇ ਆਉਂਦੀ ਹੈ।) ਉਰਾਂ ਫੜਾ ਛੇਤੀ।
ਸੁੱਖੋ : ਕੀ ਹੋਇਅ? (ਮਿੱਠੂ ਪਾਣੀ ਪਿਆਂਦਾ ਹੈ।)
ਮੇਲੋ : ਕੁਝ ਨਹੀਂ ਹੋਇਆ ਨੀ ਮੈਨੂੰ। ਕਿਤੇ ਨੀ ਮਰਦੀ ਮੈਂ(ਔਖੇ ਸਾਹ ਭਰਦੀ ਹੈ।) ਇਹ ਸਰੀਰ ਈ ਪੱਛੀ ਲਗਣਾ ਸਾਹ ਨੀ ਆਣ ਦਿੰਦ।
ਸੁੱਖੋ : ਧੂੰਆ ਈ ਏਨ•ਾ ਹੋਇਆ ਪਿਆ ਚੰਗੇ ਭਲੇ ਦਾ ਦਮ ਘੁਟਦਾ। ਚਲ ਅੰਦਰ ਜਾ ਕੇ ਪੈ ਜਾ।
ਮੇਲੋ : ਕਿਤੇ ਵੀ ਚੈਨ ਨੀ, ਅੰਦਰ¸ਬਾਹਰ¸ਸਭ।
ਮਿੱਠੂ : ਦਵਾਈ ਖਾਧੀ ਸੀ ਇਹਨੇ?
ਸੁੱਖੋ : ਰਾਤ ਤਾਂ ਦਿੱਤੀ ਸੀ ਮੈਂ।
ਮਿੱਠੂ : ਏਨ•ਾ ਕੰਮ ਨੀ ਕਰ ਸਕਦੀਆਂ ਘਰ ਬੈਠੀਆਂ। ਰਾਤ ਦਿੱਤੀ ਸੀ¸
ਮੇਲੋ : ਵੇ ਉਹਦੇ ਕਾਹਨੂੰ ਗਲ ਪਈ ਜਾਨੈ। (ਸਾਹ ਚੜਿਆ) ਹੈ ਈ ਇੱਕ ਖੁਰਾਕ ਸੀ। ਬਥੇਰੀਆ ਖਾ ਲਈਆਂ ਦਵਾਈਆਂ। (ਸੁੱਖੋ ਅੰਦਰ ਜਾਂਦੀ ਹੈ।)
ਮਿੱਠੂ : ਮੁੱਕ ਗੀ ਸੀ ਤੇ ਦਸਣਾ ਨਹੀਂ ਸੀ ਫੇਰ।
ਮੇਲੋ : ਵੇ ਕਾਹਨੂੰ ਔਖਾ ਭਾਰਾ ਹੋਈ ਜਾਨਾ ਕੁੜੀ ਨਾਲ। ਮਨ ਭਰ ਗਿਆ ਮੇਰਾ ਚੰਦਰੀਆਂ ਦਵਾਈਆਂ ਤੋਂ। ਪਤਾ ਨੀ ਕਦੋਂ ਖਹਿੜਾ ਛੁਟਣਾ। (ਉੱਚੀ) ਵੇ ਸੁਣਦਾਂ ਜਾ, ਜੈਲਦਾਰਾ ਦੀ ਮੋਟਰ ਤੇ ਦੇਖ ਆ ਮੇਰਾ ਪੁੱਤਰ, ਬਾਪੂ ਹੋਊ ਤੇਰਾ। ਆਇਆ ਨੀ ਸਵੇਰ ਦਾ। ਕਣੀਆਂ ਵੀ ਸ਼ੁਰੂ ਹੋ ਗਈਆਂ ਲਗਦੀਆਂ।
ਮਿੱਠੂ : ਇਹ ਚੰਦਰੇ ਕੰਮ ਨੀ ਹੁੰਦੇ ਮੈਥੋਂ। ਨਾ ਮੈਨੂੰ ਕਿਹਾ ਕਰ । (ਚਲਾ ਜਾਂਦਾ ਹੈ।)
ਮੇਲੋ : ਵੇ ਹੋਰ ਤੂੰ ਕੀ ਕਰਨਾ। ਉਹ ਕੱਲਾ ਕਾਰਾ ਖੋਝਲਦਾ ਹਊ ਤੁਹਾਡੀ ਜਾਨ ਨੂੰ। (ਸਾਹ ਚੜਦਾ ਹੈ।)
(ਕੈਲਾ ਉਪਰੋਂ ਦੇਖਦਾ ਹੈ। ਜੀਤ ਬਾਹਰੋਂ ਆਂਦੀ ਹੈ। ਥੋੜੀ ਦੂਰ ਤੇ ਬਿਸ਼ਨਾ ਵੀ ਆਂਦਾ ਹੈ। ਜੀਤ ਮੇਲੋ ਦੀ ਹਾਲਤ ਦੇਕ ਕੇ ਉਸ ਵੱਲ ਵਧਦੀ ਹੈ।)
ਜੀਤ : ਪੈਰੀ ਪੈਨੀਂ ਬੇ ਜੀ । ਕੀ ਗੱਲ
ਮੇਲੋ : ਜੀਉਂਦੀ ਰਹਿ ਕੁੜੇ । ਕਦੋਂ ਆਈ?
(ਜੀਤ ਦੇ ਬੋਲਣ ਤੋਂ ਪਹਿਲਾਂ ਈ ਪਿੱਛੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।)
ਸੀਤੋ : ਕੀ ਬੁੜ ਬੁੜ ਕਰੀ ਜਾਨਾਂ ਸਵੇਰ ਦਾ।
ਤੇਜਾ : ਇੱਕ ਨੂੰ ਖਾ ਕੇ ਢਿਡ ਨੀ ਭਰਿਆ।
ਮੇਲੋ : (ਹੱਥ ਨਾਲ ਅਚੇਤ ਹੀ ਟਾਲਣ ਜਾਂ ਪਿੱਛਾ ਛੁਡਾਣ ਦਾ ਜੈਸਚਰ ਕਰਦੀ ਹੈ।) ਜਾ ਕੁੜੇ ਮੈਂ ਠੀਕ ਆਂ।
(ਜੀਤ ਕਾਹਲੀ ਕਾਹਲੀ ਟੋਕਰਾ ਚੁੱਕ ਕੇ ਜਾਂਦੀ ਹੈ। ਬਿਸ਼ਨਾ ਵੀ ਕੈਲੇ ਨੂੰ ਦੇਖ ਕੇ ਉਪਰ ਚੜਨ ਲੱਗਦਾ ਹੈ।)
ਤੇਜਾ : ਗਈ ਕਿੱਥੇ ਐ ਤੜਕੇ ਦੀ ਸਜ ਧਜ ਕੇ।
ਸੀਤੋਂ : ਤੂੰ ਹੁੰਦਾ ਕੌਣ ਏ ਪੁੱਛਣ ਵਾਲਾ-ਹੈਂਅ।
ਤੇਜਾ : ਹੁੰਨਾ ਮੈਂ।
ਸੀਤੋ : ਪਤਾ ਮੈਨੂੰ ਜਿਹੜਾ ਹੁੰਨਾਂ ਤੂੰ £
(ਬਿਸ਼ਨਾ ਪੌੜੀ ਦੇ ਅੱਧ ਵਿਚਕਾਰ ਹੀ ਬੈਠ ਜਾਂਦਾ ਹੈ।)
ਬਿਸ਼ਨਾ : ਬੱਲੇ ਬਾਪੂ ਗੜਕਦਾ ਹਾਲੇ।
(ਸੁੱਖੋ ਰੋਟੀ ਲਈ ਆਂਦੀ ਹੈ। ਮੇਲੋ ਉਠ ਕੇ ਅੰਦਰ ਨੂੰ ਜਾਣ ਲੱਗਦੀ ਹੈ।)
ਮੇਲੋ : ਇੱਕ ਤਾਂ ਇਨ•ਾਂ ਦੇ ਨਿਤ ਦੇ ਰੋਣੇ ਨੇ ਖਾ ਲਿਆ।
ਸੁਖੋ : ਤੂੰ ਕਿੱਧਰ ਚੱਲੀ ਹੁਣ?
ਮੇਲੋ : ਅੰਦਰ ਈ ਲੈ ਚੱਲ। ਏਥੇ ਤਾਂ ਡਰ ਆਉਂਦਾ।
ਸੁੱਖੋ ਪਿੱਛੇ ਪਿੱਛੇ ਜਾਂਦੀ ਹੈ। ਤੇਜਾ ਗੁੱਸੇ ਵਿੱਚ ਬੋਲਦਾ ਬਾਹਰ ਨੂੰ ਆਉਂਦਾ ਹੈ।)
ਤੇਜਾ : ਮੁੰਡਾ ਈ ਕੰਜਰ ਖੱਸੀ ਨਿਕਲਿਆ। ਨੀ ਥੋਡੀ ਕੀ ਮਜ਼ਾਲ ਸੀ ਐਂ ਜ਼ਬਾਨ ਚਲਾ ਜਾਂਦੀਆਂ।
ਬਿਸ਼ਨਾ : (ਉੱਚੀ ਆਵਾਜ਼ ਦਿੰਦਾ) ਓ ਬਾਪੂ ਬਾਹਲਾ ਤੱਤਾ ਵਈ।
ਸੀਤੋ : ਏਡਾ ਝੋਰਾ ਏ ਤੇ ਆਪ ਜਾਇਆ ਕਰ। ਮਾਣ ਲੋਕਾਂ ਦੇ ਬੁੜੇ ਸੌ ਖੂਹੀਂ ਜਾਲ ਪਾਉਂਦੇ ਆ।
(ਬਿਸ਼ਨਾ ਵੀ ਥੱਲੇ ਆ ਜਾਂਦਾ ਹੈ। ਕੈਲਾ ਵੀ ਉਸ ਦੇ ਨਾਲ ਆ ਖੜਾ ਹੁੰਦਾ ਹੈ। ਤੇਜਾ ਪਿਛਾਂ ਨੂੰ ਬਾਹਾਂ ਉਲਾਰ ਉਲਾਰ ਕੇ ਬੋਲਦਾ ਬਾਹਰ ਨੂੰ ਨਿਕਲ ਜਾਂਦਾ ਹੈ।)
ਤੇਜਾ : ਬਥੇਰਾ ਕਰ ਤਾ ਸਾਰੀ ਉਮਰ। ਹੁਣ ਫੀਮਾਂ ਬੇਚ ਲਾਂ ਥੋਡੀ ਖਾਤਿਰ।
(ਬਿਸ਼ਨਾ ਤੇ ਕੈਲਾ ਇੱਕ ਦੂਜੇ ਵੱਲ ਦੇਖਦੇ ਹਨ। ਫੇਰ ਆਲੇ ਦੁਆਲੇ ਦੇਖਦੇ ਹੋਏ ਘੁੰਮਦੇ ਹਨ।)
ਬਿਸ਼ਨਾ : ਹੱਦ ਹੋ ਗਈ । ਕੁਝ ਵੀ ਨੀ ਬਦਲਿਆ। ਸਭ ਉਵੇਂ ਦਾ ਉਵੇਂ। (ਆਕਾਸ਼ ਵੱਲ ਦੇਖਦੇ ਹਨ। ਫਰਿਸ਼ਤੇ ਅਤੇ ਪਰੀਆਂ ਪਹਿਲਾਂ ਵਾਂਗ ਕਿਸੇ ਨੂੰ ਢੂੰਢਦੇ ਹੋਏ ਆਂਦੇ ਹਨ।)
ਗੀਤ : ਪੁੱਤਾ ਜਈਆਂ ਪਲੀਆਂ ਥਲਾਂ ਵਿੱਚ ਗਲੀਆਂ
ਟੁੱਟੀਆਂ ਗਿੱਚੀਆਂ ਲਹੂ ਵਿੱਚ ਭਿੱਜੀਆਂ
ਢਿੱਡਾਂ ਵਿੱਚ ਮੁੱਕੀਆਂ ਕਿ ਰੋਣੇ ਪੈ ਗਏ
ਸਿਆਪੇ ਪੈ ਗਏ ।
ਕਹਿਰ ਦੀਆਂ ਨਦੀਆਂ ਸਮਾਨੋਂ ਫਟੀਆਂ
ਵਹਿਸ਼ਤਾਂ ਨੰਗੀਆਂ ਘਰਾਂ ਵਿੱਚ ਨੱਚੀਆਂ
ਹਿਚਕੀਆਂ ਲਗੀਆਂ ਹਿੱਕਾਂ ਵਿੱਚ ਫਸੀਆਂ
ਕੱਜਣ ਸਭ ਲਹਿ ਗਏ
ਸਿਆਪੇ ਪੈ ਗਏ ....।
(ਸੁੱਖੋ ਆਉਂਦੀ ਹੈ। ਬਾਹਰ ਪਿਆ ਸਮਾਨ ਸਾਂਭਦੀ ਹੈ। ਕੈਲਾ ਤੇ ਵਿਸ਼ਨਾ ਇੱਕ ਸਾਈਡ ਤੇ ਹੁੰਦੇ ਹਨ। ਪਰੀਆਂ ਤੇ ਫਰਿਸ਼ਤੇ ਭੱਜ ਜਾਂਦੇ ਹਨ। ਹੰਟਰਾਂ ਵਾਲੇ ਜਮ ਆਂਦੇ ਹਨ। ਸ਼ੇਰਾ ਬਾਹਰੋਂ ਦੌੜਿਆ ਆਂਦਾ ਹੈ। ਅੰਦਰੋਂ ਬੋਰੀ ਤੇ ਕਹੀ ਲੈ ਕੇ ਆਉਂਦਾ ਹੈ। ਜਮਾਂ ਤੋਂ ਅਨਜਾਨ ਉਹ ਕਹੀ ਠੋਕਦਾ ਹੈ।)
ਮੇਰਿਆ ਸ਼ੇਰਾ ਜਮਾ ਨੇ ਘੇਰਾ
ਪਾ ਲਿਆ ਤੇਰਾ, ਢਾਈ ਨਾ ਜੇਰਾ
ਜੀਉਣ ਦੀ ਬੇਲਾ, ਮਨਾ ਦਾ ਖੇੜਾ
ਦਿਲੋਂ ਨਾ ਲਹਿ ਜਾਏ
ਸਿਆਪੇ ਪੈ ਗਏ।
(ਸ਼ੇਰਾ ਕਹੀ ਚੁੱਕੀ ਬਾਹਰ ਵੱਲ ਨੂੰ ਜਾਂਦਾ ਹੈ। ਪਿੱਛੇ ਪਿੱਛੇ ਜਮਾਂ ਦੀ ਫੌਜ ਵੀ ਜਾਂਦੀ ਹੈ। ਅੰਦਰੋਂ ਮੇਲੋ ਆਉਂਦੀ ਹੈ ਤੇ ਉਸ ਦਿਸ਼ਾ ਵੱਲ ਨੂੰ ਦੇਖਦੀ ਹੈ ਜਿਧਰ ਨੂੰ ਸ਼ੇਰਾ ਗਿਆ ਹੈ।)
ਮੇਲੋ : ਹਾਏ ਵੇ, ਇਹ ਤੇ ਮੀਂਹ ਪਈ ਜਾਂਦਾ ਸੜ ਜਾਣਾ। ਉਪਰ ਵਾਲੇ ਨੂੰ ਵੀ ਪਤਾ ਨਹੀਂ ਕੀ ਮਾਰ ਵਗੀ ਏ ....। ਉਤਰ ਕੇ ਲੜਨ ਡਿਹਾ ਗਰੀਬਾਂ ਨਾਲ। (ਮਿੱਠੂ ਆਉਂਦਾ ਹੈ।)
ਮਿੱਠੂ : ਹੁਣ ਕੀਹਦੇ ਨਾਲ ਆਡ•ਾ ਲਾਈ ਬੈਠੀ ਏਂ।
(ਮੰਜਾ ਡਾਂਹਦਾ ਹੈ।) ਲੈ ਦਵਾਈ ਖਾ ਲੈ । ਸੁਖੋਂ ਪਾਣੀ ਲਿਆ।
ਮੇਲੋ : ਰਹਿਣ ਦੇ ਵੇ। ਕਿੰਨਾ ਚਿਰ ਕਟਣਾ ਹੁਣ ਦਵਾਈਆਂ 'ਤੇ। (ਸਾਹ ਉਖੜਦਾ ਹੈ।) ਰੁੜ ਜਾਣੇ ਸਾਹ ਨੂੰ ਵੀ ਪੱਛੀ ਲੱਗੀ ਏ। (ਸੁੱਖੋ ਪਾਣੀ ਲੈ ਕੇ ਆਂਦੀ ਹੈ। ਮੇਲੋ ਦਵਾਈ ਖਾਂਦੀ ਹੈ।)
ਮਿੱਠੂ : ਅੱਜਕਲ ਤੇ ਸਭ ਦਵਾਈਆਂ ਤੇ ਐ। ਤੂੰ ਨਾਗਾ ਪਾਉਣੋਂ ਹਟਦੀ ਨਹੀਂ।
ਸੁੱਖੋ : ਰੋਟੀ ਲਿਆਵਾਂ ਤੇਰੇ ਲਈ?
ਮਿੱਠੂ : ਐਂ ਕਰ ਚਾਹ ਲਿਆ ਘੁੱਟ ਕੈੜੀ ਜਹੀ ਕਰ ਕੇ। ਰੋਟੀ ਬਾਦ 'ਚ ਦੇਖਦੇ ਹਾਂ। (ਸੁੱਖੋ ਉਹਨੂੰ ਘੂਰਦੀ ਖੜੀ ਰਹਿੰਦੀ ਹੈ। ਫੇਰ ਬੁੜ ਬੁੜ ਕਰਦੀ ਅੰਦਰ ਨੂੰ ਜਾਂਦੀ ਹੈ। ਮਿੱਠੂ ਚੋਰੀ ਚੋਰੀ ਸ਼ੀਸ਼ੀ ਕੱਢ ਕੇ ਪੀਂਦਾ ਹੈ।)
ਬਿਸ਼ਨਾ : ਇਹਨੂੰ ਤਾਂ ਧਰਮ ਨਾਲ ਨਸ਼ਿਆਂ ਨੇ ਈ ਲੈ ਲੈਣਾ। ਪਤਾ ਨੀ ਕਿਹਦੇ ਤੇ ਗਿਆ। ਜਮਾਂ ਉਲਟਾ ਏ ਤੇਰੇ ਨਾਲੋਂ।
ਕੈਲਾ : (ਪਰ•ਾਂ ਨੂੰ ਮੂੰਹ ਮੋੜ ਲੈਂਦਾ ਹੈ।) ਕਿਉਂ ਤੂੰ ਅੰਦਰ ਵੜ ਕੇ ਦੇਖਿਆ ਸੀ ਮੇਰੇ। (ਬਿਸ਼ਨੇ ਵੱਲ ਦੇਖ ਕੇ ਫਿੱਕਾ ਜਿਹਾ ਮੁਸਕਰਾਉਂਦਾ ਹੈ। ਪਰ ਬਿਸ਼ਨਾ ਹੁਣ ਆਪਣੇ ਚੁਬਾਰੇ ਵੱਲ ਨੂੰ ਦੇਖ ਰਿਹਾ ਹੈ।)
ਮੇਲੋ : ਉਹ ਪਤਾ ਨੀ ਕਿੱਥੇ ਹੋਣਾ ਭੁੱਖਣ ਭਾਣਾ।
ਮਿੱਠੂ : (ਵਿਅੰਗ) ਕੀ ਕਰੀਏ ਮੁਕੱਦਰਾਂ 'ਚ ਲਿਖੀ ਏ ਭੁੱਖ।
ਮੇਲੋ : ਨਾ ਵੇ ਚੰਦਰਿਆ, ਕਿਸਾਨ ਤੇ ਅੰਨਦਾਤਾ ਹੁੰਦਾ।
ਮਿੱਠੂ : ਸੰਗ ਨੀ ਆਉਂਦੀ ਫੋਕੀਆਂ ਫੜਾਂ ਮਾਰਦਿਆਂ।
ਮੇਲੋ : ਤੂੰ ਤੇ ਸਰੀਕੇ ਪਿੱਟਣ ਬਹਿ ਜਾਨਾਂ। ਅਸੀਂ ਨੰਗ ਆਂ ਤੇ ਤੂੰ।
ਮਿੱਠੂ : (ਕਟਦਾ ਹੈ।) ਪਈ ਰਹ, ਫੇਰ ਛਿੜ ਜੂ ਹੁੱਥੂ। (ਸੁੱਖੋ ਰੋਟੀ ਲੈ ਕੇ ਆਉਂਦੀ ਹੈ।)
ਸੁੱਖੋ : ਰੋਟੀ, ਖਾ ਲੈ ਜੇ ਖਾਣੀ ਆ ਤੇ।
ਮਿੱਠੂ : (ਭੜਕਦਾ) ਮੈਂ ਤੈਂਨੂੰ
ਸੁੱਖੋ : ਮੈਥੋਂ ਨੀ ਬਣਦੀਆਂ ਚਾਹਾਂ। (ਦਬੀ ਜ਼ਬਾਨ 'ਚ) ਨਸ਼ੇੜੀਆਂ ਲਈ। (ਜਾਂਦੀ ਹੈ।)
ਮੇਲੋ : ਹੁਣ ਕੀ ਹੋ ਗਿਆ?
ਮਿੱਠੂ : (ਗੁੱਸੇ ਤੇ ਬੇਬਸੀ 'ਚ) ਸਮਝਾ ਲੈ ਇਹਨੂੰ। ਹੋ ਗਿਆ। (ਵਿਸ ਜਿਹਾ ਘੋਲਦਾ ਰੋਟੀ ਖਾਣ ਲੱਗਦਾ ਹੈ।)
ਮੇਲੋ : (ਬੈਠਦੇ ਹੋਏ) ਵੇਖ ਪੁੱਤ ਹੁਣ ਤੂੰ ਈ ਸਿਆਣਾ ਏਂ ਘਰ ਚੋਂ। ਸੁਖ ਨਾਲ ਸਮਝਦਾਰ ਵੀ ਏਂ।
ਮਿੱਠੂ : (ਹਿਰਖ ਕੇ) ਨਾ ਹੁਣ ਰੋਟੀ ਖਾ ਲਾਂ ਕਿ ਨਾ। (ਖਿੱਝ ਕੇ ਥਾਲੀ ਸਾਈਡ ਤੇ ਰੱਖ ਦਿੰਦਾ ਹੈ।)
ਮੇਲੋ : ਖਾ ਭਾਵੇਂ ਨਾ ਖਾ। ਜਿਉਂਦੀ ਦੇ ਈ ਜਿੰਦਰੇ ਮਾਰਨ ਡਿਹਾ ਮੁੰਹ 'ਤੇ। (ਉਠਣ ਲੱਗਦੀ ਹੈ।)
ਮਿੱਠੂ : ਪਈ ਰਹਿ ਨਸ਼ਾ ਹੁੰਦਾ ਦਵਾਈਆਂ 'ਚ। (ਸੁੱਖੋ ਭਾਂਡੇ ਚੁਕਣ ਆਂਦੀ ਹੋਈ ਉਹਨੂੰ ਘੂਰਦੀ ਹੈ। ਮਿੱਠੂ ਉਸ ਤੋਂ ਅੱਖਾਂ ਚੁਰਾਂਦੇ ਹੋਏ।) ਬੈਠ ਕੇ ਦਸ
ਮੇਲੋ : ਕੀ ਦੱਸਾਂ। ਤੈਨੂੰ ਨੀ ਸੁਝਦਾ ਕੁਝ। ਕਿੰਨਾ ਕੰਮ ਖੜਾ ਸਿਰ 'ਤੇ। ਤੇ ਤੂੰ ਕੱਛ 'ਚ ਵੰਝਲੀ ਮਾਰ ਕੇ ਤੁਰਿਆ ਫਿਰਦਾਂ।
ਮਿੱਠੂ : ਇਹ ਜ਼ਮੀਨਾਂ ਦੇ ਰੋਣੇ ਧੋਣੇ ਮੇਰੇ ਕੋਲ ਨਾ ਰੋਇਆ ਕਰ।
ਮੇਲੋ : ਫੇਰ ਕੀਹਦੇ ਕੋਲ ਜਾ ਕੇ ਰੋਵਾਂ। ਇੱਕ ਤੇ ਤੁਰ ਗਿਆ ਪਾਹਲਾ ਹੋ ਕੇ। ਦੂਜਾ ਤੂੰ ਮੇਰੀਆਂ ਆਂਦਰਾਂ ਤਪਾਉਨੈ ਦਿਨ ਰਾਤ।
ਮਿੱਠੂ : ਸੌ ਵਾਰ ਸਮਝਾਇਆ, ਖਾਨੇ ਪਵੇ ਤਾਂ ਨਾ।
ਮੇਲੋ : ਤੂੰ ਪਿਓ ਜੰਮ ਪਿਆ ਸਭ ਦਾ। ਗੱਲ ਕੀ ਏ, ਜੇ ਦੋ ਘੜੀ ਗੇੜਾ ਮਾਰ ਆਏਂਗਾ ਖੇਤਾਂ ਨੂੰ। ਪਿਓ ਤੇਰਾ ਗੱਲ ਕਰ ਆਊ ਕੁੜੀ ਦੀ। ਪਰ ਦਿਮਾਗ 'ਚ ਆਵੇ ਤਾਂ ਨਾ।
ਮਿੱਠੂ : ਨਾ ਜਾ ਵੀ ਆਊ ਉਹ ਹੈਂਅ, ਮੰਨ ਵੀ ਜਾਣਗੇ ਉਹ, ਫੇਰ ਫੇਰ ਕੀ ਕਰੋਂਗੇ, ਵਿਆਹ ਮੰਗਣਗੇ, ਦਸ ਦਿਨਾਂ 'ਚ। (ਮੋਲੋ ਚੁੱਪ। ਸੁੱਖੋ ਆਉਂਦੀ ਹੈ।) ਹੈਗੇ ਓ ਇੰਨੇ ਜੋਗੇ।
ਮੇਲੋ : ਜਾ ਵੇ ਜਮਾਂ (ਦੋਹੇਂ ਹੱਥ ਜੋੜਦੀ ਹੈ।) ਖਹਿੜਾ ਛੱਡ। (ਅੰਦਰ ਨੂੰ ਜਾਂਦੀ ਹੈ) ਪਤਾ ਨੀ ਕੀ ਕਰਨਾ ਏਸ ਮੁੰਡੇ ਨੇ। (ਸੁੱਖੋ ਉਸ ਵੱਲ ਦੇਖਦੀ ਖੜੀ ਰਹਿੰਦੀ ਹੈ।)
ਮਿੱਠੂ : ਹੁਣ ਲਗਦੀਆਂ ਮਿਰਚਾਂ ਬੈਠੇ ਰਹਿਣਾ ਮੁੰਡੇ ਨੇ ਇਨ•ਾਂ ਲਈ। ਮਾਰਦੇ ਗੱਲਾਂ । (ਸੁੱਖੋ ਅੰਦਰ ਨੂੰ ਜਾਂਦੀ ਹੈ। ਕੈਲਾ ਆਪਣੀ ਤਸਵੀਰ ਵੱਲ ਨੂੰ ਜਾਂਦਾ ਹੈ। ਮਿੱਠੂ ਉੱਠ ਕੇ ਸੱਥ ਵੱਲ ਨੂੰ ਜਾਂਦਾ ਹੈ।) ਕਰਨਾ ਮੈਂ ਏਥੇ ਹੰਅ।
(ਬਿਸ਼ਨਾ ਉਸ ਨੂੰ ਬੁਲਾਣ ਦੀ ਕੋਸ਼ਿਸ਼ ਕਰਦਾ ਹੈ।)
ਬਿਸ਼ਨਾ : ਓ ਮਿੱਠੂਆ ਗੱਲ ਸੁਣ ਉਏ। (ਰੋਕਣ ਦੀ ਕੋਸ਼ਿਸ਼ ਕਰਦਾ ਹੈ। ਹੱਥ ਹਵਾ ਵਿੱਚ ਲਹਿਰਾ ਕੇ ਰਹਿ ਜਾਂਦਾ ਹੈ। ਮਿੱਠੂ ਸੱਥ ਵਿੱਚ ਜਾ ਬੈਠਦਾ ਹੈ। ਬਿਸ਼ਨਾ ਆਪਣੇ ਹੱਥ ਨੂੰ ਝਟਕਦਾ, ਜਿਵੇਂ ਉਸ 'ਤੇ ਨਰਾਜ਼ ਹੋ ਰਿਹਾ ਹੋਵੇ, ਮੰਜੀ ਤੇ ਬੈਠਦਾ ਹੈ। ਕੈਲਾ ਹੱਸਦਾ ਹੋਇਆ ਉਸ ਕੋਲ ਆਉਂਦਾ ਹ£) ਭੈਣ ਦੇਣਾ ਕੀ ਫਾਇਦਾ ਇਸ ਪਰਛਾਈ ਦਾ। (ਦੋਹੋਂ ਹੱਸਦੇ ਹਨ।)
(ਦੋਹੇਂ ਅਮਲੀ ਆਉਂਦੇ ਹਨ।)
1. : (ਦੂਰੋਂ ਈ) ਕਿਓਂ ਵਈ ਭਤੀਜ ਸਰਿਆ ਨੀ ਬੁੱਤਾ ਐਂ ਸਿਰ ਸੁੱਟੀ ਬੈਠਾਂ।
ਮਿੱਠੂ : ਉਹ ਗੱਲ ਨਹੀਂ ਯਾਰ । ਮਾਂ ਵੀ ਇੱਕੋ ਗੱਲ ਲੈ ਕੇ ਬਹਿ ਜਾਂਦੀ....... ਜਦੋਂ ਦੇਖੋ 'ਕੀ ਕਰਨਾਂ.' ਕੀ ਦਸਾਂ ਹੁਣ, ਹੈ ਕੀ ਏਥੇ ਕਰਨ ਨੂੰ।
2 : ਲੋ, ਗੋਲਾ ਪੀਹ ਕਰ ਲੈਨੇ ਆਂ ¸ ਹੋਰ ਕੀ।
1 : ਖਲੋ ਜਾ, ਉਹ ਵੀ ਕਰ ਲੈਂਨੇ ਆਂ। (ਜੇਬ ਚੋਂ ਕੈਪਸੂਲ ਕਢ ਕੇ ਦਿੰਦਾ ਹੈ।) ਲੈ, ਪਹਿਲਾਂ ਪੈਰਾਂ ਸਿਰ ਹੋ ¸ਫੇਰ ਕਰਦੇ ਆਂ। ਚਲ ਵੰਡ ਉਇ
(2 ਨੰਬਰ ਪੱਤੇ ਵੰਡਦਾ ਹੈ। ਮਿੱਠੂ ਕੈਪਸੂਲ ਖੋਲ ਕੇ ਤਲੀ 'ਤੇ ਝਾੜਦਾ ਹੈ ਤੇ ਫੱਕਾ ਮਾਰ ਜਾਂਦਾ ਹੈ।)
1 : ਹੰਅ। (ਪੱਤੇ ਚੁਕਦੇ ਹੋਏ) ਹੁਣ ਸੁਣਾ ਘੁੰਡੀ ਕੀ ਏ ਵਿਚਲੀ।
ਮਿੱਠੂ : ਘੁੰਡੀ ਕਾਹਦੀ, ਜਸਪਾਲ ਆਇਆ, ਬਾਹਰੋਂ, ਫੌਜੀ ਦਾ ਆੜੀ। ਆਪਣੀ ਸੁੱਖੋ ਦੀ ਗੱਲ ਚਲਦੀ ਸੀ ਜੀਹਦੇ ਨਾਲ। (ਸੁੱਖੋ ਵੀ ਸੁਣਦੀ ਹੈ।)
2 : ਲੈ ਤੇਰੀ ਤੇ ਲਾਟਰੀ ਖੁੱਲ ਗਈ ਕੰਜਰਾਂ.ਬੈਠੇ ਬਿਠਾਏ ਦੀ। (ਪੱਤੇ ਲਾਉਣ ਲੱਗਦੇ ਹਨ।) ਸਾਨੂੰ ਵੀ ਲੈ ਜਾਈ ਡੱਬੀ 'ਚ ਪਾ ਕੇ। (ਹਸਦੇ ਹਨ।)
1 : ਹੋਰ ਕੀ......., ਉਡਜਾ ਉੱਥੇ ...... ਈ ('ਉੱਥੇ' ਸ਼ਬਦ ਨੂੰ ਖਾਸ ਢੰਗ ਨਾਲ ਲਮਕਾ ਕੇ ਬੋਲਦਾ ਹੈ।) ਏਥੇ ਕੁਝ ਨੀ ।
ਬਿਸ਼ਨਾ : ਇਹ ਸਾਲਾ...... (ਉੱਥੇ......) ਪਤਾ ਨੀ ਕਿੱਥੇ ਐਂ। ਮੇ... ਨੀ ਆਇਆ ਹੱਥ ਕਦੇ। (ਕੈਲੇ ਵੱਲ ਦੇਖਦਾ ਹੈ। ਉਹ ਗੁੱਸੇ ਵਿੱਚ ਜਾਂਦੀ ਸੁੱਖੋ ਨੂੰ ਦੇਖ ਰਿਹਾ ਹੈ। ਬਿਸ਼ਨਾ ਘਬਰਾ ਜਾਂਦਾ ਹੈ। ) ਉਇ ਕੈਲਿਆ, ਇਹਨੇ ਤਾਂ ਲਗਦੈ ਕੁਝ ਹੋਰ ਈ ਸੁਣ ਲਿਆ।
ਕੈਲਾ : ਨਵਾਂ ਕੀ ਏ ਇਹਦੇ 'ਚ। ਇੰਜ ਹੀ ਹੁੰਦਾ ਏਥੇ ਮਾਤਲੋਕ 'ਚ।
ਬਿਸ਼ਨਾ : ਓ ਰੋਕ ਤਾਂ ਸਹੀ ਉਹਨੂੰ।
(ਪਿੱਛੋਂ ਜੀਤ ਆਉਂਦੀ ਹੈ। ਅਮਲੀ ਟਿੱਚਰਾਂ ਕਰਦੇ ਹਨ।)
2 : ਤੁਰਦੀ ਤਾਂ ਵੇਖ ਕਿਵੇਂ ਐ।
1 : ਬਿਸ਼ਨੇ ਦੀ ਬਹੂ ਨਹੀਂ ਉਇ।
2 : ਉਹੀ ਐ।
ਬਿਸ਼ਨਾ : ਥੋਡੀ ਉਇ ਖੜ ਜੋ ਜਰਾ ਦਿਖਾਉਂਦਾ ਭਬੂ (ਉਨ•ਾਂ ਨੂੰ ਮਾਰਨ ਨੂੰ ਪੈਂਦਾ ਹੈ। ਹਵਾ 'ਚ ਗੇੜਾ ਖਾ ਆਪ ਹੀ ਡਿਗ ਪੈਂਦਾ ਹੈ। ਦੁਬਾਰਾ ਕੋਸ਼ਿਸ਼ ਕਰਦਾ ਹੈ। ਉਹ ਹਾਲਤ ਹੁੰਦਾ ਹੈ। ਪੈਲੀ ਤੇ ਦਾਤਰੀ ਲਈ ਜੀਤ ਜਾਂਦੀ ਹੈ। ਬਿਸ਼ਨਾ ਝੂਠਾ ਜਿਹਾ ਹਸਦਾ ਉਠਦਾ ਹੈ।) ਨਹੀਂ ਕਾਸੇ ਜੋਗਾ।
ਕੈਲਾ : ਟਿਕ ਜਾ। ਪਰਛਾਈਆਂ ਨੇ ਕੀ ਕਰਨਾ ਕਿਸੇ ਦਾ।
(ਬਿਸ਼ਨਾ ਨੀਵੀਂ ਪਾ ਕੇ ਬੈਠਦਾ ਹੈ।)
1 : ਉਮਰ ਤਾਂ ਕੁਝ ਨੀ ਯਾਰ ਹਾਲੇ ¸।
2 : ਬਿਸ਼ਨੇ ਨੂੰ ਪਤਾ ਨਹੀਂ ਕੀ ਸੁੱਝੀ, ਇਹੋ ਜਹੀ ਜਨਾਨੀ ਛੱਡ ਕੇ ਮਰਨ ਦੀ।
ਮਿੱਠੂ : ਉਇ ਪੱਤੇ ਦੇਖ ਲਓ ਪਹਿਲਾਂ ਫੇਰ ਰੌਲਾ ਪਾਓਂਗੇ। ਚਲੋਂ। (ਸਰ ਬਣਾ ਕੇ ਸੁਟਦਾ ਹੈ।) ਆ ਗਈ ਮੇਰੀ।
1 : ਪੇਕੇ ਨਹੀਂ ਸੀ ਚਲੀ ਗਈ ਇਹ।
ਮਿੱਠੂ : ਦੋ ਮਹੀਨੇ ਰੱਖ ਕੇ ਤੋਰ ਤੀ ਅਗਲਿਆਂ। ਕਿਹੜਾ ਝਲਦਾ।
2 : ਉੱਤੋ ਦੋ ਕੁੜੀਆਂ, ਲਗਦੀ ਏ ਕਿਤੇ ਦੂਏ ਥਾਂ। (ਪੱਤੇ ਸੁਟਦਾ ਹੈ।)
1 : ਸ਼ੇਰਾ ਵੀ ਤੇ ਗਭਰੂ ਏ। ਉਹ ਨੀ ਕਰਦਾ ਕੋਈ ਹੀਲਾ (ਦੋਹੇਂ ਹਸਦੇ ਹਨ।)
ਮਿੱਠੂ : ਸਰ ਚੱਲੋ ਯਾਰ। ਪੀਹਣ ਪਾ ਕੇ ਬਹਿ ਜਾਂਦੇ।
ਬਿਸ਼ਨਾ : (ਔਖਾ ਜਿਹਾ ਹੋ ਕੇ ਉਠਦਾ ਹੈ।) ਖੁਸਰਿਆਂ ਤੋਂ ਵੀ ਰਹਿ ਗਏ ਫੌਜੀਆ। ਉਨ•ਾਂ ਕੋਲ ਫੇਰ ਕੁੱਝ ਹੁੰਦਾ¸ਤੁਰ ਏਥੋਂ¸ਕੁਝ ਨੀ ਏਥੇ।
(ਬਾਹਰ ਨੂੰ ਜਾਂਦੇ ਹਨ।)
ਗੀਤ : ਤੁਰ ਗਏ ਹਾਣੀ ਦਿਲਾਂ ਦੇ ਜਾਨੀਂ
ਰੁਲ ਗੀ ਜਵਾਨੀ ਕਿਸੇ ਨਾ ਮਾਣੀਂ
ਗਲੇ ਦੀ ਗਾਨੀ ਕਿ ਫਾਹੇ ਰਹਿ ਗਏ
ਸਿਆਪੇ ......।
ਜਮ ਪਰਦਾ ਲਈ ਆਂਦੇ ਹਨ।
(ਰੋਸ਼ਨੀ ਮੱਧਮ ਪੈਂਦੀ ਜਾਂਦੀ ਹੈ।) ਡਿਗਦਾ ਜਾ ਰਿਹਾਂ ........ ਡਿਗਦਾ ਜਾ ਰਿਹਾਂ ........ ਕਦੋਂ ਦਾ ........ ਕੁਝ ਪਤਾਨਹੀਂ। ਸਮਾਂ ਪਤਾ ਨਹੀਂ ਕਿਥੇ ਸੀ। ਅਚਾਨਕ, ਦੁਧੀਆ ਰੰਗ ਦਾ ਇੱਕ ਬੱਦਲ........ ਸੁਨਹਿਰੀ ਕਿਰਣਾਂ ਸੁਟਦਾ ........ ਮੇਰੇ ਵੱਲ ਉਲਰਦਾ ਆਉਂਦਾ, ਕਿਰਣਾਂ ਦੀ ਡੋਰ ਫੜ ਮੈਂ ਉਪਰ ਚੜਨ ਲਗਦਾ। ਹੇਠਾਂ ਝਾਤੀ ਮਾਰਦਾ, ਅੱਗ ਹੀ ਅੱਗ ਚੋਹੀਂ ਪਾਸੀਂ। ਕਿਰਮਾਂ ........ ਬੱਦਲ ਸਭ ਗਾਇਬ। ਵਿਚਾਲੇ ਲਟਕ ਰਿਹਾਂ, ਕਿਸੇ ਪਾਸੇ ਹੱਥ ਨਹੀਂ ਪੈਂਦਾ। ਸੁੰਨ ਸਰਾਂ। (ਚੁੱਪੀ) ਅਜੀਬ ਸੁਫ਼ਨਾ ਸੀ। ਕਾਹਦੇ ਬਣਦੇ ਇਹ ਸੁਫਨੇ ਫੌਜੀਆਂ।
ਕੈਲਾ : ਚਰਬੀ ਪਿਘਲਦੀ, (ਦਿਮਾਗ ਵੱਲ ਇਸ਼ਾਰਾ ਕਰ ਕੇ) ਏਥੋਂ। (ਹਸਦਾ)
ਬਿਸ਼ਨਾ : ਤੇ ਸੱਚ¸ਉਹ ਕਾਹਦਾ ਬਣਦਾ? (ਚੁੱਪੀ) ਕੀ ਥਾਂ ਸੀ ਸੁਫ਼ਨਾ ਕਿ ਸੱਚ?
