ਪਾਠ-1
ਮਨੁੱਖੀ ਖੋਜ-ਸਤਾਇਆ ਹੋਇਆ ਮਨ-ਪ੍ਰੰਪਰਾਗਤ
ਪਹੁੰਚ-ਮਾਨ-ਸਨਮਾਨ ਦਾ ਫੰਦਾ-ਇਨਸਾਨ ਤੇ
ਇਨਸਾਨੀਅਤ, ਹੋਂਦ ਦੀ ਲੜਾਈ-ਆਦਮੀ ਦਾ
ਬੁਨਿਆਦੀ ਸੁਭਾਅ-ਜੁੰਮੇਵਾਰੀ-ਸੱਚ-ਸਵੈ-ਰੂਪਾਂਤਰਨਊ
ਰਜਾ ਦੀ ਫਜ਼ੂਲ ਖਰਚੀ ਅਥਾਰਟੀ ਤੋਂ ਅਜ਼ਾਦੀ
ਆਦਮੀ ਆਪਣੇ ਆਪ ਤੋਂ ਉੱ”1 ਤੇ ਦੁਨਿਆਵੀ ਜ਼ਰੂਰਤਾਂ ਤੋਂ 'ਤਾਂਹ ਦੀ ਚੀਜ਼ : ਸਚ,
ਰਬ ਜਾਂ ਅਸਲੀਅਤ ਤੇ ਜਾਂ ਇਕ ਸਦੀਵੀ ਹਾਲਤ ਨੂੰ ਯੁਗਾਂ ਯੁਗਾਂ ਤੋਂ ਭਾਲਦਾ ਆ ਰਿਹਾ
ਹੈ, ਜਿਸ ਦਾ ਇਨਸਾਨੀ ਬਦਕਾਰੀ, ਵਿਚਾਰ ਜਾਂ ਮਾੜੇ ਹਾਲਾਤ ਕੁਝ ਵੀ ਨਾ ਵਿਗਾੜ
ਸਕਣ।
ਆਦਮੀ, ਆਪਣੇ ਚਾਰੇ ਬੰਨੇ ਵਹਿਸ਼ੀਪੁਣੇ, ਬਗਾਵਤਾਂ, ਯੁਧਾਂ, ਧਰਮਾਂ, ਤੇ
ਵਿਚਾਰਧਾਰਾਵਾਂ ਦੇ ਭੇਦਾਂ ਅਤੇ ਕੌਮਾਂ ਦੇ ਝਗੜਿਆਂ ਨੂੰ ਦੇਖ ਕੇ ਪੁਛਦਾ ਹੈ ਕਿ ਇਹ ਸਭ ਕੀ
ਹੈ? ਜੀਵਨ ਇਕ ਸਦੀਵੀਂ ਮਾਯੂਸੀ ਨਾਲ ਭਰ ਗਿਆ ਹੈ ਤੇ ਭਾਰੀ ਉਲਝਣ ਬਣ ਗਿਆ ਹੈ।
ਅਜਿਹੀ ਹਾਲਤ ਵਿਚ ਉਹ ਕੀ ਕਰੇ? ਕਿਆ ਜੀਨਾ ਇਸੀ ਕਾ ਨਾਮ ਹੈ? ਕਿ ਇਸ ਤੋਂ ਪਰੇ
ਵੀ ਕੋਈ ਚੀਜ਼ ਹੈ?
ਹਜਾਰਾਂ ਨਾਵਾਂ ਵਾਲੀ ਉਹ ਨਾਮ ਰਹਿਤ ਵਸਤੂ ਜਦ ਲਗਾਤਾਰ ਲੱਭਣ ਤੇ ਵੀ ਨਹੀਂ
ਮਿਲਦੀ ਤਾਂ ਆਦਮੀ ਕਿਸੇ ਗੁਰੂ ਜਾਂ ਕਿਸੇ ਆਦਰਸ਼ ਵਿੱਚ ਨਿਸ਼ਠਾ ਪੈਦਾ ਕਰ ਲੈਂਦਾ ਹੈ ਤੇ
ਨਿਸ਼ਠਾ ਹੀ ਸਾਰੀ ਹਿੰਸਾ ਦੀ ਜੜ ਹੈ।
ਜੀਵਨ ਰੂਪੀ ਨਿਰੰਤਰ ਘੋਲ 'ਚ, ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹੁੰਦੇ ਹਾਂ ਭਾਵੇਂ
ਕਮਿਉਨਿਸਟ ਸਮਾਜ ਹੋਵੇ ਜਾਂ ਅਖਾਉਤੀ ਅਜ਼ਾਦ ਸਮਾਜ, ਉਸ ਸਮਾਜ ਮੁਤਾਬਿਕ ਆਚਰਨ
