Saturday, September 10, 2016

ਭਗਵਦ ਗੀਤਾ ਤੇ ਰੋਜ਼ਮਰਾ ਦਾ ਜੀਵਨ



ਭਗਵਦ ਗੀਤਾ ਤੇ ਰੋਜ਼ਮਰਾ ਦਾ ਜੀਵਨ
ਭਗਵਦ ਗੀਤਾ ਭਾਰਤ ਦੀਆਂ ਸਭ ਤੋਂ ਮਕਬੂਲ ਤੇ ਪਵਿੱਤਰ ਕਿਤਾਬਾਂ ਵਿਚੋਂ ਇੱਕ ਹੈ| ਦੁਨੀਆ ਭਰ ਵਿਚ ਭਾਰਤ ਦੀ ਇਕ ਖਾਸ ਛਵੀ ਸਿਰਜਨ ਵਿਚ ਇਸ ਦੀ ਵਿਸ਼ੇਸ਼ ਭੂਮੀਕਾ ਰਹੀ ਹੈ|ਸਂਸਾਰ ਪ੍ਰਸਿਧ ਦਾਰਸ਼ਨਿਕ ਇਮੂਅਲਸਨ ਕਾਂਟ ਉਸ ਨੂੰ ਫ਼ਿਲਾਸਫ਼ੀ ਦਾ ਸ਼ੁਧ ਤੇ ਉੱਚਤਮ ਰੂਪ ਕਹਿਂਦਾ ਹੈ|ਹਜ਼ਾਰਾਂ ਸਾਲਾਂ ਤੋਂ ਰਿਸ਼ੀ-ਮੁਨੀਤੇ ਵਿਦਵਾਨ ਉਸ ਤੇ ਟੀਕਾਵਾਂ ਕਰਦੇ ਆ ਰਹੇ ਹਨ ਤੇ ਇਹ ਪਰਂਪਰਾ ਅੱਜ ਵੀ ਜਾਰੀ ਹੈ|ਇਥੇ ਅਸੀਂ ਦਾਰਸ਼ਨਿਕ,ਧਾਰਮਿਕ ਜਾਂ ਮਨੋਵਿਗਿਆਨਕ ਪੱਖੋਂ ਗੀਤਾ ਦੀ ਕਿਸੇ ਨਵੀਂ ਵਿਆਖਿਆ ਦੀ ਕੋਸ਼ਿਸ਼ ਨਹੀ ਕਰ ਰਹੇ, ਸਗੋਂ ਇਕ ਮਨੁਖ ਦੇ ਰੂਪ ਵਿਚ ਉਸ ਨਾਲ ਆਪਣੇ ਸਬੰਧ ਨੂੰ , ਰੋਜ਼ਮਰਾ ਦੇ ਜੀਵਨ ਵਿਚ ਉਸ ਦੀ ਪ੍ਰਸਂਗਿਕਤਾ ਨੂੰ ਸਮਝਣ ਦਾ ਜਤਨ ਕਰ ਰਹੇ ਹਾਂ |
                                                                                                                                                                         

ਗੀਤਾ ਦੀ ਸ਼ੁਰੂਆਤ ਜੰਗ ਦੇ ਮੈਦਾਨ ਚੋਂ ਹੁੰਦੀ ਹੈ| ਯੁੱਧ ਦਾ ਬਿਗੁਲ ਵਜ ਚੁੱਕਾ ਹੈ,ਆਹਮਣੇ ਸਾਹਮਣੇ ਡਟੀਆਂ ਫ਼ੌਜਾਂ ਮਰਨ-ਮਰਨ ਨੂੰ ਕਾਹਲੀਆਂ ਪੈ ਰਹੀਆਂ ;ਤੇ ਸਾਡਾ ਨਾਇਕ ਅਰਜੁਨ ਅਚਾਨਕ ਗੰਡੀਵ ਰਖ ਦਿੰਦਾ ਹੈ, ਹਥਿਆਰ ਸੁੱਟ ਦਿੰਦਾ ਹੈ| ਦੁਸ਼ਮਣਾਂ ਵਿਚ ਉਸ ਨੂੰ ਭਰਾ-ਭਾਈ, ਰਿਸ਼ਤੇ-ਨਾਤੇਦਾਰ ਦਿਖਣ ਲਗ ਪੈਂਦੇ ਹਨ|ਹਿੰਸਾ ਦੀ ਕਲਪਨਾ ਤੋਂ ਹੀ ਉਸ ਦਾ ਮਨ ਕਂਬ ਜਾਂਦਾ ਹੈ,ਲੱਤਾਂ ਚ ਖੜੇ ਰਹਿਣ ਦੀ ਵੀ ਹਿੰਮਤ ਨਹੀ ਰਹਿੰਦੀ ,ਤਰੇਲੀਆਂ ਛੁੱਟ ਜਾਂਦੀਆਂ | ਰਣਭੂਮੀ ਵੱਲ ਪਿਠ ਕਰ ਅਰਜੁਨ ਰਥ ਦੇ ਪਿਛਵਾੜੇ ਚ ਜਾ ਢਹਿਂਦਾ ਹੈ |


ਹਾਲਤ ਸਾਡੀ ਵੀ ਕੁਝ ਵਖਰੀ ਨਹੀ| ਹਰ ਆਦਮੀ ਹੋਂਦ ਦੀ ਜਂਗ ਚ ਘਿਰਿਆ ਹੈ,ਚੁਫ਼ੇਰੇ ਮਾਰੋ-ਮਾਰ ਮਚੀ ਹੈ, ਤੇ ਉਹ ਅਰਜੁਨ ਵਾਂਗ ਮੁਹ ਵੀ ਨਹੀ ਮੋੜ ਸਕਦਾ | ਅੱਖਾਂ ਖੋਲਣ ਤੋਂ ਪਹਿਲਾਂ ਹੀ ਬੱਚੇ ਇਹ ਸਮਝ ਜਾਂਦੇ ਹਨ ਕਿ ਜਿਥੇ ਉਹ ਜਾ ਰਹੇ ਹਨ ਉਹ ਇੱਕ ਚੱਕਰਵਿਉ ਹੈ | ਖੜਾ ਹੋਣ ਤੋਂ ਪਹਿਲਾਂ ਹੀ ਸਾਨੂੰ ਲੜਣ ਦੀ,ਮੁਕਾਬਲੇ ਦੀ ਕਲਾ ਸਿਖਾਈ ਜਾਂਦੀ ਹੈ | ਅਮਰੀਕੀ ਪ੍ਰਧਾਨ
ਕਹਿੰਦੇ ਨੇ" ਜੂਝੋ, ਗਣਿਤ ਪੜ ਲਓ " ਨਹੀ ਤਾਂ ਹਿੰਦੋਸਤਾਨੀ ਖਾ ਜਾਣਗੇ         ਤੁਹਾਨੂੰ , ਕਿਸੇ ਵੀ ਹੀਲੇ ਅਸੀਂ ਇਹ ਨੌਕਰੀਆਂ ਮੁਲਕ
ਤੋਂ ਬਾਹਰ ਨਹੀ ਜਾਣ ਦੇਣੀਆ | ਦੂਜੇ ਪਾਸਿਓਂ ਵਿਸਫ਼ੋਟ ਹੁੰਦਾ ਹੈ"ਇਹ ਰਿਜ਼ਰਵੇਸ਼ਨ ਦਾ ਕੀ ਮਤਲਬ , ਗਲਾ ਘੁਟ ਦਿਓ ਪ੍ਰਤਿਭਾ
ਦਾ"|ਫ਼ੇਰ ਹੋਰ ਵੀ ਕੰਨ ਪਾੜਵਾਂ ਧਮਾਕਾ , "ਇਹ ਕੋਈ ਭੀਖ ਨਹੀ ,ਹੱਕ ਹੈ ਸਾਡਾ |"
                                                                                                                                                                                                                                                                                                                                                                                                                                                                         