ਕੈਲਾ : (ਬਿਸ਼ਨੇ ਵੱਲ ਦੇਖ ਕੇ) ਉੱਥੋਂ ਸੁਫ਼ਨਾ, ਇੱਥੋਂ ਸੱਚ। (ਖੜਾ ਹੁੰਦਾ ਹੈ।) ਘੱਟੋ ਘੱਟ ਤੇਰੇ ਮੇਰੇ ਲਈ ਤੇ ਸੁਫ਼ਨਾ ਈ। (ਆਪਣੇ ਆਪ ਵਿੱਚ ਗੁਆਚਿਆ ਇੰਜ ਸਿਰ ਹਿਲਾਉਂਦਾ ਹੈ। ਜਿਵੇਂ ਕੋਈ ਭੇਤ ਸਮਝ ਆ ਰਿਹਾ ਹੋਵੇ।) ਸੁਫ਼ਨੇ ਵੀ ਦੂਰੋਂ ਈ ਸੋਹਣੇ ਲੱਗਦੇ ਬਿਸ਼ਨਿ, ਤੇ ਸੱਚ ਵੀ, ਉੱਥੋਂ। (ਚੁੱਪੀ)
ਬਿਸ਼ਨਾ : (ਜਿਵੇਂ ਅੰਦਰ ਹੀ ਅੰਦਰ ਤੜਪਦਾ ਹੈ।) ਤੇ ਨੀਂਦ?
ਕੈਲਾ : ਬਹੁਤੀ ਦੇਰ ਨਹੀਂ ਟਿਕਦੀ, ਸੁਫਨਿਆਂ ਤੋਂ ਬਿਨਾਂ (ਦੂਰ ਜਾਂਦੇ ਹੋਏ।) ਟੁੱਟ ਜਾਂਦੀ ਏ।
(ਕੈਲਾ ਦੂਰ ਖ਼ਲਾ 'ਚ ਘੂਰਦਾ ਹੈ। ਬਿਸ਼ਨਾ ਅੱਖਾਂ ਬੰਦ ਕਰ ਲੈਂਦਾ ਹੈ, ਜਿਵੇਂ ਸੁਫ਼ਨੇ ਲੈ ਰਿਹਾ ਹੋਵੇ।)
ਬਿਸ਼ਨਾ : (ਚੁੱਪੀ) ਯਾਰ ਫੌਜੀਆ ਜੀਤ ਬਹੁਤ ਯਾਦ ਆਉਂਦੀ ਏ। (ਅੱਖਾਂ ਬੰਦ ਕੀਤੇ ਹੀ ਬੋਲਦਾ ਹੈ। ਕੈਲਾ ਬੇਤਹਾਸ਼ਾ ਹੱਸਣ ਲੱਗਦਾ ਹੈ। ਬਿਸ਼ਨਾ ਹੈਰਾਨ ਜਿਹਾ ਉਸ ਵੱਲ ਦੇਖਦਾ ਹੈ। ਫੇਰ ਉਠ ਕੇ ਮਾਰਨ ਪੈਂਦਾ ਹੈ।) ਮੈਂ ਸਾਲਿਆ ਕੋਈ ਲਤੀਫ਼ਾ ਸੁਣਾਇਆ। (ਆਪ ਹੀ ਹੱਸ ਪੈਂਦਾ ਹੈ।)
ਕੈਲਾ : ਕਿਹਾ ਸੀ ਨਾ, ਸੁਫ਼ਨਾ ਹੋਵੇ ਭਾਵੇਂ ਸੱਚ ਦੂਰੋਂ ਦੂਰੋਂ ਈ ਚੰਗੇ ਲੱਗਦੇ। (ਫੇਰ ਹੱਸਣ ਲੱਗਦਾ ਹੈ।)
ਬਿਸ਼ਨਾ : ਏਡੀ ਨੀ ਗੱਲ ........ ਤੂੰ ........
ਕੈਲਾ : ਏਡੀ ਹੀ ਐ। ਸੁਫ਼ਨਾ ਟੁਟਦਾ ਤੇ ਨਾ ਈ ਨੀਂਦ ਟੁੱਟ ਜਾਂਦੀ ਤੇ ਫੇਰ ਸੱਚ ਚੁਭਣ ਲੱਗਦਾ ਜਿਵੇਂ ਜੀਤ ਚੁਭਦੀ ਸੀ। (ਮੁੜ ਹੱਸਣ ਲੱਗਦਾ ਹੈ।)
ਬਿਸ਼ਨਾ : ਤਾਂ ਕੀ ਹੈ ਤੇ ਮੇਰੀ ਸੀ (ਗੰਭੀਰ ਹੁੰਦਾ ਹੈ।)
ਕੈਲੇ : ਸੀ, ਹੈ ਨਹੀਂ। ਉਹ ਉੱਥੋਂ.. ਤੇ ਤੂੰ
ਬਿਸ਼ਨਾ : (ਹਸਦੇ ਹੋਏ) ਪਤਾ ਨਹੀਂ ਕਿੱਥੇ! (ਦੋਹੇਂ ਹੱਸਣ ਲੱਗਦੇ ਹਨ। ਲੋਟ ਪੋਟ ਹੁੰਦੇ ਨੇ।) ਅਜੀਬ ਗੋਰਖ ਧੰਦਾ (ਹਾਸਾ ਰੋਕਦੇ ਹੋਏ) ਮੱਤਾਂ ਦੇਣ ਨੂੰ ਲੈ ਦੇ ਕੇ ਮੈਂ ਈ ਲਭਦਾਂ ਤੈਨੂੰ। (ਹਸਦਾ ਹੈ।)
ਕੈਲਾ : (ਹਸਦੇ ਹੋਏ) ਹੈਰ ਹੈ ਈ ਕੌਣ ਤੂੰ ..... ਮੈਂ।
ਬਿਸ਼ਨਾ : ਗੁਆਂਡੀ।
ਕੈਲਾ : ਕ੍ਰਾਸ ਫਾਇਰਿੰਗ(ਗੋਲੀ ਚਲਾਉਣ ਦਾ ਐਕਸ਼ਨ।)
ਬਿਸ਼ਨਾ : ਵੇਖ-ਵੱਡਾ ਸ਼ਹੀਦ (ਖੁਦ ਤੇ ਕਾਬੂ ਪਾਉਣ ਦੀ ਕਰਦੇ ਹੋਏ।) ਕੌਮ ਦਾ ਸ਼ਹੀਦ।
ਕੈਲਾ : (ਗੰਭੀਰ ਹੁੰਦੇ ਹੋਏ।) ਵੇਖ ਯਾਰ ਬਿਸ਼ਨਿਆ ਇੰਜ ਨਾ ਕਿਹਾ ਕਰ। ਡਰ ਆਉਂਦਾ । (ਝੁਣਝੁਣੀ ਜਿਹੀ ਲੈਂਦਾ ਹੈ।)
ਬਿਸ਼ਨਾ : (ਸੁਆਦ ਲੈਂਦੇ ਹੋਏ) ਬੜਾ ਬਹਾਦਰ ਸੁਣਿਆ ਸੀ ਮੈਂ ਤੇ। (ਕੈਲਾ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦਾ ਹੈ।) ਮਾਰ ਪੂਰੇ ਇਲਾਕੇ 'ਚ ਧੁੰਮ (ਮਸ਼ਕਰੀ ਕਰਦਾ ਹੈ।) ਸੂਰਮੇ ਦੀਆਂ।
ਕੈਲਾ : ਠਹਿਰ ਤੇਰੀ ਉਇ (ਚਿਖਾ ਵਿੱਚੋਂ ਹੀ ਲਕੜੀ ਚੁੱਕ ਕੇ ਮਾਰਨ ਪੈਂਦਾ ਹੈ। ਬਿਸ਼ਨਾ ਹਸਦੇ ਹੋਏ ਮੂਹਰੇ ਭਜਦਾ ਹੈ।)
ਬਿਸ਼ਨਾ : ਓ ਫੌਜੀਆ ਰਹਿਣ ਦੇ ਉਇ ਵੀਰ ਬਣ ਕੇ ......... ਬਸ (ਹਸਦਾ ਹੋਇਆ ਆਪਣੇ ਆਪ ਨੂੰ ਬਚਾਂਦਾ ਹੈ। ਦੋਹਾਂ ਦਰਮਿਆਨ ਇਹ ਦੌੜ ਇੱਕ ਖੇਡ ਜਹੀ ਬਣ ਜਾਂਦੀ ਹੈ। ਕੈਲਾ ਵੀ ਸਵਾਦ ਲੈਣ ਲੱਗਦਾ ਹੈ। ਸਾਹੇ ਸਾਹੀ ਹੋਇਆ ਬਿਸ਼ਨਾ ਡਿਗ ਪੈਂਦਾ ਹੈ।) ਬਸ ਉਇ ਬਸ, ਕਿਉਂ ਮਰਿਆਂ 'ਤੇ ਰਾਉਂਦ ਖਰਾਬ ਕਰਦਾਂ । (ਹਸਦਾ ਹੋਇਆ ਕੈਲਾ ਵੀ ਉਸ਼ ਦੇ ਨਾਲ ਹੀ ਢਹਿ ਜਾਂਦਾ ਹੈ।)
ਕੈਲਾ : ਸੁਆਦ ਆ ਗਿਆ (ਹੌਂਕਦਾ ਹੈ।)
ਬਿਸ਼ਨਾ : ਮਾਤਲੋਕ ਦਾ?
ਕੈਲਾ : ਹੂੰ., ਯਾਦ ਆਉਂਦਾ ਸਾਲਾ ਖਲਜਗਣ
(ਪਿੱਛੋਂ ਆਵਾਜ਼ਾਂ ਆਉਣ ਲਗਦੀਆਂ ਹਨ।)
ਆਵਾਜ਼ਾਂ : ਸਾਂਭ ਲਓ ਉਇ, ਜੇ ਕੁਝ ਸਾਂਭ ਹੁੰਦਾ ਤੇ
(ਬਿਸ਼ਨਾ ਤੇ ਕੈਲਾ ਛਾਲ ਮਾਰ ਕੇ ਖੜੇ ਹੁੰਦੇ ਹਨ।)
ਬਿਸ਼ਨਾ : (ਬੋਹਰ ਦੇਖਦੇ ਹੋਏ) ਇਹ ਤੇ ਮੰਡੀ ਵਾਲੇ ਪਾਸਿਓਂ ਆ ਰਹੀਆਂ।
ਆਵਾਜ਼ਾਂ : ਬੱਦਲ ਆਉਂਦਾ ਚੜਿਆ ਗੜਗੜ ਕਰਦਾ।
ਕੈਲਾ : ਮਰ ਕੇ ਵੀ ਤੇਰਾ ਪਿੰਡਾ ਨੀ ਛਡਦੀ ਇਹ ਮੰਡੀ। ਏਹ ਤੇ ਭੈਣ ਦੇਣੀ ਨੇਰੀ ਚੜੀ ਲਗਦੀ। ਪੱਲੀ ਪੁੱਲੀ ਦੇਖ ਉਇ ਕੋਈ ਹੈਗਾ ਤੇ। ਛੇਤੀ ਹੱਥ ਮਾਰ। ਸਾਲਾ ਪੈਰ ਤਾਂ ਦੇਖ ਕਿਵੇਂ ਪੁਟਦਾ ਮਹਾਰਾਜਾ ਭੂਪਾ । ਓ ਆਉਨਾਂ ਵਾਂ ਹੋਰ ਹੁਣ ਉਡ ਕੇ ਆ ਜਾ । (ਕੈਲਾ ਉੱਥੇ ਹੀ ਖੜਾ ਆਸਮਾਨ ਵੱਲ ਦੇਖਣ ਲੱਗਦਾ ਹੈ। ਬਿਸ਼ਨਾ ਥੋੜੀ ਦੇਰ ਉੱਥੇ ਖੜਾ ਕਸਮਸਾਂਦਾ ਹੈ ਤੇ ਫੇਰ ਚਿਖਾ ਕੋਲ ਕੈਲੇ ਵਾਲੀ ਦੀ ਥਾਂ 'ਤੇ ਜਾ ਬੈਠਦਾ ਹੈ। ਪਿੱਛੋਂ ਗੀਤ ਦੇ ਬੋਲ)
ਗੀਤ : ਤੇਰੀ ਗਠਰੀ ਮੇਂ ਲਾਗਾ ਚੋਰ
ਮੁਸਾਫਰ ਜਾਗ ਜ਼ਰਾ
ਕੈਲਾ : ਫੇਰ ਪੈ ਗਿਆ ਦੌਰਾ¸।
ਬਿਸ਼ਨਾ : (ਕਾਂਬਾ ਛਿੜਦਾ ਹੈ। ਇਕੱਠਾ ਹੁੰਦਾ ਜਾਂਦਾ ਹੈ।) ਉਹੀ, ਬਿਲਕੁਲ ਉਹੀ, ਉਹ ਰਾਤ (ਗਲੇ ਨੂੰ ਪਲੋਸਦਾ ਹੈ) ਪਰਲੌ ਦੀ ਰਾਤ, ਕਹਿਰ ਘੁੱਪ ਹਨੇਰਾ (ਚਿਤਾ ਵੱਲ ਡਰਦੇ ਡਰਦੇ ਹੱਥ ਵਧਾਉਂਦਾ ਹੈ ਜਿਵੇਂ ਕਿਸੇ ਸ਼ੈਹ ਨੂੰ ਛੁਹ ਕੇ ਦੇਖਣਾ ਚਾਹੁੰਦਾ ਹੋਵੇ।)
ਕੈਲਾ : (ਉਸ ਨੂੰ ਝੰਜੋੜਦਾ ਹੈ।) ਬਿਸ਼ਨਿਆ ਉਇ।
ਬਿਸ਼ਨਾ : (ਉਸ ਨੂੰ ਫੜ ਲੈਂਦਾ ਹੈ। ਜਿਵੇਂ ਡਰਿਆ ਬੰਦਾ ਕਿਸੇ ਵੀ ਚੀਜ਼ ਨੂੰ ਚਿੰਬੜ ਜਾਂਦਾ ਹੈ) ਉਹ ਵੇਖ, ਉਹ ਤੇ ਹਾਲੇ ਵੀ ਉੱਥੇ ਹੀ ਏ। ਕੁਝ ਵੀ ਨਹੀਂ ਬੀਤਿਆ ………...... ਉਹੀ ਕਿਆਮਤ ਦੀ ਰਾਤ। ਕੱਟਣ ਲਈ ਤਿਆਰ ਬਰ-ਤਿਆਰ ਫਸਲਾਂ ...... ਹਾਕਾਂ ਮਾਰਦੀਆਂ। (ਕੈਲਾ ਮੋਢੇ ਤੇ ਪਿੱਠ ਥਪਥਪਾਂਦੇ ਹੋਏ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦਾ ਹੈ।) ਮਾਰੋ-ਮਾਰ ਚਲਦੀਆਂ ਕੰਬਾਈਨਾਂ। ਬੂੰਦਾ ਬਾਂਦੀ ਛਰਾਟਿਆਂ 'ਚ ਬਦਲ ਗਈ। ਉੱਪਰ ਬੱਦਲ ਥੱਲੇ ਧੂੰਆਂ ।
ਕੈਲਾ : (ਜ਼ੋਰ ਨਾਲ ਝੰਜੋੜਦਾ ਹੈ।) ਬਿਸ਼ਨਿਆ (ਚੁੱਪੀ) ਬਸ ਕਰ, ਬੀਤ ਗਿਆ ਉਹ., ਕਦੋਂ ਦਾ। ਕੁਝ ਨਹੀਂ ਬੀਤਦਾ ਏਥੇ, ਅਟਕ ਗਿਆ (ਸਿਰ ਟਟੋਲਦਾ ਹੋਇਆ) (ਗੌਰ ਨਾਲ ਉਸ ਨੂੰ ਦੇਖਦਾ ਹੈ ਤੇ ਫੇਰ ਮੰਡੀ ਵਾਲੇ ਪਾਸੇ ਜਾ ਕੇ ਦੂਰ ਦੇਖਦਾ ਹੈ।)
ਗੀਤ : ਲਹੂ ਵਿੱਚ ਪਲੀਆਂ ਰੁਲਣ ਵਿੱਚ ਮੰਡੀਆਂ
ਹੋਣ ਜਿਵੇਂ ਰੰਡੀਆਂ ਚੂੜੀਆਂ ਭੱਜੀਆਂ
ਘਰ ਘਰ ਭੰਡੀਆਂ ਜੀਉਣ ਕੀ ਰਹਿ ਗਏ
ਸਿਆਪੇ ਪੈ ਗਏ ....।
ਬਿਸ਼ਨਾ : (ਕੈਲਾ ਮੁੰਹ ਮੋੜ ਲੈਦਾਂ ਹੈ। ਬਿਸ਼ਨਾ ਧੱਕੇ ਨਾਲ ਉਸ ਨੂੰ ਉਸ ਦਿਸ਼ਾ 'ਚ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ।) ਬੀਤ ਗਿਆ ਤੇ ਫੇਰ ਇਹ ਕੀ ਏ? ਕਿਸੇ ਦਾ ਦਿਲ ਮੁੱਠੀ 'ਚ ਆਇਆ ਪਿਆ ...... (ਹੱਸਣ ਲਗਦਾ ਹੈ।) ...... ਤੇ ਕਿਸੇ ਲਈ ਮੌਸਮ ਬੜਾ ਬੇਈਮਾਨ ਹੋ ਗਿਆ (ਉਲਟੀ ਦਿਸ਼ਾ ਵੱਲ ਦੇਖਦਾ ਹੈ।) ਗਰਮੀ ਨੇ ਵੱਟ ਕੱਢੇ ਪਏ ਸੀ। (ਆਪਣੀ ਹੀ ਬਾਂਹ ਫੜ ਕੇ ਝੂਮ ਜਾਂਦਾ ਹੈ।) ਜੋੜੇ ਬਾਹੰ 'ਚ ਬਾਹਾਂ ਪਾਈ ਨਿਕਲ ਪਏ। (ਦੂਜੇ ਪਾਸੇ ਦੇਖ ਕੇ ਫੇਰ ਇਕਦਮ ਸੰਜੀਦਾ ਹੋ ਜਾਂਦਾ ਹੈ। ਦੋਹਾਂ ਹੱਥਾਂ ਵਿੱਚ ਸਿਰ ਦੇ ਲੈਂਦਾਹੈ।) ਪੁੱਤਾਂ ਵਾਂਗ ਪਾਲੀ ਫਸਲ ਲਾਸ਼ਾਂ ਵਾਂਗ ਤਰ ਗਈ ਘਰ ਘਰ ਸੱਥਰ ਵਿਛ ਗਏ। ਤੇ ..... (ਡੋਰ ਭੋਰਾ ਜਿਹਾ ਆਲੇ ਦੁਆਲੇ ਦੇਖਣ ਲੱਗਦਾ ਹੈ, ਜਿਵੇਂ ਥਾਂ ਪਛਾਣ ਰਿਹਾ ਹੋਵੇ।)
ਕੈਲਾ : ਤੇ ਤੂੰ ......, ਏਥੇ ਆ ਬੈਠਾ ......। ਮਸਾਣਾਂ 'ਚ ।
ਬਿਸ਼ਨਾ : (ਮੁਸਕਰਾਉਂਦਾ) ਤਿਲਕੇ ਹੋਏ ਬੰਦੇ ਦਾ ਕੀ ਪਤਾ ...... ਕਿੱਥੇ ਜਾ ਪਏ। ਪਤਾ ਨੀ ਲਗਦਾ......, ਉਪਰ-ਥੱਲੇ ...... ਇੱਕੋ ਵੇਲੇ ...... ਕਿੰਨਾ ਕੁਝ ...... ਉਧੜਦਾ ਹੀ ਜਾਂਦਾ। ...... ਜਿਹੜਾ ਮਰਨ ਤੁਰਿਆ ਸੀ ...... ਉਹ ਤੇ ਹਾਲੇ ਵੀ ਖਹਿੜਾ ਨੀ ਛਡਦਾ। (ਚੁੱਪੀ।)
(ਦੋਹੇਂ ਜਣੇ ਇੰਜ ਕਰਦੇ ਹਨ ਜਿਵੇਂ ਬਹੁਤ ਕਸ਼ਟ ਵਿੱਚੋਂ ਨਿਕਲ ਰਹੇ ਹੋਣ।)
ਕੈਲਾ : (ਚਿਤਾ ਵੱਲ ਦੇਖ ਕੇ।) ਤੇ ਜਿਹੜਾ ਛੁੱਟ ਗਿਆ, ਉਸ ਨੂੰ ਤੇ ਪਤਾ ਵੀ ਨਹੀਂ ਲਗਿਆ
ਬਿਸ਼ਨਾ : (ਵਾਕ ਪੂਰਾ ਕਰਦਾ ਹੈ।) ਪੁੱਛਿਆ ਵੀ ਨਹੀਂ ਕਿਸੇ ਨੇ।
ਕੈਲਾ : ਇੰਜ ਹੀ ਹੁੰਦਾ, ਸ਼ਬਦ ਲੜਦੇ ਤੇ ਮਰਨਾ ਸਰੀਰਾਂ ਨੂੰ ਪੈਂਦਾ।
ਬਿਸ਼ਨਾ : (ਉਸੇ ਅੰਦਾਜ਼ 'ਚ) ਸ਼ਬਦਾਂ ਨੂੰ ਮਰਦੇ ਕਿਸੇ ਨਹੀਂ ਦੇਖਿਆ।
ਕੈਲਾ : ਉਹ ਮਰ ਨਹੀਂ ਸਕਦੇ (ਚੁੱਪੀ) ਹਾਂ ਮਰ ਵੀ ਨਹੀਂ ਸਕਦੇ, ਮੁੜ ਮੁੜ ਤਰਸਦੇ ਗਰਭ ਜੂਨ ਨੂੰ।
(ਮੂਹਰੇ ਮੂਹਰੇ ਫਰਿਸ਼ਤੇ ਅਤੇ ਪਰੀਆਂ ਭੱਜੀਆਂ ਜਾਂਦੀਆਂ ਹਨ। ਉਨ•ਾਂ ਦੇ ਪਿੱਛੇ-2 ਹੰਟਰ ਲਈ ਯਮਦੂਤ ਵੀ ਲੰਘਦੇ ਹਨ।) ਇਹ ਫੋਜ ਹੁਣ ਕਿਧਰ ਨੂੰ ਚੱਲੀ। (ਮੰਡੀ ਵੱਲ ਦੇਖਦੇ ਹੋਏ। ਮੁੜ ਕੇ ਕੈਲੇ ਨੂੰ।) ਚੱਲ ਤੁਰ ਛੇਤੀ। ਉਹ ਗਏ।
ਕੈਲਾ : ਪਰ ਕਿੱਥੇ?
ਬਿਸ਼ਨਾ : ਤੂੰ ਕਹਿੰਦਾ ਸੀ ਨਾ — ਬੀਤ ਗਿਆ¸ਚਲ ਦਿਖਾਉਨਾਂ ਤੈਨੂੰ¸ਮੰਜੀ ਦਾ ਭੌÂ ......। (ਖਿੱਚ ਕੇ ਲੈ ਜਾਂਦਾ ਹੈ।)
(ਰੋਸ਼ਨੀ ਅਲੋਪ)

ਕੁਫ਼ਰ ਕਰੇਂਦੀ ਯਾਰ ਮਾਟੀ ਕੁਫ਼ਰ ਕਰੇਂਦੀ
ਮਾਟੀ ਮਾੜ•ੀ ਮਾਟੀ ਮੰਡੀ
ਮਾਟੀ ਨਫਾ ਖਸਾਰਾ
ਮਾਟੀ ਸੇ ਮੁੰਹ ਮੋੜੇ ਮਾਟੀ
ਕੋ ਮਾਟੀ ਸੇ ਨਿਆਰਾ
ਮਾਟੀ
ਲਾਲਾ : (ਕਾਹਲੀ ਕਾਹਲੀ ਆਉਂਦੇ ਹੋਏ) ਓ ਰਾਮਿਆ ਢੇਰੀਆਂ ਲਵਾਓ ਉਇ ਫਟਾਫਟ। ਮੀਂਹ ਨ•ੇਰੀ ਤੇ ਇੰਸਪੈਕਟਰਾਂ ਦੇ ਮੂਡ ਦਾ ਕੋਈ ਇਤਬਾਰ ਨਹੀਂ ਅੱਜਕਲ।
ਪ੍ਰੀਤਮ : (ਆਂਦੇ ਹੋਏ) ਮੀਂਹ ਨ•ੇਰੀਆਂ ਦਾ ਤੇ ਐਵੇਂ ਪੱਜ ਈ ਏ ਲਾਲਾ, ਮਾਰਦਾ ਤੇ ਬੰਦਾ ਈ ਏ ਬੰਦੇ ਨੂੰ।
ਲਾਲਾ : (ਬਿਨ•ਾ ਉਸ ਵੱਲ ਧਿਆਨ ਦਿੱਤੇ ਹੀ) ਆ ਵਈ ਪ੍ਰੀਤਮ ਸਿਆਂ, ਤਕਾੜਾ ਏਂ। ਬੜੀ ਚਿਰੀਂ ਮਾਰਿਆ ਗੇੜਾ। ਰਾਮਿਆ ਉਇ ਪਾਣੀ ਪਿਆ ਵਈ ਸਰਦਾਰ ਨੂੰ।
ਪ੍ਰੀਤਮ : ਨਹੀਂ ਲਾਲਾ (ਹੱਥ 'ਚ ਅਖ਼ਬਾਰ ਹੈ। ਜਿਸ ਨੂੰ ਪੂਰੇ ਦ੍ਰਿਸ਼ 'ਚ ਵਰਤਦਾ ਹੈ।)
ਲਾਲਾ : (ਕੱਟ ਕੇ) ਲੈ ਸੁਣ ਲੈ, ਸਾਨੂੰ ਕਹਿੰਦੇ, ਇਹ ਮਾਰਕੀਟ ਕਮੇਟੀ ਵਾਲੇ, ਵਈ ਤੁਸੀਂ ਕਰੋ ਤਰਪਾਲਾਂ ਦਾ ਪ੍ਰਬੰਧ। ਨਾ ਇਨ•ਾਂ ਨੂੰ ਫ਼ੀਸਾਂ ਕਾਹਦੀਆਂ ਭਰੀਦੀਆਂ ਪੁੱਛੋ ਭਲਾ। ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ ਹੈਂਅ।
(ਲਾਲਾ ਕੁਝ ਨਾ ਕੁਝ ਕਰੀ ਜਾਂਦਾ ਹੈ।)
ਮਨਜੀਤ : (ਦੂਰੋਂ) ਸਸਰੀਕਾਲ ਲਾਲਾ ਜੀ।
ਲਾਲਾ : (ਸੁਭਾਵਿਕ ਹੀ ਮੁੰਹ ਪਰੇ ਨੂੰ ਮੋੜ ਲੈਂਦਾ ਹੈ।) ਲੈ ਇਹ ਕਿਧਰੋਂ ਆਂਦਾ ਤੁਰਿਆ — ਸਸਰੀਕਲਾ ਭਈ। (ਬਾਹਰ ਵੱਲ) ਓ ਲਵਾਓ ਭਈ ਝਾਰ ਦਵਾਸਟ। ਐਂ ਨੀ ਚਲਣਾ ਕੰਮ। (ਮੁੜ ਕੇ) ਤੇਰਾ ਤੇ ਭਈ ਕਹਿ ਆਇਆ ਸੀ ਮੈਂ ਮੁਨੀਮ ਨੂੰ।
ਮਨਜੀਤ : ਉਹ ਤੇ ਲਾਲਾ ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜਦਾ ¸ ਦੋ ਹਜ਼ਾਰ ਨਾਲ ਮੇਰੀ ਕੀ ਬਣਨਾ। ਆਣ-ਜਾਣ ਬਣਿਆ ਬਸ। ਹਾਏ (ਛਾਤੀ ਮਲਦਾ ਹੈ।) ਡੰਗ ਸਾਰਨ ਦੀ ਗੱਲ ਕਰ .. ਟਪਾ ਝਟ?
1 : ਛੌਣੀ ਥੋੜੀ ਪਾਉਣੀ ...!
ਮਨਜੀਤ : ਟਪਦਾ ਹੁੰਦਾ ਤੇ ਗੱਲ ਕਾਹਦੀ ਸੀ ਲਾਲਾ¸ ਬੋਰ ਬੈਠਾ ਪਿਆ।
ਲਾਲਾ : (ਅਚੇਤ ਹੀ ਛਾਤੀ ਮਲੀ ਜਾਂਦਾ ਹੈ। ਗੱਲ ਨੂੰ ਹਾਸੇ 'ਚ ਪਾ ਕੇ।) ਦੇਖ ਲੈ ਪ੍ਰੀਤਮ ਸਿਆਂ ਇਨ•ਾਂ ਸਰਦਾਰਾਂ ਦੇ ਇਹ ਚੱਜ ਐ ਤੇ ਮਾਹਤੜਾਂ ਦਾ ਕੀ ਬਣੂ ¸ ਦਸ। (ਪ੍ਰੀਤਮ ਕੁਝ ਬੋਲਣਾ ਚਾਹੁੰਦਾ ਹੈ ਪਰ ਲਾਲਾ ਮੌਕਾ ਹੀ ਨਹੀਂ ਦਿੰਦਾ।) ਮੇਰਾ ਤੇ ਪਤਾ ਨਹੀਂ ਹਾਰਟ ਈ ਫੇਲ ਹੋ ਜਾਣੈ। (ਨਾਲ ਦੀ ਨਾਲ ਮਨਜੀਤ ਨੂੰ) ਨਾਲੇ ਭਈ ਤਿੰਨ ਦਿਨਾਂ ਤੋਂ ਤਾਂ ਬੈਂਕ ਈ ਨਹੀਂ ਖੁੱਲੇ।
ਆਵਾਜ਼ : (ਬਾਹਰੋ) ਲਾ ਜੀ ਕਰਮੇ ਵਾਲੀ ਢੇਰੀ ਦਾ ਕੀ ਕਰੀਏ।
ਲਾਲਾ : (ਛਾਤੀ ਮਲਦੇ ਹੋਏ) ਰੋਕ ਲਓ ਹਾਲ ਦੀ ਘੜੀ ਫੇਰ ਦੇਖਦੇ ਆਂ ਬਾਦ 'ਚ। ਸੀਜ਼ਨ ਕਾਹਦਾ ਮੁਸੀਬਤ ਐ।
(ਪ੍ਰੀਤਮ ਤੇ ਮਨਜੀਤ ਦੀਆਂ ਨਜ਼ਰਾਂ ਮਿਲਦੀਆਂ ਹਨ। ਦੋਹੇਂ ਝੱਟ ਏਧਰ ਉਧਰ ਦੇਖਣ ਲੱਗਦੇ ਹਨ ਜਿਵੇਂ ਇਕ ਦੂਜੇ ਸਾਹਮਣੇ ਨੰਗੇ ਨਹੀਂ ਹੋਣਾ ਚਾਹੁੰਦੇ)
ਪ੍ਰੀਤਮ : ਲਾਲਾ ਜੀ ਮੈਂ।
ਲਾਲਾ : ਹਾਂ-ਹਾਂ ਪ੍ਰੀਤਮ ਸਿਆਂ (ਵਿੱਚੇ ਹੀ ਮਨਜੀਤ ਨੂੰ) ਸਭ ਦੀ ਗਰਜ ਸਾਰਨੀਂ ਏ ਭਾਈ ਚਲਾ ਏਨੇ ਨਾਲ। ਹਾਂ ਕੋਈ ਤੇਲ ਪਾਣੀ ਦੀ ਲੋੜ ਏ ਤਾਂ ਕਹਿ ਦਿੰਨਾ ਮੁਨੀਮ ਨੂੰ। ਲਿਖ ਦੂ ਪਰਚੀ। ਹੋਰ ਦਸ।
ਮਨਜੀਤ : ਨਾ ਲਾਲਾ ਗੁਪਤਿਆਂ ਦੀ ਪਰਚੀ ਤਾਂ ਜਮਾ ਨੀ ਚਾਹੀਦੀ। ਸਾਰਾ ਮਾਲ ਨਕਲੀ।
ਲਾਲਾ : (ਉਸ ਨੂੰ ਪਰ•ੇ ਨੂੰ ਲੈ ਕੇ ਜਾਂਦੇ ਹੋਏ) ਉਇ ਤੂੰ।
ਮਨਜੀਤ : ਪਰੂੰ ਦੇ ਹੱਥ ਲੱਗੇ ਨੀ ਲੋਟ ਆਏ।
ਲਾਲਾ : (ਪ੍ਰੀਤਮ ਵੱਲ ਨੂੰ) ਤੂੰ ਠਹਿਰ ਪ੍ਰੀਤਮ ਸਿਆਂ ਕਰਦੇ ਆਂ ਆਪਾਂ ਹੁਣੇ। (ਮਨਜੀਤ ਨੂੰ) ਹੌਲੀ ਭਰਾਵਾ, ਨੌਣ ਕਰਾਂਏਗਾ।
ਮਨਜੀਤ : ਤੁਹਾਡਾ ਕੀ ਲਾਲਾ ........ ਨੌਣ ਤੇ ਹਰ ਹਾਲ 'ਚ ਸਾਡਾ ਈ ਹੋਣਾ।
(ਬਾਹਰ ਰੌਲਾ ਵਧ ਜਾਂਦਾ ਹੈ।)
ਲਾਲਾ : ਉਇ ਉਇ ਕੀ ਕਰੀ ਜਾਨੇਂ ਓ ਤੁਸੀਂ। (ਮਨਜੀਤ ਨੂੰ) ਤੂੰ ਚੱਲ, ਮੈਂ ਆਖਦਾਂ ਮੁਨੀਮ ਨੂੰ। (ਸੈਨਤ ਨਾਲ ਸਮਝਾਂਦਾ ਹੈ। ਪ੍ਰੀਤਮ ਦੇਖ ਕੇ ਮੂੰਹ ਫੇਰ ਲੈਂਦਾ ਹੈ।) ਜ਼ਰਾ ਉੱਥੇ ਤਾਂ ਦੇਖ ਲਾਂ, ਕੀ ਭਾਣਾ ਵਰਤ ਗਿਆ। (ਦੋਹੇ ਜਾਂਦੇ ਹਨ)
ਪ੍ਰੀਤਮ : (ਖੜਾ ਹੋ ਕੇ) ਓ ਲਾਲਾ ਮੇਰੀ ਤਾਂ ਨਬੇੜ ਜਾਂਦਾ। ਇਹ ਨੀ ਟਿਕਦਾ ਗਿਟਕ ਜਹੀ ( ਹਤਾਸ਼ ਹੋ ਕੇ ਬੈਠ ਜਾਂਦਾ ਹੈ। ਬਾਹਰ ਰੌਲਾ ਵਧ ਜਾਂਦਾ ਹੈ। ਬਿਸ਼ਨਾ ਤੇ ਕੈਲਾ ਤੇਜੀ ਨਾਲ ਆਉਂਦੇ ਹਨ। ਹਲਕੇ ਫੁਲਕੇ ਮੂਡ 'ਚ ਹਨ।)
ਬਿਸ਼ਨਾ : ਥਾਂ ਤੇ ਮਾੜੀ ਨਹੀਂ। ਦੇਖ ਰੌਣਕਾ।
ਕੈਲਾ : (ਮਜ਼ਾਕ 'ਚ) ਬੜਾ ਭੇਤ ਬੁਝਿਆ ਵਈ। ਛੇਤੀ ਓ
ਬਿਸ਼ਨਾ : (ਵਿਅੰਗ ਸਮਝ ਕੇ ਨਜ਼ਰਅੰਦਾਜ਼ ਕਰਦੇ ਹੋਏ।) ਬਸ ਪੱਛੜ ਗਏ ਥੋੜਾ।
(ਪ੍ਰੀਤਮ ਨੂੰ ਦੇਖ ਕੇ ਕੈਲਾ ਬਿਸ਼ਨੇ ਦਾ ਹੱਥ ਦਬਦਾ ਹੈ। ਉਹ ਗੁੰਮ ਹੋਇਆ ਬੈਠਾ ਹੈ।)
ਬਿਸ਼ਨਾ : (ਗੌਰ ਨਾਲ ਦੇਖਦੇ ਹੋਏ) ਇਹ ਭਲਾ ਕਿੱਥੇ ਪਹੁੰਚਿਆ ........