ਦੇ ਨੇਮ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੇ ਵਰਤਾਅ ਦੇ ਮਾਪਦੰਡ ਨੂੰ ਆਪਣੀ
ਪ੍ਰੰਪਰਾ ਦਾ ਹਿੱਸਾ ਸਵੀਕਾਰ ਕਰਦੇ ਹਾਂ। ਉਹ ਪ੍ਰੰਪਰਾ ਹਿੰਦੂ, ਮੁਸਲਿਮ, ਇਸਾਈ ਜਾਂ ਕੋਈ ਹੋਰ
ਹੋ ਸਕਦੀ ਹੈ। ਆਪਣੇ ਵਰਤਾਓ ਜਾਂ ਵਿਚਾਰ ਦੇ ਠੀਕ ਜਾਂ ਗਲਤ ਹੋਣ ਬਾਰੇ ਜਾਣਨ ਲਈ
ਅਸੀਂ ਕਿਸੇ ਦੂਜੇ ਵੱਲ ਦੇਖਦੇ ਹਾਂ। ਇਸ ਪੱਧਤੀ ਤੇ ਚੱਲਣ ਨਾਲ ਸਾਡਾ ਵਿਵਹਾਰ ਤੇ ਸੋਚ
ਯਾਂਤਰਿਕ ਅਤੇ ਪ੍ਰਤਿਕਿਰਿਆ ਮਸ਼ੀਨੀ ਹੋ ਜਾਂਦੀ ਹੈ। ਅਸੀਂ ਇਹ ਆਪਣੇ ਅੰਦਰ ਬੜੀ
ਆਸਾਨੀ ਨਾਲ ਦੇਖ ਸਕਦੇ ਹਾਂ।
ਸਦੀਆਂ ਤੋਂ ਜੋ ਕੁਝ ਸਾਡੇ ਗੁਰੂਆਂ ਨੇ, ਪੀਰਾਂ ਨੇ, ਧਾਰਮਿਕ ਅਧਿਕਾਰੀਆਂ ਨੇ,
੭ / ਜਾਣੇ ਹੋਏ ਤੋਂ ਆਜ਼ਾਦੀ
ਸੰਤਾਂ ਨੇ, ਸਾਡੇ ਗ੍ਰੰਥਾਂ ਨੇ ਦੱਸਿਆ ਹੈ, ਅਸੀਂ ਦੁੱਧ ਚੁਂਘਦੇ ਬੱਚੇ ਵਾਂਗ ਮੰਨ ਲਿਆ ਹੈ।
ਅਸੀਂ ਉਹਨਾਂ ਨੂੰ ਪੁਛਦੇ ਹਾਂ ਕਿ ਸਾਨੂੰ ਦਸੋ ਅਸਮਾਨ ਤੇ ਜਮੀਨ ਤੋਂ ਪਰੇ ਕੀ ਹੈ ਅਤੇ ਅਸੀਂ
ਉਹਨਾਂ ਦੇ ਵਰਣਨ ਤੋਂ ਸੰਤੁਸ਼ਟ ਹੋ ਜਾਂਦੇ ਹਾਂ। ਇਸ ਤੋਂ ਸਿੱਧ ਹੁੰਦਾ ਹੈ ਕਿ ਅਸੀਂ ਕੇਵਲ
ਗੱਲਾਂ ਨਾਲ ਜਿਊਂਦੇ ਹਾਂ ਉਂਜ ਸਾਡੀ ਜ਼ਿੰਦਗੀ ਖਾਲੀ ਤੇ ਫ਼ੋਕੀ ਹੈ। ਅਸੀਂ ਨਕਲਚੇ ਲੋਕ
ਹਾਂ। ਜੋ ਸਾਨੂੰ ਦੱਸਿਆ ਜਾਂਦਾ ਹੈ ਉਸ ਮੁਤਾਬਿਕ ਜਾਂ ਆਪਣੇ ਰੁਝਾਨਾਂ ਮੁਤਾਬਿਕ, ਜਾਂ
ਹਾਲਾਤ ਨੂੰ ਸਵੀਕਾਰ ਕਰਦੇ ਹੋਏ ਹੀ ਜਿਊਂਦੇ ਹਾਂ। ਅਸੀਂ ਬਹੁਤ ਸਾਰੇ ਪਰਭਾਵਾਂ ਦਾ
ਨਤੀਜਾ ਹਾਂ ਅਤੇ ਸਾਡੇ ਵਿਚ ਕੁਝ ਵੀ ਨਵਾਂ ਨਹੀਂ ਹੈ। ਕੁਝ ਵੀ ਸਾਡੀ ਆਪਣੀ ਲੱਭਤ ਜਾਂ
ਪ੍ਰਾਪਤੀ ਨਹੀਂ ਹੈ। ਕੁਝ ਵੀ ਅਸਲ, ਮੌਲਿਕ ਤੇ ਸਾਫ ਨਹੀਂ ਹੈ।