ਸੱਤਾ ਸੰਘਰਸ਼ ਚ ਘਿਰਿਆ ਕੋਈ ਵੀ ਆਦਮੀ ਜੇ ਅਰਜੁਨਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਬੁਰੀ ਹਾਲਤ ਹੋਣੀ ਤਾਂ ਲਾਜ਼ਮੀ ਹੈ|ਉਸ ਦੇ ਹਥ ਪੈਰ ਤਾਂ ਫ਼ੁਲਣੇ ਹੀ ਨੇ, ਉਹਨੂੰ ਵੀ ਲਕੀਰ ਦੇ ਦੋਹੀਂ ਪਾਸੀਂ ਆਪਣੇ ਹੀ ਭਾਈ-ਬੰਧ ਦਿਖਣ ਲਗਦੇ ਹਨ,ਸਰਹੱਦਾਂ ਕੌਮੀ ਹੋਣ ਭਾਵੇਂ ਜਾਤੀ, ਸਭ ਛਾਈਂ-ਮਾਈਂ ਹੋਣ ਲਗਦੀਆਂ|ਸਿੰਘਾਸਨ ਲਹੂ ਦੀ ਸ਼ੂਕਦੀ ਨਦੀ ਦੇ ਪਾਰ ਦਿਖ ਰਿਹਾ
ਹੈ, ਕੀ ਕਰੇ ਛਾਲ ਮਾਰ ਦੇਵੇ-- ਕਿੰਨੇ ਹੀ ਦੁਰਯੋਧਨ ਹੋਇ ਤੇ ਹੋ ਰਹੇ ਨੇ,ਕਿੰਨੇ ਹੀ ਅਸ਼ੋਕ ,ਔਰੰਗਜ਼ੇਬ ਤੇ ਖਿਲਜੀ ਭੇਸ ਵਟਾ-ਵਟਾ ਕੇ ਆਉਂਦੇ |ਜਾਂ ਤਾਂ ਕੁਦ ਪਵੇ,ਪਾਰ ਕਰੇ ਲਹੂ ਦੀ ਵੈਤਰਣੀ ਤੇ ਜਾ ਚੜੇ ਸਿੰਘਾਸਨ ਤੇ |ਹਰ ਮਾਂ ਬੱਚੇ ਦੇ ਪਿਛੇ ਖੜੀ ਚੀਖ ਰਹੀ ਹੈ,
"ਕੀ ਕਰ ਰਿਹਾਂ,ਤੇਰੇ ਨਾਲ ਦੇ ਦੇਖ ਕਿਥੇ ਪਹੁੰਚ ਗਏ...,ਤੇ ਤੂੰ |"ਤੇ ਉਸ ਦੇ ਪਿਛੇ ਖੜਾ ਚੀਖਦਾ ਹੈ ਉਸ ਦਾ ਡਰ ਕਿ ਇਸ ਸਾਰੇ ਰੋਲੇ-ਗੋਲੇ ਚ ਉਹਦਾ ਬੱਚਾ ਕਿਤੇ ਰੁਲ ਹੀ ਨਾ ਜਾਏ | ਪੂਰੇ ਵਿਦਿਅਕ ਢਾਂਚੇ ਪਿਛੇ ਇਹੋ ਡਰ ਪ੍ਰਧਾਨ ਹੈ| ਸਾਡੇ ਅੰਦਰਲੇ ਦੁਰਯੋਧਨ ਝੱਟ ਇਹਨਾਂ ਆਵਾਜ਼ਾਂ ਤੇ ਜਾ ਚੜਦੇ ਨੇ ਤੇ ਕੁਦ ਪੈਂਦੇ ਨੇ ਅੰਨੇ ਵਾਹ ਜੰਗ ਦੇ ਮੈਦਾਨ --ਇਹੋ ਸਂਸਾਰ ਹੈ|



ਪਰ ਜਿਸ ਘੜੀ ਅੰਦਰਲਾ ਅਰਜੁਨ ਜਾਗਦਾ ਹੈ ਤਾਂ ਮੁਸੀਬਤ ਹੋ ਜਾਂਦੀ ਹੈ--ਉਹੀ ਪੁਰਾਣੀ ਦੁਚਿੱਤੀ-- ਹਰ ਅਰਜੁਨ ਲਈ, ਹਰ
ਹੈਮਲਟ ਲਈ:ਕੀ ਕਰੇ ਤੇ ਕੀ ਨਾ ਕਰੇ| ਸਂਸਾਰ ਜੋ ਕਿ ਜੰਗ ਦਾ ਮੈਦਾਨ ਬਣਿਆ ਪਿਆ ਹੈ, ਛੱਡ ਕੇ ਭੱਜ ਜਾਏ, ਸਾਧ ਹੋ ਜਾਏ, ਗੁਫ਼ਾਵਾਂ ਚ ਜਾ ਬੈਠੇ,ਨਸ਼ਿਆਂ ਚ ਗਰਕ ਹੋ ਜਾਏ ਜਾਂ ਸਾਰੇ ਫ਼ਰਜ਼ਾਂ ਤੋਂ ਮੁੰਹ ਫ਼ੇਰ ਖੁਦਕੁਸ਼ੀ ਕਰ ਲਏ |ਉਸਨੂੰ ਲਗਦਾ ਹੈ ਉਹ ਗਲਤ ਜਗਹ ਆ ਗਿਆ | ਪਰ ਇਹੋ ਤਾਂ ਉਹ ਸੁਹਾਗਣ ਘੜੀ ਹੈ, ਵੱਡਭਾਗੀ ਛਿਣ ਜਦ ਗੀਤਾ ਦੀ ਇਹ ਅਮਰ ਧੁਨ ਅਰਥ
ਗ੍ਰਹਿਣ ਕਰਣ ਲਗਦੀ ਹੈ,ਕਿਸੇ ਮੰਦਰ- ਮਠ ਚ ਨਹੀ, ਸਟਡੀ ਟੇਬਲ ਤੇ ਨਹੀ,ਜੀਵਨ ਚ ਉਤਰਦੀ ਹੈ|



ਕ੍ਰਿਸ਼ਣ ਫ਼ਿਟਕਾਰਦੇ ਹਨ ਅਰਜੁਨ ਨੂੰ ,ਉਸਦੀ ਅਣਖ ਨੂੰ ਵਂਗਾਰਦੇ ਲਲਕਾਰਦੇ ਹੋਏ ਚੇਤਨਾ ਦੇ ਨਵੇਂ ਹੀ ਦੁਆਰ ਖੋਲਣ ਲਗਦੇ ਹਨ,ਜਿਥੋਂ ਗੀਤਾ ਦੀ ਧੁਨ ਛਿੜਦੀ ਹੈ|ਕ੍ਰਿਸ਼ਣ ਭਾਵੇਂ ਦੇਹ ਰੂਪ ਵਿਚ ਸਾਹਮਣੇ ਨਾ ਵੀ ਹੋਣ ਪਰ ਇਹ ਧੁਨ ਤਾਂ ਹੈ ਹੀ |ਵਿਵੇਕਾਨੰਦ
ਸਹੀ ਕਹਿੰਦੇ ਹਨ ਕਿ ਭਗਵੱਤਾ ਦੇ ਇਸ ਗੀਤ ਦਾ ਅਰਥ ਉਹਨਾ ਲਈ ਹੀ ਖੁਲਦਾ ਹੈ ਜੋ ਅਰਜੁਨ ਵਾਲੀ ਸਥਿਤੀ ਤਾਈਂ ਪੁੱਜ ਚੁੱਕੇ ਹਨ| ਇਥੇ ਪੁੱਜ ਕੇ ਹੀ ਸੁਣਨ ਦੀ ਇਛਾ ਜਾਗਦੀ ਹੈ| ਖੁਦ ਕ੍ਰਿਸ਼ਣ ਵਰਜ ਗਏ ਹਨ ਕਿ ਜਿਨ੍ਹਾ ਅੰਦਰ ਸੁਣਨ ਦੀ ਖਾਹਿਸ਼ ਹੀ
ਨਹੀ ਜਗੀ ਉਨ੍ਹਾ ਮੂਹਰੇ ਇਹ ਗੀਤ ਛੇੜਨਾ ਹੀ ਨਹੀ ਚਾਹੀਦਾ |