ਕੈਲਾ : (ਕਟਾਖਸ਼) ਓਥੇ। (ਖਲਾ 'ਚ ਇਸ਼ਾਰਾ ਕਰਦਾ ਹੈ।)
ਬਿਸ਼ਨਾ : ਬੜਾ ਨਿਰਮੋਹੀ ਏ।
(ਕੈਲਾ ਕੋਈ ਜਵਾਬ ਨਹੀਂ ਦਿੰਦਾ। ਬਸ ਮੁੰਹ ਮੋੜ ਲੈਂਦਾ ਹੈ। ਇਕ ਹੋਰ ਕਿਸਾਨ ਆਉਂਦਾ ਹੈ। ਪਰ ਪ੍ਰੀਤਮ ਨੂੰ ਉਸ ਦਾ ਵੀ ਕੁਝ ਪਤਾ ਨਹੀਂ ਚਲਦਾ। ਉਹ ਆਪਣੇ ਆਪ ਨੀਲ ਹੀ ਗੱਲਾਂ ਕਰਦਾ ਬੈਠਾ ਹੈ।)
ਕਿਸਾਨ : (ਖਰਵੀਂ ਆਵਾਜ਼ 'ਚ। ਪ੍ਰੀਤਮ ਵੱਲ ਧਿਆਨ ਦਿੱਤੇ ਬਿਨਾ ਹੀ) ਕਿੱਥੇ ਗਿਆ ਲਾਲਾ?
ਪ੍ਰੀਤਮ : (ਚੌਂਕਦਾ ਹੈ) ਪਤਾ ਨੀ ਭਰਾਵਾ। ਏਥੇ ਈ ਹੋਣਾ ਕਿਤੇ। (ਪ੍ਰੀਤਮ ਏਧਰ ਉਧਰ ਦੇਖਣ ਲੱਗਦਾ ਹੈ।)
ਕਿਸਾਨ : (ਨਿੱਸਲ ਜਿਹਾ) ਆਊ ਤੇ ਉਰੇ ਈ।
ਪ੍ਰੀਤਮ : ਬੈਠੇ ਆਂ। ਕਿਹੜਾ ਦਸ ਕੇ ਗਿਆ।
ਕਿਸਾਨ : ਜਾਨ ਲੈਣੀ ਕੀਤੀ ਏ ਸੋਹਰੀ ਦਿਆਂ ਨੇ। (ਆਪ ਹੀ ਬੋਲਣ ਲੱਗਦਾ ਹੈ।) ਅਖੇ ਸੁਕਾ ਕੇ ਲਿਆਓ ਪਿਓ ਨੂੰ, ਸੁਕਾਈਏ ਇਨ•ਾ ਦੀ ਮਾਂ ਦੇ ਵਿਹੜੇ 'ਚ। ਹੋਰ ਈ ਕਜੀਏ ਨੀ ਮੁਕਦੇ।
(ਪ੍ਰੀਤਮ ਆਪਣੇ ਆਪ 'ਚ ਗੁਆਚਿਆ ਹੈ।)
ਬਿਸ਼ਨਾ : ਤੈਨੂੰ ਲੱਗਦੈ ........ ਚਾਚਾ ਸੁਣ ਰਿਹਾ ਏ ਉਹਦੀ?
ਕੈਲਾ : ਉਹ ਉਹਨੂੰ ਸੁਣਾ ਰਿਹਾ ........ ।
ਬਿਸ਼ਨਾ : ਮਤਲਬ ਇੱਥੇ ਕੋਈ ਹੈ ਨਹੀਂ।
ਕੈਲਾ : 1. (ਭੇਤ ਭਰੀ ਮੁਸਕਾਨ ਨਾਲ) ਦੱਬੀ ਜਾਂਦੇ ਕਿੱਲੀ ਆਪੋ ਆਪਣੀ।
ਕਿਸਾਨ : (ਫੇਰ ਬੋਲਣ ਲੱਗਦਾ ਹੈ) ਬੈਂਕਾਂ ਤੋਂ ਲੈ ਕੇ........, ਹੱਟੀਆਂ, ਬਾਣੀਆਂ ਤੱਕ ਸਾਰੇ ਸਾਲੇ ਚਿਚੜ ਲੱਗੇ ਚੰਮ ਨੂੰ।
ਪ੍ਰੀਤਮ : (ਜਾਣ ਦੇ ਮੂਡ 'ਚ ਜੁੱਤੀ ਪਾਂਦਾ ਹੈ।) ਘਰ ਘਰ ਇਹੋ ਹਾਲ ਏ ਬਜ਼ੁਰਗਾ।
ਕਿਸਾਨ : (ਹੁੰਗਾਰਾ ਮਿਲਣ ਨਾਲ ਹੋਰ ਵੀ ਤੈਸ਼ 'ਚ ਆ ਜਾਂਦਾ ਹੈ।
ਕੈਲਾ : ਸਰੀਰਾਂ ਦਾ ਕੀ ਏ ¸ ਉਹ ਤੇ ਹੈਗੇ ।
ਪ੍ਰੀਤਮ ਨੂੰ ਖਹਿ²ੜਾ ਛੁਡਾਣਾ ਔਖਾ ਹੋ ਜਾਂਦਾ ਹੈ।
ਕਿਸਾਨ : ਛੇ ਛੇ ਮਹੀਨੇ ਜੁਆਕਾਂ ਦੀ ਫੀਸ ਨਹੀਂ ਤਾਰੀਦੀ, ਨਿੱਕੇ ਮੋਟੇ ਖਰਚੇ ਅੱਗੇ ਪਾਈ ਜਾਈਦੇ, ਭਈ ਫਸਲ ਹਊ ਤੇ ਦੇਖਾਂਗੇ। ਇਹ ਫਸੇ ਆਂ ਖਲਜਗਣ ਨੂੰ, ਪੰਜ ਦਿਨ ਹੋ ਗਏ ਅੱਜ। (ਪ੍ਰੀਤਮ ਫਸਿਆ ਹੋਇਆ ਮਹਿਸੂਸ ਕਰਦਾ ਹੈ।) ਰਹਿੰਦੀ ਐਂ ਰੁਲ ਜਾਣੀਂ । ਜ਼ਮੀਨ ਅੱਡ ਵਾਹਣ ਵਾਲੀ ਪਈ ਏ, ਮੁੰਡੇ ਡੱਕਾ ਨੀ ਤੋੜਦੇ। (ਸਿੱਧੇ ਤੌਰ ਤੇ ਪ੍ਰੀਤਮ ਨੂੰ ਹੀ ਮੁਖਾਤਬ ਹੋ ਜਾਂਦਾ ਹੈ।) ਤਿੰਨ ਸਾਲ ਹੋ ਗਏ ਮੰਗਣਾ ਕੀਤਿਆਂ ਕੁੜੀ ਦਾ। ਮੁੰਡੇ ਵਾਲੇ ਵਖਰਾ ਜ਼ੋਰ ਪਾਈ ਜਾਂਦੇ। (ਚੁੱਪੀ। ਪ੍ਰੀਤਮ ਦਾ ਦਿਲ ਉੱਥੋਂ ਭੱਜਣ ਨੂੰ ਕਰਦਾ ਹੈ ਪਰ ਫਸਿਆ ਬੈਠਾ ਹੈ।)
ਬਿਸ਼ਨਾ : ਚਾਚਾ, ਅਖੇ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ।
ਕਿਸਾਨ : ਕਹਿ ਦੇਈਂ ਆਊਗਾ ਤੇ, ਮੈਂ ਲੱਗਾਂ ਧਨੀਂ ਕਿਆਂ ਦੇ ਸੁੱਟਣ। (ਚਲਾ ਜਾਂਦਾ ਹੈ। ਪ੍ਰੀਤਮ ਆਪਣੇ ਆਪ 'ਚ ਖੋਝਲਦਾ ਖੜਾ ਰਹਿ ਜਾਂਦਾ ਹੈ।)
ਕੈਲਾ : (ਪਰੇਸ਼ਾਨ) ਮਸਾਂ ਪਿੰਡ ਛੁੱਟਿਆ ਸੀ, ਮੁੜ ਫਸਾਤਾ ਲਿਆ ਕੇ। ਚਲ ਬਹੁਤ ਹੋ ਲਿਆ ਮੇਲਾ।
(ਸ਼ੇਰੇ ਤੇ ਲਾਲੇ ਨੂੰ ਆਉਂਦੇ ਦੇਖ ਕੇ ਰੁਕ ਜਾਂਦਾ ਹੈ। ਬਿਸ਼ਨਾ ਪਹਿਲਾਂ ਹੀ ਉਸ ਪਾਸੇ ਵੇਖ ਰਿਹਾ ਹੈ।)
ਲਾਲਾ : ਦੇਖ ਸ਼ੇਰਿਆ ਇਹ ਤੂੰ ਚੰਗਾ ਨਹੀਂ ਕੀਤਾ, ਗਿੱਲਾਂ ਦੇ ਟਰਾਲੀ ਸੁੱਟ ਕੇ। ਫਿੱਕ ਪੈ ਜਾਂਦੀ ਐਂ। ਵਿਹਾਰ ਤਾਂ ਬਣਿਆ ਈ ਰਹੇ ਤਾਂ ਖ਼ਰਾ ਹੁੰਦਾ।
ਸ਼ੇਰਾ : (ਪ੍ਰੀਤਮ ਨੂੰ) ਸਸਰੀਕਾਲ ਚਾਚਾ। (ਪ੍ਰੀਤਮ ਸਿਰ ਹਿਲਾ ਕੇ ਜਵਾਬ ਦਿੰਦਾ ਹੈ।)
ਲਾਲਾ : (ਚਿੜ ਕੇ) ਹੱਦ ਹੋ ਗਈ ਓ ਮੈਂ ਹਵਾ ਨਾਲ ਗੱਲਾਂ ਮਾਰੀ ਜਾਨਾਂ। ਜੁਗ ਹੋ ਗਏ ਬਿਸ਼ਨੇ ਨੂੰ ਮੁੱਕ ਮੁਕਾ ਗਿਆ, ਰਕਮ ਮੇਰੀ ਉਵੇਂ ਈ ਖੜੀ।
ਸ਼ੇਰਾ : (ਪ੍ਰੀਤਮ ਤੋਂ ਨਜ਼ਰਾ ਚੁਰਾਂਦੇ ਹੋਏ) ਜਿੱਥੇ ਇੰਨੇ ਨਬੇੜ ਦਿੱਤੇ ਲਾਲਾ, ਬਾਕੀ ਨੂੰ ਮੁਕਰਦਾ ਤਾਂ ਨੀ।
ਲਾਲਾ : (ਹੈਰਾਨ) ਨਬੇੜ ਦਿੱਤੇ ਉਂਨੇ 'ਚ ਤਾਂ ਬਿਆਜ ਦਾ ਬਿਆਜ ਨਹੀਂ ਮੁੜਦਾ ਭਈ ਹੈਂਅ। (ਫੇਰ ਛਾਤੀ ਮਲਣ ਲੱਗਦਾ ਹੈ। ਸ਼ੇਰਾ ਨੀਵੀਂ ਪਾਈ ਖੜਾ ਰਹਿੰਦਾ ਹੈ।) ਦਸ ਕਦ ਕਰਦਾਂ ਸਾਬ ਮੁੰਹੋ ਬੋਲ
ਸ਼ੇਰਾ : ਬੋਲਣਾ ਕੀ ਏ ਲਾਲਾ ਕਰਦੇ ਆਂ ਬਸ ਏਧਰੋ ਵੇਹਲੇ ਹੋ ਲਈਏ। (ਪ੍ਰੀਤਮ ਜਾਣ ਕੇ ਅਖ਼ਬਾਰ ਪੜਨ ਲੱਗਦਾ ਹੈ।)
ਲਾਲਾ : (ਝਿੱਥਾ ਪੈ ਕੇ) ਵੇਹਲੇ! ਉਇ ਏਥੇ ਤਾਂ ਮਰਨ ਦੀ ਵੇਹਲ ਨਹੀ ਤੂੰ ਗੱਲ ਕੀ ਕਰਦਾਂ।
ਸ਼ੇਰਾ : (ਥੋੜਾ ਗੁੱਸੇ 'ਚ) ਘਬਰਾ ਨਾ ਲਾਲਾ, ਐਂ ਨਹੀਂ ਮਰਦਾ ਮੈਂ। ਨਬੇੜ ਕੇ ਈ ਜਾਊਂ ਤੇਰਾ ਜਿੰਨੀ ਛੇਤੀ ਹੋਇਆ
(ਤੁਰ ਜਾਂਦਾ ਹੈ।)
ਲਾਲਾ : ਇਹ ਚੰਗੀ ਬਦਮਾਸ਼ੀ ਏ ਹੈਂਅ। ਓ ਸਾਡੀ ਕਿਹੜੀ ਗਾਂਹ ਬਿਰਲੇ ਟਾਟੇ ਨਾਲ ਪਿੱਠ ਜੁੜਦੀ ਆ, ਹੱਦ ਹੋ ਗਈ ਹਾਏ (ਫੇਰ ਛਾਤੀ ਮਲਣ ਲੱਗਦਾ ਹੈ।) ਲੋਕਾਂ ਦੀਆਂ ਅਮਾਨਤਾਂ ਫੜੀ ਬੈਠੇ ਆਂ।
(ਬਿਸ਼ਨਾ ਕੁਝ ਬੋਲਣ ਲੱਗਦਾ ਹੈ।)
ਬਿਸ਼ਨਾ : ਓ ਲਾਲਾ ਕੁਝ ਤੇ ਸੰਗ ਮੰਨ। ਜਾਨ ਦੇਣੀ ਰੱਬ ਨੂੰ।
ਕੈਲਾ : ਰਹਿਣ ਦੇ। ਤੇਰੀ ਨੀ ਸੁਣਨੀ ਹੁਣ ਕਿਸੇ ਨੇ।
(ਬਿਸ਼ਨਾ ਕਾਹਲੀ ਨਾਲ ਸ਼ੇਰੇ ਪਿੱਛੇ ਜਾਂਦਾ ਹੈ।)
ਕੈਲਾ : ਓ ਬਿਸ਼ਨਿਆ, ਟਿਕਾ ਨਹੀ ਇਹਨੂੰ ਮਰ ਕੇ ਵੀ।
(ਉਸ ਦੇ ਪਿੱਛੇ ਜਾਂਦਾ ਹੈ।)
ਕਰਮਾ : (ਦੂਜੇ ਪਾਸਿਓਂ ਗੁੱਸੇ 'ਚ ਭਰਿਆ ਆਂਦਾ ਹੈ।) ਇਹ ਕੀ ਤਮਾਸ਼ਾ ਏ ਲਾਲਾ, ਮੈਂ ਤੇ ਸੁਕਾ ਕੇ ਲਿਆਇਆ ਸੀ ਬਦਾਮਾ ਵਰਗਾ।
ਲਾਲਾ : (ਖਿਝ ਕੇ) ਤੇ ਮੈਂ ਪਾਤੀਆਂ ਬਾਲਟੀਆਂ ਭਰ ਭਰ ਕੇ ਹਾਏ। (ਨਰਮ ਪੈਂਦੇ ਹੋਏ) ਇਹ ਤੇ ਉੱਪਰ ਵਾਲੇ ਦੀ ਕਰੋਪੀ ਏ, ਕਿਸੇ ਬੁੱਝੀਆਂ ਉਹਦੇ ਘਰ ਦੀਆਂ।
ਪ੍ਰੀਤਮ : (ਦੱਬੀ ਜ਼ਬਾਨ 'ਚ) ਆਹੋ ਭਈ ਜੇ ਹੁਣ ਸ਼ੈੱਡ ਨੀ ਪਿਆ ਤਿੰਨ ਵਰਿਆਂ ਤੋਂ ਤਾਂ ਇਹਦੇ 'ਚ ਲਾਲੇ ਦਾ ਕੀ ਦੋਸ਼।
ਲਾਲਾ : (ਗੁੱਸੇ 'ਚ) ਮੈਂ ਹੁਣ ਪੱਲਿਓਂ ਤਾਂ ਨਹੀਂ ਲਾ ਦੇਣੇ। ਰੋਵੋ ਜਾ ਕੇ ਮਾਰਕੀਟ ਕਮੇਟੀ ਵਾਲਿਆਂ ਨੂੰ। (ਛਾਤੀ ਮਲਦਾ ਹੈ।)
ਕਰਮਾ : ਉੱਥੇ ਮੋਏ ਪੁੱਛਦੇ ਨੇ, ਚੋਰ ਕੁੱਤੀ ਸਾਰੇ ਰਲੇ ਆ, ਮਾਂਸ ਚੂੰਡਣ ਨੂੰ ਗਿਰਝਾਂ ਵਾਂਗ।
ਲਾਲਾ : (ਕਰਮੇ ਦੀ ਅਣਸੁਣੀ ਕਰਦੇ ਹੋਏ) ਓ ਰਾਮਿਆ ਵੇਖ ਉਇ ਬਾਰਦਾਨਾ ਕਿੰਨਾ ਕੁ ਪਿਆ। (ਪਰਤ ਕੇ) ਤੂੰ ਕਿਵੇਂ ਬੈਠਾਂ ਪ੍ਰੀਤਮ ਸਿਆਂ।
ਪ੍ਰੀਤਮ : (ਝਕਦੇ-ਝਕਦੇ) ਕੰਮ ਸੀ ਲਾਲਾ ਤੇਰੇ ਤਾਈਂ। (ਚੋਰ ਅੱਖ ਨਾਲ ਕਰਮੇ ਨੂੰ ਦੇਖਦਾ ਹੈ।)
ਕਰਮਾ : ਓ ਮੈਨੂੰ ਤਾਂ ਲਾ ਹੁਣ ਕਿਸੇ ਬੰਨੇ।
ਲਾਲਾ : ਕਿਹਾ ਨਾ ਭਾਈ ਮੇਰੀ ਹੱਥ ਵਸ ਕੁਝ ਨੀ। ਮੇਰੀ ਤਾਂ ਆਪ ਵਿਚਾਲੇ ਡੋਲਦੀ ਆ। ਇੰਸਪੈਕਟਰ ਨੂੰ ਮਨਾ ਲੈ ਜੇ ਮੰਨਦਾ ਤੇ।
ਰਾਮਾ : ਆ ਲਾਲਾ ਜੀ ਮਾਰੀਓ ਜ਼ਰਾ ਘੁੱਗੀ ਜਹੀ ਜਈ।
ਲਾਲਾ : (ਸਾਈਨ ਕਰਦੇ ਹੋਏ) ਤੇਰੀ ਤੇ ਕਿਸਮਤ ਚੰਗੀ ਏ ਕਰਮਿਆ ਪੱਕੀ ਫੜ ਤੇ ਲੱਗੀ ਸੀ ਢੇਰੀ। (ਫੇਰ ਬਾਹਰ ਨੂੰ ਦੇਖ ਕੇ) ਇੱਕ ਚਾਹ ਏਧਰ ਦੇਈਂ ਪ੍ਰੀਤਮ ਨੂੰ। ਫੇਰ ਸਾਈਨ ਕਰਨ ਲੱਗਦਾ ਹੈ।) ਝੋਨਾ ਕਾਹਦਾ ਰਹਿ ਗਿਆ, ਬੋ ਮਾਰਗੀਆਂ ਢੇਰੀਆਂ, ਧੂੰਆ ਨਿਕਲ ਗਿਆ। ਉਹ ਦੀਂਦਾ ਨੀ ਕਿਵੇਂ ਤਰਦਾ ਪਿਆ ਛਪੜਾਂ 'ਚ, ਮਾਰ ਲੰਘਣਾ ਔਖਾ ਹੋਇਆ ਪਿਆ। (ਰਾਮਾ ਬਹੀਆਂ ਚੁੱਕੀ ਬਾਹਰ ਨੂੰ ਜਾਂਦਾ ਹੈ।)
ਕਰਮਾ : ਦੀਂਹਦਾ ਤਾਂ ਸਭ ਕੁਝ ਏ ਲਾਲਾ, ਸੁਝਦਾ ਨੀ ਕਆਪਣਾ ਤੇ ਫੇਰ ਬਚਾ ਰਹਿ ਗਿਆ। ਦੁੱਝ।
ਲਾਲਾ : (ਛਾਤੀ ਮਲਦੇ ਹੋਏ, ਟੀਸ ਜਹੀ ਉਠਦੀ ਹੈ।) ਕਾਨ ਉੱਚੇ ਵਾਲੇ ਪਾਸੇ ਆ ਆਪਣੀ। (ਦਵਾਈ ਖਾਂਦਾ)
ਕਰਮਾ : ਕਿਸਮਤ ਈ ਨੀਵੀਂ ਏ ਲਾਲਾ ਕੀ ਕਹੀਏ ਤੈਨੂੰ। ਮਨਾ ਉਹਨੂੰ ਲਗਦੇ ਨੂੰ, ਲਗਦਾ ਆਖੇ ਤੇ, ਕਰ ਦਿਆਂਗੇ ਧੇਲੀ-ਪੋਲੀ।
ਲਾਲਾ : ਨਾ ਇਹ ਝੂਠੀ ........ ਆਪਾਂ ਨੀ ਆਂਦੇ ਵਿੱਚ। ਨਾਲੇ ਮਸ਼ੀਨਾਂ ਦੇ ਮਾਮਲੇ 'ਚ ਉਹ ਵੀ ਕੀ ਕਰ ਲਊ। (ਪ੍ਰੀਤਮ ਚਾਹ ਮੁਕਾਂਦਾ ਹੈ।) ਕਰਦਾਂ ਪ੍ਰੀਤਮਾਂ ਤੇਰੇ ਨਾਲ ਵੀ ......... ਇੱਕ ਮਿੰਟ।
ਕਰਮਾ : ਨੀਤ ਦੀ ਗੱਲ ਏ ਲਾਲਾ, ਸਭ ਹੋ ਜਾਂਦਾ, ਮਾੜਾ ਜਿਹਾ ਹੱਥ ਨਰਮ ਰੱਖ ਲਏ ਤੇ। ਮੁੱਠੀ ਓ ਗਰਮ ਕਰਨੀ ਏ ਨਾ।
ਲਾਲਾ : (ਹਸ ਕੇ) ਚਲ ਫੇਰ, ਕਰਦਾਂ ਮੈਂ ਕੋਈ ਢਾਹ ਭੰਨ। ਮੁੜ ਕਾਟ ਦਾ ਰੋਲਾ ਨਾ ਪਾ ਕੇ ਬਹਿ ਜਾਈਂ। ਤੂੰ ਭਈ ਲਿਖਿਆ-ਪੜਿਆਂ।
ਕਰਮਾ : ਰੁੜ ਗਈਆਂ ਪੜਾਈਆਂ ਤੇ ਤੂੰ ਗੱਲ ਤੋਰ।
((ਜਾਂਦੇ ਹੋਏ) ਮਸ਼ਕਰੀਆਂ ਕਰਦਾ ਤੂੰ ਵੀ।
ਲਾਲਾ : ਹਾਏ ਉਇ ਲੱਕ ਨੀ ਸਿੱਧਾ ਹੁੰਦਾ। (ਪ੍ਰੀਤਮ ਫੇਰ ਆਪਣੇ 'ਚ ਗੁਆਚਾ ਅਖਬਾਰ ਦੀ ਪੂਣੀ ਬਣਾਈ ਜਾਂਦਾ ਹੈ। ਲਾਲੇ ਦੀ ਆਵਾਜ਼ ਸੁਣ ਕੇ ਚੌਂਕਦਾ ਹੈ।) ਹਾਂ ਤੂੰ ਸੁਣਾ ਪ੍ਰੀਤਮ ਸਿਆਂ, ਤੇਰੀ ਰਹਿ ਜਾਂਦੀ ਹਰ ਵਾਰ ਵਿੱਚੇ ਈ।
ਪ੍ਰੀਤਮ : ਸੁਨਾਣਾ ਕੀ ਏ ਲਾਲਾ, ਅੜੀ ਥੁੜੀ ਨੂੰ ਈ ਆਈਦਾ।
ਲਾਲਾ : ਆਹੋ ....... ਹੋਰ ਸਾਡੇ ਦਰਸ਼ਨਾ ਨੂੰ ਕਿਹੜਾ ਆਉਂਦਾ (ਬਾਹਰ ਵੱਲ ਦੇਖਦਾ ਆਪ ਹੀ ਹਸ ਪੈਂਦਾ ਹੈ।)
ਪ੍ਰੀਤਮ : ਮੁੰਡਾ ਖੈਹੜੇ ਪਿਆ ਬਸ ਬਾਹਰ ਘੱਲ ਦਿਓ। ਕਿਸੇ ਏਜੰਟ ਜੁੰਟ ਨਾਲ ਵੀ ਪਕ ਠਕ ਕਰੀ ਫਿਰਦੇ। ਰੇਸ਼ਮ ਵੀ ਨਾਲ ਹੈ ਉਹਦੇ ¸ ਆਪਣੀ ਬਿਸ਼ਨੀ ਦਾ ਪ੍ਰਾਹੁਣਾ।
ਲਾਲਾ : ਉਹ ਤੇ ਭਾਈ ਮੁੰਡੇ ਖੁੰਡੇ।
ਆਵਾਜ² : ਲਾਲਾ ਜੀ ਸੂਤਲੀ ਮੁਕ ਗਈ।
ਲਾਲਾ : ਓ ਮੈਂ ਨਾਲ ਚੁੱਕੀ ਫਿਰਦਾਂ ਫੇਰ। ਦੇਖ ਲਓ ਪਿੱਛੇ ਸਟੋਰ 'ਚ। (ਪ੍ਰੀਤਮ ਨੂੰ) ਹਾਂ ਦਸ।
ਪ੍ਰੀਤਮ : ਉਧਰ ਕੁੜੀ ਦੇ ਸੋਹਰੇ ਜ਼ੋਰ ਪਾਈ ਜਾਂਦੇ ਪ੍ਰਾਹੁਣੇ ਨੇ ਬਾਹਰ ਮੁੜ ਜਾਣਾਂ। ਵਿਆਹ ਵੀ ਕਹਿੰਦੇ ਸ਼ਹਿਰ ਆ ਕੇ ਕਰੋ ਅੜੀ ਫੜੀ ਬੈਠੇ।
ਲਾਲਾ : (ਜੋ ਹੁਣ ਤਾਈਂ ਮੋਬਾਇਲ 'ਚ ਉਲਝਿਆ ਸੀ, ਕਾਹਲਾ ਪੈ ਕੇ) ਦੇਖ ਪ੍ਰੀਤਮਾਂ ਤੂੰ ਸਿਆਣਾਂ ਹੈਂਅ। ਜੁਆਕ ਤਾਂ ਜੁਆਕ ਨੇ। ਖਰਚੇ ਦਾ ਕੀ ਏ ਜਿੰਨਾ ਮਰਜ਼ੀ ਵਧਾ ਲਓ, ਪਰ ਐਂ ਔਖਾ ਹੋ ਜਾਂਦਾ। ਨਾਲੇ ਇਹ ਤੇ ਸਿੱਧਾ ਜੁਆ ਏ।
ਪ੍ਰੀਤਮ : (ਨੀਵੀਂ ਪਾ ਕੇ) ਉਹ ਤੇ ਠੀਕ ਏ ਲਾਲਾ ਹੁਣ ਜੁਆਕਾਂ ਦੀ ਨਾ ਮੰਨ ਕੇ ਵੀ ਨਹੀਂ ਸਰਦਾ। ਨਾਲੇ ਰਿਸ਼ਤਾ ਵੀ ਖ਼ਰਾ
(ਬਾਹਰ ਰੌਲਾ ਪੈ ਜਾਂਦਾ ਹੈ।)
ਲਾਲਾ : ਉਇ ਹੁਣ ਕੀ ਹੋ ਗਿਆ ਹੁਕਮਿਆ। ਬੜੀ ਤੱਦੀ ਏ ਵਈ ਲੋਕਾਂ 'ਚ। ਮਰਨ-ਮਾਰਨ ਨੂੰ ਆ ਜਾਂਦੇ ਮਿੰਟਾਂ 'ਚ।
ਆਵਾਜ਼ : ਪੰਘਾ ਪੈ ਗਿਆ ਲਾਲਾ ਜੀ ........, ਬੋਲੀ ਰੋਕ ਤੀ ਇੰਸਪੈਕਟਰ ਨੇ।
ਲਾਲਾ : (ਘਬਰਾ ਕੇ) ਇਹ ਕੀ ਹੋ ਗਿਆ ਪਤਾ ਨੀ ਕੀ ਕਰੀ ਜਾਂਦੇ ਆ। ਤੂੰ ਫੇਰ ਦੋ ਕੁ ਦਿਨਾਂ ਨੂੰ ਮਾਰੀਂ ਗੇੜਾ ਤੇਰਾ ਕੰਮ ਲੰਮਾ ਏ। (ਜਾਂਦੇ ਹੋਏ) ਏਥੇ ਤਾਂ ਮਰਨ ਦੀ ਵੇਹਲ ਨਹੀਂ।
(ਨਿੰਮੋਝੂਣਾ ਜਿਹਾ ਪ੍ਰੀਤਮ ਇੱਕ ਪਾਸੇ ਨੂੰ ਜਾਂਦਾ ਹੈ। ਬਿਸ਼ਨਾ ਤੇ ਕੈਲਾ ਆਉਂਦੇ ਹਨ ਤੇ ਉਸ ਨੂੰ ਜਾਂਦੇ ਹੋਏ ਦੇਖਦੇ ਹਨ।
ਬਿਸ਼ਨਾ : ਇਹਨੂੰ ਤੇ ਸੱਚੀ ਵੇਹਲ ਨਹੀਂ ਮਰਨ ਦੀ।
ਦੂਜੇ ਪਾਸਿਓਂ ਗੁੱਸੇ 'ਚ ਭਰਿਆ। ਇੰਸਪੈਕਟਰ ਆਉਂਦਾ ਹੈ। ਪਿੱਛੇ ਪਿੱਛੇ ਲਾਲਾ ਵੀ ਆਂਦਾ ਹੈ।)
ਲਾਲਾ : ਗੱਲ ਕੀ ਹੋ ਗਈ, ਇੰਸਪੈਕਟਰ ਸਾਹਬ, ਬੋਲੀ ਕਿਉਂ ਰੋਕਤੀ। ਮੇਰੀ ਗੱਲ ਤੇ ਸੁਣੋ ਸ਼ਰਮਾ ਜੀ ਇਹ ਭੂਤਰੇ ਜੱਟ ਗਲ ਪੈ ਗਏ ਤੇ ਲਹਿਣੇ ਨਹੀਂ।
ਇੰਸ : ਔਖੇ ਨੇ ਤੇ ਸਾਡੇ ਸਿਰ ਚੜਨਾ ਫੇਰ।
ਲਾਲਾ : ਸਤੇ ਫਿਰਦੇ ਆ ........ । ਮੈਂ ਕਿਹਾ ........ ਸਿਰੀਆਂ ਫੇਂਹ ਸੁਟਣਗੇ।
ਇੰਸ : ਲੁੱਟ ਮਚੀ ਏ, ਫੇਂਹ ਸੁਟਣਗੇ ਸਿਰੀਆਂ।
ਲਾਲਾ : (ਬਾਹਰ ਵੱਲ ਨੂੰ) ਓ ਠੰਡਾ ਠੁੰਡਾ ਪਿਆਓ ਸ਼ਰਮਾ ਜੀ ਨੂੰ। ਏਧਰ ਤਾਂ ਆਓ।
ਬਿਸ਼ਨਾ : ਵੇਖਿਆ ਕਿਵੇਂ ਡਰਾਮਾਂ ਕਰਦੇ ਆ।
ਲਾਲਾ : ਆਪਾਂ ਵੀ ਗਾਂਹ ਰੱਬ ਨੂੰ ਜਾਨ ਦੇਣੀ ਜਨਾਬ
ਇੰਸ : ਰਹਿਣ ਦੇ ਲਾਲਾ, ਅਸੀਂ ਵੀ ਸਰਕਾਰੀ ਬੰਦੇ ਆਂ। ਸ•ਾਬ ਦੇਣਾ ਹੁੰਦਾ ਗਾਂਹ। ਗਿੱਲ ਏਨ•ੀ ਜ਼ਿਆਦਾ।
ਲਾਲਾ : ਉਹ ਤੇ ਨਬੇੜ ਲਈ ਸੀ ਆਪਾਂ। ਹੁਣ ਕੀ ਹੋ ਗਿਆ।
ਇਸ : ਹੋਣਾ ਕੀ ਏ
ਲਾਲਾ : ਲਓ ਠੰਡਾ ਪੀਓ।
ਇੰਸ : (ਪੀਂਦੇ ਹੋਏ) ਗੱਲ ਕਰਨ ਦੀ ਤਮੀਜ ਏ ਕੋਈ ਮਿਨਸਟਰਾਂ ਵਾਂਗ ਸਵਾਲ-ਜਵਾਬ ਕਰਦੇ ਆ।
(ਇਸੰਪੈਕਟਰ ਠੰਡਾ ਪੀਂਦਾ ਹੈ। ਲਾਲਾ ਪਰੇਸ਼ਾਨੀ 'ਚ ਘੁੰਮਦਾ ਹੈ। ਬਿਸ਼ਨਾ ਆਲੇ ਦੁਆਲੇ ਕੁਝ ਲੱਭ ਰਿਹਾ ਹੈ।)
ਕੈਲਾ : ਹੁਣ ਤੂੰ ਕੀਹਨੂੰ ਲੱਭੀ ਜਾਨਾਂ?