ਧਾਰਮਿਕ ਆਗੂਆਂ ਨੇ ਹਮੇਸ਼ਾ ਤੋਂ ਸਾਨੂੰ ਯਕੀਨ ਦੁਆਇਆ ਹੈ ਕਿ ਜੇ ਅਸੀਂ ਕੁਝ
ਖਾਸ ਕਰਮ ਕਾਂਡਾਂ ਨੂੰ ਪੂਰਾ ਕਰੀਏ ਜਾਂ ਕੁਝ ਅਰਦਾਸਾਂ ਜਾਂ ਮੰਤਰਾਂ ਨੂੰ ਦੁਹਰਾਈਏ, ਕੁਝ ਖਾਸ
ਨਕਸ਼ੇ ਕਦਮਾਂ ਤੇ ਚਲੀਏ, ਆਪਣੀਆਂ ਕੁਦਰਤੀ ਇਛਾਵਾਂ ਦਾ ਦਮਨ ਕਰੀਏ, ਵਿਚਾਰਾਂ
'ਤੇ ਕੰਟਰੋਲ ਰਖੀਏ, ਆਪਣੀਆਂ ਵਾਸਨਾਵਾਂ ਨੂੰ ਠੀਕ ਦਿਸ਼ਾ ਵਲ ਮੋੜੀਏ, ਆਪਣੀ ਭੁੱਖ ਨੂੰ
ਘੱਟ ਕਰੀਏ ਜਾਂ ਆਪਣੇ ਯੋਨ ਆਚਾਰ ਤੋਂ ਬਚ ਕੇ, ਸਰੀਰ ਤੇ ਮਨ ਨੂੰ ਤਪਸਿਆ ਦੇ ਰੂਪ
ਵਿਚ ਕਾਫੀ ਤਕਲੀਫ ਦੇ ਕੇ ਇਸ ਮਾਮੂਲੀ ਜੀਵਨ ਦੇ ਪਾਰ ਦੀ ਕੁਝ ਪ੍ਰਾਪਤੀ ਕਰ ਸਕਦੇ ਹਾਂ।
ਅਤੇ ਯੁਗਾਂ-ਯੁਗਾਂ ਤੋਂ ਲੱਖਾਂ ਅਖੌਤੀ ਧਾਰਮਿਕ ਲੋਕਾਂ ਨੇ ਇਹੋ ਕੀਤਾ ਹੈ। ਕਿਸੇ ਰੇਗਿਸਤਾਨ,
ਪਹਾੜ, ਗੁਫਾ ਜਾਂ ਕਿਸੇ ਹੋਰ ਉਜਾੜ ਵਿਚ ਇੱਕਲੇ ਰਹਿ ਕੇ ਜਾਂ ਕਾਸਾ ਫੜ ਕੇ ਪਿੰਡ-ਪਿੰਡ
ਇੱਕਲੇ ਭਟਕ ਕੇ ਜਾਂ ਕਿਸੇ ਮਠ ਵਿੱਚ ਸ਼ਾਮਲ ਹੋ ਕੇ, ਇਕ ਘਸੀ-ਪਿਟੀ ਲੀਕ ਤੇ ਚਲਨ
ਲਈ ਮਨ ਨੂੰ ਮਜਬੂਰ ਕੀਤਾ ਹੋਇਆ ਹੈ, ਦੁਖੀ ਕੀਤਾ ਹੋਇਆ ਹੈ। ਪਰ ਇਹ ਮਜਬੂਰ,
ਸਤਾਇਆ ਤੇ ਟੁੱਟਾ ਹੋਇਆ ਮਨ ਜੋ ਹਰ ਤਰ•ਾਂ ਦੇ ਕਲਹ ਕਲੇਸ਼ਾਂ ਤੋਂ ਪਲਾਇਨ ਕਰਨਾ
ਚਾਹੁੰਦਾ ਹੈ, ਜਿਸ ਮਨ ਨੇ ਬਾਹਰੀ ਸੰਸਾਰ ਨੂੰ ਨਕਾਰ ਦਿਤਾ ਹੈ ਅਤੇ ਅਨੁਸਾਸ਼ਨ ਅਤੇ
ਨਿਯਮ ਬੱਧਤਾ ਨਾਲ ਮੰਦ ਮੂੜ• ਤੇ ਜੜ ਹੋ ਗਿਆ ਹੈ, ਉਹ ਮਨ ਜਿਨਾਂ ਚਿਰ ਮਰਜੀ ਖੋਜ
ਵਿਚ ਲਗਿਆ ਰਹੇ, ਇਹ ਜੋ ਕੁਝ ਵੀ ਪਾਏਗਾ ਉਸ ਦੇ ਵਿਕਾਰਾਂ ਜਾਂ ਤੋੜ ਮਰੋੜ ਦਾ ਹੀ
ਨਤੀਜਾ ਹੋਵੇਗਾ।
ਮੈਨੂੰ ਲਗਦਾ ਹੈ ਕਿ ਇਹ ਖੋਜ ਕਰਨ ਲਈ ਕਿ ਇਸ ਚਿੰਤਾਗ੍ਰਸਤ, ਦੋਸ਼ੀ, ਡਰੇ ਹੋਏ,