ਸ਼ਾਇਦ ਇਹੋ ਕਾਰਣ ਹੈ ਕਿ ਭਗਵੱਤਾ ਦਾ ਇਹ ਗੀਤ ਸਾਡੇ ਕੰਨਾਂ ਚੋਂ ਫ਼ਿਸਲ ਜਾਂਦਾ ਹੈ, ਅੰਦਰ ਨਹੀ ਉਤਰਦਾ | ਅਸੀਂ ਤੜਕੇ ਉਠ ਕੇ ਨਿੱਤ ਇਸ ਦਾ ਪਾਠ ਕਰਦੇ ਹਾਂ, ਥਾਂ-ਕੁਥਾਂ ਹਰ ਵੇਲੇ ਗੀਤਾ ਤੇ ਹਥ ਰਖ ਕੇ ਝੂਠੀਆਂ ਸੱਚੀਆਂ ਸੌਂਹਾ ਖਾਣ ਲਈ ਤਿਆਰ
ਰਹਿੰਦੇ ਹਾਂ, ਕੌਮੀ ਤੇ ਮਜ਼੍ਹਹਬੀ ਹਊਮੈ ਨਾਲ ਜੋੜਦੇ ਹਾਂ ,ਮਰਨ ਵਾਲੇ ਦੇ ਕੰਨਾਂ ਵਿਚ ਇਸ ਦੇ ਸ਼ਲੋਕ ਪੜ ਕੇ ਇਹ ਆਸ ਕਰਦੇ ਹਾਂ
ਕਿ ਉਹ ਸਭ ਬੰਧਨਾਂ ਤੋਂ ਛੁੱਟ ਗਿਆ | ਪਰ ਇਹ ਸਵਾਲ ਕਦੇ ਨਹੀ ਕਰਦੇ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਇਸ ਦਾ ਕੀ
ਰਿਸ਼ਤਾ ਹੈ,ਇਥੇ ਜਿਥੇ ਅਸੀਂ ਹੁਣ ਭਰਾ ਮਾਰ ਹੀ ਨਹੀ ਸਗੋਂ ਮਾਂ ਮਾਰ ਜੰਗ ਵਿਚ ਉਲਝੇ ਹੋਏ ਹਾਂ--ਕੁਦਰਤ ਦੇ ਖਿਲਾਫ਼ ਛੇੜੀ
ਗਈ ਬੰਦੇ ਦੀ ਇਸ ਜੰਗ ਨੂੰ ਹੋਰ ਕਿਹਾ ਵੀ ਕੀ ਜਾ ਸਕਦਾ ਹੈ-- ਇਥੇ,ਇਸ ਸਥਿਤੀ ਵਿਚ ਗੀਤਾ ਦੇ ਸਾਡੇ ਲਈ ਕੀ ਅਰਥ ਹਨ,
ਕੀ ਪ੍ਰਸੰਗਕਤਾ ਹੈ|



ਇਸ ਗੀਤ ਦੇ ਬੋਲ ਤਾਂ ਬਹੁਤ ਸਰਲ ਹਨ;ਸ਼ੁਰੂਆਤੀ ਅਲਾਪ ਵਿਚ ਹੀ ਕ੍ਰਿਸ਼ਣ ਭਾਂਜ ਦੇ ਸਾਰੇ ਰਾਹ ਬਂਦ ਕਰ ਦਿੰਦੇ ਹਨ|ਇਲਾਹੀ ਐਲਾਨ ਹੈ ਕਿ ਸਿਰਫ਼ ਕੁਝ ਨਾ ਕਰਨ ਨਾਲਹੀ ਬੰਦਾਨਿਸ਼ਕਰਮਤਾ ਦੇ ਮੁਕਾਮ ਤੇ ਨਹੀ ਪਹੁੰਚ ਜਾਂਦਾ,ਵੇਹਲੜਪਣ ਤੇ ਆਲਸ
ਨਿਸ਼ਕਾਮ ਕਰਮ-ਯੋਗ ਨਹੀ | ਮੁਕਤੀ ਤਾਂ ਸਿਰਫ਼ ਇਸ ਤੱਥ ਨੂੰ  ਸਮਝਣ ਚ ਹੀ ਹੈ ਕਿ ਸਾਰੇ ਕਰਮ ਅਸਲ ਵਿਚ ਕੁਦਰਤ ਦੇ ਹਨ, ਐਵੇਂ ਅਹੰਕਾਰ ਵਸ ਅਸੀਂ ਕਰਤਾ ਬਣ ਬੈਠਦੇ ਹਾਂ |’ਜਿਸ ਦੇ ਕਰਮ ਹਨ ਫ਼ਲ ਵੀ ਉਸੇ ਦਾ ਹੈ | ਪਰ ਕਰਤਾ ਬਣਿਆ ਅਹੰਕਾਰ ਫ਼ਲ ਪਿਛੇ ਤਾਂ ਮਰਨ-ਮਰਨ ਨੂੰ ਤਿਆਰ ਰਹਿੰਦਾ ਹੈ|ਕਿਉਂ ਕਿ ਕਰਮ ਵਿਚ ਉਸ ਦੀ ਸਾਰੀ ਰੁਚੀ ਤਾਂ ਫ਼ਲ ਕਰ ਕੇ ਹੀ ਹੈ|ਤਾਂ ਫ਼ੇਰ ਬੰਦਾ ਕੀ ਕਰੇ,ਫ਼ਲ ਦੀ ਇਸ ਇਛਾ ਤੋਂ ਖਹਿੜਾ ਕਿਵੇਂ ਛੁਡਾਵੇ?