ਬਿਸ਼ਨਾ : ਆਏ ਤਾਂ ਏਧਰ ਨੂੰ ਹੀ ਸੀ। ਚਲ ਉਧਰ ਦੇਖਦੇ ਹਾਂ। (ਜਾਂਦਾ ਹੈ। ਪਿੱਛੇ ਪਿੱਛੇ ਕੈਲਾ ਵੀ ਜਾਂਦਾ ਹੈ।)
ਕਰਮਾ : ਕੀ ਗੱਲ ਲਾਲਾ ਮਾਲ ਕਿਉਂ ਢੇਰੀ ਕਰਾਤਾ।
ਲਾਲਾ : ਕੁਝ ਨੀ, ਨਰਾਜ਼ ਹੋ ਗਏ ਸ਼ਰਮਾ ਜੀ।
ਇੰਸ : ਨਰਾਜ਼ ਨੂੰ ਮੈਂ ਘਰ ਲੈ ਕੇ ਜਾਣਾਂ। ਦਾਣਾ ਤੇ ਕਾਲਾ ਹੋਇਆ ਪਿਆ।
(ਕਰਮਾ ਲਾਲੇ ਵੱਲ ਦੇਖਦਾ ਹੈ।)
ਲਾਲਾ : ਪਤਾ ਨੀ ਵਾਧੂ ਘਾਟੂ ਬੋਲ ਤਾ ਕਿਸੇ ਨੇ ਹੋਰ ਕੀ।
ਕਾਮਰੇਡ : ਓ ਕੀ ਰੋਲਾ ਏ ਭਈ, ਬੋਲੀ ਕਾਹਤੋਂ ਰੋਕ ਤੀ।
(ਇੰਸਪੈਕਟਰ ਉਹਨੂੰ ਦੇਖ ਕੇ ਮੁੰਹ ਮੋੜ ਲੈਂਦਾ ਹੈ।)
ਲਾਲਾ : ਰੌਲਾ ਉਹੀ ਗਿੱਲ ਦਾ ਕਾਮਰੇਡਾ। ਇੰਸਪੈਕਟਰ ਸ•ਾਬ ਕਹਿੰਦੇ।
ਇੰਸ : ਮੈਂ ਕੀ ਕਹਿਨਾਂ ........ ਮਸ਼ੀਨਾਂ ਬੋਲਦੀਆਂ ਮਸ਼ੀਨਾਂ।
(ਬਾਹਰ ਵੱਲ ਨੂੰ ਜਾਂਦਾ ਹੈ।)
ਕਾਮਰੇਡ : ਕੀ ਬੋਲਦੀਆਂ ਇਹ ਵੀ ਇਨ•ਾਂ ਨੂੰ ਹੀ ਪਤਾ। ਬਾਹਮਣਾ ਦੇ ਮੰਤਰ ਉਨਾ ਦੇ ਹੀ ਪੱਲੇ ਪੈਂਦੇ। ਸਾਡੇ ਵਰਗੇ ਟੰਗ ਫਸਾ ਕੇ ਪਛਤਾਂਦੇ ਆ।
ਲਾਲਾ : ਕਰਾ ਲਓ ਹੁਣ ਬੋਲੀ ਕੀਹਤੋਂ ਕਰਾਉਣੀ।
(ਸ਼ਰਮਾ ਬੈਗ ਚੁੱਕੀ ਮੁੜ ਉੱਥੋਂ ਦੀ ਲੰਘਦਾ ਹੈ।) ਸ਼ਰਮਾਂ ਜੀ ਗੱਲ ਤੇ ਸੁਣੋ (ਉਸ ਨੂੰ ਰੋਕਦਾ ਹੈ।) ਮੁਕਾਓ ਵਿੱਚੋਂ।
ਇੰਸ : ਮੁੱਕੂ ਹੁਣ ਕਿਸੇ ਗੱਲ ਨਾਲ। ਸਮਝਦੇ ਕੀ ਐ, ਮੋਕ ਨਾ ਮਾਰਦੇ ਫਿਰੇ ਤਾਂ ਕਹੀਂ (ਜਾਂਦਾ ਹੈ। ਮਗਰੇ ਲਾਲਾ ਜਾਂਦਾ ਹੈ।) ਦਿਖਾ ਦੂੰ ਮੈਂ।
ਕਰਮਾ : ਕੀ ਲੋੜ ਸੀ ਪੰਗਾ ਲੈਣ ਦੀ।
ਕਾਮਰੇਡ : ਮੈਂ ਕੀ ਡਾਂਗ ਮਾਰਤੀ ਉਹਦੇ।
ਕਿਸਾਨ : ਪੰਘਾ ਤਾਂ ਤੇਰੇ ਤੋਂ ਈ ਪਿਆ ਸਾਰਾ।
ਕਾਮਰੇਡ : ਉਹ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ।
ਕਰਮਾ : ਬੋਲੀ ਤਾਂ ਹੋਈ ਜਾਂਦੀ ਸੀ।
: ਦੋ ਰੁਪਏ 'ਚ ਗੱਲ ਮੁਕ ਗਈ ਸੀ ........ ਚੰਗੀ ਭਲੀ ।
ਕਾਮਰੇਡ : ਘੁੰਡੀ ਤੇ ਇਹ ਐ ਨਾ ਵਿੱਚੋਂ। (ਚਲਦੇ ਡਾਇਲਗਾਂ ਵਿੱਚ ਬਿਸ਼ਨਾ ਤੇ ਕੈਲਾ ਮੁੜ ੱਾਂਦੇ ਹਨ। ਬਿਸ਼ਨਾ ਦੀਆਂ ਅੱਖਾਂ ਪਹਿਲਾਂ ਵਾਂਗ ਕੁਝ ਲੱਭ ਰਹੀਆਂ ਹਨ। ਕਿਸਾਨਾਂ ਵਿੱਚ ਬੇਚੈਨੀ ਵਧਦੀ ਜਾ ਰਹੀ ਹੈ। ਕੈਲਾ ਦਿਲਚਸਪੀ ਨਾਲ ਦੇਖਦਾ ਹੈ।)
ਬਿਸ਼ਨਾ : ਕਮਾਲ ਦੀ ਸ਼ੈਹ ਏ। ਨੇੜੇ ਆਓ ਤੇ ਗਾਇਬ।
ਕੈਲਾ : ਤੂੰ ਏਧਰ ਦੇਖ ਰੌਂਦ ਚਲਦੇ ਵੇਖੀਂ ਕਿਹੜਾ ਝੜਦਾ
ਲਾਲਾ : (ਛਾਤੀ ਮਲਦਾ ਹੋਇਆ ਆਉਂਦਾ ਹੈ) ਹੁਣ ਨੀ ਬਣਦਾ ਕੁਝ।
ਕਿਸਾਨ : ਸਾਰੇ ਇਹਦੇ ਪੰਗੇ ਆ।
ਕਾਮਰੇਡ : ਮੈਂ ਕੀ ਮੋਘੇ 'ਚ ਲੱਤ ਫਸਾ ਤੀ।
ਕਰਮਾ : ਲੱਤ ਨੂੰ ਕਸਰ ਏ ਕੋਈ। ਢੰਗ ਹੁੰਦਾ ਕੋਈ ਗੱਲ ਕਰਨ ਦਾ ਵੀ (ਬਿਸ਼ਨਾ ਉਨ•ਾਂ ਦੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਲੈਂਦਾ। ਕੈਲਾ ਪੂਰਾ ਸੁਆਦ ਲੈਂਦਾ ਹੈ। ਬਿਸ਼ਨਾ ਦੂਜੇ ਪਾਸੇ ਨਿਕਲ ਜਾਂਦਾ ਹੈ।)
ਕਾਮਰੇਡ : ਤੁਸੀਂ ਸਿਖਾ ਦਿਓ ਫੇਰ ਢੰਗ, ਚਾਰ ਟੀਟਣੇ ਨਹੀ ਲੋਟ ਆਂਦੇ। ਨਾਸੀਂ ਧੂੰਆਂ ਲਿਆਤਾ।
ਲਾਲਾ : ਬੋਲੀ ਤਾਂ ਹੋਈ ਜਾਂਦੀ ਸੀ ਨਾ। ਹੁਣ ਤੇ ਨੁਕਸਾਨ ਹਊ ਸਭ ਦਾ। (ਚੁੱਪੀ।)
ਕੈਲਾ : ਲੈ ਮਾਰਤੀ ਮੋਕ। ਡੱਡੂਆਂ ਦੀ ਪਸੇਰੀ। (ਜਾਂਦਾ)
ਕਾਮਰੇਡ : ਮੈਂ ਕਹਿਨਾਂ ਕੱਠੇ ਹੋ ਕੇ ਕਰੋ ਸਿਆਪਾ। ਕਿਵੇਂ ਨੀ ਹੁੰਦੇ ਸੂਤ। (ਚੁੱਪੀ। ਕਰਮਾ ਲਾਲੇ ਕੋਲ ਜਾਂਦਾ ਹੈ।)
ਕਰਮਾ : ਏਹਨੂੰ ਬਾਂਚਣ ਦੇ ਪੋਥੀ, ਤੂੰ ਮੇਰੀ ਕਰਾ ਗੱਲ ਜਿਵੇਂ ਹੁੰਦੀ ਏ
ਲਾਲਾ : ਨਾ ਹੁਣ ਨੀ ਮੰਨਣਾ ਉਹਨੇ। ਉੱਤੋਂ ਬੱਦਲ ਵੀ ਆਉਂਦਾ ਗੜਗੜ ਕਰਦਾ।
(ਸਾਰੇ ਆਸਮਾਨ ਵੱਲ ਦੇਖਦੇ ਹਨ।)
ਕਿਸਾਨ : ਮਾੜੇ ਨੂੰ ਰੱਬ ਦੀ ਮਾਰ। (ਸਾਰੇ ਬਾਹਰ ਵੱਲ ਨੂੰ ਦੌੜਦੇ ਹਨ।)
ਕਾਮਰੇਡ : ਚੂੜੀਆਂ ਪਾ ਕੇ ਘਰੇ ਜਾ ਬਹੋ ਇਨ•ਾਂ ਦੇ ਘੁੰਢ ਕੱਢ ਕੇ। ਐਂ ਨੀ ਰੀਝਣੇ ਇਹ ਖਸਮ। (ਜਾਂਦੇ ਹੋਏ) ਪਾਣੀ ਪੈ ਗਿਆ ਹੱਡਾਂ 'ਚ।
ਆਵਾਜ਼ : ਓ ਲਾਲਾ ਤਰਪਾਲ ਤਰਪੂਲ ਹੈਗੀ ਕੋਈ।
ਲਾਲਾ : (ਬਹੀਆਂ ਚੁੱਕੀ ਆਉਂਦਾ ਹੈ।) ਓ ਮਗਰ ਦੇਖ ਲਓ ਕੋਈ ਬਚੀ ਆ ਤੇ। ਮੈਨੂੰ ਤੇ ਮੇਰੀ ਰਕਮ ਈ ਡੁਬਦੀ ਲਗਦੀ (ਦਿਲ ਦਾ ਦੌਰਾ ਪੈਂਦਾ ਹੈ। ਬਹੀਆਂ ਖਿਲਰ ਜਾਂਦੀਆਂ ਹਨ। ਤੜਫਦਾ ਹੈ।) ਮੇਰੀ ਤੇ ਦੁਕਾਨ ਈ ਬੈਠੀ ਜਾਂਦੀ। (ਪਰੀਆਂ ਤੇ ਫਰਿਸ਼ਤੇ ਆਂਦੇ ਹਨ। ਗੀਤ ਸ਼ੁਰੂ ਹੁੰਦਾ ਹੈ। ਲਾਲੇ ਨੂੰ ਘੇਰ ਕੇ ਨਚਦੇ ਹਨ। ਲਾਲਾ ਖੁਸ਼ ਹੈ।)
ਗੀਤ : ਗਿਣ ਗਿਣ ਥਈਆਂ ਢੇਰ ਲਗਾਵੇਂ ਮਾਹੀ ਯਾਦ ਨਾ ਆਵੇ
ਦਾਜ ਦਹੇਜੀਂ ਸਾਜਣ ਭੁੱਲ ਗਈ ਸੁਫ਼ਨੀ ਮਨ ਭਰਮਾਵੇ
ਤੇਰਾ ਰੂਪ ਸਦਾ ਨਈਓਂ ਰਹਿਣਾ ਨੀ ਜਿੰਦੇ ਕੋਈ।
(ਪਰੀਆਂ ਦੀ ਟੋਲੀ ਜਾਂਦੀ ਹੈ ਤੇ ਯਮਦੂਤ ਆਂਦੇ ਹਨ। ਲਾਲਾ ਡਰਦਾ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਙ ਜਾਣ ਨਹੀਂ ਦਿੰਦੇ। ਆਖਿਰ ਉਹ ਡਿਗਦਾ ਹੈ।)
ਦੌਲਤ ਬਦਲੇ ਗਈ ਜਵਾਨੀ ਢਲ ਚੱਲੇ ਪਰਛਾਵੇਂ
ਹੁਣ ਕਿਉਂ ਅੱਖੀਂ ਦੇ ਦੇ ਮੁੱਕੀਆਂ ਰੋਵੇਂ ਤੇ ਪਛਤਾਵੇਂ
ਜਦ ਚੁੱਕ ਲੀ ਡੋਲੀ ਕੁਹਾਰਾਂ ਨ ੀ ਜਿੰਦੇ ........ ।
(ਲਾਲੇ ਨੂੰ ਚੁੱਕ ਕੇ ਲੈ ਜਾਂਦੇ ਹਨ। ਗੀਤ ਦੀ ਧੁਨ ਵਿੱਚ ਹੀ ਬਿਸ਼ਨਾ ਤੇ ਕੈਲਾ ਆਉਂਦੇ ਹਨ।)
ਕੈਲਾ : ਓ ਖਲੋ ਜਾ ਹੁਣ। (ਕੋਲ ਆ ਕੇ) ਕਿਉਂ ਭਕਾਈ ਮਾਰਦਾਂ।
ਬਿਸ਼ਨਾ : (ਉਸ ਦਿਸ਼ਾ ਵੱਲ ਦੇਖ ਰਿਹਾ ਹੈ ਜਿਧਰ ਲਾਲੇ ਨੂੰ ਲੈ ਕੇ ਗਏ ਹਨ।) ਉਹ ਦੇਖ ਉਹ ਗਏ।
ਕੈਲਾ : ਕਿੱਥੇ (ਦੇਖਣ ਦੀ ਕੋਸ਼ਿਸ਼ ਕਰਦਾ ਹੈ।)
ਜਮ ਪਰਦਾ ਲਈ ਆਉਂਦੇ ਹਨ।
ਬਿਸ਼ਨਾ : ਓ........ (ਗੀਤ ਦੀ ਧੁਨ ਚਲਦੀ ਹੈ। ਹੌਲੀ ਹੌਲੀ ਰੋਸ਼ਨੀ ਅਲੋਪ ਹੁੰਦੀ ਹੈ।)
(ਸੱਥ ਵਿੱਚ ਦੋਹੇਂ ਅਮਲੀ ਤਾਸ਼ ਖੇਡ ਰਹੇ ਹਨ। ਬਿਸ਼ਨਾ ਪੌੜੀ ਤੇ ਬੈਠਾ ਗੁਣਗੁਣਾ ਰਿਹਾ ਹੈ।
ਬਿਸ਼ਨਾ : ਭਲਾ ਹੋਇਆ ਨੀ ਮੇਰਾ ਚਰਖਾ ਟੁੱਟਾ, ਜਿੰਦ ਆਜਬੋਂ ਛੁੱਟੀ, ਨੀ ਮੇਰੀ ਜਿੰਦ ਅਜਾਬੋਂ ਛੁੱਟੀ । (ਬੇਸੁਆਦਾ ਜਿਹਾ ਮੁੰਹ ਬਣਾ ਕੇ ਉਠਦਾ ਹੈ।) ਅਜੀਬ ਗੋਲਘਤਾਰਾ, ਜਿਸ ਤੋਂ ਭਜਦੇ ਹਾਂ, ਉਸ ਦੇ ਹੀ ਪਿੱਛੇ ਭਜਦੇ ਹਾਂ। ਉਹੀ ਚੰਮ ਦਾ ਪਿੰਜਰਾ ਭਾਲਦੇ ਮੁੜ-ਮੁੜ।
(ਸਰਪੰਚ ਬਾਹਰੋਂ ਆਉਂਦਾ ਹੈ।)
1. : ਆ ਜਾ ਸਰਪੰਚਾ, ਦੋ ਘੜੀ ਸਾਡੇ ਕੋਲ ਵੀ ਬਹਿ ਜਿਆ ਕਰ।
ਸਰਪੰਚ : ਬਸ ਵਈ, ਤੁਸੀਂ ਦੱਬੀ ਚੱਲੋਂ ਕਿੱਲੀ। (ਬਿਸ਼ਨੇ ਦੇ ਘਰ ਵੱਲ ਨੂੰ ਜਾਂਦੇ ਹੈ।)
ਬਿਸ਼ਨਾ : ਵੇਖ ਲੋ, ਸਾਰਾ ਪਿੰਡ ਡਕਾਰ ਕੇ ਵੀ ਚੈਨ ਕੋਈ ਨੀ ਪਤੰਦਰ ਨੂੰ।
(ਅੰਦਰੋਂ ਮਿੱਠੂ ਆਉਂਦਾ ਹੈ।)
2. : ਆ ਜਾ ਮਿੱਠੂਆ। ਕਿਵੇਂ ਦੀਂਹਦਾ ਈ ਨਹੀਂ ਅੱਜਕਲ। ਕਰੀਏ ਫੇਰ ਗੋਲਾ ਪੀਹ।
ਮਿੱਠੂ : ਕਰਦੇ ਆਂ। ਪੈਰਾਂ ਸਿਰ 'ਤੇ ਹੋ ਲਈਏ। (ਸ਼ੀਸ਼ਾ ਪੀਂਦਾ ਹੈ।)
1. : ਪੜੇ ਲਿਖਿਆਂ ਦੇ ਨਸ਼ੇ ਵੀ ਧਰਮ ਨਾਲ ਕਮਾਲ ਈ ਏ।
ਮਿੱਠੂ : (ਕੈਪਸੂਲ ਕਢਦੇ ਹੋਏ) ਭੂੰਡ ਭਾਂਡ ਚਾਹੀਦਾ ਕੋਈ ਤੇ ਦਸ।
2. : ਲੈ ਹੋਰ ਬਾਈ, ਤੂੰ ਕੱਢ ਮੈਂ ਪਾਣੀ ਲੈ ਕੇ ਆਇਆ।
(ਬਾਹਰ ਜਾਂਦਾ ਹੈ। ਬਿਸ਼ਨੇ ਦੀ ਛੱਤ ਉਪਰੋਂ ਕੈਲਾ ਪੌੜੀ ਉਤਰਦਾ ਹੋਇਆ ਆਉਂਦਾ ਹੈ।)
1. : ਲੈ ਮੈਂ ਫੇਰ ਬੱਤੀ ਓ ਬਣਾ ਲੈਂਦਾ ਉਂਨੀ ਦੇਰ।
ਸਿਗਰਟ ਭਰਦਾ ਹੈ। ਮਿੱਠੂ ਕੈਪਸੂਲ ਖੋਲ ਕੇ ਤਲੀ 'ਤੇ ਭੋਰ ਦਾ ਹੈ। 2 ਨੰਬਰ ਆਉਂਦਾ ਹੈ।)
2. : ਸਾਰੀ ਦਿਹਾੜੀ ਤੇ ਇਸੇ ਆਸ 'ਤੇ ਨਿਕਲਦੀ ਹੈ।
ਮਿੱਠੂ : ਸਾਡਾ ਤੇ ਦਿਨ ਈ ਸ਼ਾਮ ਨੂੰ ਸ਼ੁਰੂ ਹੁੰਦਾ ਹੈ।
(ਕੈਪਸੂਲ ਖਾਂਦੇ ਹਨ। ਦੂਜਾ ਸਿਗਰਟ ਬਾਲਦਾ ਹੈ।)
1. : ਚਲੋ ਫੇਰ ਕਰੀਏ ਕੁਝ ਅਧੀਏ ਪਊਏ ਦਾ।
(ਤਾਸ਼ ਵੰਡਦੇ ਹਨ। ਕੈਲਾ ਥੱਲੇ ਆਂਦਾ ਹੈ।)
ਬਿਸ਼ਨਾ : ਚਰਖਾ ਮਰੇ ਕਰੇ ਮਨ ਆਈਆਂ
ਕੁਦ ਕੁਦ ਪੈਂਦਾ ਲੈ ਲੈ ਝਈਆਂ
ਦਿਨ ਚੜਿਆ ਮੈਂ ਸੁੱਤੀ ........ ਮੇਰੀ ਜ਼ਿੰਦ ਆਜੋਬ ........ 1
ਕੈਲਾ : ਉਹ ਤੇ ਗਿਆ ਮੰਡੀ। ਤੇ ਤੂੰ ਮੁੜ ਏਥੇ ਆ ਬੈਠਾਂ।
ਬਿਸ਼ਨਾ : ਮੈਂ ਕਾਹਨੂੰ ਆਉਂਦਾ ਫੌਜੀਆਂ। ਪਤਾ ਨਹੀਂ ਕਿਹੜਾ ਕਦੇ ਧਕਦਾ ਕਦੇ ਖਿਚਦਾ (ਹਸਦਾ)
ਬਿਸ਼ਨਾ : (ਕੈਲੇ ਨੂੰ) ਕਿਉਂ ਲਾਲੇ ਨਾਲ ਦਿਲ ਨੀ ਮਿਲਿਆ?
(ਕੈਲਾ ਉਸ ਦੀ ਅਣਸੁਣੀ ਕਰ ਕੇ)
ਕੈਲਾ : ਏਨ•ਾ ਹੀ ਮੋਹ ਸੀ ਇਸ ਥਾਂ ਨਾਲ ਤਾਂ ਪਿਹਲਾਂ ਸੋਚਣਾ ਸੀ ਕੁਝ ਹੁਣ
ਬਿਸ਼ਨਾ : ਸੋਚਿਆਂ ਕੀ ਹੁੰਦਾ ਫੌਜੀਆ। (ਮਿੱਠੂ ਵੱਲ ਦੇਖ ਕੇ ਅੱਖ ਮਾਰਦਾ ਹੈ।) ਤੂੰ ਤੇ ਬੜਾ ਸੋਚ ਸਮਝ ਕੇ ਹੀ ਤੁਰਿਆ ਸੀ, ਕਰ ਲੈ ਕੁਝ ਹੁੰਦਾ ਏ ਤਾਂ, ਬਚਾ ਲੈ ਇਹਨੂੰ ...। (ਕੈਲਾ ਨੀਵੀਂ ਪਾ ਲੈਂਦਾ ਹੈ।)
1. : (ਜੋਸ਼ 'ਚ) ਇਹ ਲੈ ਬਣਾ ਤੀ ਗੱਲ।
ਮਿੱਠੂ : ਧਿਆਨ ਨਾਲ ਚਲ ਲੈ।
2. : ਚਲ ਤੂੰ ਪੱਤਾ ਤਾਂ ਸੁੱਟ ਦੇਖਦਾਂ ਇਹਨੂੰ।
(ਪਿਛਲੇ ਪਾਸਿਓਂ ਆਵਾਜ਼ਾਂ ਆਣ ਲਗਦੀਆਂ ਹਨ।)
ਸੀਤੇ : ਜੀਹਨੂੰ ਦਿੱਤੇ ਸੀ ਉਹਤੋਂ ਲੈ ਲੈ ਫੇਰ ਜਾ ਕੇ। ਬੈਠਾ ਮਸਾਣਾਂ 'ਚ ਤੁਰਜਾ ਮਗਰ ਈ।
(ਸਭ ਦਾ ਧਿਆਨ ਉਸ ਪਾਸੇ ਜਾਂਦਾ ਹੈ।)
ਸਰਪੰਚ : ਦੇਖ ਲਊਂ ਮੈਂ ਤੁਹਾਨੂੰ ਖੱਭੀ ਖਾਨਾਂ ਨੂੰ ਹੈਂਅ।
1. : ਇਹ ਕੀ ਮਹਾਭਾਰਤ ਸ਼ੁਰੂ ਹੋ ਗਿਆ।
ਮਿੱਠੂ : ਕੁਝ ਨੀ, ਤੂੰ ਵਾਰੀ ਚੱਲ। ਰੋਜ਼ ਦਾ ਕੰਮ ਏ ਇਨ•ਾਂ ਦਾ। (ਸ਼ੀਸ਼ੀ ਕੱਢ ਕੇ ਪੀਂਦਾ ਹੈ।)
(ਬਿਸ਼ਨਾ ਕੇਦ ਤਾਸ਼ ਵਾਲਿਆਂ ਵੱਲ ਦੇਖਦਾ ਹੈ ਤੇ ਕਦੇ ਆਪਣੇ ਘਰ ਵੱਲ।)
ਕੈਲਾ : ਵੇਖਦਾ ਕੀ ਏਂ ਹੁਣ ਚੱਲ।
(ਬਿਸ਼ਨਾ ਪੌੜੀ ਉਪਰ ਦੀ ਆਪਣੀ ਛੱਤ ਵੱਲ ਨੂੰ ਭਜਦਾ ਹੈ। ਕੈਲਾ ਮਜ਼ਬੂਰ ਜਿਹਾ ਖੜਾ ਦੇਖਦਾ ਰਹਿੰਦਾ ਹੈ।)
ਸੀਤੋ : ਨਾ ਤੂੰ ਕੀ ਵੇਖਣਾ। ਕਿੱਲਾ ਜ਼ਮੀਨ ਦਾ ਖਾ ਕੇ ਹਾਲੇ ਢਿਡ ਨੀ ਭਰਿਆ ਤੇਰਾ ਦੈਂਤ ਦਾ।
ਤੇਜਾ : ਓ ਕਿਉਂ ਮੇਰਾ ਮੁੰਹ ਕਾਲਾ ਕਰਾਉਣ 'ਤੇ ਤੁਲੀਆਂ ਤੁਸੀਂ। ਸਰਪੰਚ ਸ•ਾਬ।
ਸੀਤੋ : ਨਾ ਤੂੰ ਪੈਰ ਕਿਵੇਂ ਪਾਇਆ ਮੇਰੇ ਵੇਹੜੇ।
(ਬਿਸ਼ਨਾ ਉਪਰੋਂ ਸਭ ਦੇਖਦਾ ਹੈ। ਉਸ ਨੂੰ ਕੁਝ ਸਮਝ ਨਹੀਂ ਆਂਦਾ। ਆਪਣੀ ਬੇਬਸੀ 'ਤੇ ਝੂਰਦਾ ਸਿਰ ਫੜ ਕੇ ਉੱਥੇ ਹੀ ਬਹਿ ਜਾਂਦਾ ਹੈ।)
ਸਰਪੰਚ : ਹੁਣ ਨੀ ਆਉਂਦਾ। ਆਪੇ ਆਓਂਗੇ ਮਗਰ।
ਤੇਜਾ : ਸਰਪੰਚ ਸਾਬ ਗੱਲ ਤੇ ਸੁਣੋ ਮੇਰੀ ........ ।
ਸਰਪੰਚ : ਬਹੁਤ ਸੁਣ ਲਈਆੰ ਗੱਲਾਂ …........।
ਸੀਤੋਂ : ਬੰਦੇ ਦਾ ਏਂ ਤਾਂ ਮੁੜ ਕੇ ਨਾ ਆਈਂ…........। ਮੇਰਾ ਨੀ ਰਿਹਾ ਤਾਂ ਰਹਿਣਾ ਤੇਰੀ ਵੀ ਕੱਖ ਨੀ …......…।
ਸਰਪੰਚ : ਹੈਤ ਤੇਰੀ ਗੰਦੀ ਜਨਾਨੀ ਦੀ।
ਸੀਤੋਂ : ਦੀਵਾ ਨੀ ਬਲਣਾ।
(ਇੱਕ ਨੰਬਰ ਬੇਧਿਆਨੀ 'ਚ ਪੱਤਾ ਸੁੱਟਦਾ ਹੈ। ਦੋ ਨੰਬਰ ਝੱਟ ਚੁੱਕ ਲੈਂਦਾ ਹੈ।)
2. : (ਜੋਸ਼ ਨਾਲ) ਲੈ ਫੇਰ ਬਣ ਗਈ ਗੱਲ ...।
ਮਿੱਠੂ : (ਗੁੱਸੇ 'ਚ ਪੱਤੇ ਸੁਟਦਾ ਹੈ।) ਖੇਡ ਲਓ ਯਾਰ ਜਾਂ ਤਮਾਸ਼ਾ ਈ ਦੇਖ ਲਓ ਤੁਸੀਂ। ਗੱਲ ਏ ਕੋਈ।
(ਸਰਪੰਚ ਬਾਹਰ ਆਂਦਾ ਹੈ।)
ਸਰਪੰਚ : ਕੋਈ ਨੀ ਕੜੀਆਂ ਲਵਾ ਕੇ ਨਾ ਘੁਮਾਏ ਪਿੰਡ 'ਚ ਤਾਂ ਕਹੀਓ।. (ਹਮਦਰਦੀ ਲੈਣ ਲਈ ਤਾਸ਼ ਵਾਲਿਆਂ ਵੱਲ ਵਧਦਾ ਹੈ।) ਵੇਖ ਲੋ ਇਹ ਮੁੱਲ ਤਾਰਦੇ ਆ ਨੇਕੀਆਂ ਦਾ।
1. : ਕੀ ਰੌਲਾ ਹੋ ਗਿਆ ਸਰਪੰਚ ਸ•ਾਬ। ਜਨਾਨੀਆਂ ਨਾਲ ਈ ਖਹਿਬੜੀ ਜਾਂਦੇ ਓ।
(ਬਿਸ਼ਨਾ ਥੱਲੇ ਉਤਰਦਾ ਹੈ।)
ਸਰਪੰਚ : ਰੌਲਾ ਕਾਹਦਾ ਯਾਰ ਇਨ•ਾਂ ਦਾ ਬਿਸ਼ਨਾ ਆਪਣੇ ਵਿਆਹ 'ਤੇ ਲੈ ਗਿਆ ਸੀ ਪੰਜਾਹ ਹਜ਼ਾਰ
2. : ਲੈ ਪੰਜਾਹ ਹਜ਼ਰਾ।
ਸਰਪੰਚ : ਹੋਰ ਕੀ…........, ਮੁੜ ਕੁੜੀ ਦੇ ਵਿਆਹ ਤੇ ਫੇਰ 'ਸਰਪੰਚ ਸ•ਾਬ ਸਾਰਿਓ ਬੁੱਤਾ।' ਮੈਂ ਕਿਹਾ ਚਲ ਬੰਦਾ ਆਪਣਾ । (ਬਿਸ਼ਨਾ ਨੀਵੀਂ ਪਾਈ ਕੈਲੇ ਕੋਲ ਜਾ ਖੜਦਾ ਹੈ।) ਹੁਣ ਦੇਖ ਲਓ ਮਰੇ ਨੂੰ ਵੀ ਜੁਗ ਹੋ ਗਏ, ਮੈਂ ਕਿਹਾ ਹਿਸਾਬ ਕਰ ਲਓ ਭਾਈ ਰਕਮ ਵਧਦੀ ਜਾਂਦੀ (ਬੋਲਦਾ-ਬੋਲਦਾ ਹੀ ਹੌਂਕਣ ਲੱਗਦਾ ਹੈ। ਖੰਘ ਛਿੜਦੀ ਹੈ।)
1. : ਓ ਮਿੱਠੂਆ ਪਾਣੀ ਲਿਆ ਉਏ ਕਿਤੇ ਚੜਾਈ ਨਾ ਕਰ ਜਾਏ। (ਮਿੱਠੂ ਜਾਂਦਾ ਹੈ।)
ਬਿਸ਼ਨਾ : ਕੋਈ ਨਾ ਸਰਪੰਚਾ…........ ਕੱਠੇ ਈ ਕਰਾਂਗੇ ਸਾਬ…........। ਚੱਲ…........।
ਕੈਲਾ : ਮੁੜ ਫੇਰ ਭੱਜੇਂਗਾ…........ ਏਧਰ ਨੂੰ…........।
(ਬਿਸ਼ਨਾ ਸਰਪੰਚ ਵੱਲ ਦੇਖਦਾ ਹੈ ਤੇ ਫੇਰ ਆਪਣੇ ਚੁਬਾਰੇ ਵੱਲ…........।)
2. : ਓ ਤੂੰ ਸ਼ੇਰੇ ਨਾਲ ਗੱਲ ਕਰਨੀ ਸੀ ਨਾ ਫੇਰ…........।
ਸਰਪੰਚ : (ਫੇਰ ਭੜਕਦਾ ਹੈ।) ਉਹਦੇ ਤਾਂ ਨਵਾਬ ਦੇ ਠੂੰਏ ਡਿਗਦੇ ਨੱਕ ਚੋਂ¸ਟਰੈਕਟਰ ਲੈਣ ਨੂੰ ਫਿਰਦਾ। ਸਾਡੇ ਤਾਂ ਝਾੜਾਂ ਨੂੰ ਲਗਦੇ ਆ…........। ਕੋਈ ਨੀ ਮੈਂ ਕਰਾਂ ਦੂ ਨੀਲਾਮੀ ਜਿਨ•ਾ ਚਾਰ ਖੁੱਡਾਂ ਤੇ ਤੀਂਘੜਦੇ ਆ। (ਮਿੱਠੂ ਪਾਣੀ ਲੈ ਕੇ ਆਉਂਦਾ ਹੈ। ਸਰਪੰਚ ਫੀਮ ਕਢ ਕੇ ਖਾਂਦਾ ਹੈ।)
ਮਿੱਠੂ : ਛੱਡੋ ਸਰਪੰਚ ਸਾਬ …........ ਮਰੇ ਦਾ ਕੀ ਮਾਰਨਾ।
ਸਰਪੰਚ : ਇਹ ਕਾਹਦੇ ਮਰੇ। ਮਰੇ ਤਾਂ ਅਸੀਂ। ਦੋਹੇਂ ਅਮਲੀ ਲਲਚਾਈਆਂ ਨਜ਼ਰਾਂ ਨਾਲ ਫੀਮ ਦੀ ਡੱਬੀ ਵੱਲ ਦੇਖਦੇ ਹਨ। ਸਰਪੰਚ ਤਾੜ ਕੇ ਝਟ ਬੋਝੇ 'ਚ ਪਾ ਲੈਂਦਾ ਹੈ।) ਦਵਾਈਆਂ ਆਸਰੇ ਜੂਨ ਕਟੀ ਕਰਨ ਡਹੇ ਹਾਂ।
(ਬਾਹਰੋਂ ਮੱਖਣ ਪ੍ਰੋਫੈਸਰ ਤੇ ਕਾਮਰੇਡ ਨੂੰ ਨਾਲ ਲਈ ਆਉਂਦਾ ਹੈ।)
ਮੱਖਣ : ਆ ਜਾਓ ਪ੍ਰੋਫੈਸਰ ਸਾਬ ਕਿਹਾ ਸੀ ਨਾ ਏਥੇ ਈ ਹੋਣਗੇ…........। (ਸਰਪੰਚ ਪੂਰੇ ਜੋਸ਼ ਨਾਲ)
ਸਰਪੰਚ : ਆਓ ਜੀ ਆਓ …........ ਜੀ ਆਇਆਂ ਨੂੰ…........। ਮੰਜੀ ਮੁੰਜੀ ਫੜ ਉਇ ਮੁੰਡਿਆ। (ਮਿੱਠੂ ਜਾਂਦਾ ਹੈ।) ਨਾਲੇ ਪ੍ਰੀਤਮ ਨੂੰ ਭੇਜੀ ਘਰੋਂ।
1. : (ਹੌਲੀ ਜਹੇ) ਚਲ ਉਇ ਅਮਲੀਆ, ਹੋਰ ਈ ਭੂਤ ਮੰਡਲੀ ਆ ਵੜੀ ਇੱਥੇ ਤੇ।
2. : ਚੰਗਾ ਸਰਪੰਚਾ ਸਾਸਰੀਕਾਲ। (ਦੋਹੇਂ ਜਾਂਦੇ ਹਨ। ਮਿੱਠੂ ਮੰਜੀ ਲਈ ਆਉਂਦਾ ਹੈ।)
ਕਾਮਰੇਡ : ਗੱਲ ਕੀ ਏ ਸਰਪੰਚਾ ਪਤਾ ਤਾਂ ਲੱਗੇ।
ਮੱਖਣ : ਓ ਥੋੜਾ ਏਧਰ ਨੂੰ ਕਰਦੇ …........ ਵਈ …........ ਹਾਂ …........ ਏਧਰ।
(ਮਿੱਠੂ ਜਾਂਦਾ ਹੈ।)
ਸਰਪੰਚ : ਗੱਲ ਤਾਂ ਜੀ ਮੈਂ ਸਾਰੇ ਪਿੰਡ 'ਚ ਕੀਤੀ ਹੋਈ ਏ।
ਮੱਖਣ : (ਹੱਸਦਾ) ਪਿੰਡ ਨੂੰ ਤਾਂ ਆਪਣਾ ਕਾਮਰੇਡ ਕੱਲਾ ਹੀ ਬਥੇਰਾ
ਸਰਪੰਚ : (ਕਾਮਰੇਡ ਨੂੰ) ਪ੍ਰੋਫੈਸਰ ਸਾਥ ਸਰਵੇ ਕਰਨ ਆਏ ਨੇ ਪਿੰਡ ਦਾ। ਜਿਹੜੇ ਬੰਦੇ ਬੁੰਦੇ ਮਰੀ ਜਾਂਦੇ ਨੇ, ਕਰਜੇ-ਕੁਰਜਿਆਂ ਦੇ ਮਾਮਲੇ 'ਚ।
(ਪ੍ਰੋਫੈਸਰ ਪੈਡ ਤੇ ਪੈਨ ਕਢ ਕੇ ਲਿਖਣ ਦੀ ਤਿਆਰੀ ਕਰਦਾ ਹੈ। ਬਿਸ਼ਨਾ ਤੇ ਕੈਲਾ ਇੱਕ ਦੂਜੇ ਵੱਲ ਦੇਖਦੇ ਹਨ।)
ਬਿਸ਼ਨਾ : ਵੇਖ ਭੈਣ ਦੇਣੇ ਰੂਪ ਕਿਵੇਂ ਬਦਲਦੇ ਆ।
(ਪ੍ਰੀਤਮ ਕੁਰਸੀ ਲੈ ਕੇ ਆਉਂਦਾ ਹੈ।)
ਪ੍ਰੀਤਮ : ਤੁਸੀਂ ਏਧਰ ਬੈਠੋ ਜੀ …........ ਕੁਰਸੀ 'ਤੇ।
ਮੱਖਣ : (ਸਰਪੰਚ ਨੂੰ) ਊ ਮੈਂ ਸਮਝਾ ਦਿੱਤਾ ਇਨ•ਾਂ ਨੂੰ, ਸਾਡੇ ਪਿੰਡ 'ਚ ਤਾਂ ਹਾਲੇ ਸੁੱਖ ਸਾਂਦ ਏ।
ਕਾਮਰੇਡ : ਆਹੋ ਮੱਖਣਾ …........ ਸੁੱਖ …........ ਤਾਂ ਉਹਨੂੰ ਪੁੱਛ ਜੀਹਦਾ ਕਾਲਜਾ ਕਢਿਆ ਗਿਆ।
ਮੱਖਣ : ਤੂੰ ਤੇ ਹਰ ਵੇਲੇ ਵੱਖੀਓਂ ਬੋਲਦਾਂ ਕਾਮਰੇਡਾ
ਕਾਮਰੇਡ : ਪੁੱਛ ਫੇਰ ਪ੍ਰੀਤਮ ਤੋਂ …........ ਇਹਦਾ ਗੁਆਂਡੀ ਬਿਸ਼ਨਾ …........ ਕਿਵੇਂ ਮਰਿਆ…........।
(ਪ੍ਰੋਫੈਸਰ ਲਿਖਣ ਲੱਗਦਾ ਹੈ।)
ਪ੍ਰੀਤਮ : ਜਿੰਨੇ ਮੁੰਹ ਉਂਨੀਆਂ ਗੱਲਾਂ ਜੀ। ਪਤਾ ਲੱਗਦਾ ਕੁੱਝ ਬੰਦੇ ਦੇ ਮਨ ਦਾ। (ਅੰਦਰੋਂ ਤੜਫਦਾ ਹੈ।)
(ਸਰਪੰਚ ਦੇ ਮੂੰਹ ਤੇ ਹਵਾਈਆਂ ਉਡਦੀਆਂ ਨੇ)
ਬਿਸ਼ਨਾ : ਇਹ ਤਾਂ ਸਾਨੂੰ ਈ ਰੋਈ ਜਾਂਦੇ। ਜਿਹੜਾ ਸਾਹਮਣੇ ਬੈਠਾ ਉਹਨੂੰ ਕਿਉਂ ਨੀ ਦੇਖਦੇ। (ਪ੍ਰੀਤਮ ਵੱਲ ਦੇਖਦੇ ਹਨ।)
ਕੈਲਾ : (ਪ੍ਰੀਤਮ ਦੇ ਲਾਗੇ ਹੋਣ ਦੀ ਕੋਸ਼ਿਸ਼ ਕਰਦਾ ਹੈ।) ਬਾਪੂ
ਪ੍ਰੋਫੈਸਰ : (ਪ੍ਰੀਤਮ ਨੂੰ) ਕਹੋ ਤੁਸੀਂ ਜੋ ਵੀ ਕਹਿਣਾ
ਪ੍ਰੀਤਮ : ਕਹਿਣਾ ਤੇ ਮੈਂ ਕੀ ਏ ਜੀ। ਬਸ
ਬਿਸ਼ਨਾ : ਬਿਲਕੁਲ ਇੰਜ ਈ ਧਰਤੀ ਹਿੱਲੀ ਸੀ ਜਦੋਂ ਮੈਂ ਤੁਰਿਆ ਸੀ ਮਸਾਣਾਂ ਨੂੰ
ਸਰਪੰਚ : ਉਹ ਤੇ ਬਸ ਐਵੇਂ ਜੀ
ਮੱਖਣ : ਸਾਰੇ ਪਿੰਡ ਨੂੰ ਪਤਾ ਸੋਹਰਿਆਂ ਨਾਲ ਰੌਲਾ ਸੀ ਉਹਦਾ। (ਬਿਸ਼ਨਾ ਕੁਝ ਬੋਲਣ ਲੱਗਦਾ ਹੈ, ਪਰ ਕੈਲਾ ਉਸ ਨੂੰ ਚੁੱਪ ਕਰਾ ਦਿੰਦਾ ਹੈ।)
ਕਾਮਰੇਡ : ਰੋਲੇ ਹੋਰ ਕਾਹਦੇ ਹੁੰਦੇ ਨੇ ਘਰਾਂ ਦੇ।
ਮੱਖਣ : ਬੱਚੇ ਬੱਚੇ ਨੂੰ ਪਤਾ ਏ ਜੀ। ਪੈਸਿਆਂ ਦਾ ਰੌਲਾ ਸੀ ਉਹਦਾ ਸੋਹਰਿਆਂ ਨਾਲ, ਮੰਗਣ ਗਿਆ ਮੋਹਰਿਓਂ ਅਗਲਿਆਂ ਫਸਾਦ ਕਰ ਲਿਆ। ਸੱਸ ਦੇਖੀ ਨੀ ਸੀ ਉਹਦੀ ਫਫੇਕੁਟਣੀ ਬਾਹਰੋਂ ਈ ਮੁੜ ਗਈ ਭੋਗ ਤੋਂ, ਘਰ ਤੱਕ ਨਹੀਂ ਗਈ ਕੁੜੀ ਨੂੰ ਦੇਖਣ ।
(ਪ੍ਰੋਫੈਸਰ ਲਿਖਦਾ ਜਾਂਦਾ ਹੈ। ਪ੍ਰੀਤਮ ਲਈ ਉੱਥੇ ਬੈਠਣਾ ਭਾਰੀ ਹੋ ਜਾਂਦਾ ਹੈ।)
ਬਿਸ਼ਨਾ : (ਕੈਲੇ ਨੂੰ) ਉਹਨੂੰ ਵੇਖ …........ ਵੇਖ ਤਾਂ ਸਹੀ।
ਕੈਲਾ : (ਖਿਝ ਕੇ) ਟਿਕ ਨੀ ਹੁੰਦਾ ਤੈਥੋਂ ।
ਪ੍ਰੋਫੈਸਰ : (ਲਿਖਣਾ ਛੱਡ ਕੇ) ਪਰ ਸਰਪੰਚ ਸਾਹਬ ਮੁਆਵਜੇ ਦੀ ਗੱਲ ਤਾਂ ਪੰਚਾਇਤ ਨੂੰ ਹੀ ਤੋਰਨੀ ਚਾਹਦੀ ਸੀ.. ਨਹੀਂ ?