ਹੋੜ ਦੇ ਮਾਰੇ ਵਜੂਦ ਤੋਂ ਇਲਾਵਾ ਵੀ ਕੁਝ ਹੈ ਜਾਂ ਨਹੀਂ ਹੈ, ਇਨਸਾਨ ਕੋਲ ਮੂਲੋਂ ਹੀ ਅਲੱਗ
ਕਿਸਮ ਦੀ ਪਹੁੰਚ ਹੋਣੀ ਚਾਹੀਦੀ ਹੈ। ਰਵਾਇਤੀ ਪਹੁੰਚ ਤਾਂ ਬਾਹਰੋਂ ਅੰਦਰ ਵੱਲ ਨੂੰ ਚਲਦੀ
ਹੈ। ਸਾਧਨਾ ਕਰ ਕਰ ਕੇ, ਤਿਆਗ ਕਰ ਕੇ, ਵਕਤ ਦੇ ਦੇ ਕੇ, ਹੌਲੀ-ਹੌਲੀ ਅੰਦਰਲੇ ਫੁਲ
ਤੱਕ ਪਹੁੰਚਣਾ ਹੈ, ਅੰਦਰਲੇ ਪ੍ਰੇਮ, ਅੰਦਰਲੀ ਸੁੰਦਰਤਾ ਤੱਕ ਪਹੁੰਚਣਾ ਹੈ। ਸੋ ਪ੍ਰੰਪਰਾਗਤ
ਤਰੀਕੇ ਦਾ ਅਰਥ ਹੈ ਆਪਣੇ ਆਪ ਨੂੰ ਸੁੰਗਾੜਦੇ ਜਾਣਾ, ਛੋਟਾ ਤੇ ਤੁੱਛ ਬਣਾਉਣ ਦੀ ਹਰ
ਸੰਭਵ ਕੋਸ਼ਿਸ਼ ਕਰਨੀ ਹੈ। ਹੌਲੀ-ਹੌਲੀ ਪਰਤ ਦਰ ਪਰਤ ਉਧੇੜਦੇ ਜਾਣਾ ਹੈ। ਵਕਤ ਗਵਾਉਣਾ,
ਅੱਜ ਨਹੀਂ ਤੇ ਕਲ, ਕਲ ਨਹੀਂ ਤੇ ਅਗਲਾ ਜਨਮ ਹੀ ਸਹੀ। ਇਸ ਤਰਾਂ ਜਦ ਆਖੀਰ
ਆਦਮੀ ਕੇਂਦਰ ਤੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਓਥੇ ਤੇ ਕੁਝ ਵੀ ਨਹੀਂ ਕਿਉਂ ਕਿ ਉਸ
੮ / ਜਾਣੇ ਹੋਏ ਤੋਂ ਆਜ਼ਾਦੀ
ਹੁਣ ਅਸੀਂ ਇਸ ਸੁਆਲ ਦੀ ਛਾਣਬੀਨ ਕਰਾਂਗੇ ਕਿ ਚਿੰਤਨ ਕੀ ਹੈ—ਚਿੰਤਨ
ਜਿਸਦੀ ਰੋਜ਼ਾਨਾ ਜੀਵਨ 'ਚ ਸਾਵਧਾਨੀ ਨਾਲ, ਤਰਕਪੂਰਨ ਤੇ ਸੂਝ-ਬੂਝ ਨਾਲ ਕੀਤੇ
ਜਾਣ ਦੀ ਲੋੜ ਹੈ ਅਤੇ ਉਹ ਚਿੰਤਨ ਜੋ ਬਿਲਕੁਲ ਬੇਲੋੜਾ ਹੈ, ਜਿਸਦਾ ਕੋਈ ਮਹੱਤਵ
ਨਹੀਂ ਹੈ। ਜਦ ਤੱਕ ਸਾਨੂੰ ਵਿਚਾਰ ਦੇ ਇਹਨਾਂ ਦੋਹਾਂ ਰੂਪਾਂ ਦੀ ਸਮਝ ਨਹੀਂ ਆ ਜਾਂਦੀ,
ਉਨ•ਾਂ ਚਿਰ ਸ਼ਾਇਦ ਅਸੀਂ ਉਸ ਸ਼ੈਅ ਨੂੰ ਨਹੀਂ ਸਮਝ ਸਕਦੇ ਜੋ ਇਸ ਨਾਲੋਂ ਕਿਤੇ ਗੂੜ ਤੇ
ਸੂਖਮ ਹੈ ਅਤੇ ਜਿਸ ਨੂੰ ਵਿਚਾਰ ਛੂ ਤੱਕ ਨਹੀਂ ਸਕਦਾ। ਚਿੰਤਨ ਕੀ ਹੈ? ਯਾਦ ਕੀ ਹੈ?