ਕ੍ਰਿਸ਼ਣ ਜ਼ਬਰਦਸਤੀ ਮਨ ਨੂੰ ਜਾਂ ਇੰਦਰੀਆਂ ਨੂੰ ਮਾਰਨ ਦੇ ਹੱਕ ਵਿਚ ਵੀ ਨਹੀ|ਉਹ ਸਾਫ਼ ਘੋਸ਼ਣਾ ਕਰਦੇ ਹਨ,"ਜੋ ਸ਼ਖਸ ਧੱਕੇ ਨਾਲ ਇੰਦਰੀਆਂ ਨੂੰ ਰੋਕੀ ਰਖਦਾ ਹੈ,ਦਬਾਈ ਰਖਦਾ ਹੈ ਤੇ ਮਨ ਹੀ ਮਨ ਭੋਗਾਂ ਦੀ ਰਟਣ ਲਾਈ ਰਖਦਾ ਹੈ, ਉਹ ਝੂਠਾ ਹੈ-ਪਾਖੰਡੀ
ਹੈ|ਸਾਰੀ ਖਲਕਤ ਕੁੱਲ ਖੁਦਾਈ ਫ਼ੇਰ ਉਸ ਲਈ ਭੋਗ ਦਾ ਹੀ ਵਿਸ਼ਾ ਹੋ ਜਾਂਦੀ ਹੈ| ਉਸ ਦੀ ਹਾਲਤ ਟਾਲਸਟਾਏ ਦੇ ਪਾਦਰੀ ਸੇਰਗਈ
ਵਰਗੀ ਹੋ ਜਾਂਦੀ ਹੈ ਜੋ ਆਪਣੀ ਉਂਗਲ ਵੀ ਵੱਢ ਲੈਂਦਾ ਹੈ ਪਰ ਉਸ ਛੈਲ ਜਹੀ ਕੁੜੀ ਦਾ ਖਿਆਲ ਉਸਦਾ ਪਿਛਾ ਨਹੀ ਛੱਡਦਾ ਜਿਸ ਤੋਂ ਡਰਦਾ ਉਹ ਸ਼ਹਿਰ ਦੀ ਚਰਚ ਛੱਡ ਕੇ ਗੁਫ਼ਾ ਚ ਆ ਬੈਠਾ ਸੀ,ਉਸ ਵਿਚੋਂ ਉਹਨੂੰ ਸ਼ੈਤਾਨ ਦਿਖਾਈ ਪੈਂਦਾ ਹੈ,ਅੱਖਾਂ ਬਂਦ
ਕੀਤਿਆਂ ਵੀ ਸਰਦਾ ਨਹੀ|ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਬੇਸ਼ੁਮਾਰ ਹਨ ਜੋ ਦਬਾਈਆਂ ਹੋਈਆਂ ਕਾਮਨਾਵਾਂ ਦੇ ਜਵਾਲਾਮੁਖੀ
ਤੇ ਬੈਠੇ ਹਨ,ਸੁਫ਼ਨਿਆਂ ਵਿਚ ਵੀ ਅਪਸਰਾਵਾਂ ਹੀ ਅਪਸਰਾਵਾਂ ,ਆਸਨ ਕੱਖਾਂ ਦੀ ਕੁੱਲੀ ਚ ਪਰ ਧਿਆਨ ਸੋਨੇ ਦੇ ਮਹਿਲਾਂ ਵਿਚ|ਇਹ ਤਿਆਗ ਨਹੀ ਦਂਭ ਹੈ|ਇਹੋ ਤਾਂ ਕ੍ਰਿਸ਼ਣ ਅਰਜੁਨ ਨੂੰ ਕਹਿੰਦੇ ਹਨ,"ਯੁੱਧ ਨਾ ਕਰਨ ਦਾ ਤੇਰਾ ਨਿਸ਼ਚਾ ਝੂਠ ਹੈ,ਕਿਉਂ ਕਿ ਤੇਰਾ "ਖਤ੍ਰੀ-ਸੁਭਾ"ਹੀ ਤੈਨੂੰ ਲੜਨ ਲਈ ਮਜਬੂਰ ਕਰੇਗਾ|"ਫ਼ੇਰ ਉਹ ਨੈਤਿਕਤਾ ਦੇ ਜ਼ੋਰ ਤੇ ਆਪਣੇ ਸੁਭਾ ਨੂੰ ਦਬਾਉਣ ਦੀ ਜੰਗ ਚ ਉਲਝ ਕੇ ਰਹਿ ਜਾਵੇਗਾ,ਅਰਜੁਨ ਦੀ ਇਸ ਹੋਣੀ ਨੂੰ ਕ੍ਰਿਸ਼ਣ ਸਾਫ਼ ਸਾਫ਼ ਦੇਖ ਰਹੇ ਸਨ| ਬਾਹਰਲੀ ਜੰਗ ਦਾ ਤਾਂ ਸ਼ਾਇਦ ਕੋਈ ਅੰਤ ਹੋਵੇ ਪਰ ਆਪਣੇ ਹੀ ਸੁਭਾ--ਜਿਸ ਨੂੰ ਕ੍ਰਿਸ਼ਣ ਸਵੈ-ਧਰਮ ਕਹਿੰਦੇ ਹਨ-- ਦੇ ਖਿਲਾਫ਼ ਛੇੜੀ ਗਈ ਜੰਗ ਦਾ ਤਾਂ ਕੋਈ ਅੰਤ ਹੁੰਦਾ ਹੀ ਨਹੀ,ਇਹ ਇੱਕ ਸਦੀਵੀ ਸੱਚਾਈ ਹੈ|ਕ੍ਰਿਸ਼ਣ ਦਾ ਇਹ "ਸਵੈ-ਧਰਮ"ਕੋਈ ਜੱਥੇਬੰਦ ਧਰਮ ਨਹੀ , ਬੰਦੇ ਦਾ ਸੁਭਾਵਿਕ ਕਰਮ ਹੈ, ਉਸ ਦੀ ਸਹਿਜ ਊਰਜਾ ਹੈ ਜੋ ਖੁਦ ਨੂੰ ਪ੍ਰਗਟਾਉਣ ਲਈ ਹਮੇਸ਼ਾਂ ਤਾਂਘਦੀ ਰਹਿੰਦੀ ਹੈ, ਉਸ ਨੂੰ ਬਹੁਤ ਦੇਰ ਤਾਈਂ ਦਬਾਇਆ ਨਹੀ ਜਾ ਸਕਦਾ |ਕ੍ਰਿਸ਼ਣ ਕਹਿੰਦੇ ਹਨ  :"ਸੁਭਾਵਿਕ ਕਰਮ, ਭਾਵੇਂ ਉਸ ਵਿਚ ਦੋਸ਼ ਵੀ ਹੋਣ , ਛੱਡਣਾ ਨਹੀ ਚਾਹੀਦਾ "| ਪਰ ਇਸ ਦਾ ਇਹ ਮਤਲਬ ਵੀ ਨਹੀ ਕਿ ਉਹ ਤੁਹਾਨੂੰ  ਖੁੱਲ ਖੇਡਣ ਦੀ ਛੂਟ ਦਿੰਦੇ ਹਨ| ਕ੍ਰਿਸ਼ਣ ਉਸ ਸੁਭਾ ਨੂੰ ਰਾਖਸ਼ਸੀ ਸੁਭਾ ਕਹਿੰਦੇ ਹਨ ਜਿਸ ਲਈ ਸਾਰਾਸਂਸਾਰ ਭੋਗ ਦੇ ਵਿਸ਼ੇ ਤੋਂ ਇਲਾਵਾ ਕੁਝ ਨਹੀ|’