ਸਰਪੰਚ : ਏਹ ਤੇ ਫੇਰ ਰਾਹ ਦਸਣ ਵਾਲੀ ਗੱਲ ਹੋ ਗਈ। ਪਹਿਲਾਂ ਕਰ ਲਓ ਮਨ ਆਈਆਂ.......... ਚੜਾ ਲਓ ਕਰਜੇ। ਫੇਰ ਸੁੱਟੋ ਦੋ ਗੋਲੀਆਂ ਅੰਦਰ.......... ਹੋ ਗਈ ਬੱਲੇ ਬੱਲੇ . ........ ਆਪੇ ਤਾਰੂ ਸਰਕਾਰ।
(ਪ੍ਰੋਫੈਸਰ ਫੇਰ ਲਿਖਣ ਲੱਗਦਾ ਹੈ। ਪ੍ਰੀਤਮ ਉਠ ਕੇ ਖੜਾ ਹੰਦਾ ਹੈ।)
ਬਿਸ਼ਨਾ : ਬਚਾ ਲੈ ਕੈਲਿਆ ਜੇ ਬਚਾ ਸਕਦਾਂ ਇਹਨੂੰ ।
(ਕੈਲਾ ਮੂੰਹ ਮੋੜ ਲੈਂਦਾ ਹੈ।)
ਪ੍ਰੀਤਮ : ਮੈਨੂੰ ਇਜਾਜ਼ਤ ਦਿਓ ਸਰਪੰਚ ਸਾਹਬ ਮੈ।
ਸਰਪੰਚ : ਕਮਾਲ ਏ ਯਾਰ, ਬੰਦਾ ਏਡੀ ਦੂਰੋਂ ਆਇਆ ਥੋਡੀ ਖਾਤਰ।
(ਪਿੱਛੋਂ ਸੀਤੋ ਗਾਲਾਂ ਕੱਢਦੀ ਆਉਂਦੀ ਹੈ।)
ਸੀਤੋ : ਮੈਂ ਕਿਹਨੀ ਆਂ, ਰਹੇ ਨਾ ਇਹਦਾ ਵੀ ਕੋਈ ਅੱਗੇ ਪਿੱਛੇ। ਮੁੰਡਾ ਖਾ ਕੇ ਜੀਅ ਨੀ ਭਰਿਆ ਹੁਣ ਜਵਾਈ ਨੂੰ ਲੂਤੀਆਂ ਲਾਂਦਾ। ਅਖੇ ਹਿੱਸੇ ਵੰਡਾਓ। ਮੈਂ ਵੀ ਦਊਂ ਪਰੋਸ ਕੇ।
(ਸੀਤੋ ਲੰਘ ਜਾਂਦੀ ਹੈ। ਸਰਪੰਚ ਬੁਰੀ ਤਰਾਂ ਬੋਂਦਲ ਜਾਂਦਾ ਹੈ।)
ਸਰਪੰਚ : ਮੈਂ ਦੇਖਾਂ ਚਲ ਕੇ, ਬੁੜੀਆਂ ਨੇ ਕੁਝ ਕੀਤਾ ਰੋਟੀ ਟੁਕ ਦਾ ਕਿ ਨਹੀਂ। ਆ ਜਾਇਓ ਸਾਰੇ (ਜਾਂਦੇ ਹੋਏ) ਬਹਿ ਕੇ ਕਰਾਂਗੇ ਗੱਲ। (ਚੁੱਪੀ)
ਕਾਮਰੇਡ : (ਮੱਖਣ ਨੂੰ) ਇਹ ਸੀਤੋ ਨੀ ਸੀ ਬਿਸ਼ਨੇ ਦੀ ਮਾਂ?
ਪ੍ਰੋਫੈਸਰ : ਉਹੀ ਬਿਸ਼ਨਾ, ਜੀਹਦੀ ਗੱਲ ਹੋ ਰਹੀ ਸੀ ਹੁਣ?
ਕਾਮਰੇਡ : ਆਹੋ ਉਹੀ। (ਪ੍ਰੋ. ਫੇਰ ਲਿਖਣ ਲੱਗਦਾ ਹੈ।)
(ਬਿਸ਼ਨਾ ਫੇਰ ਬੋਲਣ ਲੱਗਦਾ ਹੈ।)
ਕੈਲਾ : ਐਵੇਂ ਨਾ ਸੰਗਲ ਤੁੜਾ। ਉਦੋਂ ਨੀ ਸੁਣੀਂ ਹੁਣ ਕਿਹੜਾ ਸੁਣੂ ਤੇਰੀ।
ਪ੍ਰੋਫੈਸਰ : (ਸੋਚਦੇ ਹੋਏ) ਘਰ ਜਾ ਸਕਦੇ ਆਂ ਉਹਦੇ।
ਮੱਖਣ : (ਮੌਕਾ ਸਾਂਭਦੇ ਹੋਏ) ਉੱਥੇ ਕੀ ਏ ਜੀ। ਜਵਾਕ ਹੋਣਗੇ ਭੋਰਾ ਭੋਰਾ। ਸ਼ੇਰਾ ਊਂ ਈ ਡੁੰਨ ਵੱਟਾ। ਤੇਜੇ ਨੂੰ ਨਾ ਦਿਖੇ ਨਾ ਸੁਣੇ।
(ਪ੍ਰੋਫੈਸਰ ਫੇਰ ਫਟਾਫਟ ਲਿਖਣ ਲੱਗਦਾ ਹੈ।)
ਕਾਮਰੇਡ : (ਭੜਕ ਕੇ ਉਸ ਦੀ ਕਾਪੀ ਪੈਨ ਖੋਹ ਕੇ ਵਗਾਹ ਮਾਰਦਾ ਹੈ) ਰਹਿਣ ਦੇ ਇਹਨੂੰ ਬਾਦ 'ਚ ਲਿਖ ਲਈ ਭਰ ਲਈ ਕਿਤਾਬਾਂ ਦਾ ਢਿੱਡ। ਪ੍ਰੋਫੈਸਰ ਹੱਕਾ ਬੱਕਾ ਉਸ ਦੇ ਮੁੰਹ ਵੱਲ ਦੇਖਦਾ ਹੈ।) ਤੂੰ ਆਇਆਂ ਬਾਹਰੋਂ. ........ ਪੁੱਛ ਇਨ•ਾਂ ਨੂੰ ਚਲੋ ਬਿਸ਼ਨਾ ਤਾਂ ਮਰ ਗਿਆ ਆਪਣੀ ਆਈ ਤੇ ਉਹ ਜਿਹੜਾ ਭੁੱਖ ਨਾਲ ਮਰ ਗਿਆ ਅੱਡੀਆਂ ਰਗੜ ਰਗੜ ਕੇ ਜੂੰ ਨਹੀਂ ਸਰਕੀ ਇਨ•ਾਂ ਦੇ ਕੰਨ 'ਤੇ।
ਪ੍ਰੀਤਮ : (ਘਬਰਾ ਕੇ) ਕੀਹਦੀ ਗੱਲ ਕਰਦਾਂ ਤੂੰ
ਕਾਮਰੇਡ : ਇਹਦਾ ਸੀਰੀ ਬਲਜੀਤਾ। ਜੀਹਨੇ ਜਵਾਨੀ ਰੋੜ ਤੀ ਥੋਡੇ ਖੇਤਾਂ 'ਚ। ਫੇਰ ਹਊ ਨੀ ਧਰਤੀ ਬੰਜਰ।
ਪ੍ਰੀਤਮ : ਤੂੰ ਤੇ ਐਂ ਗੱਲ ਕਰਦਾਂ ਜਿਵੇਂ ਅਸੀਂ ਮਾਰਤਾ।
ਕਾਮਰੇਡ : ਤੁਸੀਂ ਕਾਹਨੂੰ ਮਾਰਤਾ । ਤੁਸੀਂ ਛੱਤ ਲਓ ਗੁਰਦੁਆਰੇ ਕਰ ਲਓ ਸਰੋਵਰ ਚੌੜੇ ਜੇ ਤੁਹਾਡੇ ਪਾਪ ਧੋਤੇ ਜਾਣ ਕਿਤੇ।
ਪ੍ਰੋਫੈਸਰ : ਕਾਮਰੇਡ ਸਾਹਬ ਤੁਸੀਂ ਸ਼ਾਂਤੀ ਨਾਲ।
ਕਾਮਰੇਡ : (ਉਸ ਨੂੰ ਪਰੇ ਧੱਕ ਕੇ ਸਿੱਧਾ ਮੱਖਣ ਨੂੰ ਮੁਖਾਤਬ ਹੁੰਦਾ ਹੈ।) ਉਹੀ ਬਲਜੀਤਾ ਜੀਹਨੂੰ ਚੌਵੀ ਚੌਵੀ ਘੰਟੇ ਦੇ ਫੂਕਾਂ ਡਾਹੀ ਰੁਖਦੇ ਸੀ, ''ਚੱਕ ਦੇ ਓ ਬਲਜੀਤਿਆ, ਪੱਟ ਦੇ ਧੂੜਾਂ, ਕੱਢ ਦੇ ਰੜਕਾਂ।'' ਬੀਮਾਰ ਪਏ ਨੂੰ ਦੋ ਡੰਗ ਰੋਟੀ ਨਹੀਂ ਸਰੀ ਸਾਰੇ ਪਿੰਡ ਤੋਂ। ਹਾਲੇ ਜੀਉਂਦਾ ਏ ਪਿੰਡ।
(ਬਿਸ਼ਨਾ ਪ੍ਰੀਤਮ ਵੱਲ ਨੂੰ ਜਾਂਦਾ ਹੈ। ਕੈਲਾ ਸੱਥ ਵਿੱਚ ਜਾ ਕੇ ਬੈਠ ਜਾਂਦਾ ਹੈ ਤੇ ਤੀਲਾ ਚੁੱਕ ਕੇ ਮਿੱਟੀ 'ਚ ਫੇਰਨ ਲੱਗਦਾ ਹੈ।)
ਮੱਖਣ : (ਦਬੀ ਜ਼ਬਾਨ 'ਚ) ਕਿਹੜਾ ਲੈ ਜਾਂਦਾ ਫੇਰ ਉਹਨੂੰ ਦਿਹਾੜੀ। ਸਾਲਾ ਬੰਦਾ ਸੀ ਕਿ ਦਿਓ ਭੁੱਖ ਜਹਾਨ ਦੀ।
ਕਾਮਰੇਡ : ਤੇਰੀ ਹੋ ਜਾਊ ਭੁੱਖ ਪੂਰੀ । (ਪ੍ਰੋਫੈਸਰ ਨੂੰ) ਪੰਦਰਾਂ ਦਿਨ ਰੋਟੀ ਦੇ ਟੁਕ ਨੂੰ ਤਰਸਦਾ ਮਰਿਆ ਇਨ•ਾਂ ਦੇ ਸਾਹਮਣੇ, ਲਾਉਂਦੇ ਆ ਲੰਗਰ, ਸੰਗ ਦਰਦ ਨੀ ਭੋਰਾ ਕਿਸੇ ਨੂੰ…........ ਵੱਡੇ ਧਰਮੀਂ। ਬਲਜੀਤਾ ਕਾਹਨੂੰ ਮਰਿਆ ਪਿੰਡ ਮਰ ਗਿਆ ਸਾਰਾ''
ਮੱਖਣ : ਤੁਸੀਂ ਓ ਦੁੱਧ ਧੋਤੇ ਓ , ਬਾਕੀ ਤਾਂ ਸਾਰੇ ਪਾਪੀ।
ਕਾਮਰੇਡ : ਅਸੀਂ ਹੁੰਦੇ ਚੱਜ ਦੇ ਫੇਰ ਰੋਣੇ ਕਾਹਦੇ ਸੀ। (ਉਸ ਦੇ ਗਲ ਨੂੰ ਪੈਂਦਾ ਹੈ।) ਫੇਰ ਐਂ ਈ ਮਰ ਜਾਂਦੇ ।
ਪ੍ਰੋਫੈਸਰ : ਬਸ ਇਹੋ ਗੱਲ ਮਾੜੀ ਏ ਤੁਹਾਡੀ ਕਾਮਰੇਡ ਸਾਬ
ਕਾਮਰੇਡ : ਓ ਤੂੰ ਰਹਿਣ ਦੇ। ਤੁਰ ਜਾ ਏਥੋਂ। (ਕਾਪੀ-ਪੈਨ ਚੁੱਕ ਕੇ ਫੜਾਂਦਾ ਹੈ) ਲਿਕ ਲੈ ਜਾ ਕੇ ਕਿਤਾਬਾਂ।
ਪ੍ਰੋਫੈਸਰ : ਮੈਂ ਤਾਂ ਤੁਹਾਡੀ ਖਾਤਿਰ
ਮੱਖਣ : ਚਲੋ ਪ੍ਰੋਫੈਸਰ ਸਾਬ ਮੂਰਖਾਂ ਨਾ ਕੀ ਬਹਿਸਣਾ ।
(ਖਿੱਚ ਕੇ ਲੈ ਜਾਂਦਾ ਹੈ। ਬੁੜ ਬੁੜ ਕਰਦਾ ਕਾਮਰੇਡ ਦੂਜੇ ਪਾਸੇ ਨੂੰ ਜਾਂਦਾ ਹੈ। ਪ੍ਰੀਤਮ ਥੋੜੀ ਦੇਰ ਖੜਾ ਰਹਿੰਦਾ ਹੈ। ਫੇਰ ਸਿਰ ਫੜ ਕੇ ਬੈਠ ਜਾਂਦਾ ਹੈ।)
ਗੀਤ : ਵੈਦ ਭੇਸ ਵਿੱਚ ਫਿਰਨ ਕਸਾਈ, ਸਾਧ ਭੇਸ ਵਿੱਚ ਠੱਗ
ਕੋਈ ਬੇਗਾਨਾ ਸੇਕ ਨਾ ਜਾਣੇ ਮਰਦੇ ਅੱਡੋ ਅੱਡ
ਧਰਤੀ ਸੜਦੀ ਅੰਬਰ ਬਲਦਾ ਦੋਈਂ ਜਹਾਨੀ ਅੱਗ
ਸਿਵਿਆਂ ਦੇ ਵਿੱਚ ਬਲਦੀ ਲੋਹੜੀ ਭੱਜਿਆਂ ਹੋਏ ਨਾ ਭੱਜ
ਦਸ ਬੁੱਲਿਆ ਹੁਣ ਕਿੱਥੇ ਚਲੀਏ ਆਸ਼ਿਕ ਰਹਿਣ ਅਲਗ।
(ਗੀਤ ਦੇ ਦੌਰਾਨ ਬਿਸ਼ਨਾ ਪਰੇਸ਼ਾਨ ਜਿਹਾ ਘੁੰਮਦਾ ਹੈ। ਜਿਵੇਂ ਕੈਦ ਵਿੱਚ ਹੋਵੇ ਤੇ ਭੱਜਣ ਨੂੰ ਰਾਹ ਲਭਦਾ ਹੋਵੇ। ਪ੍ਰੀਤਮ ਸਿਰ ਫੜੀ ਬੈਠਾ ਹੈ। ਕੈਲਾ ਸ਼ਾਂਤ ਮਿੱਟੀ 'ਚ ਲਕੀਰਾਂ ਖਿਚ ਰਿਹਾ ਹੈ।)
ਬਿਸ਼ਨਾ : ਤੂੰ ਫੇਰ ਮਿੱਟੀ ਫਰੋਲਣ ਲਗ ਪਿਆਂ।
ਕੈਲਾ : ਹੋਰ ਹੈ ਕੀ ਏਥੇ। (ਚੁੱਪੀ)
ਬਿਸ਼ਨਾ : ਕੀ ਲੈਣ ਆਇਆ ਸੀ ਉਹ ਇੱਥੇ। ਸਾਹਮਣੇ ਖੜਾ ਬੰਦਾ ਤਾਂ ਦੀਂਹਦਾ ਨਹੀਂ …...... ਲਭਦਾ ਕੀ ਸੀ ਉਹ!
ਕੈਲਾ : ਸ਼ਬਦ। (ਫੇਰ ਲਕੀਰਾਂ ਖਿੱਚਣ ਲਗਦਾ ਹੈ।) ਹੋਰ ਬੰਦਿਆਂ ਨੂੰ ਕੌਣ ਪੁੱਛਦਾ।
(ਪ੍ਰੀਤਮ ਬੁੜਬੁੜਾਣ ਲੱਗਦਾ ਹੈ। ਬਿਸ਼ਨਾ ਉਸ ਵੱਲ ਦੇਖਦਾ ਹੈ।)
ਪ੍ਰੀਤਮ : ਜੂਨ ਏ ਕੋਈ ਇਹ। ਲੱਖ ਦਰਜੇ ਚੰਗੇ ਸਾਥੋਂ ਜਿਹੜੇ ਤੁਰ ਗਏ। (ਬਿਸ਼ਨਾ ਉਸ ਵੱਲ ਵਧਣ ਲਗਦਾ ਹੈ। ਪਰ ਗੱਲ ਸੁਣ ਕੇ ਰੁਕ ਜਾਂਦਾ ਹੈ।) ਖਹਿੜਾ ਤੇ ਛੁਡਾ ਗਏ.…........ ਛੁੱਟ ਤੇ ਗਏ। (ਉਠ ਕੇ ਅੰਦਰ ਨੂੰ ਤੁਰ ਜਾਂਦਾ ਹੈ।)
ਬਿਸ਼ਨਾ : (ਕੈਲੇ ਨੂੰ) ਰੋਕ ਉਹ ਨੂੰ. ......... ਰੋਕ।
ਕੈਲਾ : (ਹੱਥ ਝਾੜਦਾ ਹੋਇਆ ਉਠਦਾ ਹੈ।) ਕਿਹੜਾ ਰੁਕਦਾ ਏਥੇ …........ ਦੌੜਦੇ ਪਰਛਾਵਿਆਂ ਪਿੱਛੇ…........ ਫੂਕ ਨਿਕਲਦੀ ਫੇਰ ਘੁਟਦੇ ਮੁੱਠੀਆਂ। (ਬਾਹਰ ਨੂੰ ਜਾਣ ਲੱਗਦਾ ਹੈ। ਪਿੱਛੋਂ ਮੇਲੋ ਦੀ ਆਵਾਜ਼ ਆਉਂਦੀ ਹੈ।)
ਮੇਲੋ : (ਆਉਂਦੇ ਹੋਏ) ਨਸੀਬ ਕੁੜੇ ਅੰਦਰ ਕਾਹਤੋਂ ਬਹਿ ਗਈ , ਬਾਹਰ ਆ ਜਾ ਹਵਾਹਾਰੇ।
ਕੈਲਾ : ਤੂੰ ਨਹੀਂ ਚਲਣਾ ਫੇਰ? (ਬਿਸ਼ਨੇ ਨੂੰ ਘੂਰਦਾ ਹੈ। ਮੇਲੋ ਕੈਲੇ ਦੀ ਤਸਵੀਰ ਵੱਲ ਜਾਂਦੀ ਹੈ।)
ਬਿਸ਼ਨਾ : ਡਰ ਲੱਗਦਾ ਮੈਨੂੰ ਮਸਾਣਾਂ ਤੋਂ
ਕੈਲਾ : (ਦਬਿਆ ਜਿਹਾ ਹਾਸਾ ਹੱਸਦਾ ਹੈ।) ਏਥੇ ਲਗਦੀ ਕੋਈ ਜਿਉਂਦਿਆਂ ਵਾਲੀ ਗੱਲ। ਉਹੀ ਗਲੇ ਸੜੇ . …........ ਬਹੇ ਸ਼ਬਦ।
(ਮੇਲੋ ਆਪਣੇ ਆਪ ਨਾਲ ਗੱਲਾਂ ਕਰਦੀ ਮੰਜੀ ਤੇ ਆ ਕੇ ਲੇਟਦੀ ਹੈ।)
ਮੋਲੇ : ਅੱਗ ਲਗਣਾ ਸਰੀਰ ਹੀ ਨਹੀਂ ਸਾਹ ਲੈਣ ਦਿੰਦਾ। (ਨਸੀਬੋ ਟੋਕਰੀ ਚੁੱਕੀ ਬਾਹਰ ਆਂਦੀ ਹੈ। ਕੈਲਾ ਮੂੰਹ ਮੋੜ ਲੈਂਦਾ ਹੈ। ਨਸੀਬੋ ਥੋੜੀ ਜਦੋਂ-ਤਕੀ ਪਿੱਛੋਂ ਮੇਲੋ ਵੱਲ ਨੂੰ ਆਉਂਦੀ ਹੈ।)
ਨਸੀਬੋ : ਬੇਬੇ, ਕਿਵੇਂ ਐ ਤੇਰੀ ਤਬੀਤ।
ਮੇਲੋ : (ਹੈਰਾਨ ਹੋ ਕੇ ਉਠਦੀ ਹੈ।) ਨੀਂ ਇਹ ਕੀ ਚੱਜ ਏ। ਆਈ ਕਿਹੜੇ ਵੇਲੇ ਤੇ ਤੁਰ ਵੀ ਚੱਲੀ।
ਨਸੀਬੋ : (ਕੁਝ ਲੁਕਾਉਣ ਦਾ ਜਤਨ ਕਰਦੇ ਹੋਏ) ਜੁਆਕ ਕੱਲੇ ਆ ਘਰੇ। ਭੋਲੂ ਨੂੰ ਵੀ ਬੁਖ਼ਾਰ ਚੜਦਾ ਸੀ ਦੋ ਦਿਨ ਦਾ।
(ਬਿਸ਼ਨਾ ਸੱਥ ਵਿੱਚ ਜਾ ਬੈਠਦਾ ਹੈ। ਹੌਲੀ ਹੌਲੀ ਤੁਰਦਾ ਕੈਲਾ ਵੀ ਉਸ ਦੇ ਨਾਲ ਜਾ ਬੈਠਦਾ ਹੈ।)
ਮੇਲੋ : ਨੀ ਗੱਲ ਕੀ ਏ ਵਿੱਚੋਂ…........ ਹੈਂਅ? (ਹੱਥ ਫੜ ਕੇ ਬਿਠਾਂਦੀ ਹੈ।) ਰੇਸ਼ਮ ਕਿੱਥੇ ਐ?
ਨਸੀਬੋ : ਉਹ ਤੇ ਆਪ ਲੁਕਦਾ ਫਿਰਦਾ। ਕਿੰਨੇ ਦਿਨ ਹੋ ਗਏ ਘਰ ਨੀ ਵੜਿਆ। (ਮੇਲੋ ਬੁੱਤ ਬਣੀ ਦੇਖਦੀ ਰਹਿੰਦੀ ਹੈ।) ਕਰਜਾ ਲਿਆ ਸੀ ਮੱਝਾਂ ਵਾਸਤੇ, ਸੁਸੈਟੀ ਵਾਲਿਆਂ ਨੇ ਵਰੰਟ ਕਢਤੇ। ਪੁਲੀਸ ਛਾਪੇ ਮਾਰਦੀ ਏ ਰਾਤ-ਬ-ਰਾਤੇ।
ਮੋਲੋ : ਹਾਏ ਹਾਏ ਨੀ ਤੂੰ ਕੋਈ ਸੁਨੇਹਾ ਈ ਘੱਲ ਦਿੰਦੀ।
(ਨਸੀਬੋ ਆਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਦੀ ਹੈ। ਜਿਵੇਂ ਕੁਝ ਕਹਿਣ ਤੋਂ ਝਿਝਕ ਰਹੀ ਹੋਵੇ।)
ਬਿਸ਼ਨਾ : ਜੀਹਨੂੰ ਵੇਖੋ ਸ਼ੀਸ਼ਾ ਈ ਚੁੱਕੀ ਆਉਂਦਾ....।
ਨਸੀਬ : (ਹਿੰਮਤ ਕਰ ਕੇ ਬੋਲਦੀ ਹੈ।) ਮੈਂ ਆਈ ਤਾਂ ਸੀ …........ ਵਈ…........ ਕੁਝ (ਗੱਲ ਵਿੱਚੇ ਛਡ ਕੇ ਰੋਣ ਲਗਦੀ ਹੈ।)
ਮੇਲੋ : ਮੇਰੇ ਤਾਂ ਕੁਝ ਪੱਲੇ ਨੀ ਪੈਂਦ।
ਕੈਲਾ : ਪੱਲੇ ਤਾਂ ਕਿਉਂ ਨੀ ਪੈਂਦਾ। (ਦੋਹੇ ਵੱਖੋ ਵੱਖ ਦਿਸ਼ਾਵਾਂ ਵੱਲ ਦੇਖਣ ਲੱਗਦੇ ਹਨ। ਜਿਵੇਂ ਅੱਖਾਂ ਮਿਲਾਉਣ ਤੋਂ ਡਰਦੇ ਹੋਣ।)
ਮੇਲੋ : (ਕੁਝ ਨੀ ਸੁਝਦਾ ਤਾਂ ਅੰਦਰ ਪ੍ਰੀਤਮ ਨੂੰ ਆਵਾਜ਼ ਮਾਰਦੀ ਹੈ।) ਸੁੱਖੋ ਦੇ ਬਾਪੂ। ਚੁੱਪ ਮੇਰੀ ਧੀ।
ਨਸੀਬੋ : (ਰੋਂਦੇ ਰੋਂਦੇ) ਆੜਤੀਏ ਨੇ ਤਾਂ ਸਾਫ਼ ਜਵਾਬ ਦੇ ਤਾ। ਜੇ ਉਹਨੇ ਕੁਝ ਕਰ ਲਿਆ ਆਪਣੇ ਆਪ ਨੂੰ। (ਭੁੱਬ ਨਿਕਲ ਜਾਂਦੀ ਹੈ। ਮੇਲੋ ਬੋਂਦਲ ਜਾਂਦੀ ਹੈ।) ਸਾਡੇ ਤਾਂ ਜੁਆਕ ਪਹਿਲਾਂ ਈ ਰੁਲੇ ਪਏ ਆ ਜਿਉਂਦਿਆਂ ਦੇ ਈ। ਮਗਰੋਂ ਕੀਹਨੇ ਸਾਂਭਣੇ ਆ।
ਮੇਲੋ : ਨੀ ਕਾਹਨੂੰ ਮੰਦਾ ਕਢਦੀ ਏ ਮੂੰਹੋਂ। (ਸਿਰ ਪਲੋਸ ਦੇ ਹੋਏ।) ਵੇ ਸੁੱਖੋ ਦੇ ਬਾਪੂ, ਬਾਹਰ ਦੇਖ ਆ ਕੀ ਹੋ ਗਿਆ ਕੁੜੀ ਨੂੰ। ਪੁੱਠੀਆਂ ਗੱਲਾਂ ਪਤਾ ਨੀ ਕਿੱਥੋਂ ਆਉਂਦੀਆਂ ਇਨ•ਾਂ ਦੇ ਦਿਮਾਗ 'ਚ।
ਪ੍ਰੀਤਮ : ਕੀ ਹੋ ਗਿਆ ਹੁਣ। ਘੜੀ ਆਰਾਮ ਵੀ ਨਹੀਂ ਕਰਨ ਦਿੰਦੇ। (ਆਂਦਾ ਹੈ।) ਕੀ ਏ?
ਮੇਲੋ : ਵੇ ਤੈਨੂੰ ਅਰਾਮ ਸੁਝਦੇ ਆ ਪਾਹਲੇ ਨੂੰ
ਪ੍ਰੀਤਮ : ਕੀ ਹੋਇਆ ਕੁੜੇ, ਰੋਣ ਕਿਉਂ ਡਹੀ ਏਂ?
ਮੇਲੋ : ਪੁਲਸ ਲੈ ਗੀ ਫੜ ਕੇ ਰੇਸ਼ਮ ਨੂੰ …........। ਅਸੀਂ ਤਾਂ ਪਹਿਲਾਂ ਈ ਮਰੇ ਸੀ।
ਪ੍ਰੀਤਮ : (ਘਬਰਾਹਟ ਲੁਕਾਉਂਦੇ ਹੋਏ) ਚੁੱਪ ਵੀ ਕਰੇਂਗੀ ਹੁਣ ਬਿੰਦ 'ਚ ਖਲਾਰਾ ਪਾ ਕੇ ਬਹਿ ਜਾਨੀਂ। ਤੂੰ ਦਸ ਕੁੜੇ । ਕਦੋਂ ਦੀ ਗੱਲ ਏ।
ਨਸੀਬੋ : ਉਹਨੂੰ ਤੇ ਮੈਂ ਭਜਾ ਤਾ ਸੀ ਕੋਠੇ ਥਾਣੀ। ਹੁਣ ਡਰਦਾ ਘਰੇ ਨੀ ਵੜਦਾ। ਆੜਤੀਆ ਵੱਖ ਗੇੜੇ ਮਾਰਦਾ ਸਵੇਰੇ ਸ਼ਾਮ। (ਚੁੱਪੀ। ਪ੍ਰਤੀਮ ਨੂੰ ਜਿਵੇਂ ਕੁਝ ਸੁਝਦਾ ਨਹੀਂ।)
ਪ੍ਰੀਤਮ : ਫਸਲ ਬਾੜੀ ਦਾ ਕੀਤਾ ਕੁਝ?
ਨਸੀਬੋ : ਕੀਹਣੇ ਕਰਨਾ ਸੀ ਵਿੱਚੇ ਈ ਪਿਆ?