ਵਿਚਾਰ ਕਿਵੇਂ ਉਤਪੰਨ ਹੁੰਦਾ ਹੈ? ਵਿਚਾਰ ਕਿਵੇਂ ਸਾਡੇ ਕਰਮਾਂ ਨੂੰ ਸੰਸਕਾਰਬੱਧ ਕਰ ਦਿੰਦਾ
ਹੈ। ਇਸ ਪੂਰੇ ਦੇ ਪੂਰੇ ਮੁੱਦੇ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਸਭ ਨੂੰ ਸਮਝਦੇ
ਹੋਏ ਹੀ ਸ਼ਾਇਦ ਸਾਡਾ ਉਸ ਚੀਜ ਨਾਲ ਮਿਲਾਪ ਹੋ ਜਾਏ ਜੋ ਵਿਚਾਰ ਦੀ ਪਹੁੰਚ ਤੋਂ ਪਰੇ
ਹੈ ਤੇ ਵਿਚਾਰ ਜਿਸਦਾ ਦੁਆਰ ਕਦੀ ਨਹੀਂ ਬਣ ਸਕਦਾ।
ਸਾਡੇ ਲਈ ਜੀਵਨ ਭਰ ਵਿਚਾਰ ਕਰਨਾ ਮਹੱਤਵਪੂਰਨ ਕਿਉਂ ਬਣਿਆ ਰਹਿੰਦਾ ਹੈ?
ਵਿਚਾਰ ਯਾਨੀ ਧਾਰਨਾ ਅਤੇ ਮਤ ਜੋ ਦਿਮਾਗ ਦੀ ਕੋਸ਼ਕਾਵਾਂ ਵਿੱਚ ਜਮਾਂ ਹੋਈ ਯਾਦ ਦੀ
ਪ੍ਰਤਿਕਿਰਿਆ ਹੈ। ਸਾਡੇ ਚੋਂ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਸ਼ਾਇਦ ਇਹ ਸਵਾਲ ਕਦੀ
ਉਠਿਆ ਵੀ ਨਾ ਹੋਵੇਗਾ ਅਤੇ ਜੇ ਉੱ3a11 ਵੀ ਹੋਏਗਾ ਤਾਂ ਅਸੀਂ ਕਿਹਾ ਹੋਵੇਗਾ “ਇਸ ਦਾ
ਮਹੱਤਵ ਹੀ ਕੀ ਹੈ? ਮਹੱਤਵ ਤੇ ਭਾਵਨਾ ਦਾ ਹੈ।” ਪਰ ਅਸੀਂ ਇਹਨਾਂ ਦੋਹਾਂ ਨੂੰ ਵੱਖ ਕਿੱਦਾਂ
ਕਰ ਸਕਦੇ ਹਾਂ? ਜੇ ਵਿਚਾਰ ਭਾਵਨਾ ਨੂੰ ਗਤੀ ਨਾ ਦੇਵੇ ਤਾਂ ਭਾਵਨਾ ਝਟ ਖਤਮ ਹੋ ਜਾਂਦੀ ਹੈ।
ਸਾਡੇ ਰੋਜ਼ਾਨਾ ਜੀਵਨ ਵਿਚ ਇਸ ਡਰ, ਬੋਰੀਅਤ ਤੇ ਸੰਘਰਸ਼ਾਂ ਮਾਰੇ ਜੀਵਨ ਵਿਚ ਵਿਚਾਰ
ਇੰਨਾਂ ਮਹੱਤਵਪੂਰਨ ਕਿਉਂ ਬਣ ਗਿਆ ਹੈ? ਇਹ ਤੁਸੀਂ ਆਪਣੇ ਆਪ ਤੋਂ ਪੁੱਛੋ ਜਿਵੇਂ ਮੈਂ
ਆਪਣੇ ਆਪ ਤੋਂ ਪੁੱਛ ਰਿਹਾ ਹਾਂ। ਮੱਕਾਰ ਤੇ ਚਲਾਕ ਵਿਚਾਰ ਜਿਸ ਵਿਚ ਸੰਗਠਿਤ ਕਰਨ