ਕੁਲ ਮਿਲਾ ਕੇ ਸਥਿਤੀ ਬੜੀ ਉਲਝੀ ਹੋਈ ਹੈ,ਨਾ ਦਬਿਆਂ ਸਰਦਾ ਹੈ,ਨਾ ਭੋਗਿਆਂ |ਦੋਹੇਂ ਰਾਹ ਹੀ ਬੰਦ ਹਨ | ਜਦੋਂ ਬਾਰ ਕ੍ਰਿਸ਼ਣ ਅਰਜੁਨ ਨੂੰ ਯੁੱਧ ਲਈ ਪ੍ਰੇਰਦੇ ਹਨ ਤਾਂ ਇੰਝ ਲਗਦਾ ਹੈ ਕਿ ਉਹ ਉਸ ਨੂੰ "ਲਾਭ-ਹਾਨੀ, ਹਿੰਸਾ,ਜਾਂ ਨਤੀਜਿਆਂ ਦੀ ਪਰਵਾਹ ਕੀਤੇ
ਬਗੈਰ "ਅੱਖਾਂ ਮੀਚ ਕੇ ਚਲ ਰਹੇ ਯੁੱਧ ਵਿਚ ਛਾਲ ਮਾਰਨ ਲਈ ਕਹਿ ਰਹੇ ਹਨ ;ਜੈਨੀ ਗ੍ਰੰਥਾਂ ਨੇ ਤਾਂ ਇਸੇ ਲਈ ਉਨ੍ਹਾਂ ਨੂੰ ਸਭ ਤੋਂ
ਘੋਰ ਨਰਕ ਵਿਚ ਸੁਟਿਆ ਹੈ| ਪਰ ਨਹੀ ਕ੍ਰਿਸ਼ਣ ਅਰਜੁਨ ਲਈ ਇਹ ਰਾਹ ਵੀ ਨਹੀ ਛੱਡਦੇ |ਕਿਉਂ ਕਿ ਇਹ ਤਾਂ ਪਿਛਾਂਹ ਮੁੜਨ
ਵਾਲੀ ਗੱਲ ਹੋਵੇਗੀ, ਹੇਠਾਂ ਡਿਗ ਕੇ ਦੁਰਯੋਧਨ ਦੇ ਬਰਾਬਰ ਜਾ ਖੜਨ ਵਾਲੀ ਗੱਲ | ਕ੍ਰਿਸ਼ਣ ਇਹੋ ਜਿਹੇ ਕਰਮ ਨੂੰ ਤਾਮਸ ਕਰਮ ਭਾਵ ਹਨੇਰੇ ਦੀਆਂ ਟੱਕਰਾਂ ਕਹਿੰਦੇ ਹਨ, ਜੋ ਹਨੇਰੇ ਚੋਂ ਨਿਕਲਦੇ ਹਨ| ਸਭ ਕੌਰਵ-ਪਾਂਡਵ ਇਸੇ ਸਥਿਤੀ ਚ ਫ਼ਸੇ ਹਨ , ਜੇ ਅਰਜੁਨ ਵੀ ਇਸੇ ਸਥਿਤੀ ਤੇ ਪਰਤ ਕੇ ਮਰਨ-ਮਾਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਫ਼ੇਰ ਤੇ ਗੀਤਾ ਦਾ ਦੁਆਰ ਹੀ ਬੰਦ ਹੋ ਜਾਵੇਗਾ,ਕਿਉਂਕਿ ਇਹ ਦੁਆਰ ਅਰਜੁਨ ਦੀ ਉਹ ਸਂਵੇਦਨਸ਼ੀਲਤਾ ਹੀ ਹੈ ਜੋ ਉਸ ਨੂੰ ਜੰਗ ਦੇ ਖਿਲਾਫ਼ ਸਵਾਲ ਖੜੇ ਕਰਨ ਲਈ ਮਜਬੂਰ ਕਰ ਰਹੀ ਹੈ |
ਕ੍ਰਿਸ਼ਣ ਯੋਗਨੂੰ ਇਸ ਅੜਾਉਣੀ ਚੋਂ ਨਿਕਲਣ ਦਾ ਰਾਹ ਕਹਿੰਦੇ ਹਨ| ਇਹ ਯੋਗ ਸੂਫ਼ੀਆਂ ਦਾ ਵਿਸਾਲ ਹੀ ਹੈ ਜੋ ਬਕੌਲ ਕ੍ਰਿਸ਼ਣ
ਅੱਤ-ਸੁਭਾਵਾਲਿਆਂ ਨੂੰ  ਨਹੀ ਮਿਲਦਾ | ਗੱਲ ਬੁੱਧ ਦੇ ਮੱਧ-ਮਾਰਗ ਵੱਲ ਆ ਜਾਂਦੀ ਹੈ ,ਪਰ ਉਹ ਹੈ ਕੀ ?ਕ੍ਰਿਸ਼ਣ ਕਹਿੰਦੇ ਹਨ
ਮਮਤਾ ਤੇ ਆਸ਼ਾ ਛੱਡ ਕੇ ਕਰਮ ਕਰ’; ਇਹੋ ਉਨ੍ਹਾ ਦਾ ਯੋਗ ਹੈ, ਜੋ ਰਾਗ ,ਡਰ ਤੇ ਗੁੱਸੇ ਭਰੇ ਬੰਦਿਆਂ ਨੂੰ ਨਹੀ ਮਿਲਦਾ |



ਇਹ ਤਾਂ ਮਾਹਤੜਾਂ ਲਈ ਹੋਰ ਵੀ ਮੁਸ਼ਕਿਲ ਹੋ ਗਈ| ਅਸੀਂ ਤਾਂ ਜੋ ਵੀ ਕਰਦੇ ਹਾਂ -ਚੰਗਾ ਜਾਂ ਮਾੜਾ- ਸਾਰੇ ਕੁਝ ਲਈ ਊਰਜਾ ਤਾਂ ਇੱਥੋਂ ਹੀ ਆਉਂਦੀ ਹੈ , ਇਨ੍ਹਾ ਹੀ ਸੋਮਿਆਂ ਤੋਂ | ਜੇ ਮਾਂ ਵਿਚ ਮਮਤਾ ਹੀ ਨਹੀ ਹੋਵੇਗੀ ਤਾਂ ਬੱਚਿਆਂ ਦੀ ਪਰਵਰਿਸ਼ ਕਿਵੇਂ ਹੋਵੇਗੀ | ਜੇ ਦੁਸ਼ਮਣ ਤੇ ਮਿੱਤਰਨੂੰ ਇੱਕੋ ਜਿਹਾ ਹੀ ਸਮਝਣਾ ਹੈ ਜਿਵੇਂ ਕਿ ਗੀਤਾ ਦਾ ਕਥਨ ਹੈ, ਤਾਂ ਫ਼ੇਰ ਜੰਗ ਲਈ ਥਾਂ ਹੀ ਕੀ ਬਚਦੀ ਹੈ| ਧਰਮਾਤਮਾ ਤੇ ਪਾਪੀਆਂ ਵਿਚ ਵੀ ਜੇ ਕੋਈ ਫ਼ਰਕ ਨਹੀ ਤਾਂ ਪਾਪ-ਪੁੰਨ ਦਾ ਅਰਥ ਹੀ ਕੀ ਰਹਿ ਜਾਂਦਾ ਹੈ | ਲਗਦਾ ਹੈ ਜੋ ਵੀ ਅਸੀਂ ਜਾਣਿਆ-ਪਛਾਣਿਆ ਹੈ ਕ੍ਰਿਸ਼ਣ ਉਸ ਸਭ ਕੁਝ ਨੂੰ ਹੀ ਤਬਾਹ ਕਰਨ ਤੇ ਤੁਲੇ ਹੋਏ ਹਨ | ਸਾਡੀਆਂ ਫ਼ੌਜਾਂ, ਬੈਂਕ-ਬੈਲਂਸ,ਪੜਾਈ-ਲਿਖਾਈ, ਯਾਰੀਆਂ, ਰਿਸ਼ਤੇਦਾਰੀਆਂ ਇਹ ਸਾਰਾ ਕੁਝ ਹੀ ਤਾਂ ਭੇਸ ਵਟਾਉਂਦੇ ਡਰਦੀ ਹੀ ਗੂਂਦ ਨਾਲ ਜੁੜਿਆ ਹੋਇਆ ਹੈ | ਕਿਤੇ ਕੱਲ ਨੂੰ ਕੁਝ ਹੋ ਨਾ ਜਾਵੇ ,ਇਸੇ ਮਾਨਸਿਕ ਅਸੁਰਖਿਆ ਚੋਂ ਹੀ ਤੇ ਊਰਜਾ ਮਿਲਦੀ ਹੈ,ਯੋਜਨਾਵਾਂ ਬਣਦੀਆਂ ਹਨ, ਕਿਸੇ ਨਾਲ ਜੋੜਦੇ ਹਾਂ ਕਿਸੇ ਨਾਲ ਤੋੜਦੇ ਹਾਂ |ਸਾਰੇ ਸਂਸਾਰ ਦਾ ਕਾਰੋਬਾਰ ,ਰਾਜਨੀਤੀ , ਅਰਥਚਾਰਾ ਸਭ ਇਸੇ ਦੇ ਸਿਰ ਤੇ ਚਲਦਾ ਹੈ | ਮਾਰਕਸਵਾਦੀਆਂ ਤੇ ਪਦਾਰਥਵਾਦੀਆਂ ਦਾ ਗੀਤਾ ਉੱਤੇ ਮੁਖ ਏਤਰਾਜ ਹੀ ਇਹੋ ਹੈ ਕਿ ਉਹ ਕਰਮਸ਼ੀਲਤਾ ਦੇ ਸਾਰੇ ਮਾਨਵੀ ਆਧਾਰਾਂ ਨੂੰ ਤਬਾਹ ਕਰਕੇ ਆਲਸ ਜਾਂ ਫ਼ੇਰ ਗੁਲਾਮ ਕਿਰਤ ਲਈ ਹੀ ਜ਼ਮੀਨ ਤਿਆਰ ਕਰਦੀ ਹੈ | ਭਾਰਤ ਦੀ ਮੱਧਕਾਲੀ ਪਤਨਸ਼ੀਲਤਾ ਦੀਆਂ ਜੜਾਂ ਵੀ ਉਹ ਇਥੇ ਹੀ ਤਲਾਸ਼ਦੇ ਹਨ |




ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਸਚਮੁਚ ਹੀ ਲੋਭ ਤੇ ਡਰ ਦੇ ਸਾਰੇ ਸੋਮੇ ਮਨਸੂਖ ਕਰ ਦਿੱਤੇ ਜਾਣ ਤਾਂ ਕੀ ਮਨੁਖੀ ਮਨ ਕੋਲ ਕੋਈ ਕਰਮ ਊਰਜਾ ਨਹੀ ਬਚੇਗੀ ? ਕੀ ਸਂਸਾਰ ਦੇ ਸਾਰੇ ਕਾਰ ਵਿਹਾਰ ਬੰਦ ਹੋ ਜਾਣਗੇ ? ਵਿਗਿਆਨੀ ਕੁਦਰਤੀ ਰਹਸਾਂ ਦੀ
ਖੋਜ ਵਿਚ ਮਗਜ ਖਪਾਈ ਨਹੀ ਕਰਣਗੇ , ਕਵੀ ਕਵਿਤਾ ਨਹੀ ਕਰਣਗੇ , ਸੰਗੀਤਕਾਰ ਧੁਨ ਕਿਉਂ ਬਜਾਇਗਾ ,ਚਿਤਰਕਾਰ ਰੰਗਾਂ
ਮਗਰ ਦੀਵਾਨੇ ਹੋਏ ਨਹੀ ਫ਼ਿਰਣਗੇ ! ਇਹ ਕਿਹੋ ਜਹੀ ਦੁਨੀਆ ਹੋਵੇਗੀ;ਖੋਜਾਂ, ਰੰਗਾਂ, ਸੁਰਾਂ ਦੀ ਦੀਵਾਨਗੀ ਤੋਂ ਬਿਨਾ !



ਕ੍ਰਿਸ਼ਣ ਲਈ ਇਹ ਸਿਰਫ਼ ਕੋਰੀ ਕਲਪਨਾ ਹੈ ਜੋ ਸਾਡੇ ਭੈਅ ਨੇ ਹੀ ਖੜੀ ਕੀਤੀ ਹੈ | ਆਧੁਨਿਕ ਭਾਸ਼ਾ ਵਿਚ ਕਹੀਏ ਤਾਂ ਇਹ ਈਗੋ
ਦੀ ਸਵੈ-ਰਖਿਆ ਲਈ ਘੜੀ ਦਲੀਲ ਹੈ | ਜੋ ਸਾਰੀ ਦੀ ਸਾਰੀ ਸਿਰਜਨ ਸ਼ਕਤੀ ਨੂੰ ਮਨ ਦੇ ਘੇਰੇ ਤਕ ਹੀ ਸੀਮਿਤ ਕਰ ਲੈਂਦੀ ਹੈ , ਇਹ ਅਗਿਆਨ ਦੀ ਅਵਸਥਾ ਹੈ , ਬਕੌਲ ਕ੍ਰਿਸ਼ਣ ਅੰਨਾਪਣਹੈ | ਗੀਤਾ ਦਾ ਕਥਨ ਹੈ ਜੋ ਸਾਰੇ ਕਰਮਾਂ ,ਸਾਰੀ ਸਿਰਜਨਾ ਨੂੰ
ਕੁਦਰਤ ਵਿਚੋਂ ਉਪਜਦੇ ਦੇਖ ਲੈਂਦਾ ਹੈ ,ਸਿਰਫ਼ ਉਹੀ ਦੇਖਦਾ ਹੈ |



ਗੱਲ ਬੜੀ ਤਰਕਸਂਗਤ ਹੈ ,ਦਿਲ ਨੂੰ ਜਚਦੀ ਵੀ ਹੈ| ਪਰ ਰੋਜ਼ਾਨਾ ਜ਼ਿੰਦਗੀ ਉੱਤੇ ਇਸ ਦਾ ਕੋਈ ਅਸਰ ਨਹੀ ਪੈਂਦਾ | ਕਿਉਂਕਿ ਗੀਤਾ ਪਾਠ ਤੋਂ ਥੋੜੀ ਦੇਰ ਬਾਦ ਜਦੋਂ ਅਸੀਂ ਸਚਮੁਚ ਦੇ ਕਰਮ ਖੇਤਰ ਵਿਚ ਉਤਰਦੇ ਹਾਂ , ਪੜਿਆ-ਸੁਣਿਆ ਸਭ ਗਿਆਨ ਉਡ-ਪੁਡ ਜਾਂਦਾ ਹੈ , ਵਿਹਾਰਕ ਤੌਰ ਤੇ ਉਹ ਕਦੇ ਸਾਡੇ ਕੰਮ ਆਉਂਦਾ ਹੀ ਨਹੀ | ਫ਼ੇਰ ਸਾਡਾ ਬਣੇਗਾ ਕੀ? ਕੀ ਇਹ ਗੀਤਾ ਸਾਡੇ ਲਈ
ਹੈ ਹੀ ਨਹੀ ?ਇਹੋ ਅਵਸਥਾ ਅਰਜੁਨ ਦੀ ਵੀ ਸੀ | ਘਬਰਾਇਆ ਹੋਇਆ ਉਹ ਬਾਰ-ਬਾਰ ਪੁਛਦਾ ਹੈ, ’ ਮਨ ਦਾ ਸੁਭਾ ਬੜਾ ਚਂਚਲ ਹੈ ਮਾਧਵ ...,ਇਹ ਸਮਭਾਵ ਜ਼ਿਆਦਾ ਦੇਰ ਟਿਕਦਾ ਨਹੀ| ’ ਸਾਡੇ ਹੀ ਵਾਂਗ ਉਹ ਵੀ ਦਿਲਾਸਾ ਚਾਹੁੰਦਾ ਹੈ-ਪੁਛਦਾ ਹੈ ਕਿ
" ਕਮਜ਼ੋਰ ਕੋਸ਼ਿਸ਼ ਵਾਲਾ ਸ਼ਰਧਾਵਾਨ ਕਿਤੇ ਤਬਾਹ ਹੀ ਤੇ ਨਹੀ ਹੋ ਜਾਂਦਾ ?"