ਮੇਲੋ : ਵੇ ਇਹ ਕਿਹੜੀਆਂ ਘੁਣਤਰਾਂ ਲੈ ਕੇ ਬਹਿ ਗਿਆਂ ਸਰਪੰਚ ਨੂੰ ਲੈ ਜਾ …........ਵੇਖ ਕੁਝ …........ ਜਾ ਕੇ…........।
(ਚੁੱਪੀ। ਪ੍ਰੀਤਮ ਬੇਬਸੀ 'ਚ ਉਸਲ ਵੱਟੇ ਭੰਨਦਾ ਹੈ।)
ਬਿਸ਼ਨਾ : (ਖਿਝ ਕੇ) ਹੰਅ। ਸਰਪੰਚ ਤਾਰ ਦਊ ਇਨ•ਾਂ ਦਾ ਬੇੜਾ, ਜਿੰਨਾ ਕੁ ਹੋਰਾਂ ਦਾ ਤਾਰ ਤਾ।
ਕੈਲਾ : ਜਿਉਂਦੇ ਜੀ ਕੀਹਨੂੰ ਸੁਝਦੀ ਏ ਏਨੀ। ਮਰਨਾ ਪੈਂਦਾ ਪਹਿਲਾਂ। (ਬਿਸ਼ਨੇ ਵੱਲ ਦੇਖਦਾ ਹੈ।)
ਬਿਸ਼ਨਾ : ਤੂੰ ਤੇ ਹਰ ਵਾਰੀ ਮੇਰੀ ਓ ਵੱਖੀ 'ਚ ਮਾਰੇਂਗਾ। (ਉਠ ਕੇ ਖੜਾ ਹੁੰਦਾ ਹੈ।)
ਕੈਲਾ : ਤੂੰ ਈ ਸੀ ਨਾ ਇਲਕਸ਼ਨਾ 'ਚ ਸਭ ਤੋਂ ਮੂਹਰੇ ਪੁੰਛ ਨੂੰ ਅੱਗ ਲਾਈ ਫਿਰਦਾ। ਤੇਰਾ ਤਾਂ ਘਰ ਦਾ ਸੀ ਸਰਪੰਚ (ਚੁੱਪੀ। ਬਿਸ਼ਨਾ ਪਿਡ ਛੁਡਾਂਦੇ ਹੋÎਏ ਪਿੱਛੇ ਪੌੜੀ ਤੇ ਜਾ ਬੈਠਦਾ ਹੈ।
ਪ੍ਰੀਤਮ : (ਹੌਕਾ) ਹੈ ਕਿੱਥੇ ਉਹ ਹੁਣ? ਪੇਸ਼ ਤੇ ਕਰਨਾ ਈ ਪਊ ਇੱਕ ਵਾਰ।
ਨਸੀਬੋ : ਰਾਤੀ ਆਇਆ ਸੀ …........ ਕਿੰਨੇ ਦਿਨੀਂ। ਹੋਰ ਈ ਗੱਲਾਂ ਕਰੀ ਜਾਂਦਾ ਸੀ। (ਰੋਣ ਲਗਦੀ ਹੈ।) ਅਖੇ ਕੀ ਥੁੜਿਆ ਇਹੋ ਜਹੇ ਜੀਉਣ ਤੋ। (ਪ੍ਰੀਤਮ ਅਚੇਤ ਹੀ ਮੂੰਹ ਮੋੜ ਲੈਂਦਾ ਹੈ।) ਏਨ•ੀਆਂ ਬੇਜਤੀਆਂ ਭੰਡੀਆਂ ਨਾਲੋਂ ਤਾਂ ਮਰੇ ਈ ਚੰਗੇ।
(ਬਿਸ਼ਨਾ ਉੱਠ ਕੇ ਉਨ•ਾਂ ਦੇ ਪਿੱਛੇ ਆ ਖੜਦਾ ਹੈ। ਕੈਲਾ ਤੇ ਉਹ ਇਕੱਠੇ ਪ੍ਰੀਤਮ ਵੱਲ ਦੇਖਦੇ ਹਨ। ਫੇਰ ਕੈਲੇ ਦੀ ਨਜ਼ਰ ਉਸ ਨਾਲ ਮਿਲਦੀ ਹੈ ਤੇ ਉਹ ਪਰ•ਾਂ ਨੂੰ ਦੇਖਣ ਲੱਗਦਾ ਹੈ।)
ਮੇਲੋ : ਹਾਏ ਹਾਏ। ਕਿਤੇ ਕੁਝ ਕਰ ਈ ਨਾ ਬੈਠੇ ਕਮਲਾ।
ਪ੍ਰੀਤਮ : (ਖਿਝ ਕੇ) ਕੁਝ ਨੀ ਹੁੰਦਾ। (ਨਸੀਬੋ ਨੂੰ) ਮੈਂ ਮਾਰ ਆਊਂ ਥਾਣੇ ਗੇੜਾ। ਬਹਿ ਜਊ ਸਾਰੇ ਰਮਾਨ ਨਾਲ।
ਮੇਲੋ : ਕੱਲਾ ਨਾ ਜਾਈਂ। ਸਰਪੰਚ ਨੂੰ ਲੈ ਜਾਈਂ ਨਾਲ ਤੈਨੂੰ ਕਿਸੇ ਨੀ ਪੁੱਛਣਾ। (ਪ੍ਰੀਤਮ ਚੁੱਪ ਰਹਿੰਦਾ ਹੈ।)
ਨਸੀਬੋ : (ਟੋਕਰੀ ਚੁਕਦੀ ਹੈ।) ਭੋਲੂ ਨੂੰ ਬੁਖਾਰ 'ਚ ਈ ਛਡ ਕੇ ਆਈ ਸੀ…........।
ਪ੍ਰੀਤਮ : ਕੋਈ ਨੀ ਕੁੜੇ, ਇੰਜ ਹੀ ਚਲਦਾ ਜੱਟਾਂ ਜ਼ਮੀਦਾਰਾਂ ਦੇ, ਜੀ ਨੀ ਹੌਲਾ ਕਰੀਦਾ। (ਨਸੀਬੋ ਜਾਂਦੀ ਹੈ)
ਮੇਲੋ : (ਪਿੱਛੋਂ ਆਵਾਜ਼ ਦਿੰਦੀ ਹੈ।) ਮਿੱਠੂ ਹੋਊ ਅੱਡੇ 'ਤੇ, ਕਹਿ ਦੇਈਂ ਉਹਨੂੰ ਚੜਾ ਦਊ ਸੰਵਾਰ ਕੇ।
(ਪ੍ਰੀਤਮ ਨਿਢਾਲ ਜਿਹਾ ਹੋ ਕੇ ਬੈਠ ਜਾਂਦਾ ਹੈ। ਕੈਲਾ ਬਾਹਰ ਵੱਲ ਦੇਖ ਰਿਹਾ ਹੈ। ਪ੍ਰੀਤਮ ਵੱਲ ਦੇਖਦਾ ਹੋਇਆ ਬਿਸ਼ਨਾ ਕੈਲੇ ਵੱਲ ਆਉਂਦਾ ਹੈ। ਪਰ ਉਹ ਮੂੰਹ ਮੋੜ ਲੈਂਦਾ ਹੈ।)
ਮੇਲੋ : ਹੁਣ ਤੂੰ ਕਿਉਂ ਬਹਿ ਗਿਆਂ ਸਿਰ ਫੜ ਕੇ ਜਾ ਕੁੜੀ ਦੇ ਮਗਰ . ..........।
ਪ੍ਰੀਤਮ : ਐਂ ਈ ਤੁਰ ਜਾਂ ਮੂੰਹ ਚੁੱਕ ਕੇ। ਕੀ ਕਹਾਂ ਜਾ ਕੇ । ਵਈ ਰਖ ਲਓ ਮੈਨੂੰ, ਕੱਢ ਲਓ ਮੇਰੇ ਹੱਡਾਂ ਚੋਂ ਪੌਂਡ।
(ਝਟਕੇ ਨਾਲ ਉੱਠ ਕੇ ਬਾਹਰ ਨੂੰ ਜਾਂਦਾ ਹੈ। ਸਾਹਮਣੇ ਤੋਂ ਸੁੱਖੋ ਕਿਤਾਬਾਂ ਲਈ ਆਉਂਦੀ ਹੈ।)
ਮੇਲੋ : ਸੁੱਖ ਰੱਖੀਂ ਮਾਲਕਾ। ਸਰਬਤ ਦਾ ਭਲਾ ਕਰੀਂ।
ਸੁੱਖੋ : ਕੀ ਗੱਲ ਏ ਮਾਂ…........., ਨਸੀਬੋ ਐਂ ਜਾਂਦੀ ਸੀ ਭੱਜੀ। ਆਵਾਜ਼ ਵੀ ਨਹੀਂ ਸੁਣੀ ਮੇਰੀ।
ਮੇਲੋ : ਨੀਂ ਕੁਝ ਨਹੀਂ ਨੀ (ਹੌਂਕਾ)
ਸੁੱਖੋ : ਤੇ ਹੁਣ ਮਗਰੇ ਬਾਪੂ ਗਿਆ ਭੱਜਿਆ।
ਮੇਲੋ : ਨਾ ਤੂੰ ਆ ਗਈਂ ਪੜਾਈਆਂ ਕਰ ਕੇ। ਇਹ ਵੇਲਾ ਏ ਤੇਰਾ। ਪਤਾ ਨੀ ਕੀ ਰੰਗ ਲਾਉਣੇ ਇਹਨੇ।
ਸੁੱਖੋ : (ਜਿਵੇਂ ਕੁਝ ਲੁਕੋ ਰਹੀ ਹੋਵੇ) ਓ ਪਤਾ ਤਾਂ ਹੈ ਤੈਨੂੰ ਬੱਸਾਂ ਕਿਵੇਂ ਮਿਲਦੀਆਂ। (ਗੱਲ ਬਦਲਣ ਦੇ ਮੂਡ 'ਚ, ਲਾਡ ਨਾਲ) ਕਿਉਂ ਹਰ ਵੇਲੇ ਮੇਰੀ ਪੜਾਈ ਦੇ ਪਿੱਛੇ ਪਈ ਰਹਿਨੀਂ। ਜਦ ਲਗ ਗਈ ਨਾ ਮੈਂ ਡੀ. ਸੀ, ਫੇਰ ਮਾਰੋਂਗੇ ਸਲੂਟਾਂ। (ਹਸਦੀ ਹੋਈ ਉਸ ਨੂੰ ਬਾਹੋਂ ਫੜ ਕੇ ਘੁਮਾ ਦਿੰਦੀ ਹੈ।)
ਬਿਸ਼ਨਾ : (ਹੌਕਾ)
ਮੇਲੋ : (ਛੁਡਾ ਕੇ) ਰਹਿਣ ਦੇ ਨੀ, ਸਾਨੂੰ ਨੀ ਚਾਹੀਦੀਆਂ ਤੇਰੀਆਂ ਕਮਾਈਆਂ। ਆਪਦੇ ਘਰੇ ਜਾ ਕੇ ਕਰੀਓ ਜੋ ਵੀ ਕਰਨਾ।
ਸੁਖੋ : ਤੂੰ ਵੀ ਨਾ ਬਸ, ਹਰ ਵੇਲੇ ਇੱਕੋ ਰਿਕਾਰਡ ਲਾਈ ਰੱਖਿਆ ਕਰ। (ਲਾਡ ਨਾਲ ਉਸ ਨੂੰ ਛੇੜਦੀ ਹੋਈ ਅੰਦਰ ਨੂੰ ਜਾਂਦੀ ਹੈ। ਮੇਲੋ ਮੰਜੇ 'ਤੇ ਪੈ ਜਾਂਦੀ ਹੈ। ਪਿਛਲੇ ਘਰੋਂ ਬੱਚੀ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਮੇਲੋ ਫੇਰ ਬੁੜ ਬੁੜ ਕਰਦੀ ਉਠ ਬੈਠਦੀ ਹੈ। ਬਿਸ਼ਨਾ ਤੜਫਦਾ ਹੈ।)
ਮੇਲੋ : ਇੱਕ ਤਾਂ ਇਨ•ਾਂ ਦੇ ਰੋਣੇ ਨੀ ਮੁਕਦੇ। ਅੰਦਰ ਬਾਹਰ ਕਿਤੇ ਚੈਨ ਨੀ। (ਸੁੱਖੋ ਅੰਦਰੋਂ ਝਾੜੂ ਲਈ ਆਂਦੀ ਹੈ।) ਹਾਏ ਹਾਏ ਨੀ, ਆਹ ਕੀ ਚੱਜ ਫੜ ਲਿਆ ਤੂੰ। ਰੋਹਰਾਸ ਵੇਲੇ ਝਾੜੂ ਲੈ ਕੇ ਬਹਿ ਗਈਂ ਨਖਸਮੀਏ।
ਸੁੱਖੋ : ਇੰਨਾ ਤਾਂ ਖਿਲਾਰਾ ਪਿਆ ਚਾਰੇ ਪਾਸੇ।
ਮੇਲੋ : ਫੜਾਂ ਉਰਾਂ ਝਾੜੂ ਮੈਨੂੰ। (ਬੁੜਬੁੜ ਕਰਦੀ ਅੰਦਰ ਜਾਂਦੀ ਹੈ।) ਗੰਦ ਈ ਨਜ਼ਰ ਆਉਂਦਾ ਹਰ ਵੇਲੇ ਇਹਨੂੰ ।
(ਸੁੱਖੋ ਹੱਕੀ-ਬੱਕੀ ਖੜੀ ਰਹਿ ਜਾਂਦੀ ਹੈ। ਕੈਲਾ ਮੁੜ ਧਰਤੀ 'ਤੇ ਲਕੀਰਾਂ ਮਾਰਨ ਲੱਗਦਾ ਹੈ। ਪਿਛਲੇ ਘਰੋਂ ਬੱਚੀ ਦੇ ਰੋਣ ਦੀ ਆਵਾਜ਼ ਉੱਚੀ ਹੁੰਦੀ ਹੈ। ਸੁੱਖੋ ਇੱਕ ਨਜ਼ਰ ਉਸ ਪਾਸੇ ਦੇਖਦੀ ਹੈ। ਉਠ ਕੇ ਕੈਲੇ ਦੀ ਤਸਵੀਰ ਕੋਲ ਜਾਂਦੀ ਹੈ। ਬੈਂਚ ਤੋਂ ਕਿਤਾਬਾਂ ਚੁੱਕਦੀ ਹੈ ਤੇ ਮੰਜੇ ਉੱਤੇ ਬੈਠ ਕੇ ਕਿਤਾਬ ਖੋਲਦੀ ਹੈ। ਬਿਸ਼ਨਾ ਪਰੇਸ਼ਾਨੀ 'ਚ ਘੁੰਮਦਾ ਹੈ।)
ਤੇਜਾ : (ਪਿੱਛੋਂ) ਉਇ ਮਰ ਗਏ ਤੁਸੀਂ। ਕੋਈ ਚਕਦਾ ਕਿਉਂ ਨੀ ਜੁਆਕੜੀ ਨੂੰ। (ਚੁੱਪੀ)
ਬਿਸ਼ਨਾ : ਜਿਉਂਦਿਆਂ ਦੇ ਨੀ ਭਾਅ— ਮਰਿਆਂ ਦੇ ਕੀਹਨੇ ਸਾਂਭਣੇ।
ਸੀਤੋ : ਮਨ ਨੀ ਭਰਿਆ ਤੇਰਾ ਹਾਲੇ ਮਰਿਆਂ ਤੋਂ। ਹਰ ਵੇਲੇ ਮਕਾਣਾਂ ਮੰਗਦਾ। (ਖਿਝ ਕੇ) ਨੀ ਚੁੱਪ ਕਰ ਨੀ ਸਿਰਮੁੰਨੀਏ ਚੁਪ ਕਰ।
ਤੇਜਾ : ਕਿੱਥੇ ਗਈ ਏ ਉਹ ਸਵੇਰ ਦੀ।
ਸੀਤੋ : ਜਾਣਾ ਮਰਨਾ ਕਿੱਥੇ ਆ…........। ਆ ਜੂ ਹੁਣੇ ਹੁਸ਼ ਹੁਸ਼ ਕਰਦੀ।
ਬਿਸ਼ਨਾ : ਦੂਰੋਂ ..... ਕੁੜੇ .... (ਜਿਵੇਂ ਕਿਸੇ ਚੀਜ਼ ਨੂੰ ਛੂਹਣ ਤੋਂ ਡਰਦਾ ਹੈ।) ਦੂਰੋਂ ਸੁਫ਼ਨਿਆਂ ਨੂੰ ਹੱਥ ਨੀ ਲਾਈਦਾ।
(ਸੁੱਖੋ ਕਿਤਾਬਾਂ ਚੁੱਕ ਕੇ ਅੰਦਰ ਜਾਣ ਲੱਗਦੀ ਹੈ। ਦੂਜੇ ਪਾਸਿਓਂ ਬਾਲਟੀ ਲਈ ਜੀਤ ਆਉਂਦੀ ਹੈ।)
ਜੀਤ : (ਹੌਲੀ ਜਹੀ ਆਵਾਜ਼ ਮਾਰਦੀ ਹੈ।) ਸੁੱਖੋ ...।
ਸੁੱਖੋ : (ਮੁੜਦੀ ਹੈ) ਇੱਕ ਮਿੰਟ ਭਾਬੀ
ਜੀਤ : (ਆਸ ਨਾਲ) ਲੈ ਆਈ ਮੇਰੀ ਭੈਣ।
ਸੁੱਖੋ : (ਕਿਤਾਬ ਫੋਲਦੀ ਹੈ। ਵਿੱਚੋਂ ਫੋਟੋ ਡਿਗਦੀ ਹੈ।) ਫਾਰਮ ਤਾਂ ਮੈਂ ਲੈ ਆਈ …........ ਇਹ ਤੇਰਾ …........ ਵਿਧਵਾ ਦਾ …........।
(ਜੀਤ ਫੋਟੋ ਚੁੱਕ ਕੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਦੇਖਦੀ ਹੈ।) ਭਾਬੀ (ਸ਼ਰਮਾ ਕੇ) ਤੇਰੇ ਤੋਂ ਕਾਹਦਾ ਲੁਕਾ, ਮੇਰੇ ਹੀ ਕਾਲਜ 'ਚ ਪੜਦਾ ਸੀ। ਅਫ਼ਸਰ ਭਰਤੀ ਹੋਇਆ ਫੌਜ 'ਚ। (ਚੋਰ ਨਜ਼ਰਾਂ ਨਾਲ ਆਲੇ ਦੁਆਲੇ ਦੇਖਦੀ ਹੈ।)
ਜੀਤ : ਏਥੇ ਪਤਾ ਕਿਸੇ ਨੂੰ ਘਰ 'ਚ?
ਸੁੱਖੋ : ਤੇਰੇ ਨਾਲ ਈ ਦਿਲ ਫੋਲਿਆ ਅੱਜ। (ਜੀਤ ਉਸ ਨੂੰ ਫੋਟੋ ਵਾਪਿਸ ਕਰਦੀ ਹੈ। ਸੁੱਖੋ ਨੀਝ ਲਾ ਕੇ ਉਸ ਨੂੰ ਦੇਖਦੀ ਹੈ। ਬਿਸ਼ਨਾ ਤੇ ਕੈਲਾ ਇੱਕ ਦੂਜੇ ਵੱਲ ਦੇਖਦੇ ਹਨ।) ਏਥੇ ਤਾਂ ਸਾਰੇ ਹੋਰ ਈ ਸਕੀਮਾਂ 'ਚ ਨੇ । ਬਾਹਰੋ ਆਇਆ ਕੋਈ ਫੌਜੀ ਦਾ ਹਾਣੀ ਏ …........ ।. । (ਸੁੱਖੋ ਉਦਾਸ ਹੋ ਜਾਂਦੀ ਹੈ। ਜੀਤ ਉਸ ਨੂੰ ਦਿਲਾਸਾ ਦਿੰਦੀ ਹੈ।) ਭਾਬੀ ਤੈਨੂੰ ਬੁਰਾ ਤੇ ਨਹੀਂ ਲੱਗਾ …........ ਮੇਰੇ ਮੂੰਹੋ ਵਿਧਵਾ …........ ਨਿਕਲ ਗਿਆ.......... ਤੇਰੇ ਲਈ।
ਜੀਤ : ਹਟ ਕਮਲੀ ਹੋਰ ਹੁਣ ਕੀ ਕਹੇਂਗੀ ਵਿਧਵਾ ਨੂੰ। ਤੇਰੇ ਨਾਲ ਕਾਹਦਾ ਗਿਲਾ। (ਬਿਸ਼ਨਾ ਨੀਵੀਂ ਪਾਂਦਾ)
ਸੁੱਖੋ : (ਫਾਰਮ ਫੜਾਂਦੇ ਹੋਏ) ਇਹ ਲੈ ਤੇਰਾ. ........ ਤੇ ਇਹ ਦੋ ਬੁਢਾਪੇ ਦੇ।
ਜੀਤ : (ਖੁਸ਼ ਹੋ ਕੇ) ਸ਼ੁਕਰ ਏ, ਮੈਨੂੰ ਤੇ ਰਾਹ ਈ ਨੀ ਦਿੱਤਾ ਉਨ•ਾਂ। ਅਖੇ ਐਨੇ ਫਾਰਮ …........ ਯਤੀਮ ਖਾਨਾ ਖੋਹਲਣਾ …........ ਕਿ ਬਲੈਕ ਕਰਨੀ।
(ਫਿੱਕਾ ਜਿਹਾ ਹਸਦੀ ਹੈ। ਬਾਹਰੋਂ ਸ਼ੇਰਾ ਆਂਦਾ ਹੈ ਤੇ ਉਨ•ਾਂ ਨੂੰ ਅਣਦੇਕਿਆ ਕਰ ਕੇ ਨਿਕਲ ਜਾਂਦਾ ਹੈ।)
ਜੀਤ : ਮੈਨੂੰ ਤੇ ਇਹਦਾ ਝੋਰਾ ਖਾਈ ਜਾਂਦਾ। ਨਾ ਕਿਸੇ ਨਾਲ ਗੱਲ ਕਰਦਾ ਨਾ ਬਾਤ। ਜਿਵੇਂ ਮੈਂ ਹੀ ਦੋਸੀ ਹੋਵਾਂ । (ਬਿਸ਼ਨਾ ਬੋਲਣ ਲੱਗਦਾ ਹੈ ਪਰ ਕੈਲੇ ਨੂੰ ਦੇਖ ਮਨ ਮਸੋਸ ਕੇ ਰਹਿ ਜਾਂਦਾ ਹੈ)
ਸੁੱਖੋ : ਚੱਲ ਛੱਡ ਬੀਤੀਆਂ ਗੱਲਾਂ ਨੂੰ। ਸਰਪੰਚ ਦੇ ਦਸਖਤ ਕਰਵਾ ਕੇ ਦੇ ਦੇਈਂ। ਮੈਂ ਆਪੇ ਜਮਾ ਕਰਵਾ ਆਉਂ
ਜੀਤ : ਸਰਪੰਚ ਦੇ ਦਸਖਤ?
ਸੁੱਖੋ : (ਸਮਝਦੇ ਹੋਏ) ਉਨ•ਾਂ ਤੋਂ ਬਿਨਾ ਤੇ ਸਰਨਾ ਨਹੀਂ।
ਜੀਤ : ਤੂੰ ਈ ਭਰ ਦੇਈਂ, ਮੈਥੋਂ ਕਿੱਥੇ ਹੋਣਾ । (ਪਿੱਛੋਂ ਮੇਲੋ ਸੁੱਖੋ ਨੂੰ ਆਵਾਜ਼ ਮਾਰਦੀ ਹੈ।)
ਸੁੱਖੋ : (ਫਾਰਮ ਫੜ ਕੇ) ਚੰਗਾ
ਜੀਤ : (ਜਾਂਦੀ-ਜਾਂਦੀ ਰੁਕ ਕੇ) ਸੁੱਖੋ, ਖਿਆਲ ਰੱਖੀਂ ਆਪਣਾ ਮੇਰਾ ਭੈਣ।
ਸੁੱਖੋ : (ਲਾਡ ਨਾਲ) ਭਾਬੀ। (ਜੀਤ ਉਸ ਨੂੰ ਗਲ ਨਾਲ ਲਾ ਲੈਂਦੀ ਹੈ। ਮੇਲੋ ਦੀ ਆਵਾਜ਼ ਸੁਣ ਕੇ ਫਟਾਫਟ ਜਾਂਦੀ ਹੈ।)
ਮੇਲੋ : (ਆਂਦੇ ਹੋਏ) ਨੀ ਕੀਹਦੇ ਨਾਲ ਗੱਲਾਂ ਮਾਰੀ ਜਾਨੀਂ ਏਂ। (ਜੀਤ ਨੂੰ ਦੇਖ ਲੈਂਦੀ ਹੈ।) ਜੀਤ ਨਹੀਂ ਸੀ ਇਹ …........ ਕੀ ਲੈਣ ਆਈ ਸੀ।
ਸੁੱਖੋ : (ਫੋਟੋ ਲੁਕੋਂਦੀ ਹੈ) ਲੈਣਾ ਕੀ ਸੀ ਉਹਨੇ।
ਮੇਲੋ : ਇਹ ਕੀ ਏ ਦਿਖਾ ਉਰਾਂ ਮੈਨੂੰ। (ਕਿਤਾਬ ਖੋਂਹਦੀ ਹੈ।)
ਸੁੱਖੋ : (ਘਬਰਾ ਕੇ ਫਾਰਮ ਮੂਹਰੇ ਕਰਦੀ ਹੈ।) ਵੇਖ ਲੈ ਵਿਧਵਾ ਫਾਰਮ ਨੇ। (ਬਿਸ਼ਨਾ ਫੇਰ ਵਿਚ ਬਚਾਅ ਕਰਨ ਦੀ ਨਕਾਮ ਕੋਸ਼ਿਸ਼)
ਮੇਲੋ : (ਜਿਵੇਂ ਬਿਜਲੀ ਡਿਗਦੀ ਹੈ।) ਹਾਏ ਹਾਏ ਨੀ ਇਹ ਕਿੱਥੋਂ ਚੁੱਕ ਲਿਆਈਂ ਚੁੜੇਲੇ। ਕੀਹਦੀ ਮੌਤ ਮੰਗਦੀ ਏਂ ਤੂੰ । (ਬਿਸ਼ਨਾ ਕੈਲੇ ਵੱਲ ਆਂਦਾ ਉਹ ਮੂੰਹ ਫੇਰ ਲੈਂਦਾ ਹੈ।)
ਸੁੱਖੋ : (ਬੌਂਦਲ ਜਾਂਦੀ ਹੈ।) ਇਹਦੇ 'ਚ ਕੀ ਏ, ਭਾਬੀ ਨੇ ਮੰਗਾਏ
ਮੇਲੋ : (ਕੱਟ ਕੇ) ਅੱਗ ਲਗ ਜੇ ਤੈਨੂੰ ਤੇ ਤੇਰੀ ਭਾਬੀ ਨੂੰ । ਜਿਹੜੀ ਨਵੀਂ ਸਹੇੜ ਸਹੇੜੀ ਆ। ਇੱਕ ਗੱਲ ਸੁਣ ਲੈ ਮੇਰੀ ਮੁੜ ਦੇਖ ਲਈ ਨਾ ਮੈਂ ਉਹਦੇ ਨਾਲ ਕਲਾਮ ਕਰਦੀ ਨਿਕਲਣਾ ਬੰਦ ਕਰ ਦੂੰ ਘਰੋਂ। (ਮੇਲੋ ਬੁਰੀ ਤਰਾਂ ਹੋਂਕਦੀ ਹੈ। ਬਿਸ਼ਨਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਕੈਲਾ ਖੜਾ ਖੜਾ ਝੂਰਦਾ ਹੈ। ਬਾਹਰੋਂ ਮਿੱਠੂ ਆਂਦਾ ਹੈ।)
ਮਿੱਠੂ : ਤੁਸੀਂ ਕੀ ਸਾਰਾ ਪਿੰਡ ਸਿਰ 'ਤੇ ਚੁੱਕਿਆ।
ਮੇਲੋ : ਪੁੱਛ ਇਹਨੂੰ । ਫਾਰਮ ਚੁੱਕੀ ਫਿਰਦੀ ਰੰਡੇਪੇ ਦੇ। ਕੁੱਛੜ ਚੜ ਚੜ ਬਹਿੰਦੀ ਉਸ ਰੰਡੀ ਦੇ । (ਬਿਸ਼ਨੇ ਦੇ ਘਰ ਵੱਲ ਨੂੰ ਕੁਦ-ਕੁਦ ਪੈਂਦੀ ਹੈ। ਮਿੱਠੂ ਫੜ ਕੇ ਜ਼ਬਰਦਸਤੀ ਮੰਜੀ 'ਤੇ ਬਿਠਾਂਦਾ ਹੈ।)
ਮਿੱਠੂ : ਓ …........ ਤੂੰ ਬਹਿ ਜਾ ਏਥੇ…........। ਹੈਂ …........ (ਕੌੜੀਆਂ ਨਜ਼ਰਾਂ ਨਾਲ ਸੁੱਖੋ ਵੱਲ ਦੇਖਦਾ ਹੈ।)
ਸੁੱਖੋ : ਮੈਂ ਕੀ ਕੀਤਾ …........, ਐਵੇਂ ਗੱਲ ਵਧਾਈ ਜਾਂਦੀ …........
ਮਿੱਠੂ : ਸੌ ਵਾਰ ਕਿਹਾ …........ ਬਹੁਤਾ ਮੁੰਹ ਨਾ ਲਗਿਆ ਕਰ ਉਹਦੇ …........। ਗੱਲਾਂ ਬਣਾਉਂਦੇ ਲੋਕ …........
ਸੁੱਖੋ : ਕਿਹੜੇ ਲੋਕੀ …........? ਜਾਣਦੀ ਨੀ ਭਲਾ ਮੈਂ ਤੁਹਾਨੂੰ।
ਮਿੱਠੂ : ਤੂੰ ਬਹੁਤੀ ਸਿਆਣੀ ਨਾ ਬਣ। ਆਪ ਦੇਖਿਆ ਮੈਂ ਇਹਨੂੰ ਸ਼ਹਿਰ …........ ਫਿਰਦੀ ਲੂਰ …........ ਲੂਰ …........।
ਸੁੱਖੋ : ਅੱਖਾਂ ਈ ਗੰਦੀਆੰ …........, ਕਿਸੇ ਦਾ ਕੀ ਦੋਸ਼ …........।
ਮੇਲੋ : (ਫੇਰ ਭੜਕਦੀ ਹੈ।) ਚੁਪ ਕਰ ਜਾ ਨੀ …........ ਸੰਘੀ ਘੁੱਟ ਦੂੰ ਮੈਂ ਤੇਰੀ …........।
(ਸੁੱਖੋ ਡੁਸਕਣ ਲਗਦੀ ਹੈ.)
ਕੈਲਾ : (ਗੁੱਸੇ 'ਚ ਜਾਂਦੇ ਹੋਏ) ਏਦੂੰ ਤਾਂ ਮਸਾਣ ਚੰਗੇ ਸੌ ਦਰਜੇ …........। ਪਿੰਡ ਲਈ ਫਿਰਦੇ …........।
(ਬਿਸ਼ਨਾਕਦੇ ਉਸ ਨੂੰ ਦੇਖਦਾ ਹੈ ਤੇ ਕਦੇ ਸੁੱਖੋ ਵੱਲ। ਮਿੱਠੂ ਵੀ ਜਾਂਦਾ ਹੈ।)
ਸੁੱਖੋ : ਇਹੋ ਭਲਾ ਮੰਗਦੀ ਏਂ ਨਾ ਸਰਬਤ ਦਾ …........।
ਮੇਲੋ : ਆਹੋ ਮੰਗਦੀ ਆੰ। ਚੱਜ ਦੀ ਹੁੰਦੀ ਤੇ ਜਣਦੇ ਨਾ ਰੱਖਦੇ …........ ਐਂ ਈ ਕੱਢ ਦਿੰਦੇ ਦੋ ਮਹੀਨਿਆੰ 'ਚ …........।
ਸੁੱਖੋ : ਚੰਗਾ ਤੂੰ ਰੱਖ ਲਈ ਫੇਰ …........ ਲਾਹ ਲਈਂ ਚਾਅ । (ਅੰਦਰ ਜਾਂਦੀ)
ਮੇਲੋ : ਹਾਏ ਹਾਏ ਨੀ ਇਹ ਕੀ ਕਹਿ ਗਈ ਤੂੰ। (ਪਿਟਣ ਲਗ ਪੈਂਦੀ ਹੈ) ਸੜ ਜਾਏ ਤੇਰੀ ਜ਼ਬਾਨ ਇਹੋ ਜਹੀ ਦੀ। ਮਰ ਜਾਏਂ ਤੂੰ ਈ। ਇਹ ਸੁਖ ਮੰਗਦੀ ਏੰ ਇਸ ਘਰ ਦਾ …........। (ਰੋਂਦੀ ਹੈ।)
ਪ੍ਰੀਤਮ : (ਆਂਦਾ ਹੈ।) ਹੁਣ ਕੀ ਹੋ ਗਿਆ?
ਮੇਲੋ : ਹੋ ਗਿਆ …........, ਫਾਰਮ ਕੱਠੇ ਕਰਦੀ ਫਿਰਦੀ …........ ਹੰਡੇਪੇ ਦੇ …........ ਢਿਡ ਪਿਟਦੀ ਏ ਮੇਰਾ।
ਸੁੱਖੋ : ਨਾ ਕਲੇਸ਼ ਕਾਹਦਾ …........, (ਮੁੜ ਆਂਦੀ ਹੈ।) ਉਹਨੇ ਮੰਗਾਏ ਮੈਂ ਲਿਆਤੇ ……........।
ਮੇਲੋ : ਉੱਥੇ ਈ ਕਿਉਂ ਨੀ ਜਾ ਬਹਿੰਦੀ ਤੂੰ …........ ਕਲਮੁੰਹੀ।
ਪ੍ਰੀਤਮ : (ਮੋਲੇ ਨੂੰ ਫੜਦੇ ਹੋਏ) ਉਇ ਸ਼ੁਦਾ ਹੋ ਗਿਆ ਤੈਨੂੰ …........। ਤੂੰ ਜਾ ਕੁੜੇ ਅੰਦਰ …........। (ਸੁੱਖੀ ਜਾਂਦੀ ਹੈ) ਦੂਜੇ ਦੇ ਘਰ ਦਾ ਕਲੇਸ਼ ਆਪਣੇ ਘਰ ਖਿਚਣ ਡਹੀਆੰ। ਇਹ ਤੇਰੇ ਅੱਗੇ ਬੰਨੇ ਹੱਥ …........ ਬਖਸ਼ ਦੇ ਜੇ …........ ਬਖਸ਼ ਹੁੰਦਾ …........ ਨੀ ਮੈਂ ਕਰ ਬੈਠੂੰ ਕੁਝ।
ਮੇਲੋ : ਮਰ ਜਏ ਇਹੋ ਜਈ ਚੰਦਰੀ ਅੋਲਾਦ ਜੰਮਣ ਤੋਂ ਪਹਿਲਾਂ ਈ। (ਗੀਤ ਦੇ ਨਾਲ ਨਾਲ ਪਰੀ ਮੰਡਲੀ ਕਪੜੇ ਦੀ ਗੁੱਡੀ ਲਈ ਆਉਂਦੀ ਹੈ। ਪ੍ਰੀਤਮ ਤੇ ਮੇਲੋ ਦੁਆਲੇ ਨ੍ਰਿਤ ਕਰਦੀ ਹੈ। ਉਹ ਅਨਜਾਣੇ 'ਚ ਪ੍ਰਤੀਕਰਮ ਕਰਦੇ ਹਨ ਤੇ ਫੇਰ ਉਲਟ ਦਿਸ਼ਾਵਾਂ ਵਿੱਚ ਨਿਕਲ ਜਾਂਦੇ ਹਨ। ਬਿਸ਼ਨਾ ਬਹੁਤ ਦਿਲਚਸਪੀ ਨਾਲ ਸਭ ਦੇਖਦਾ ਹੈ। ਆਖਰ 'ਚ ਉਹ ਕਿਤਾਬ ਵਿੱਚੋਂ ਫੋਟੋ ਕੱਢ ਕੇ ਦੇਖਦਾ ਹੈ ਤੇ ਦੂਜੇ ਹੱਥ ਵਿੱਚ ਫਾਰਮ।)
ਗੀਤ : ਬਾਲ ਨਿਆਣੇ ਬਣ ਬਣ ਜੰਮਦੀ
ਆਪੇ ਬਣਦੀ ਮਾਪੇ-ਹਾਏ ਆਪੇ ਬਣਦੀ ਮਾਪੇ
ਆਪੇ ਮਾਟੀ ਮਰ-ਮਰ ਜੀਵੇ
ਆਪੇ ਕਰੇ ਸਿਆਪੇ
(ਬਿਸ਼ਨੇ ਦੁਆਲੇ ਚੱਕਰ ਕਟਦੇ ਹਨ।)
ਇੱਕ ਇੱਕ ਸਾਹੇ ਸੌ ਸੌ ਫਾਹੇ
ਫੇਰ ਨਾ ਮਾਟੀ ਮਰਦੀ
ਨਾ ਹੋਈ ਨਾ ਹੋਵਣ ਜੋਗੀ
ਰਹੇ ਘਾੜਤਾਂ ਘੜਦੀ ।
(ਜਮ ਪਰਦਾ ਕਰਦੇ ਹਨ।) (ਰੋਸ਼ਨੀ ਅਲੋਪ ਹੁੰਦੀ ਹੈ।)
(ਸ਼ਮਸ਼ਾਨ ਦਾ ਦ੍ਰਿਸ਼। ਕੈਲਾ ਖੜਾ ਬਿਸ਼ਨੇ ਦੀ ਰਾਹ ਦੇਖ ਰਿਹਾ ਹੈ। ਦੂਰ ਤੱਕ ਦੇਖਦਾ ਹੈ। ਫੇਰ ਚਿਤਾ ਦੇ ਸਿਰ•ਾਣੇ ਜਾ ਬੈਠਦਾ ਹੈ। ਬਿਸ਼ਨਾ ਬਾਹਰੋ ਫੋਟੋ ਦੇਖਦਾ ਹੋਇਆ ਆਂਦਾ ਹੈ। ਪੂਰੇ ਉਤਸਾਹ ਨਾਲ ਕੈਲੇ ਨੂੰ ਦਿਖਾਉਣ ਲÂਈ ਅੱਗੇ ਵਧਦਾ ਹੈ।)
ਬਿਸ਼ਨਾ : ਉਇ ਫੌਜੀਆ
ਕੈਲਾ : (ਬੇਰੁਖੀ ਨਾਲ) ਕੀ ਐ।
ਬਿਸ਼ਨਾ …........ ਕੁਝ ਨਹੀਂ। (ਫੋਟੋ ਜੇਬ 'ਚ ਪਾ ਲੈਂਦਾ ਹੈ। ਚਾਰੇ ਪਾਸੇ ਦੇਖ ਕੇ) ਲਾਲਾ ਕਿੱਥੇ ਆ …........? (ਨੇੜੇ ਹੋ ਕੇ) ਭਜਾਤਾ …........ ਹੈ …........?
ਕੈਲਾ : ਤੈਨੂੰ ਲਭਦਾ ਗਿਆ …........ ਮੰਡੀ …........। ਸ•ਾਬ ਕਰਨਾ …........।
ਬਿਸ਼ਨਾ : (ਹਸਦਾ ਹੈ।) ਤੇ ਤੂੰ ਕੀ ਲਭਦਾਂ…........? ਮੋਹਰਾਂ?
ਕੈਲਾ : ਜ਼ਖਮ। ਸ਼ਬਦਾਂ ਦੇ ਪਿੰਡੇ 'ਤੇ ਲੱਗੇ ਜ਼ਖਮ।
(ਚੁੱਪੀ)
ਬਿਸ਼ਨਾ : ਜਾਣ ਦੇ ਯਾਰ …........, ਬੇਬੇ ਇਹੋ ਜਹੀ ਨਹੀਂ।
ਕੈਲਾ : ਕਿਹੋ ਜਹੀ …........ (ਬਿਸ਼ਨੇ ਨੂੰ ਕੋਈ ਜਵਾਬ ਨਹੀਂ ਸੁਝਦਾ) ਪਤਾ, ਬੰਦਾ ਬਣਿਆ ਕਾਹਦਾ …........। ਜ਼ਖਮ ਤੇ ਜ਼ਖਮ …........ ਜੁੜਦੇ ਜਾਂਦੇ-ਜੁੜਦੇ ਜਾਂਦੇ …........ ਇੱਕ 'ਤੇ ਇੱਕ, ਕਿਲੇ ਵਾਂਗ, ਤਣ ਜਾਂਦੇ ... ਤੇ ਸਾਰੇ ਡਰ ਐਂ ਦੁਬਕ ਕੇ ਬਹਿ ਜਾਂਦੇ ਪਿੱਚੇ। (ਹਸਦਾ) ਲੋ, ਬਣ ਗਿਆ ਬੰਦਾ .... ਖੜਕਾ ਹੋਇਆ ਨੀ, ਫਣ ਚੁੱਕਿਆ ਨੀ।
ਬਿਸ਼ਨਾ : (ਖਿਜ ਕੇ) ਕਿਉਂ ਭਕਾਈ ਮਾਰਦਾਂ …........ ਕੁਝ ਨੀ ਇੱਥੇ।
ਕੈਲਾ : ਜਾਣੇ ਕਿੱਥੇ, ਹੋਣੇ ਏਥੇ ਈ …........। (ਹੱਥਾਂ ਨਾਲ ਰਾਖ਼ ਉਡਾਂਦਾ ਹੈ।) ਭਮੀਰੀ ਵਾਂਗ ਵਾਂਗ ਉਡਾਈ ਫਿਰਦੇ.…........ ਮਰਿਆਂ ਵੀ ਚੈਨ ਨੀ ਲੈਣ ਦਿੰਦੇ। (ਵਹਿਸ਼ੀਆਂ ਵਾਂਗ ਸੁਆਹ ਉਡਾਂਦਾ ਹੈ।)
ਬਿਸ਼ਨਾ : (ਉਸ ਨੂੰ ਸੰਭਾਲਦੇ ਹੋਏ) ਫੌਜੀਆ ਉਏ …........ ਕੀ ਕਵਲ ਘੋਟ ਦਾ …........। (ਕੈਲਾ ਥੋੜਾ ਸ਼ਾਂਤ ਹੁੰਦਾ ਹੈ।) ਐਵੇਂ ਬੇਬੇ ਦੀ ਗੱਲ ਦਿਲ ਨੂੰ ਲਾਈ ਬੈਠਾਂ ਉਹ ਤੇ ਡਰ ਬੋਲਦਾ ਸੀ......... ਉਸ ਦੇ ਅੰਦਰਲਾ (ਪਛਤਾਵੇ 'ਚ ਸਿਰ ਝਟਕਦੇ ਹੋਏ)
ਕੈਲਾ : (ਉਸ ਵੱਲ ਦੇਖਦਾ ਹੈ।) ਤੂੰ ਕਦੇ ਬਾਰਡਰ ਦੇਖਿਆ…........ ਬਾਰਡਰ …........? (ਬਿਸ਼ਨਾ ਖਾਲੀ ਖਾਲੀ ਨਜ਼ਰਾਂ ਨਾਲ ਉਸ ਨੂੰ ਦੇਖਦਾ ਰਹਿੰਦਾ ਹੈ) ਮੈਂ ਉੱਥੇ ਜੀਵਿਆਂ.…........, ਇੱਕ-ਦੂਏ ਦੀ ਸੰਘੀ ਘੁਟਦੇ ਸ਼ਬਦ, ਮਾਰੋ ਮਾਰੋ ਕਹਿ......... ਅੱਗੇ ਵਧਦੇ (ਚੁੱਪੀ) ਬਾਰੂਦ ਵਾਂਗ ਫਟਦੇ, ਪਿੱਛੇ ਹਟਦੇ......... ਰੋਂਦੇ ਕਰਾਂਹਦੇ। ਪਰ ਡਿਗਦੇ ਤਾਂ ਸਰੀਰ ਸੀ …......... ਸਾਰੇ ਪਾਸੇ…......... ਲਹੂ ਲੁਹਾਨ।
ਬਿਸ਼ਨਾ : ਫੇਰ ਪੈ ਗਿਆ ......... ਫੌਜੀਆਂ ਵਾਲਾ ਦੌਰਾ।
ਕੈਲਾ : (ਪੂਰੇ ਜੋਸ਼ ਨਾਲ ਟੋਕਦਾ ਹੈ।) ਨਾ, ........., ਮੈਂ ਉਸ ਬਾਰਡਰ ਦੀ ਗੱਲ ਨਹੀਂ ਕਰ ਰਿਹਾ। ਉਹ ਤੇ ਐਵੇਹਵਾ 'ਚ ਲਕੀਰਾਂ। ਇਹ ਠੋਸ ਏ। (ਹੱਥ ਨਾਲ ਸਮਝਾਂਦਾ ਹੈ। ) ਤੂੰ …......... ਮੈਂ . …......... ਵਿਚਾਲੇ ਬਾਰਡਰ ਕੋਈ ਸੀਜ਼ ਫਾਇਰ ਨਹੀਂ । ਹੌਲੀ ….......... ਦੀਵਾਲੀ ਨਿਰੰਤਰ ਗੋਲੀਬਾਰੀ. ......... ਦੋਹੀਂ ਬੰਨੀ ਜ਼ਖਮ ਤਣੇ......... ਮਿਜ਼ਾਇਲਾਂ ਵਾਂਗ.......... ਸ਼ਬਦਾਂ ਦੀ ਫੌਜ। . …......... ਬਰੀਕ .....