ਦੀ ਕਾਬਲੀਅਤ ਹੈ, ਜੋ ਨਿਤ ਨਵੀਆਂ-ਨਵੀਆਂ ਚੀਜ਼ਾਂ ਨੂੰ ਸ਼ੁਰੂ ਕਰ ਸਕਦਾ ਹੈ, ਜੋ ਇੰਨਾ
ਕੁਝ ਖੋਜ ਲੈਂਦਾ ਹੈ, ਇੰਨੇ ਯੁੱਧਾਂ ਨੂੰ ਜਨਮ ਦਿੰਦਾ ਹੈ, ਇੰਨਾ ਡਰ, ਚਿੰਤਾ ਤੇ ਗੜਬੜਾਂ ਪੈਦਾ
ਕਰਦਾ ਹੈ, ਜੋ ਹਮੇਸ਼ਾ ਖਿਆਲੀ ਮੂਰਤੀਆਂ ਘੜਦਾ ਹੈ ਅਤੇ ਆਪਣੀ ਹੀ ਪੂਛ ਦਾ ਪਿੱਛਾ
੯੨ / ਜਾਣੇ ਹੋਏ ਤੋਂ ਆਜ਼ਾਦੀ
ਕਰਦਾ ਹੈ—ਵਿਚਾਰ ਜਿਸਨੇ ਕੱਲ ਦਾ ਅਨੰਦ ਮਾਣਿਆ ਹੈ ਜੋ ਉਸ ਅਨੰਦ ਨੂੰ ਵਰਤਮਾਨ
ਤੇ ਭਵਿੱਖ ਵਿਚ ਵੀ ਗਤੀ ਦਿੰਦਾ ਹੈ, ਵਿਚਾਰ ਜੋ ਹਮੇਸ਼ਾ ਕਿਰਿਆਸ਼ੀਲ ਹੈ, ਜੋ ਬੜਬੜਾ
ਰਿਹਾ ਹੈ, ਜੋ ਗਤੀਸ਼ੀਲ ਹੈ, ਜੋੜ-ਤੋੜ ਕਰ ਰਿਹਾ ਹੈ ਤੇ ਅਨੁਮਾਨ ਤੇ ਕਲਪਨਾ ਕਰ ਰਿਹਾ
ਹੈ, ਉਸ ਦੇ ਅਸੀਂ ਗੁਲਾਮ ਕਿਉਂ ਹਾਂ?
ਸਾਡੇ ਲਈ ਵਿਚਾਰ ਕਰਮ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ। ਵਿਚਾਰ
ਜੋ ਹਰ ਖੇਤਰ ਦੇ ਬੁੱਧੀਜੀਵੀਆਂ ਨੇ ਇਨ•ੀਂ ਹੁਸ਼ਿਆਰੀ ਨਾਲ ਕਿਤਾਬਾਂ ਵਿਚ ਪ੍ਰਗਟਾਏ ਹਨ।
ਵਿਚਾਰ ਜਿੰਨੇ ਜ਼ਿਆਦਾ ਸੂਖਮ ਤੇ ਮੱਕਾਰ ਹੁੰਦੇ ਹਨ, ਉਨੀਂ ਹੀ ਅਸੀਂ ਉਨ•ਾਂ ਦੀ ਤੇ ਉਨ•ਾਂ
ਨਾਲ ਸਬੰਧਿਤ ਪੁਸਤਕਾਂ ਦੀ ਪੂਜਾ ਕਰਦੇ ਹਾਂ। ਵਿਚਾਰਾਂ ਅਤੇ ਪੁਸਤਕਾਂ ਨੇ ਸਾਡੇ ਤੇ ਇਨ•ੀਂ
ਬੁਰੀ ਤਰਾਂ ਪ੍ਰਭਾਵ ਪਾਇਆ ਹੈ ਕਿ ਅਸੀਂ ਮਾਨਸਿਕ ਤੌਰ ਤੇ ਖੁਦ ਹੀ ਵਿਚਾਰ ਤੇ ਕਿਤਾਬਾਂ
ਬਣ ਚੁੱਕੇ ਹਾਂ। ਚਾਰੇ ਪਾਸੇ ਲੋਕ ਵੱਖ-ਵੱਖ ਵਿਚਾਰਾਂ ਤੇ ਆਦਰਸ਼ਾਂ ਦੀ ਚਰਚਾ ਕਰ ਰਹੇ ਹਨ