ਇਹੋ ਸਵਾਲ ਸਾਡਾ ਸਭ ਦਾ ਹੈ | ਜਨਮ-ਜਨਮ ਦੇ ਅਭਿਆਸ ਦੀ ਗੱਲ ਅੱਜ ਦੇ ਤਰਕਿਕ ਮਨ ਦੇ ਅੰਦਰ ਨਹੀ ਉਤਰਦੀ | ਉਸ
ਦੀ ਸਥਿਤੀ ਹੋਰ ਵੀ ਮਾੜੀ ਹੈ | ਕੀ ਗੀਤਾ ਸਿਰਫ਼ ਅਤੀਤ ਦੀ ਹੀ ਵਸਤੂ ਰਹਿ ਗਈ ਹੈ, ਜਿਸ ਦਾ ਵਿਹਾਰਕ ਤੌਰ ਤੇ ਕੋਈ ਮੁੱਲ
ਨਹੀ, ਸਿਵਾਏ ਉਸ ਚੋਂ ਟੂਕਾਂ ਦੇਣ ਤੋਂ | ਪਰ ਸਵਾਲ ਤਾਂ ਆਦਮੀ ਦੇ ਅੱਜ ਵੀ ਉਹੀ ਨੇ , ਸ਼ਿੱਦਤ ਚ ਵੀ ਕੋਈ ਕਮੀ ਨਹੀ ਆਈ|
ਸਗੋਂ ਨਵੇਂ ਤਕਨੀਕੀ ਯੁਗ ਵਿਚ ਵਾਤਾਵਰਨ ਨਾਲ ਜੁੜੇ ਮਸਲਿਆਂ ਨੇ ਤਾਂ ਸਥਿਤੀ ਹੋਰ ਵੀ ਗਂਭੀਰ ਕਰ ਦਿਤੀ ਹੈ | ਇਹ ਮੁੱਦਾ
ਹੁਣ ਕਿਸੇ ਵਿਅਕਤੀਗਤ ਆਤਮਾ ਦੀ ਮੁਕਤੀ ਦਾ ਰਹਿ ਹੀ ਨਹੀ ਗਿਆ ਸਗੋਂ ਪੂਰੀ ਧਰਤੀ ਦੀ ਹੋਂਦ ਨਾਲ ਜੁੜ ਗਿਆ ਹੈ| ਜੇ ਅਸੀਂ ਛੇਤੀ ਹੀ ਹਊਮੈ ਦੇ ਕਰਮ ਖੇਤਰ ਵਿਚੋਂ ਨਿਕਲ ਕੇ ਨਿਸ਼ਕਾਮ ਕਰਮ ਦੇ ਖੇਤਰ ਵਿਚ ਦਾਖਿਲ ਨਹੀ ਹੁੰਦੇ ਤਾਂ ਹਾਲਤ
ਸ਼ਾਇਦ ਹੱਥੋਂ ਨਿਕਲ ਹੀ ਜਾਣਗੇ | ਨਿਸ਼ਕਾਮ-ਕਰਮ ਨਾ ਤਾਂ ਕਰਮ ਦਾ ਤਿਆਗ ਹੈ ਨਾ ਹੀ ਫ਼ਲ ਦਾ| ਇਹ ਤਾਂ ਕਰਤਾਪਨ ਦੇ
ਵਹਿਮ ਦਾ ਤਿਆਗ ਹੈ | ਚੇਤਨਾ ਦੀ ਉਹ ਅਵਸਥਾ ਜਿਸਲਈ " ਬ੍ਰਾਹਮਣ, ਚੰਡਾਲ , ਗਾਂ ਅਤੇ ਕੁੱਤੇ "ਵਿਚ ਵੀ ਕੋਈ ਊਚ-ਨੀਚ
ਜਾਂ ਭੇਦ-ਭਾਵ ਨਹੀ ਰਹਿ ਜਾਂਦਾ | ਲੋਕ-ਪਰਲੋਕ ਦੀਆਂ ਵੀ ਸਭ ਵੰਡੀਆਂ ਵੀ ਉਸ ਲਈ ਮਿਟ ਜਾਂਦੀਆਂ ਹਨ |



ਪਰ ਸਾਡੇ ਲਈ ਤਾਂ ਇਹ ਸਾਰੇ ਫ਼ਰਕ ਹਾਲੇ ਵੀ ਹਕੀਕਤਾਂ ਨੇ ,ਕੌੜੀਆਂ ਹਕੀਕਤਾਂ | ਅਸੀਂ ਕੌਮੀ , ਨਸਲੀ , ਭਾਸ਼ਾਈ ਤੇ ਹੋਰ ਪਤਾ
ਨਹੀ ਕਿਹੜੀਆਂ-ਕਿਹੜੀਆਂ ਵੰਡੀਆਂ ਚ ਜਿਉਂਦੇ ਹਾਂ | ਹੁਣ ਬੰਦਾ ਉਸ ਪਰਮ ਅਵਸਥਾ ਵਿਚ ਯਕੀਨ ਵੀ ਕਿਵੇਂ ਕਰੇ ਜੋ ਹਰ ਤਰ੍ਹਾਂ
ਨਾਲ ਉਸ ਦੀ ਪਹੁਂਚ ਤੋਂ ਬਾਹਰ ਦਿਖਦੀ ਹੈ |ਕ੍ਰਿਸ਼ਣ ਕਹਿੰਦੇ ਹਨ ਉਸ ਵਿਸ਼ਵਸਰੂਪ, ਉਸ ਵਿਰਾਟਤਕ " ਵੇਦ-ਅਧਿਅਨ ,ਯੱਗ,ਦਾਨ-ਪੁੰਨ ਜਾਂ ਕਠੋਰ ਤਪਸਿਆ ਰਾਹੀਂ ਵੀ ਪਹੁਂਚਿਆ ਨਹੀ ਜਾ ਸਕਦਾ "| ਪਰ ਉਸ ਚੇਤਨਾ ਨੂੰ ਛੂਹੇ ਤੋਂ ਬਿਨਾ ਛੁਟਕਾਰਾ ਵੀ ਕੋਈ ਨਹੀ | ਅਰਜੁਨ ਨੂੰ ਉਹ ਅਲੋਕਿਕ ਨਜ਼ਾਰਾ ਦੇਖਣ ਲਈ ਕ੍ਰਿਸ਼ਣ ਅਲੋਕਿਕ ਦ੍ਰਿਸ਼ਟੀ ਦਿੰਦੇ ਹਨ |ਪਰ ਸਾਡੀਆਂ ਅੱਖਾਂ ਤਾਂ
ਸਧਾਰਣ ਹਨ, ਵਿਰਾਟ ਉਨ੍ਹਾ ਦੀ ਪਕੜ ਚ ਆਵੇ ਵੀ ਕਿਵੇਂ, ਤੇ ਬੰਦਾ ਅਲੋਕਿਕ ਅੱਖਾਂ ਲਿਆਵੇ ਕਿਥੋਂ ?ਰੱਬ ਦਾ ਸ਼ੁਕਰ ਹੈ ਕਿ
ਅਰਜੁਨ ਦੇ ਅੰਦਰ ਵੀ ਸਾਡੇ ਵਰਗਾ ਆਮ ਬੰਦਾ ਛੁਪਿਆ ਹੈ ਜੋ ਸਾਡੇ ਅੰਦਰਲੇ ਹਰ ਸ਼ਕ ,ਹਰ ਸਵਾਲ ਨੂੰ ਜ਼ੁਬਾਨ ਦਿੰਦਾ ਹੈ ਤੇ ਸਾਨੂੰ ਕਾਫ਼ਿਰ ਹੋਣ ਤੋਂ ਬਚਾ ਲੈਂਦਾ ਹੈ |