ਬਿਸ਼ਨਾ : (ਕੈਲਾ ਉਸ ਦੀ ਬਾਂਹ ਫੜ ਲੈਂਦਾ ਹੈ। ਛੁਡਾਂਦ ਹੋਏ।) ਰੱਬ ਦੇ ਵਾਸਤੇ ......... ਜਾਣ ਦੇ ਮੈਨੂੰ।
ਕੈਲਾ : (ਹੋਰ ਘੁਟ ਕੇ ਫੜਦਾ ਹੈ) ਉਹ ਮੈਨੂੰ ਘੂਰ ਰਿਹਾ ਸੀ…......... ਅਜਨਬੀਆਂ ਵਾਂਗ। (ਬਿਸ਼ਨਾ ਡਰਿਆ ਹੋਇਆ ਉਸ ਵੱਲ ਦੇਖਦਾ ਹੈ।) ਮੇਰਾ ਸਰੀਰ ......... ਮੇਰਾ ਆਪਣਾ ਸਰੀਰ.......... ਵੇਖਿਆ ਈ ਨਹੀਂ ਸੀ ਕਦੇ ਗੌਰ ਨਾਲ .........। ਉਹ ਤੇ ਸ਼ਬਦ ਸਨ। ਪਰ ਉਹ ਡਿਗਦਾ ਜਾ ਰਿਹਾ ਸੀ। (ਬਿਸ਼ਨਾ ਮੂੰਹ ਫੇਰਦਾ ਹੈ, ਜਿਵੇਂ ਭੱਜਣਾ ਚਾਹੁੰਦੇ ਹੋਵੇ।) ਮੈਂ ਬੋਚਣਾ ਚਾਹੁੰਦਾ ਸੀ ਉਸ ਨੂੰ ......... ਦੋਹਾਂ ਹੱਥਾਂ 'ਚ ......... ਪਰ ਉਹ ਕਿਰਦਾ ਜਾ ਰਿਹਾ ਸੀ........... ਕਿਰਦਾ .........। (ਕੰਬਣ ਲੱਗਦਾ ਹੈ।) ਦੂਰ. ......... ਹੋਰ ਦੂਰ ......... ਬਹੁਤ ਦੂਰ ......... ਹੁੰਦਾ ਜਾ ਰਿਹਾ ਸੀ.......... ਮੇਰਾ ਆਪਣਾ ਸਰੀਰ ......... ਉਮਰ ਭਰ ਨਹੀਂ ਸੀ ਦੇਖਿਆ......... ਉਹਨੂੰ .........।
ਬਿਸ਼ਨਾ : (ਪੂਰੀ ਤਾਕਤ ਨਾਲ ਝਟਕ ਦਿੰਦਾ ਹੈ।) ਜਾਣ ਵੀ ਦੇ ਹੁਣ.........। (ਦੋਂਹੇ ਹੋਂਕਦੇ ਹਨ। ਬਿਸ਼ਨਾ ਗਲੇ 'ਤੇ ਹੱਥ ਫੇਰਦਾ ਹੈ।) ਛੱਡ। (ਹੱਥ ਝਟਕਦਾ ਹੈ।)
ਕੈਲਾ : ਪਰ ਸ਼ਬਦ ਤਾਂ ਉਵੇਂ ਖੜੇ ਸੀ ......... ਤਣੇ......... ਫਣ ਚੁੱਕੀ ਏਧਰ ਬੇਬੇ.........., ਸੀਬੋ.......... ਉਧਰ ਸੰਤੀ.......... ਜੀਤ
ਬਿਸ਼ਨਾ : ਸ਼ੁਦਾ ਹੋ ਗਿਆ ਤੈਨੂੰ.........। ਬਾਲ ਦੀ ਖਾਲ ਖਿੱਚੀ ਜਾਂਦਾ। ਬੇਬੇ ਤਾਂ ਨਸੀਬੋ 'ਚ ਉਲਝੀ ਪਈ ਸੀ ਉੱਤੋਂ ਉਹ ਵਿਧਵਾ ਫਾਰਮ.........। ਬਿਜਲੀ ਤਾਂ ਡਿਗਣੀ ਸੀ. .........

ਉਹ ਪਾਉਂਦਾ ਸੀ ......... ਵੰਡੀਆੰ ......... ਹੱਦਾ ਬੰਨਦਾ ਸੀ? ਉਹੀ ਸੀ ......... ਫਿੱਸੇ ਹੋਏ ਫੋੜੇ ਨੂੰ ਛੇੜ ਬੈਠੀ ........., ਸੁੱਖੋ ..........। ਜੀਤ ਕਿੱਥੋਂ ਆ ਗਈ ਵਿੱਚ।
ਕੈਲਾ : ਹਾਂ ......... ਜੀਤ......... ਉਹ ਤੇ ਉਸ ਬੰਨੇ ਸੀ......... ਤੂੰ ਵਾਲੇ ਪਾਸੇ ......... ਏਧਰ ਕਿਧਰ ਤੁਰੀ ਆਂਦੀ ਸੀ ......... ਨਸੀਬੋ ਬਣ ਕੇ ......... ਮੈਂ ਵੱਲ। ਬਰੂਦ ਬਣੀ । ਫਟਣਾ ਈ ਸੀ।
ਬਿਸ਼ਨਾ : ਡਰਿਆ ਬੰਦਾ ਐ ਈ ਕਰਦਾ ਗਲ ਨੂੰ ਪੈਂਦਾ।
(ਚੁੱਪੀ)
ਕੈਲਾ : ਡਰ ......... ਹੋਰ ਹੈ ਵੀ ਕੀ, ਡਰੂ ਨਾ ਤੇ ਫੇਰ ਬਚੂ ਕੀ ਪਿੱਛੇ।
(ਚਿਤਾ ਕੋਲ ਜਾ ਬੈਠਦਾ ਹੈ।)
ਬਿਸ਼ਨਾ : (ਦੂਰ ਮੁਢ 'ਤੇ ਜਾ ਬੈਠਦਾ ਹੈ।) ਜੀਤ ਵਿੱਚ ਨਸੀਬੋ ਦਿਖਦੀ ਸੀ ... ਇਸੇ ਤੋਂ ਜਾਨ ਬਚਾਂਦੀ ਫਿਰਦੀ ਸੀ ਉਹ। (ਚੁੱਪੀ। ਫੇਰ ਫੋਟੋ ਕਢ ਕੇ ਦੇਖਣ ਲੱਗਦਾ ਹੈ।) ਨਹੀਂ ਚਲਣਾ ਫੇਰ ...।
ਕੈਲਾ : ਨਾਂ ਨਾ ਲਈ ...। (ਚੁੱਪੀ) ਬਿਸ਼ਨਾ ਖੜਾ ਹੁੰਦਾ ਹੈ।
ਕੈਲਾ ਚੋਰੀ ਅੱਖ ਨਾਲ ਉਸ ਵੱਲ ਦੇਖਦਾ ਹੈ।)
ਬਿਸ਼ਨਾ : ਸੋਂਹ ਪਾ ਲਈ। (ਖਾਮੋਸ਼ੀ)
(ਬਿਸ਼ਨਾ ਫੋਟੋ ਨੂੰ ਉੱਥੇ ਹੀ ਮੁੱਢ 'ਤੇ ਸੁੱਟ ਕੇ ਚਲਾ ਜਾਂਦਾ ਹੈ। ਕੈਲਾ ਹੌਲੀ ਹੌਲੀ ਜਾ ਕੇ ਫੋਟੋ ਚੁਕਦਾ ਹੈ।)
ਕੈਲਾ : (ਫੋਟੋ ਦੇ ਪਿਛਿਓਂ ਪੜਦਾ ਹੈ।) ਲੈਫਟੀਨੈਂਟ ਕਰਨੈਲ ਸਿੰਘ। (ਹੱਸਣ ਲੱਗਦਾ ਹੈ।) ਨਵੀਂ ਭਰਤੀ ਹੱਦਾਂ ਉਹੀ..........। ਕਿੰਨੇ .........ਈ ਮੈਂ......... ਕਿੰਨੇ .........ਈ ਤੂੰ. ......... ਕਿੱਥੋਂ ਸ਼ੁਰੂ... ......... ਕਿੱਥੇ ਮੁਕਦੇ .. ..........। (ਹਸਦੇ ਹਸਦੇ ਸੰਜੀਦਾ ਹੁੰਦਾ ਹੈ।) ਹੁਣ ਕਿਧਰ ਜਾਵਾਂ........... ਕੋਈ ਥਾਂ ਨਹੀਂ? (ਪਰੀ ਮੰਡਲੀ ਦੀ ਆਮਦ ਨਾਲ ਗੀਤ ਸ਼ੁਰੂ ਹੁੰਦੀ ਹੈ।)
ਗੀਤ : ਮੱਤਾਂ ਦੇ ਦੇ ਗਏ ਸਿਆਣੇ
ਮੂਰਖ ਬਾਤ ਨਾ ਮਾਣੇ-2
ਦਾਰੂ ਦਾਰੂ ਹਰ ਕੋਈ ਕਰਦਾ
ਮਰਜ਼ ਕੋਈ ਨਾ ਜਾਣੇ
ਮਨ ਰੋਗ ਤੇਰਾ ਮਰਜਾਣਾ
ਨੀ ਜਿੰਦੇ ਕੋਈ ਚੱਜ ਸਿੱਖ ਲੈ
ਚੱਜ ਸਿਖ ਲਾ ਨੀ ਕੋਈ ਪੱਜ ਸਿਖ ਲੈ
ਇੱਕ ਦਿਨ ਮਾਹੀ ਦੇ ਘਰ ਜਾਣਾ
ਨੀ ਜਿੰਦੇ ......।
(ਦੋ ਪਰੀਆਂ ਪਰਦਾ ਕਰਦੀਆਂ ਹਨ। ਰੋਸ਼ਨੀ ਅਲੋਪ ਹੁੰਦੀ ਹੈ।)

(ਮਿੱਠੂ ਮੰਜੇ ਤੇ ਪਿਆ ਹੈ। ਅਮਲੀ ਸੱਥ ਵਿੱਚ ਬੈਠੇ ਸਿਗਰਟ ਭਰ ਰਹੇ ਹਨ।)
1. : ਓ ਛੇਤੀ ਹੱਥ ਮਾਰ ਲੈ, ਮਰਿਆਂ।
2. : ਸਬਰ ਕਰ. ਜਾਨ ਨਿਕਲਦੀ ਜਾਂਦੀ ਏ।
(ਤੇਜੇ ਦੇ ਘਰੋਂ ਆਵਾਜ਼ਾਂ ਆਉਣ ਲਗਦੀਆਂ ਹਨ।)
ਸੀਤੋ : ਹੁਣ ਐਂ ਬੈਠਾ ਰਹੇਗਾਂ ਸਿਰ ਫੜ ਕੇ।
ਤੇਜਾ : ਨਾ ਤੂੰ ਈ ਦਸ ਦੇ ਕੀ ਕਰਾਂ ਫੇਰ।
ਸੀਤੋ : ਘਗਰੀ ਪਾ ਕੇ ਬਹਿ ਜਾ ......... ਕਰਨਾ ਤੂੰ.........।
1. : ਲੈ ਹੋ ਗਿਆ ਸ਼ੁਰੂ ਪਾਠ ਤੜਕੇ ਈ ਤੜਕੇ।
2. : ਚੱਲ, ਤੂੰ ਵੀ ਕਰ ਲੈ ਧੂਫ਼ ਬੱਤੀ(ਮਾਚਿਸ ਲਭਦਾ ਹੈ।) ਤੜਕਾ ਈ ਦਸਦਾ ਪਤੰਦਰ। (ਸਿਗਰਟ ਬਾਲਦੇ ਹਨ।)
ਸੀਤੋ : ਠੂਠਾ ਫੜ ਕੇ ਮੰਗਣ ਚੜ ਜਏ ਏਦੂੰ ਤਾਂ।
ਤੇਜਾ : ਕਰਦੀਂ ਏ ਚੁੱਪ ਕੇ ਭੰਨਾ ਤੇਰਾ ਖੋਪੜ। ਧੀ ਤੇ ਤੇਰੀ ਓ ਏ ......... ਮੈਂ ਜੰਮੀ .........।
ਸੀਤੋ : ਫੂਕਣੀ ਇਹੋ ਜਹੀ ਧੀ, ਸ਼ਰੀਕ ਬਣਦੀ ਮੇਰੇ ਮੁੰਡੇ ਦੀ। ਮੰਗਦੀ ਏ ਹਿੱਸੇ।
(ਮਿੱਠੂ ਅੱਖਾਂ ਮਲਦਾ ਸੱਥ 'ਚ ਆ ਕੇ ਬੈਠਦਾ ਹੈ।)
2. : ਕਿਵੇਂ ਬਾਊ.......... ਕੱਢ ਕੋਈ ਮਾਲ ਸ਼ਾਲ .........।
ਮਿੱਠੂ : ਮੰਗਣ ਤੇ ਈ ਰਹੀਓ ਬਸ (ਸ਼ੀਸ਼ੀ ਕਢਦਾ ਹੈ।) ਲੋ ਵੇਖ ਲਓ, ਮੇਰੇ ਜੋਗੀ ਮਸਾਂ। (ਪੀਂਦਾ ਹੈ।)
(ਸੁੱਖੋ ਆ ਕੇ ਝਾੜ-ਪੂੰਝ ਕਰਨ ਲਗਦੀ ਹੈ।)
1. : ਕਿਵੇਂ, ਬਣਿਆ ਨੀ ਤੇਰਾ ਬਾਹਰ-ਬੂਰ ਦਾ ਕੁਝ।
2. : ਸੁੱਖੋ ਦੀ ਗੱਲ ਨੀ ਤੁਰੀ ਗਾਂਹ ......... ਓ ਅਮਰੀਕੀ ਭਾਊ ਨਾਲ।
ਮਿੱਠੂ : ਬਾਪੂ ਜ਼ਮੀਨ ਦਾ ਮੋਹ ਛੱਡੇ ਤਾਂ ਨਾ।
(ਸੁੱਖੋ ਉਨ•ਾਂ ਦੀ ਗੱਲ ਸੁਣਦੀ ਹੈ। ਬਿਸ਼ਨਾ ਆਂਦਾ ਹੈ।)
2. : ਹੋਰ ਹੈ ਵੀ ਕੀ ਪੱਲੇ.........।
1. : ਚੰਗਾ ਮੁੱਲ ਮਿਲਦਾ ਅੱਜ ਕੱਲ ਤੇ.........।
ਮਿੱਠੂ : ਸਮਝਾਵੇ ਕਿਹੜਾ ਇਨ•ਾਂ ਨੂੰ।
(ਸੁੱਖੋ ਅੰਦਰ ਜਾਂਦੀ ਹੈ। ਬਿਸ਼ਨਾ ਪੌੜੀ ਖੜੀ ਕਰਦਾ ਹੈ।)
2. : ਸਰਿਆ ਨਹੀਂ ਤੇ ਹੋਰ ਖਵਾਵਾਂ ਕੁਝ।
ਮਿੱਠੂ : ਨਾ ਪਾਂਧਾ ਪੁਛ ਲੈ ਕੋਈ, ਮਹੂਰਤ ਕਢਾ ਲੈ।
2. : (ਕੈਪਸੂਲ ਫੜਾਂਦਾ ਹੈ।) ਲੈ ਫੜ। ਪਾਣੀ ਲਿਆ ਉਇ।
ਮਿੱਠੂ : ਉਰਾਂ ਫੜਾ .........। ਪਾਣੀ ਨੂੰ ਕੀ ਏ। (ਫੱਕਾ ਮਾਰਦਾ ਹੈ। ਗਲੇ 'ਚ ਫਸ ਜਾਂਦੇ ਹਨ। ਹੁੱਥੂ ਛਿੜਦਾ ਹੈ। ਬੁਰੀ ਤਰਾਂ ਤੜਫਦਾ ਹੈ। ਸੁੱਖੋ ਦੌੜ ਕੇ ਆਂਦੀ ਹੈ। ਦੋਹੇ ਅਮਲੀ ਉਸ ਨੂੰ ਸਾਂਭਦੇ ਹਨ। ਬਿਸ਼ਨੇ ਨੂੰ ਸਮਝ ਨਹੀਂ ਆਂਦੀ ਕਿ ਕੀ ਕਰੇ।)
ਬਿਸ਼ਨਾ : ਉਇ ਕੈਲਿਆ ਉਇ ਫੌਜੀਆ ਛੇਤੀ ਆ ਉਇ।
2. : ਉਇ ਪਾਣੀ ਲਿਆ ਛੇਤੀ ਗਲ ਪੈ ਜਾਊ ਆਪਣੇ।
(1 ਨੰ. ਦੌੜ ਕੇ ਜਾਂਦਾ ਹੈ। ਸੁੱਖੋ ਨੂੰ ਦੇਖ ਕੇ ਮਿੱਠੂ ਹੌਲੀ ਹੌਲੀ ਸੰਭਲਦਾ ਹੈ।)
ਸੁੱਖੋ : ਚਾਹ ਪੀ ਲੈ ਆ ਕੇ। (ਵਾਪਿਸ ਮੁੜਦੀ ਹੈ।)
ਮਿੱਠੂ : ਕਿੰਨੀ ਵਾਰੀ ਕਿਹਾ ਤੈਨੂੰ, ਏਧਰ ਨਾ ਆਇਆ ਕਰ। (1 ਨੰ. ਪਾਣੀ ਲੈ ਕੇ ਆਂਦਾ ਹੈ।)
1. : ਹੋਰ ਈ ਵਿਆਹ 'ਚ ਬੀ ਦਾ ਲੇਖਾ ਪਾ ਤਾ
(ਬਿਸ਼ਨਾ ਉੱਥੇ ਸਿਰ ਫੜ ਕੇ ਬੈਠ ਜਾਂਦਾ ਹੈ।)
2. : ਨਾ........., ਇਹ ਨੀ ਬਚਦਾ ਹੁਣ। ਰਹਿ ਜਾਣਾ ਸੁੱਤਾ ਈ।
(ਦੋਹੇਂ ਅਮਲੀ ਜਾਂਦੇ ਹਨ। ਮਿੱਠੂ ਮੰਜੀ ਤੇ ਬੈਠਦਾ ਹੈ।)
ਸੁੱਖੋ : ਤੂੰ ਤਾਂ ਕਹਿੰਦਾ ਸੀ ਛਡਤਾ ਮੈਂ ਸਭ
ਮਿੱਠੂ : ਐਵੇਂ ਨਾ ਬੇਬੇ ਬਣਿਆ ਕਰ, ਦਵਾਈ ਖਾਧੀ।
ਸੁੱਖੋ : ਭੁੱਲੀਆਂ ਮੈਥੋਂ ਤੇਰੀਆਂ ਦਵਾਈਆਂ। (ਫੇਰ ਪੋਚਾ ਮਾਰਨ ਲਗਦੀ ਹੈ। ਮੇਲੋ ਬਾਹਰੋ ਆਉਂਦੀ ਹੈ।)
ਮੇਲੋ : ਕੁੜੇ ਤਿਆਰ ਤਾਂ ਹੋ ਜਾਂਦੀ। ਬਣੀ ਕੀ ਫਿਰਦੀ ਭੂਤਨ।
ਮਿੱਠੂ : ਹੋਇਆ ਕੀ ਇਹਨੂੰ ?
ਮੇਲੋ : ਹੋਇਆ ਇਹਨੂੰ। ਪਿÀ ਨੇ ਵਰਜ ਤੀ, ਬਈ ਘਰੇ ਰਹੀਂ ਅੱਜ। ਉਦੋਂ ਦੀ ਭੂੰ-ਭੂੰ ਕਰਦੀ ਫਿਰਦੀ।
ਸੁੱਖੋ : ਕਿਹਾ ਨਾ ਮੈਂ, ਮੈਂ ਨੀ ਕਰਾਉਣਾ ਹਾਲੇ ਕੋਈ ਵਿਆਹ ਵਿਊਹ।
ਮੇਲੋ : (ਅੰਦਰ ਜਾਂਦੇ ਹੋਏ) ਰਹਿਣ ਦੇ ਨੀ। ਜਦੋਂ ਕਰੂ ਜਗ ਜਹਾਨੋਂ ਬਾਹਰ ਦੀ।
ਮਿੱਠੂ : ਹਾਲੇ ਕੀ ਆ ਵੇਖਦੇ ਜਾਓ ਅੱਗੇ ਅੱਗੇ।
ਸੁੱਖੋ : ਵੇਖਣਾ ਕੀ ਏ ਗੱਲ ਕਰ ਸਿੱਧੀ। (ਮਿੱਠੂ ਚੁੱਪ) ਜਿਹੜੀ ਝਾਕ 'ਚ ਤੂੰ ਬੈਠਾ ਨਾ ਉਹ ਨੀ ਹੋਣ ਦਿੰਦੀ ਮੈਂ।
ਮਿੱਠੂ : ਕਿਹੜੇ ਭੁਲੇਖੇ 'ਚ ਫਿਰਦੀ ਏ ਤੂੰ। ਤੇਰੇ ਸਿਰ 'ਤੇ ਨੀ ਬੈਠਾ ਸੁਣਿਆ। (ਬਿਸ਼ਨਾ ਨੇੜੇ ਆਂਦਾ ਹੈ।)
ਮੇਲੋ : (ਆਂਦੇ ਹੋਏ) ਵੇਸੁਣਦਾਂ (ਦੋਹੇ ਚੁੱਪ ਹੁੰਦੇ ਹਨ।) ਜਾਈ ਨਾਂ ਕਿਤੇ, ਵਿਚੋਲੇ ਨੇ ਆਉਣਾ।
ਮਿੱਠੂ : ਸੁਣ ਲਿਆ। (ਬੁੜਬੁੜਾਂਦਾ) ਜਾਣਾ ਮੈਂ ਵਲੈਤ।
ਸੁੱਖੋ : (ਅੰਦਰ ਜਾਂਦੇ ਹੋਏ) ਬਲੀ ਚੜਾਉਣ ਨੂੰ ਮੈਂ ਈ ਲੱਭੀ।
(ਮਿੱਠੂ 'ਤੇ ਜਿਵੇਂ ਬਿਜਲੀ ਡਿਗਦੀ ਹੈ। ਮੇਲੋ ਵੀ ਹੱਕੀ-ਬੱਕੀ ਰਹਿ ਜਾਂਦੀ ਹੈ।)
ਮੇਲੋ : (ਪਿੱਛੇ ਜਾਂਦੀ ਹੈ।) ਕਾਹਦੀ ਬਲੀ ਨੀ। ਠਹਿਰ ਤੂੰ ਤੇਰੀ ਤੇ ਮੈਂ ਸਵਾਰ ਦੀਆਂ ਭੁਗਤ। (ਮਿੱਠੂ ਸਿਰਾਹਣੇ ਚੋਂ ਸ਼ੀਸ਼ੀ ਕੱਢ ਕੇ ਇੱਕੋ ਸਾਹੇ ਪੀ ਜਾਂਦਾ ਹੈ। ਬਿਸ਼ਨਾ ਰੋਕਣ ਦੀ ਕੋਸ਼ਿਸ਼ ਕਰਦਾ ਹੈ।)
ਮਿੱਠੂ : ਕੀ ਭੌਂਕੀ ਜਾਨੀਂ ਤੂੰ।
ਬਿਸ਼ਨਾ : ਉਇ ਮਿੱਠੂਆ ਗੱਲ ਐ ਨਹੀਂ ਆ ਉਇ ਜਿਵੇਂ ਤੂੰ ਸੁਣਿਆ ਇਹ ਮਤਲਬ ਨਹੀਂ ਸੀ ਉਹਦਾ। ਉਇ ਸੁਣਦਾ ਏਂ ਤੂੰ। ਐਵੇਂ ਗੁੱਸੇ 'ਚ ਬੋਲ ਗਈ। (ਮਿੱਠੂ ਗੁੱਸੇ 'ਚ ਰਿਝਦਾ ਸੱਥ ਵਿੱਚ ਜਾ ਬੈਠਦਾ ਹੈ। ਬਿਸ਼ਨਾ ਵੀ ਪਿੱਛੇ ਜਾਂਦਾ ਹੈ।) ਸੁਣ ਗੁੱਸਾ ਚੰਡਾਲ ਹੁੰਦਾ. .......... ਉਹਦੀ ਨੀ ਸੁਣੀਦੀ। (ਮਿੱਠੂ ਇੰਜ ਹੱਥ ਮਾਰਦਾ ਹੈ ਜਿਵੇਂ ਕੰਨ ਤੋਂ ਮੱਛਰ ਉਡਾ ਰਿਹਾ ਹੋਵੇ।)
ਮਿੱਠੂ : ਹਰ ਵੇਲੇ ਦੀ ਘੂੰ ......... ਘੂੰ ......... ਕਦੋਂ ਛੁੱਟੂ ....।
ਬਿਸ਼ਨਾ : ਇਹ ਜੋ ਤੂੰ ਸੋਚ ਰਿਹਾ ਨਾ ਮੈਂ ਦੇਖ ਚੁੱਕਾ ਕਰ ਕੇ . .......... ਹਜ਼ਾਰ ਵਾਰ। ਨਿੱਕੀ ਜਹੀ ਗੱਲ ਸੀ ਜੀਤ ਦੀ.......... ਐਵੇਂ ਤੱਤੇ ਘਾਅ ....। ਅੱਜ ਤੱਕ ਪਛਤਾਉਨਾਂ। (ਮਿੱਠੂ ਉੱਠ ਕੇ ਬਾਹਰ ਵੱਲ ਭਜਦਾ ਹੈ। ਪਿੱਛੇ ਪਿੱਛੇ ਬਿਸ਼ਨਾ ਜਾਂਦਾ ਹੈ।) ਮਿੱਠੂਆ ਰੁਕ ਉਇ।
(ਪ੍ਰੀਤਮ ਬਾਹਰੋਂ ਆਉਂਦਾ ਹੈ। ਮਿੱਠੂ ਨੂੰ ਜਾਂਦੇ ਦੇਖ ਕੇ ਖਿਝਦਾ ਹੈ।)
ਪ੍ਰੀਤਮ : ਚੱਲਿਆ ਫੇਰ ਕੁੱਤੇ ਖੱਸੀ ਕਰਨ। (ਬੁੜਬੜਾਂਦਾ ਮੰਜੇ 'ਤੇ ਜਾ ਬੈਠਦਾ ਹੈ।) ਨਾ ਲੱਥੀ ਦੀ ਨਾ ਚੜੀ ਦੀ । (ਪਿੱਛੋਂ ਤੇਜਾ ਬੋਲਦਾ ਆਂਦਾ ਹੈ।)
ਤੇਜਾ : ਤੁਸੀਂ ਕਰ ਲਓ ਜੋ ਹੁੰਦਾ ਤੁਹਾਥੋਂ........... ਮੇਰੇ ਹੱਥ ਖੜੇ।
ਪ੍ਰੀਤਮ : (ਦੋਹਾਂ ਦੀ ਨਜ਼ਰ ਮਿਲਦੀ ਹੈ। ਪ੍ਰੀਤਮ ਅਨਮਨਾ ਜਿਹਾ ਬੋਲਦਾ ਹੈ।) ਕਿਵੇਂ ਤੇਜਾ ਸਿਆਂ।
ਤੇਜਾ : ਕਾਹਦਾ ਯਾਰ ਏਦੂ ਤਾਂ ਬੰਦਾ ਖੂਹ ਖਾਤਾ ਗੰਦਾ ਕਰ ਲਏ।
ਪ੍ਰੀਤਮ : ਬਹਿ ਜਾ। ਏਡੀ ਤੱਦੀ ਨੀ ਚੰਗੀ।
ਤੇਜਾ : (ਬੈਠਦਾ ਹੈ।) ਤੂੰ ਈ ਦਸ, ਖਾਣ ਦੇ ਤਾਂ ਲਾਲੇ ਪਏ ਆ। ਵਕੀਲਾਂ ਦੇ ਘਰ ਕਿੱਥੋਂ ਭਰ ਦਿਆਂ। ਸਾਰੇ ਕਾਰੇ ਸਰਪੰਚ ਦੇ ਆ। ਹੁਣ ਬੰਦਾ ਜਵਾਈ ਭਾਈ ਨਾਲ ਕੀ ਗੱਲ ਕਰੇ, ਹਿੱਸਿਆਂ ਨੂੰ ਬੀਟੇ ਧਰੇ ਇੱਥੇ । ਪੰਗਾ ਵਿੱਚੋਂ ਸਰਪੰਚ ਦਾ। (ਚੁੱਪੀ)
ਮੇਲੋ : (ਆਂਦੇ ਹੋਏ) ਮਾਰ ਆਇਆਂ ਸਰਪੰਚ ਵੱਲ ਗੇੜਾ।
(ਪ੍ਰੀਤਮ ਕੱਚਾ ਜਿਹਾ ਆਸੇ ਪਾਸੇ ਝਾਕਣ ਲੱਗਦਾ ਹੈ।)
ਤੇਜਾ : (ਉੱਠਦੇ ਹੋਏ) ਚੰਗਾ ਪ੍ਰੀਤਮ ਸੌ ਕੰਮ ਕਰਨੇ ਹੋਣੇ ਤੂੰ ਵੀ।
(ਤੇਜਾ ਜਾਂਦਾ ਹੈ। ਸ਼ੇਰਾ ਵੀ ਘਰ ਵੱਲ ਨੂੰ ਜਾਂਦਾ ਹੈ।)
ਪ੍ਰੀਤਮ : (ਖਿਝ ਕੇ) ਨਾ ਤੂੰ
ਮੇਲੋ : ਕੀ ਗੱਲ .......... ਜਾਣਾ ਨੀ ਸੀ ਕੁੜੀ ਵੱਲ
ਪ੍ਰੀਤਮ : ਬੰਦਾ ਕੰਬਦਾ ਤਾਂ ਦੇਖ ਲਾ ਕਰ ਬੈਠਾ।
ਮੇਲੋ :
ਪ੍ਰੀਤਮ : ਮੈਨੂੰ ਪੁੱਛ ਕੇ ਫੜਾਏ ਸੀ ਫੇਰ ਏਜੰਟ ਨੂੰ.........। ਹਾਲੇ ਤਾਂ ਉਦੋਂ ਜਾਓਂਗੇ ......... ਜਦ ਕੁੜੀ ਕਰ ਲਊ ਕੁਝ। ਏ......... ਮਿੱਠੂ ਨੂੰ ਘੜੀਸਦਾ ਸੀ ਨਾਲ .........। ਅਖੇ ਜੀਜਾ ਭਣੋਈਆ ਕੱਠੇ ਬਣਾਉਨੇ ਆਂ। (ਅੰਦਰ ਜਾਂਦੇ ਹੋਏ।) ਜਾਣਾ ਢੱਠੇ ਖੂਹ 'ਚ ...।
ਮੇਲੋ : (ਪਿੱਛੇ ਜਾਂਦੀ ਹੈ।) ਪਤਾ ਨੀ ਕੀ ਸੇਹ ਦਾ ਤਕਲਾ ਗਡਿਆ ਗਿਆ ਏਥੇ। (ਬਾਹਰ ਨਜ਼ਰ ਮਾਰਦੀ ਹੈ। ਥੋੜਾ ਚੌਂਕਦੀ ਹੈ ਤੇ ਫੇਰ ਹੋਰ ਗੌਰ ਨਾਲ ਦੇਖਦੇ ਹੋਏ।) ਹਾਏ ਹਾਏ ਸਿਆਪਾ, ਇਹ ਪੁਲਸ ਕਿਧਰ ਨੂੰ ਤੁਰੀ ਆਂਦੀ ਹੈ। (ਅੰਦਰ ਨੂੰ ਜਾਂਦੇ ਹੋਏ) ਸੁੱਖੋ ਦੇ ਬਾਪੂ ......... ਸੁਣਦਾ .........। ਕਿੱਥੇ ਐ ............
ਪ੍ਰੀਤਮ : ਅਰਾਮ ਨਾਲ ਬਹਿ ਜਾ। ਕੀਤੀ ਮੈਂ ਸਰਪੰਚ ਨਾਲ ਗੱਲ।
ਮੇਲੋ : (ਦੱਬੀ ਜ਼ਬਾਨ 'ਚ) ਪੁਲਸ ਆਈ ਏ ਬਾਹਰ।
ਇਸ : (ਸਰਪੰਚ ਨੂੰ) ਮੈਂ ਕਿਆ ਪਰਵਾਹ ਨਾ ਕਰ ......... ਸਭ ਵਿੰਗ ਵਲੇਵੇਂ ਕਢ ਦਿਆਂਗੇ (ਸਿਪਾਹੀ ਪ੍ਰੀਤਮ ਹੋਣਾਂ ਦਾ ਦਰਵਾਜ਼ਾ ਖੜਕਾਂਦਾ ਹੈ।)
ਸਰਪੰਚ : (ਇੰਸਪੈਕਟਰ ਨੂੰ) ਮੈਂ ਰਤਾ ਪਛੜ ਕੇ ਆਊਂ (ਸਿਪਾਹੀ ਨੂੰ ਰੋਕਦਾ ਹੈ।) ਇਹ ਨਹੀਂ, ਪਿਛਲੇ ਵਾਲਾ।
(ਫਟਾਫਟ ਨਿਕਲਣ ਦੀ ਕੋਸ਼ਿਸ਼ ਕਰਦਾ ਹੈ।)
ਪ੍ਰੀਤਮ : (ਬਾਹਰ ਆਂਦਾ ਹੈ।) ਸਰਪੰਚ ਸਾਬ? (ਪੁਲੀਸ ਵੱਲ ਦੇਖ ਕੇ ਹੈਰਾਨ ਹੈ।)
ਸਰਪੰਚ : ਤੇਰਾ ਮਿਲਿਆ ਸੀ ਸੁਨੇਹਾ ਪ੍ਰੀਤਮਾਂ। ਆਪਾਂ ਕਰਦੇ ਆਂ ਕੁਝ।
ਇੰਸ : ਲਿਆ ਕਢ ਕੇ ਬਾਹਰ ਉਨ•ਾਂ ਨੂੰ।
(ਮੇਲੋ ਵੀ ਬਾਹਰ ਆਂਦੀ ਹੈ। ਡਰੀ ਹੋਈ ਪ੍ਰੀਤਮ ਵੱਲ ਦੇਖਦੀ ਹੈ। ਉਸ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ।)
ਸਰਪੰਚ : ਬੜਾ ਦੁਖੀ ਕੀਤਾ ਵਈ ਇਨ•ਾਂ ਲੋਕਾਂ ਨੇ।
ਸਿਪਾਹੀ : (ਤੇਜੇ ਦਾ ਦਰਵਾਜ਼ਾ ਖੜਕਾਂਦਾ ਹੈ।) ਦਰਵਾਜ਼ਾ ਖੋਲੋ ਉਇ......... ਕਿਹੜਾ ਅੰਦਰ। (ਫੇਰ ਖੜਕਾਂਦਾ ਹੈ।)
1. : (ਬਾਹਰੋਂ ਆਂਦੇ ਹੋਏ) ਕਿਵੇਂ ਨਾ ਕਿਵੇਂ ਨਿਕਲਜਾ ਬਾਹਰ......... । ਫੇਰ ਭਾਵੇਂ ਪਿੰਡ ਖਰੀਦ ਲਈ.........। (ਮਿੱਠੂ ਵੀ ਨਾਲ ਹੈ।)
2. : ਹੋਰ ਏਥੇ ਕਿਹੜਾ ਜੂਆਂ ਧਰੀਆਂ। (ਪੁਲੀਸ ਨੂੰ ਦੇਖ ਕੇ ਆਵਾਜ਼ ਵਿੱਚ ਦਬ ਲੈਂਦਾ ਹੈ।)
ਸਿਪਾਹੀ : ਖੋਲਦੇ ਆਂ ਕਿ ਭੰਨੀਏ ਫੇਰ।
ਇੰਸ : ਤੁਸੀਂ ਕੀ ਮਜ਼ਮਾ ਲਾਇਆ ਉਏ।
ਸਰਪੰਚ : ਇਹ ਤਾਂ ਆਪਣੇ ਈ ਬੰਦੇ ਨੇ।
ਇੰਸ : ਚਲੋ ਤਿਤਰ ਹੋ ਜਾਓ
ਸੀਤੋ : (ਘਬਰਾਈ ਹੋਈ) ਲਗਦੈ ਪੁਲਸ ਏ......... ਸ਼ੇਰੇ ਨੂੰ ਭਜਾ ਦੇ ......... ਪਿੱਛੋਂ ਥਾਣੀ। (ਦਰਵਾਜ਼ਾ ਖੜਕਦਾ ਹੈ।) ਕੌਣ?