ਅਤੇ ਆਪਣਾ-ਆਪਣਾ ਤਰਕ ਦੇ ਰਹੇ ਹਨ। ਹਰੇਕ ਧਰਮ ਦਾ ਆਪਣਾ-ਆਪਣਾ ਮਤ ਤੇ
ਫਾਰਮੂਲਾ ਹੈ ਅਤੇ ਰੱਬ ਤੱਕ ਪਹੁੰਚਣ ਲਈ ਉਨ•ਾਂ ਆਪਣੀ-ਆਪਣੀ ਪੌੜੀ ਬਣਾਈ ਹੋਈ
ਹੈ। ਜਦੋਂ ਅਸੀਂ ਵਿਚਾਰ ਦੇ ਮੂਲ 'ਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਅਸੀਂ ਆਦਮੀ
ਦੇ ਬਣਾਏ ਵਿਚਾਰਾਂ ਦੇ ਇਸ ਪੂਰੇ ਮਹਿਲ ਦੇ ਮਹੱਤਵ 'ਤੇ ਕਿੰਤੂ ਕਰ ਰਹੇ ਹਾਂ। ਅਸੀਂ
ਜਾਣਬੁਝ ਕੇ ਵਿਚਾਰ ਨੂੰ ਕਰਮ ਤੋਂ ਅਲੱਗ ਰੱਖ ਰਹੇ ਹਾਂ ਕਿਉਂਕਿ ਵਿਚਾਰ ਹਮੇਸ਼ਾ ਅਤੀਤ
ਨਾਲ ਜੁੜਿਆ ਹੁੰਦਾ ਹੈ ਜਦ ਕਿ ਕਰਮ, ਐਕਸ਼ਨ ਵਰਤਮਾਨ ਹੈ। ਅਰਥਾਤ ਜਿਊਣਾ
ਵਰਤਮਾਨ ਵਿਚ ਹੋਣਾ ਹੈ, ਕਿਉਂਕਿ ਅਸੀਂ ਜਿਊਣ ਤੋਂ ਡਰਦੇ ਹਾਂ ਇਸ ਕਰਕੇ ਵਿਚਾਰ ਦੇ
ਰੂਪ ਵਿਚ ਅਤੀਤ ਸਾਡੇ ਲਈ ਇੰਨਾ ਮਹੱਤਵਪੂਰਨ ਹੋ ਗਿਆ ਹੈ।
ਆਪਣੇ ਹੀ ਮਨ ਵਿਚ ਉਠਦੇ ਵਿਚਾਰਾਂ ਨੂੰ ਦੇਖਣਾ ਸੱਚਮੁਚ ਕਿਨਾਂ ਰੋਚਕ ਤੇ
ਮਜ਼ੇਦਾਰ ਹੈ। ਕਿੱਦਾਂ ਕੋਈ ਸੋਚਦਾ ਹੈ, ਇਸ ਦਾ ਨਿਰੀਖਣ ਕਰਨਾ, ਉਹ ਪ੍ਰਤਿਕਿਰਿਆ
ਜਿਸ ਨੂੰ ਵਿਚਾਰ ਕਿਹਾ ਜਾਂਦਾ ਹੈ ਕਿਥੋਂ ਨਿਕਲਦੀ ਹੈ ਤੇ ਪ੍ਰਗਟ ਹੁੰਦੀ ਹੈ, ਸਾਫ ਹੈ ਕਿ
ਯਾਦਦਾਸ਼ਤ ਵਿਚੋਂ। ਕੀ ਵਿਚਾਰ ਦੀ ਕੋਈ ਸ਼ੁਰੂਆਤ ਵੀ ਹੈ? ਜੇ ਹੁੰਦੀ ਹੈ ਤੇ ਕੀ ਅਸੀਂ
ਉਸ ਨੂੰ ਫੜ ਸਕਦੇ ਹਾਂ? ਕਿਉਂਕਿ ਓਥੋਂ ਹੀ ਯਾਦਦਾਸ਼ਤ ਦੀ ਗਤੀਵਿਧੀ ਸ਼ੁਰੂ ਹੁੰਦੀ ਹੈ। ਜੇ
ਸਾਡੇ ਕੋਲ ਯਾਦਦਾਸ਼ਤ ਹੀ ਨਾ ਹੋਵੇ ਤਾਂ ਵਿਚਾਰ ਕਿਥੋਂ ਆਏਗਾ?