ਪਰ ਜੇ ਸਾਡੇ ਅੰਦਰ ਸਚਮੁਚ ਹੀ ਕੋਈ ਪਿਆਸ ਹੈ ਤਾਂ ਸਾਨੂੰ ਘੱਟੋਘਟ ਅਰਜੁਨ ਵਾਲੀ ਅਵਸਥਾ ਤਾਈਂ ਤਾਂ ਪਹੁਂਚਣਾ ਹੀ ਪਵੇਗਾ , ਤਾਂ ਹੀ ਗੀਤਾ ਦੇ ਸਾਡੇ ਲਈ ਸਚਮੁਚ ਕੋਈ ਅਰਥ ਹੋਣਗੇ| ਬਕੌਲ ਕ੍ਰਿਸ਼ਣ ਸ਼ਰੀਰ ਤੇ ਮਨ ਦੇ ਸਰੂਪ ਨੂੰ ਉਸ ਦੇ ਸਾਰੇ ਵਿਕਾਰਾਂ-
ਵਿਗਾੜਾਂ ਸਣੇ ਜਾਣਨਾ{ਸਵੈ-ਅਧਿਆਇ}ਵੀ ਇੱਕ ਤਰ੍ਹਾਂ ਦਾ ਯੱਗ ਹੈ, ਅਧਿਆਤਮ ਦਾ ਭਾਵ ਹੀ ਆਤਮਾ ਦਾ ਅਧਿਅਨ ਹੈ ਜੋ ਬੰਦੇ
ਨੂੰ ਅਲੌਕਿਕ ਅੱਖਾਂ ਦਾ ਹੱਕਦਾਰ ਬਣਾ ਦਿੰਦਾ ਹੈ ਤੇ ਉਸ ਵਿਰਾਟ ਦੇ ਦਰ ਤਕ ਲੈ ਜਾਂਦਾ ਹੈ | ਪਰ ਉਸ ਵਿਰਾਟ ਦੇ ਦਰਸ਼ਨ ਵੀ
ਅਰਜੁਨ ਨੂੰ ਡਰਾਉਂਦੇ ਹਨ , ਸ਼ਾਂਤੀ ਨਹੀ ਦਿੰਦੇ |ਉਹ ਪਹਿਲੋਂ ਵਾਲੀ ਅਵਸਥਾ ਵਿਚ ਪਰਤਣ ਲਈ ਕ੍ਰਿਸ਼ਣ ਮੂਹਰੇ ਮਿੰਨਤਾਂ ਕਰਦਾ
ਹੈ | ਨੀਤਸ਼ੇ ਦੀ ਗੱਲ ਸੱਚ ਲਗਦੀ ਹੈ ਅਸੀਂ ਸੱਚ ਨੂੰ ਪਿਆਰ ਤਾਂ ਕਰ ਸਕਦੇ ਹਾਂ-ਚਾਹ ਤਾਂ ਸਕਦੇ ਹਾਂ-ਪਰ ਉਸ ਨਾਲ ਹਮਬਿਸਤਰ ਨਹੀ ਹੋ ਸਕਦੇ |
ਕੀ ਕਾਰਣ ਹੈ ਕਿ ਉਹ ਵਿਰਾਟ ਰੂਪ ਅਰਜੁਨ ਨੂੰ ਭੈਭੀਤ ਕਰਦਾ ਹੈ |ਕਿਉਂਕਿ ਉੱਥੇ ਉਸ ਦੀ ਹਊਮੈ ਉਸਦਾ ਕਰਤਾਪਨ ਖੁਰ ਰਿਹਾ ਹੈ , ਇਸਲਈ ਵਿਨਾਸ਼ ਵਾਲਾ ਪੱਖ ਉਸਲਈ ਵਧੇਰੇ ਭਾਰੂ ਹੋ ਜਾਂਦਾ ਹੈ |ਅਸੀਂ ਭਾਵੇਂ ਅਰਜੁਨ ਦੀ ਅਵਸਥਾ ਤੋਂ ਵੀ ਕੋਹਾਂ ਦੂਰ ਹੀ ਹਾਂ ਪਰ ਡਰੇ ਹੋਏ ਇਸੇ ਦੀ ਸਂਭਾਵਨਾ ਤੋਂ ਹਾਂ | ਇਸ ਅਵਸਥਾ ਤੇ ਪਹੁੰਚ ਕੇ ਗੀਤਾ ਮਹਿਜ ਪਰਂਪਰਾ ਨਹੀ ਰਹਿ ਜਾਂਦੀ ਜਿਸ ਨੂੰ ਹਰ ਹੀਲੇ ਨਿਭਾਉਣਾ ਪੈਂਦਾ ਹੈ | ਕ੍ਰਿਸ਼ਣ ਕੋਈ ਫ਼ਤਵਾ ਨਹੀ ਦਿੰਦੇ, ਸਿਰਫ਼ ਇੰਨਾ ਹੀ ਕਹਿੰਦੇ ਹਨ:" ਇਸ ਗਿਆਨ ਤੇ ਚੰਗੀ ਤਰਾਂ ਵਿਚਾਰ ਕਰ ਤੇ ਫ਼ੇਰ ਜਿਵੇਂ ਤੂੰ ਚਾਹੁੰਦਾ ਹੈਂ ਉਵੇਂ ਕਰ |"ਉਹ ਚੌਣ ਦੀ ਆਜ਼ਾਦੀ ਦੇ ਅਰਜੁਨ ਦੇ ਹੱਕ ਚ ਦਖਲ ਅਂਦਾਜ਼ੀ ਨਹੀ ਕਰਦੇ | ਅਰਜੁਨ ਵੀ ਇਕਦਮ ਇਨਕਾਰ ਜਾਂ ਇਕਰਾਰ ਕੁਝ ਨਹੀ ਕਰਦਾ, ਬਸ ਮੌਨ ਹੈ | ਇਸੇ ਚੇਤਨਾ ਲਈ ਗੀਤਾ ਦਾ ਅਸਲ ਮੁੱਲ ਹੈ |



ਕ੍ਰਿਸ਼ਣ ਕਹਿੰਦੇ ਹਨ ਕਿ ਸ੍ਰਿਸ਼ਟੀ ਦੇ ਸ਼ੁਰੂ ਵਿਚ ਹੀ ਉਨ੍ਹਾ ਨੇ ਗੀਤਾ ਦਾ ਇਹ ਗਾਨ\ ਇਹ ਗਿਆਨ ਸੂਰਜ ਦੇ ਕੰਨ ਵਿਚ ਫ਼ੂਕ ਦਿਤਾ ਸੀ |ਸੋ ਭਗਵੱਤਾ ਦਾ ਇਹ ਗੀਤ ਕਾਇਨਾਤ ਦੇ ਮੁਢ ਤੋਂ ਹੀ ਇਸ ਦੇ ਕਣ-ਕਣ ਚ ਗੂਂਜ ਰਿਹਾ ਹੈ ਪਰ ਅਸੀਂ ਸੁਣਨ ਦੀ ਕਲਾ ਭੁੱਲ ਜਾਂਦੇ ਹਾਂ,ਇਸੇ ਲਈ ਬਾਰ-ਬਾਰ ਕ੍ਰਿਸ਼ਣ ਨੂੰ ਆਉਣਾ ਪੈਂਦਾ ਹੈ | ਭਗਵੱਤਾ ਦੇ ਇਸ ਗੀਤ ਨੂੰ ਸੁਣਨ ਲਈ ਕੋਈ ਅਵਤਾਰ ਦਰਕਾਰ ਨਹੀ , ਜੇ ਕਿਸੇ ਸ਼ੈਅ ਦੀ ਲੋੜ ਹੈ ਤਾਂ ਉਹ ਹੈ ਅਰਜੁਨੀ ਅਵਸਥਾ | ਇਹੋ ਇਸ ਗੀਤ ਦਾ ਸਭ ਤੋਂ ਖੂਬਸੂਰਤ ਪਹਿਲੂ ਹੈ: ਇਹ ਸਰੋਤਾ ਨੂੰ ਆਪਣੇ ਸਰੂਪ [ਭਾਵ ਪੁਸਤੁਕ ਰੂਪ]ਤੋਂ ਵੀ ਮੁਕਤ ਰਖਦਾ ਹੈ ਤੇ ਆਪਣੇ ਸਿਰਜਕ ਤੋਂ ਵੀ |

No comments:

Post a Comment