1. ਤੇਜਾ : ਕੌਣ ਏ ਬਾਹਰ? ਭਈ ਘਰੇ ਨੀ ਕੋਈ। (ਦਰਵਾਜ਼ਾ ਖੋਲਦੀ ਹੈ।)
ਇੰਸ : ਤੂੰ ਸਿਵਿਆਂ ਚੋਂ ਬੋਲਦੀ ਐਂ। ਕਿੱਥੇ ਐ ਸ਼ੇਰਾ?
ਸਰਪੰਚ : (ਇੰਸਪੈਕਟਰ ਨੂੰ) ਦਬਕਾ ਈ ਮਾਰਨਾ ਬਸ.........।
ਸੀਤੋ : ਨਾ......... ਗੱਲ ਕੀ ਏ.........? (ਬਾਹਰ ਆਂਦੀ ਹੈ।)
ਸਿਪਾਹੀ : ਗੱਲ ਵੀ ਦਸਦੇ ਆਂ......... ਲੁਕੋਇਆ ਕਿੱਥੇ ਉਹਨੂੰ।
(ਸ਼ੇਰਾ ਛੱਤ 'ਤੇ ਆ ਕੇ ਲੁਕਦਾ ਹੈ। ਤੇਜਾ ਅੰਦਰੋਂ ਬਾਹਰ ਆਂਦਾ ਹੈ।)
ਤੇਜਾ : ਕੀਤਾ ਕੀ ਏ ਜੀ ਉਹਨੇ......... ਪਤਾ ਤਾਂ ਲੱਗੇ.........।
ਇੰਸ : ਦਸਦੇ ਆਂ ਤੈਨੂੰ ਚੀਫ਼ ਮਿਨਸਟਰ ਨੂੰ. ਕੀ ਨਾਂ ਤੇਰਾ.........?
ਤੇਜਾ : ਤੇਜਾ ਸਿਓਂ ਏ ਜੀ। ਕੀ ਗੱਲ ਹੋ ਗਈ ਸਰਪੰਚ ਸਾਬ।
ਸਰਪੰਚ : (ਮੁੰਹ ਮੋੜਦੇ ਹੋਏ।) ਲਗ ਜਾਂਦਾ ਪਤਾ।
ਇੰਸ : ਬੈਠਾ ਉਇ ਬੁੜੇ ਨੂੰ ਜੀਪ 'ਚ। (ਸਿਪਾਹੀ ਧੱਕਾ ਦਿੰਦਾ)
ਤੇਜਾ : ਮੇਰਾ ਕਸੂਰ ਤੇ ਦੱਸੋ।
ਸਿਪਾਹੀ : ਦਸਦੇ ਆਂ। ਬੈਠ ਚੱਲ ਕੇ ਜੀਪ 'ਚ। (ਬਿਸ਼ਨਾ ਆਉਂਦਾ ਹੈ। ਦ੍ਰਿਸ਼ ਦੇਖ ਕੇ ਹੱਕਾ ਬੱਕਾ ਰਹਿ ਜਾਂਦਾ ਹੈ।)
ਸੀਤੋ : ਵੇ ਇਹਨੂੰ ਕਿੱਥੇ ਲੈ ਚੱਲੇ। ਲੈ ਜਾਇਓ ਸ਼ੇਰਾ ਆਊ ਤੇ। (ਸ਼ੇਰਾ ਉਪਰੋਂ ਚੋਰੀ ਝਾਕਦਾ ਹੈ। ਬਿਸ਼ਨਾ ਉਸ ਵੱਲ ਦੇਕਦਾ ਹੈ। ਉਪਰ ਨੂੰ ਭਜਦਾ ਹੈ।)
ਇੰਸ : ਘੱਲ ਦਿਓ ਥਾਣੇ। ਨੌਕਰ ਨੀ ਥੋਡੇ ਬੁੜੇ ਦੇ ......... ਗੇੜੇ ਮਾਰ ਦੇ ਫਿਰੀਏ।
ਸੀਤੋ : ਕਢ ਲਈਓ ਉਹਦੇ ਹੱਡਾਂ ਚੋਂ ਮੋਹਰਾਂ।
ਸਰਪੰਚ : ਵੇਖ ਵੇਖ ਬੋਲਦੀ ਕਿਵੇਂ।
ਤੇਜਾ : ਕਾਹਨੂੰ ਮੁੰਹ ਲਗਦੀ ਅਫ਼ਸਰਾਂ ਦੇ (ਉਸ ਨੂੰ ਅੰਦਰ ਧੱਕਾ ਦਿੰਦਾ ਹੈ।) ਖੇਹ ਪੁਆਨੀਂ ਬੁੱਢੇ ਵਾਰੇ (ਸਰਪੰਚ ਨੂੰ) ਮੈਂ ਕਿਹਾ ਸਰਪੰਚ ਸਾਬ (ਸਿਪਾਹੀ ਰੋਕਦਾ)
ਸਰਪੰਚ ਓ ਆਉਂਦੀ ਤੁਰੀ ਪ੍ਰਧਾਨੋ ......... ਇਹਨੂੰ ਪੁੱਛੋ ਜ਼ਰਾ ਸੰਵਾਰ ਕੇ .........।
(ਜੀਤ ਆਂਦੀ ਹੈ। ਇੰਸਪੈਕਟਰ ਉਸ ਨੂੰ ਰੋਕਦਾ ਹੈ।)
ਇੰਸ : ਕਿਉਂ, ਬੜੀ ਕਾਹਲੀ ਏ ......... ਹੰਅ .........।
(ਜੀਤ ਡਰ ਤੇ ਗੁੱਸੇ 'ਚ ਭਰੀ ਆਸੇ-ਪਾਸੇ ਮਦਦ ਲੀ ਦੇਖਦੀ ਹੈ। ਬਿਸ਼ਨਾ ਉਪਰੋਂ ਥੱਲੇ ਆਂਦਾ ਹੈ। ਸੁੱਖੋ ਪੜ ਕੇ ਆਂਦੀ ਹੈ।)
ਮੇਲੋ : (ਸੁੱਖੋ ਨੂੰ) ਤੂੰ ਏਥੇ ਖੜੀ ਕੀ ਕਰਦੀਂ। ਚਲ ਅੰਦਰ।
ਇੰਸ : (ਜੀਤ ਏਧਰ-ਉਧਰ ਹੋ ਕੇ ਲੰਘਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਜਾਣ ਨਹੀਂ ਦਿੰਦਾ।) ਜਾਨੀਂ ਕਿੱਥੇ ਐਂ ਹੈਂਅ। ਕਿੱਥੇ ਐ ਤੇਰਾ ਖਸਮ।
ਜੀਤ : (ਅਚਾਨਕ ਫੁਟ ਪੈਂਦੀ ਹੈ।) ਮਸਾਣਾਂ 'ਚ .........। ਤੇਜਾ ਤੁਰਜਾ ਮਗਰ ਈ। (ਉਪਰ ਬਿਸ਼ਨਾ ਖੜਾ ਹੈ ਹੈ।)
ਇੰਸ : (ਭੜਕ ਕੇ) ਤੇਰੀ ਓ ਮਾਂ ਨੂੰ (ਥਪੜ ਮਾਰਦਾ ਹੈ।) ਤੇਜਾ ਸਿਰ ਫੜ ਕੇ ਬਹਿ ਜਾਂਦਾ ਹੈ। ਬਿਸ਼ਨਾ ਖੜੇ ਹੋਏ ਲੋਕਾਂ ਵੱਲ ਦੇਖਦਾ ਹੈ। ਮੋਲੋ ਅੰਦਰ ਜਾਂਦੀ ਹੈ। ਸੀਤੋ ਬਾਹਰ ਆਉਂਦੀ ਹੈ।)
ਸੀਤੋ : ਹਾਏ ਹਾਏ ਵੇ ਥੋਡੇ ਚੱਲ ਜਾਣ ਕੀੜੇ। (ਜੀਤ ਡੋਰ ਭੋਰ ਹੋਈ ਬੁੱਤ ਬਣੀ ਖੜ•ੀ ਹੈ।)
ਸਰਪੰਚ : (ਘਬਰਾ ਜਾਂਦਾ ਹੈ।) ਛੱਡੋ ਇੰਸਪੈਕਟਰ ਸਾਬ-ਬਥੇਰੀ ਹੋ ਗਈ।
ਇੰਸ : (ਆਪ ਬੌਂਦਲਿਆ ਪਿਆ) ਗੱਲ ਏ ਕੋਈ। ਮੂੰਹ ਲਗਦੀ ਅਫ਼ਸਰਾਂ ਦੇ .......... ਏਹਦੇ ਵਰਗੀਆਂ ਤੇ
ਸੀਤੋ : ਹੱਥ ਲਾ ਕੇ ਵੇਖ ਡੇਲੇ ਨਾ ਕਢ ਦਿਆਂ।
ਸਰਪੰਚ : (ਇੰਸਪੈਕਟਰ ਨੂੰ ਘਸੀਟਦਾ ਹੈ।) ਓ ਤੁਸੀਂ ਚਲੋ ਤਾਂ ਸਹੀ। (ਸਿਪਾਹੀ ਵੀ ਉਸ ਨੂੰ ਜੱਫੀ 'ਚ ਲੈ ਕੇ ਬਾਹਰ ਵੱਲ ਨੂੰ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ।)
ਸਿਪਾਹੀ : ਘੱਲ ਦਿਓ ਮਗਰ ਈ ਖੈਰ ਚਾਹੁੰਦੇ ਓ ਤੇ।
(ਤਿੰਨੇ ਜਾਂਦੇ ਹਨ। ਸ਼ੇਰਾ ਉਪਰੋਂ ਦੇਖਦਾ ਹੈ।)
ਤੇਜਾ : (ਅੰਦਰ ਜਾਂਦੇ ਹੋਏ) ਮਰ ਗਿਆ ਸਾਰਾ ਪਿੰਡ, ਮਰ ਗਿਆ।
ਸੀਤੋ : (ਵਿਰਲਾਪ ਕਰਦੀ ਹੈ।) ਰਹਿ ਜਾਣ ਸੁੱਤੇ ਈ ਤਮਾਸ਼ਾ ਦੇਖਣ ਵਾਲੇ.......... ਗਰਕ ਜੇ ਧਰਤੀ.........।
ਜੀਤ : (ਸੀਤੋ ਨੂੰ ਸਹਾਰਾ ਦੇ ਕੇ ਉਠਾਂਦੀ ਹੈ।) ਕਿਉਂ ਮੁਰਦਿਆਂ ਮੂਹਰੇ ਜਲੂਸ ਕਢਦੀ ਏਂ ਆਪਣਾ। ਲਾਸ਼ਾਂ ਨੀ ਦੇਖਦੀਆਂ ਕੁਝ (ਲੈ ਕੇ ਪਿੱਛੇ ਨੂੰ ਜਾਂਦੀ ਹੈ।)
ਬਿਸ਼ਨਾ : (ਸਭ ਵੱਲ ਦੇਖਦਾ ਹੈ।) (ਪੌੜੀ ਵੱਲ ਨੂੰ ਜਾਂਦੇ ਹੋਏ।) ਮਸਾਣਾ ਤੋਂ ਵੀ ਗਿਆ ਗੁਜ਼ਰਿਆ¸ਇਹ ਤੇ। (ਇੱਕ ਨਜ਼ਰ ਫੇਰ ਮੰਚ 'ਤੇ ਮਾਰਦਾ ਹੈ। ਪ੍ਰੀਤਮ ਵੀ ਜਾ ਚੁੱਕਾ ਹੈ। ਮਿੱਠੂ ਤੇ ਅਮਲੀ ਨਿਸਲ ਜਹੇ ਹੋਏ ਨੀਵੀਂ ਪਾ ਕੇ ਬੈਠ ਜਾਂਦੇ ਹਨ। ਸੰਨਾਟਾ)
1. ......... ਕਢ ਲੈ ਕੁਝ.......... ਹੈਗਾ ਤੇ ......... ਸਰੀਰ ਖੁਸਣ ਡਿਹਾ .........
(ਮਿੱਠੂ ਚੁਪਚਾਪ ਸ਼ੀਸ਼ੀ ਕਢ ਕੇ ਫੜਾਉਂਦਾ ਹੈ। ਉਹ ਦੋਹੇਂ ਪੀਂਦੇ ਹਨ। ਮਿੱਠੂ ਮਨਾ ਕਰ ਦਿੰਦਾ ਹੈ।)
ਸੀਤੋ : (ਪਿੱਛੋਂ) ਨੂੰ ਕਿਧਰ ਚੱਲਿਆਂ ਹੁਣ। ਬਹਿ ਜਾ।
1. : ਕਿੱਡੀ ਜ਼ਬਾਨ ਲਾਈ ਏ ਵਈ ਰੱਬ ਨੇ।
2. : ਚਾਲੇ ਐ ਕੋਈ ਨੂੰਹ ਸੀ ਦੇ (ਮਿੱਠੂ ਦਾ ਮੂਡ ਦੇਖ ਕੇ ਚੁੱਪ ਕਰ ਜਾਂਦੇ ਹਨ। ਆਂਦਾ ਹੈ।)
1. : ਚੰਗੀ ਨੀ ਕੀਤੀ ਵਈ ਭੇਜਿਆ ......... ਸਰਪੰਚ ਨੂੰ . .........
2. : ਪਿੰਡ ਦੀ ਇਜ਼ਤ ਤਾਂ ਭਈ ਸਾਂਝੀ ਹੁੰਦੀ ਆ..
(ਤੇਜਾ ਰੁਕ ਕੇ ਇੱਕ ਨਜ਼ਰ ਉਨ•ਾਂ ਵੱਲ ਦੇਖਦਾ ਹੈ ਤੇ ਫੇਰ ਬਿਨਾ ਕੁਝ ਕਹੇ ਹੀ ਨਿਕਲ ਜਾਂਦਾ ਹੈ। ਸੁੱਖੋ ਵੀ ਬਾਹਰ ਆਂਦੀ ਹੈ ਤੇ ਤੇਜੇ ਨੂੰ ਜਾਂਦਿਆਂ ਦੇਖਦੀ ਹੈ।

ਬਿਸ਼ਨਾ : ਉਇ ਤੁਸੀਂ ਤਾਂ ਹੈਗੇ ਓ । ਤੁਹਾਡੇ ਸਰੀਰ ਤਾਂ ਪਰਛਾਵੇਂ ਨਹੀਂ ਨਿੱਗਰ ਨੇ। (ਪਿੱਛੇ ਹਟਦਾ) ਐਵੇਂ ਵਹਿਮ ਐਂ।
ਸੁੱਖੋ : ਏÎਦਾਂ ਦੇ ਹੁੰਦੇ ਜਿਉਂਦੇ ਬੰਦੇ, ਲਾਸ਼ਾਂ ਈ ਚੰਗੀਆਂ ਤੁਹਾਥੋਂ........... ਮੁੰਹ ਤੇ ਲਕੋ ਲੈਂਦੀਆਂ।
(ਬਿਸ਼ਨਾ ਫਸਿਆ ਹੋਇਆ ਮਹਿਸੂਸ ਕਰਦਾ ਹੈ। ਕਦੇ ਬਾਹਰ ਗਏ ਤੇਜੇ ਵੱਲ ਦੇਖਦਾ ਹੈ ਕਦੇ ਸੁੱਖੋ ਵੱਲ। ਸੁੱਖੋ ਅੰਦਰ ਜਾਂਦੀ ਹੈ। ਮਿੱਠੂ ਕੈਲੇ ਵਾਂਗ ਧਰਤੀ 'ਤੇ ਲਕੀਰਾਂ ਮਾਰਨ ਲੱਗਦਾ ਹੈ। ਅਮਲੀ ਵੀ ਔਖੇ ਜਹੇ ਬੈਠੇ ਹਨ।)
ਬਿਸ਼ਨਾ : (ਮਿੱਠੂ ਕੋਲ ਜਾਂਦਾ ਹੈ।) ਉਇ ਮਿੱਠੂਆ ......... ਛੱਡ ........., ਉਹ ਦੀ ਗੱਲ ਨਾ ਸੁਣਿਆ ਕਰ । ਕਮਲੀ ਹੈ ਉਹ......... ਨਿਆਣੀ। ਕੁਝ ਨਹੀਂ ਉੱਥੇ। (ਖ਼ੁਦ ਵੱਲ ਇਸ਼ਾਰਾ ਕਰ ਕੇ) ਵੇਖ, ਕਾਸੇ ਜੋਗਾਂ ਨੀ ਲਾਸ਼ਾਂ । ਓ ਮੈਂ ਜਾਣਦਾਂ ਏਸ ਸੂਰਮੇ ਨੂੰ, ਜਾਣ ਦੇ।
(ਮਿੱਠੂ ਉੱਠ ਕੇ ਕੈਲੇ ਦੀ ਤਸਵੀਰ ਵੱਲ ਨੂੰ ਜਾਂਦਾ ਹੈ। ਬਿਸ਼ਨਾ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਪਿੱਛੋਂ ਸ਼ੇਰਾ ਲੰਘਦਾ ਹੈ।)
1. : ਵੇਖ ਖਾਂ ਆਕੜ ਢਾਹ ਦਊ ਕਿਲਾ ਕੱਲਾ ਈ।
ਬਿਸ਼ਨਾ : ਨਾ ਸ਼ੇਰਿਆ ਇਹ ਬੇਵਕੂਫੀ ਨਾ ਕਰੀਂ ਉਇ। (ਪਿੱਛੇ ਜਾਂਦਾ ਹੈ।)
2. : (ਦੂਜੇ ਅਮਲੀ ਨੂੰ) ਤੁਰ ਏਥੋਂ। ਹੋਰ ਈ ਮੂਡ ਕਰਤਾ।
1. : ਜਾਣਾ ਮਰਨਾ ਕਿੱਥੇ? (ਹਤਾਸ਼, ਉਠਦੇ ਹੋਏ ਬੋਲਦਾ ਹੈ।)
2. : (ਜਾਂਦਾ ਹੈ।) ਤੁਰ ਏਥੋਂ ਤੁਰ। (ਚਲਦੇ ਜਾਂਦੇ ਹਨ। ਮਿੱਠੂ ਮੁੜ ਉੱਥੇ ਆ ਕੇ ਬੈਠਦਾ ਹੈ।)
ਮਿੱਠੂ : ਜੀਉਣ ਏ ਕੋਈ ਏਸ ਨਰਕ 'ਚ। (ਪ੍ਰੀਤਮ ਆਂਦਾ ਹੈ।)
ਪ੍ਰੀਤਮ : ਤੂੰ ਕਰਨਾ ਕਰਾਉਣਾ ਕੁਝ ਕਿ ਐਂ ਡੰਡੇ ਵਜਾਉਣੇ ਸਾਰੀ ਉਮਰ।
ਮਿੱਠੂ : ਕਰਨ ਨੂੰ, ਮੈਂ ਡਾਕੇ ਮਾਰਾਂ ਹੁਣ। (ਚੁੱਪੀ)
ਪ੍ਰੀਤਮ : (ਕੈਲੇ ਦੀ ਤਸਵੀਰ ਵੱਲ ਜਾਂਦੇ ਹੋਏ) ਤੁਹਾਥੋਂ ਤਾਂ ਮੋਏ ਹੀ ਚੰਗੇ ........., ਨਾਂ ਤਾਂ ਲੈਂਦੀ ਹੈ ਦੁਨੀਆ। (ਤਸਵੀਰ ਸਾਫ਼ ਕਰਨ ਲੱਗਦਾ।) ਮਿੱਟੀ ਵੀ ਨਹੀਂ ਝਾੜਦਾ ਕੋਈ। (ਲਕੀਰਾਂ ਮਾਰਦਾ - ਮਿੱਠੂ ਚੋਰੀ ਅੱਖ ਨਾਲ ਉਸ ਵੱਲ ਦੇਖਦਾ ਹੈ।)
ਮਿੱਠੂ : ਰਗੜ ਕੇ ਲਾ ਲਓ ਫੋੜਿਆਂ 'ਤ ਨਾਂ ਨੂੰ।
ਰਤਨ : ਪ੍ਰੀਤਮ ਸਿਆਂ ਘਰੇ ਈ ਏਂ
ਮਿੱਠੂ : (ਤਸਵੀਰ ਟੰਗਦੇ ਹੋਏ) ਘਰੇ ਈ ਆਂ ਰਤਨ ਸਿਆਂ......... ਆ ਜਾ। ਹੋਰ ਸੁਣਾ ਰਾਜ਼ੀ ਵਾਜ਼ੀ।
ਰਤਨ : ਐਨ ਰਾਜ਼ੀ ਖੁਸ਼ੀ। (ਮੇਲੋ ਆਂਦੀ ਹੈ।) ਸਸਰੀਕਾਲ ਮਾਈ
ਮੇਲੋ : ਸਸਰੀਕਾਲ, ਸਿਆਣਿਆ ਨੀ
ਪ੍ਰੀਤਮ : ਰਤਨ ਸੂੰ ਏ ਜਸਪਾਲ ਕੇ ਪਿੰਡੋਂ
ਮੇਲੋ : (ਖਿੜ ਜਾਂਦੀ ਹੈ।) ਲੈ ਧੰਨ ਭਾਗ ਭਈ ਅਸੀਂ ਤਾਂ ਸਵੇਰ ਦੇ ਉਡੀਕੀ ਜਾਨੇਂ ਆਂ। (ਅੰਦਰ ਨੂੰ) ਸੁੱਖੋ ਪੁੱਤ ਚਾਹ ਧਰੀਂ ਫਟਾਫਟ। ਧੰਨ ਭਾਗ ਕੇ (ਮਿੱਠੂ ਨੂੰ) ਵੇ ਪੁੱਤ ਮੁੜਾ ਲਿਆ ਅੰਦਰੋਂ, ਵੇਖਦਾ ਨੀ ਕੌਣ ਆਇਆ। (ਮਿੱਠੂ ਹੱਥ ਝਾੜਦਾ ਹੋਇਆ ਅੰਦਰ ਜਾਂਦਾ ਹੈ। ਖਿਝਿਆ ਹੋਇਆ।)
ਮੇਲੋ : ਮਿੱਠਾ ਵੀ ਰੱਖ ਲਿਆਈ। ਸ਼ਗਨਾਂ ਦੀ ਗੱਲ ਐ।
ਰਤਨ : ਮਿੱਠਾ ਵੀ ਲੈ ਲਾਂਗੇ ਗੱਲ ਤਾਂ ਪੱਕੀ ਹੋ ਲਏ
ਮੇਲੋ : ਗੱਲ ਤਾਂ ਪੱਕੀ ਓ ਆ।
ਰਤਨ : ਵਿਆਹ ਨੂੰ ਕਾਹਲੇ ਆ। ਅਗਲੇ ਮਹੀਨੇ ਤਾਂ ਮੁੜ ਜਾਣਾ ਮੁੰਡੇ ਨੇ।
ਪ੍ਰੀਤਮ : ਏਨੀ ਛੇਤੀ ਤੇ ਰਤਨ ਸਿਆਂ
ਮੇਲੋ : ਆਪਣਾ ਈ ਭਾਰ ਹੌਲਾ ਹੁੰਦਾ। ਕੁੜੀ ਜਾਊ........., ਮੁੰਡੇ ਲਈ ਰਾਹ ਖੁੱਲ ਜਊ ਮਗਰ ਈ, ਇੱਥੇ ਕੀ ਧਰਿਆ।
ਪ੍ਰੀਤਮ : ਤੈਨੂੰ ਪਤਾ ਫਸਲਾਂ ਤਿੰਨ ਮਾਰੀਆਂ ਗਈਆਂ ਉਪਰ ਥੱਲੇ।
ਮੇਲੋ : (ਖਿਝ ਕੇ) ਕੁੜੀਆਂ ਘਰ ਬਿਠਾ ਲੈਣੀਆਂ ਫੇਰ।
ਰਤਨ : ਚੰਗੇ ਮੁੰਡੇ ਕਿਹੜਾ ਧਰੇ ਆ ਪ੍ਰੀਤਮਾ (ਸੁੱਖੋ ਚਾਹ ਲੈ ਕੇ ਆਉਂਦੀ ਹੈ।) ਜੀਉਂਦੀ ਰਹਿ ਕੁੜੇ।
ਮੇਲੋ : ਕੁੜੇ ਫੋਕੀ ਚੁੱਕ ਲਿਆਈ।
(ਸ਼ੇਰਾ ਚਾਦਰ 'ਚ ਪੀਪੀ ਲਕੋਈ ਲੰਘਦਾ ਹੈ। ਸਾਰੇ ਚਾਹ ਪੀਂਦੇ ਹਨ। ਸੁੱਖੋ ਅੰਦਰ ਜਾਂਦੀ ਹੈ। ਬਿਸ਼ਨਾ ਵੀ ਕਾਹਲੀ-ਕਾਹਲੀ ਆਂਦਾ ਹੈ।)
ਬਿਸ਼ਨਾ : (ਸ਼ੇਰੇ ਪਿੱਛੇ ਜਾਂਦਾ ਹੈ।) ਸ਼ੇਰਿਆ ਗੱਲ ਸੁਣ ਓ ਮੇਰੀ।
(ਮੁੜ ਵਾਪਿਸ ਆ ਕੇ ਪੌੜੀ ਤੇ ਬਹਿ ਜਾਂਦਾ ਹੈ।)
ਮੇਲੋ : (ਅੰਦਰ ਜਾਂਦੀ ਹੈ।) ਤੁਸੀਂ ਚਾਹ ਪੀਓ, ਮੈਂ ਮਿੱਠਾ ਲੈ ਕੇ ਆਨੀ ਆ। ਜਵਾਕ ਤਾਂ ਬਸ।
ਸੀਤੋ : (ਪਿੱਛੋ) ਵੇ ਸ਼ੇਰਿਆ ਚਾਹ ਤਾਂ ਪੀ ਲੈਂਦਾ।
ਸ਼ੇਰਾ : ਪੀ ਲਈਆਂ ਜਿਹੜੀਆਂ ਪੀਣੀਆਂ ਸੀ।
ਸੀਤੋ : ਵੇ ਦਰਵਾਜ਼ਾ ਖੋਲ। ਅੰਦਰ ਕਾਹਤੋਂ ਵੜ ਗਿਆ।
ਤੇਜਾ : ਓ ਹੁਣ ਕੀ ਹੋ ਗਿਆ? (ਦਰਵਾਜ਼ਾ ਖੜਕਦਾ ਹੈ।)
ਜੀਤ : ਸ਼ੇਰਿਆ ਦਰਵਾਜ਼ਾ ਖੋਲ ......... ਕੀ ਕਰੀ ਜਾਨਾਂ ਅੰਦਰ।
ਰਤਨ : (ਪਿੱਛੇ ਵੱਲ ਦੇਖ ਕੇ) ਕੁਝ ਗੜਬੜ ਲਗਦੀ ਹੈ ਪ੍ਰੀਤਮ।
(ਪਿੱਛੋਂ ਰੋਲਾ ਵਧਦਾ ਹੈ। ਬਿਸ਼ਨਾ ਪੌੜੀ ਥਾਣੀ ਉਪਰ ਜਾਂਦਾ ਹੈ। ਮੇਲੋ ਲੱਡੂ ਲੈ ਕੇ ਆਂਦੀ ਹੈ।)
ਮੇਲੋ : ਚੰਦਰਾ ਗੁਆਂਡ ਜਦੋਂ ਕੋਈ ਸ਼ਗਨਾਂ ਦੀ ਗੱਲ ਚੱਲੂ ਪਿੱਟ ਸਿਆਪਾ ਪਾ ਕੇ ਬਹਿ ਜਾਣਗੇ। (ਸ਼ੇਰੇ ਨੂੰ ਲੱਡੂ ਦਿੰਦਾ ਹੈ। ਸ਼ੇਰਾ ਪੀਪੀ ਲਈ ਛੱਤ 'ਤੇ ਆਂਦਾ ਹੈ।) ਨਿੱਤ ਦਾ ਰੋਣਾ ਇਨ•ਾ ਦਾ। ਤੁਸੀਂ ਕਰੋ ਗੱਲ।
ਬਿਸ਼ਨਾ : (ਸ਼ੇਰੇ ਨੂੰ) ਪਾਗਲ ਨਾ ਬਣ ਸ਼ੇਰਿਆ। ਮੈਂ ਦੇਖ ਚੁੱਕਾਂ ਕਰ ਕੇ। ਕੁਝ ਨੀ ਉੱਥੇ ......... ਐਵੇਂ ਛਲਾਵਾ ਇਹ ਦੇਹ ਨੀ ਮਿਲਣੀ ਮੁੜ ......... ਲੱਖੀਂ ਨਾ ਕਰੋੜੀ। (ਸ਼ੇਰਾ ਉੱਥੇ ਹੀ ਮੰਜੀ ਡਾਹ ਕੇ ਬੈਠ ਜਾਂਦਾ ਹੈ। ਕੋਲ ਪੀਪੀ ਹੈ।)
ਰਤਨ : ਹਾਂ ਫੇਰ ਪ੍ਰੀਤਮ। ਕਿਹੜਾ ਦਿਨ ਰਖੀਏ ਦਸ। ਵੇਖ ਜਸਪਾਲ ਤਾਂ ਜਾਊ ......... ਹੋਰ ਦੋ ਸਾਲਾਂ ਨੂੰ ਕੁੜੀ ਵੀ ਚਲੀ ਜਾਊ। ਗਾਂਹ ਰਾਹ ਖੁਲਦਾ ਆਪਣੇ ਮੁੰਡੇ ਲਈ .........।
(ਅੰਦਰੋਂ ਸੁੱਖੋ ਦੀ ਚੀਖ ਆਂਦੀ।)
ਮੇਲੋ : ਕੀ ਹੋ ਗਿਆ ਵੇ ਤੁਹਾਨੂੰ (ਅੰਦਰੋਂ ਡਿਗਦਾ ਢਹਿੰਦਾ ਮਿੱਠੂ ਆਂਦਾ ਹੈ। ਸਾਰੇ ਉਸ ਨੂੰ ਫੜਦੇ ਹਨ। ਸੁੱਖੋ ਵੀ ਮਗਰ ਭੱਜੀ ਆਂਦੀ ਹੈ।)
ਸੁੱਖੋ : ਪਤਾ ਨੀ ਕੀ ਖਾ ਲਿਆ ਇਹਨੇ। (ਪ੍ਰੀਤਮ ਬੁੱਤ ਬਣਿਆ ਖੜਾ ਹੈ। ਉਪਰੋਂ ਸ਼ੇਰੁ ਵੀ ਪੌੜੀ ਥਾਣੀ ਥੱਲੇ ਭੱਜਾ ਆਉਂਦਾ ਹੈ। ਹੋਰ ਲੋਕ ਕੱਠੇ ਹੁੰਦੇ ਹਨ।)
ਮੇਲੋ : ਹਾਏ ਹਾਏ ਵੇ। ਕੀ ਹੋ ਗਿਆ ਤੈਨੂੰ। ਸੁਣਦਾਂ ਬੋਲਦਾ ਕਿਉਂ ਨੀ। (ਸ਼ੇਰਾ ਅੱਗੇ ਹੋ ਕੇ ਉਸ ਨੂੰ ਸਾਂਭਦਾ ਹੈ।)
ਮਿੱਠੂ : ਬਚਾ ਲੈ ਬਾਈ ......... ਬਚਾ ਲੈ। (ਉਸ ਨੂੰ ਘੁੱਟ ਕੇ ਫੜ ਲੈਂਦਾ ਹੈ।) ਹਨੇਰਾ। (ਦਮ ਤੋੜਦਾ ਹੈ।)
ਸੀਤੋ : (ਪਿੱਛੋਂ) ਵੇ ਵੇਖੀਂ ਕੀ ਹੋ ਗਿਆ।
ਤੇਜਾ : ਉਹ ਹੈ ਕਿੱਥੇ?
(ਬਾਹਰੋ ਕੈਲਾ ਵੀ ਆਉਂਦਾ ਹੈ। ਬਿਸ਼ਨਾ ਉਸ ਦੇ ਕੋਲ ਆ ਖੜਦਾ ਹੈ। ਸ਼ੇਰਾ ਮੁੰਹ ਮੋੜ ਕੇ ਬੈਠਾ ਹੈ। ਉਸ ਦੀ ਗੋਦ ਵਿੱਚ ਮਿੱਠੂ ਦੀ ਲਾਸ਼ ਹੈ।)
ਰਤਨ : (ਘਬਰਾਇਆ ਹੋਇਆ ਭਜਦਾ ਹੈ।) ਉਇ ਇਹ ਤਾਂ ਪੁਲੀਸ ਕੇਸ ਲੱਗਦਾ ਏ ਮੈਨੂੰ।
ਮੇਲੋ : (ਰੋਂਦੀ ਹੈ।) ਵੇ ਮਿੱਠੂਆ ਬੋਲਦਾ ਕਿਉਂ ਨਹੀਂ ਵੇ ........... ਸੁਣਦਾ ਏਂ। (ਤੇਜਾ, ਸੀਤੋ ਤੇ ਜੀਤ ਵੀ ਆਉਂਦੇ ਹਨ। ਗੀਤ ਸ਼ੁਰੂ ਹੁੰਦਾ ਹੈ ....''ਕੁਫਰ ਕਰੇਂਦੀ ਯਾਰ ਮਾਟੀ ਕੁਫਰ ਕਰੇਂਦੀ ... ਕੁਫਰ ਕਰੇਂਦੀ ਯਾਰ .... 3...। ਜਮ ਪਰਦਾ ਚੁੱਕੀ ਆਉਂਦੇ ਹਨ। ਸਾਰਿਆਂ ਦੇ ਗਿਰਦ ਵਲੇਵਾਂ ਪਾਉਂਦੇ ਹਨ ਤੇ ਉਨ•ਾਂ ਨੂੰ ਲੈ ਕੇ ਜਾਂਦੇ ਹਨ। ਰੋਸ਼ਨੀ ਸਿਰਫ ਕੈਲੇ ਤੇ ਬਿਸ਼ਨੇ 'ਤੇ ਰਹਿ ਜਾਂਦੀ ਹੈ। ਵਿਚਾਲੇ ਇੱਕ ਮਿੱਟੀ ਦਾ ਢੇਰ ਜਿਹਾ ਬਣ ਜਾਂਦਾ ਹੈ। (ਚੁੱਪੀ)
ਬਿਸ਼ਨਾ : (ਆਲੇ ਦੁਆਲੇ ਦੇਖਦਾ ਹੈ।) ਚੱਲ ਫੌਜੀਆ ......... ਸਭ ਗਏ। ਉੱਥੇ ਈ ਹੋਣਗੇ।
ਕੈਲਾ : ਉੱਥੇ ਤੇ ਸਿਰਫ਼ ਸੁਆਹ ਏ।
ਬਿਸ਼ਨਾ : ਫੇਰ ਗਏ ਕਿੱਥੇ?
ਕੈਲਾ : ਆ ਜਾਣਗੇ ਭੋਂਅ ਝੋਂਅ ਕੇ ......... ਇੱਥੇ .........
ਬਿਸ਼ਨਾ : ਇੱਥੇ?
ਕੈਲਾ : (ਆਲੇ ਦੁਆਲੇ ਦੇਖਦਾ ਹੈ।) ਹੋਰ ਹੈ ਵੀ ਕੀ।
ਬਿਸ਼ਨਾ : (ਖਲਾ 'ਚ ਦੇਖਦਾ ਹੈ।) ਉਹ ਦੇਖ ਉਹ ......... ਉੱਥੇ
(ਪਰੀਆਂ ਤੇ ਫਰਿਸ਼ਤੇ ਟੁੱਟੇ ਹਾਰ ਤੇ ਪਿਚਕਾਰੀਆਂ ਲਈ ਆਂਦੇ ਹਨ ਤੇ ਢੇਰ ਦੁਆਲੇ ਉਦਾਸ ਜਹੇ ਬੈਠ ਜਾਂਦੇ ਹਨ। ਉਨ•ਾਂ ਤੇ ਹਲਕੀ ਰੌਸ਼ਨੀ ਹੈ।)
ਕੈਲਾ : (ਦ੍ਰਿੜਤਾ ਨਾਲ) ਐਵੇਂ ਛਲਾਵੇ ਨੇ। ਫੈਸਲਾ ਤੇ ਇੱਥੇ ਹੀ ਹੋਣਾ ......... ਇੱਥੇ ਮਾਤਲੋਕ 'ਚ.........। (ਢੇਰ ਉੱਤੇ ਰੋਸ਼ ਵਧਦੀ ਹੈ। ਪਰੀ ਮੰਡਲੀ ਦੇ ਚਿਹਰੇ 'ਤੇ ਖ਼ੁਸ਼ੀ ਆਂਦੀ ਉਹ ਕੈਲੇ ਵੱਲ ਦੇਖਦੇ ਹਨ। ਹੌਲੀ ਹੌਲੀ ਰੋਸ਼ਨੀ ਮੱਧ ਪੈਂਦੀ ਜਾਂਦੀ ਹੈ।

No comments:

Post a Comment