ਅਸੀਂ ਦੇਖ ਲਿਆ ਹੈ ਕਿ ਕੱਲ ਜੋ ਅਸੀਂ ਸੁੱਖ ਭੋਗਿਆ ਹੈ ਉਸ ਨੂੰ ਵਿਚਾਰ ਕਿਵੇਂ
ਕਾਇਮ ਰੱਖਦਾ ਹੈ? ਸੁਖ ਦੇ ਵਿਪਰੀਤ ਇਹ ਡਰ ਨੂੰ ਵੀ ਕਾਇਮ ਰਖਦਾ ਹੈ। ਇਸ ਤਰ•ਾਂ
ਅਨੁਭਵਕਰਤਾ ਜੋ ਵਿਚਾਰ ਕਰਨ ਵਾਲਾ ਹੈ ਆਪ ਹੀ ਦੁਖ ਤੇ ਆਪ ਹੀ ਸੁਖ ਹੈ। ਅਤੇ
ਆਪ ਹੀ ਉਹ ਦੁਖ-ਸੁਖ ਨੂੰ ਜਨਮ ਦੇਣ ਤੇ ਪਾਲਣ ਵਾਲਾ ਹੈ। ਪਰ ਵਿਚਾਰ ਕਰਨ ਵਾਲਾ,
ਆਪਣੇ ਆਪ ਨੂੰ ਦੁਖ-ਸੁਖ ਤੋਂ ਅਲਗ ਕਰ ਲੈਂਦਾ ਹੈ। ਉਹ ਇਹ ਨਹੀਂ ਦੇਖਦਾ ਕਿ ਸੁਖ
ਦੀ ਖਾਹਿਸ਼ ਤੇ ਮੰਗ ਕਾਰਣ ਹੀ ਉਹ ਦੁਖ ਤੇ ਡਰ ਨੂੰ ਸੱਦਾ ਦੇ ਰਿਹਾ ਹੈ। ਮਨੁੱਖ ਦੇ ਆਪਸੀ
ਸਬੰਧਾਂ ਵਿਚ ਵਿਚਾਰ ਹਮੇਸ਼ਾਂ ਸੁਖ ਦੀ ਮੰਗ ਕਰਦਾ ਹੈ। ਪਰ ਸੁਖ ਦੀ ਮੰਗ ਨੂੰ ਲੁਕਾਉਣ
ਲਈ ਕੁਝ ਲੁਭਾਵੇਂ ਸ਼ਬਦ ਘੜ ਲਏ ਹਨ ਜਿਵੇਂ ਵਫਾ, ਦਾਨ ਕਰਨਾ, ਸਹਾਰਾ ਦੇਣਾ,
੯੩ / ਜਾਣੇ ਹੋਏ ਤੋਂ ਆਜ਼ਾਦੀ
ਸਹਾਇਤਾ ਤੇ ਸੇਵਾ ਕਰਨਾ। ਮੈਂ ਹੈਰਾਨ ਹਾਂ ਕਿ ਅਸੀਂ ਸੇਵਾ ਕਰਨ ਲਈ ਕਿਉਂ ਹਮੇਸ਼ਾ
ਤੁੱਲੇ ਰਹਿੰਦੇ ਹਾਂ। ਪੈਟ੍ਰੋਲ ਪੰਪ ਸਟੇਸ਼ਨ ਬੜੀ ਚੰਗੀ ਸੇਵਾ ਦਿੰਦਾ ਹੈ। ਆਖਿਰ ਇਨ•ਾਂ
ਸ਼ਬਦਾਂ ਦਾ ਕੀ ਅਰਥ ਹੈ: ਦੇਣਾ, ਸਹਾਇਤਾ ਕਰਨਾ, ਸੇਵਾ ਕਰਨਾ? ਆਖਿਰ ਇਹ ਸੇਵਾ
ਕਰਨਾ, ਕਿਉਂ, ਕਿਸ ਲਈ? ਰੰਗ, ਸੁੰਦਰਤਾ ਤੇ ਖੁਸ਼ਬੂ ਨਾਲ ਭਰਿਆ ਫੁਲ ਕੀ ਕਦੀ
ਕਹਿੰਦਾ ਹੈ ਕਿ ਮੈਂ ਵੰਡ ਰਿਹਾ ਹਾਂ, ਸਹਾਇਤਾ ਕਰ ਰਿਹਾ ਹਾਂ, ਸੇਵਾ ਕਰ ਰਿਹਾ ਹਾਂ। ਫੁਲ ਤਾਂ
ਸਿਰਫ ਹੈ ਅਤੇ ਕਿਉਂਕਿ ਇਹ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਇਸ ਲਈ ਇਹ
ਪੂਰੀ ਧਰਤੀ ਨੂੰ ਮਹਿਕਾ ਰਿਹਾ ਹੈ।
ਵਿਚਾਰ ਇਨ•ਾਂ ਮੱਕਾਰ ਤੇ ਚੱਲਾਕ ਹੈ ਕਿ ਇਹ ਆਪਣੀ ਸੁਵਿਧਾ ਮੁਤਾਬਿਕ ਹਰ
ਚੀਜ਼ ਨੂੰ ਤੋੜ-ਮਰੋੜ ਲੈਂਦਾ ਹੈ। ਵਿਚਾਰ, ਸੁਖ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਆਪਣੇ
ਲਈ ਸਿਰਫ ਬੰਧਣ ਤੇ ਗੁਲਾਮੀ ਹੀ ਪੈਦਾ ਕਰਦਾ ਹੈ। ਸਾਡੇ ਆਪਸੀ ਸਬੰਧਾਂ ਵਿਚ ਵਿਚਾਰ
ਦੇ ਕਾਰਣ ਹੀ ਦ੍ਵੈਤ ਪੈਦਾ ਹੁੰਦੀ ਹੈ। ਸਾਡੇ ਸਾਰਿਆਂ ਅੰਦਰ ਹਿੰਸਾ ਮੌਜੂਦ ਹੈ ਜੋ ਇਕ ਤਰ•ਾਂ
ਨਾਲ ਸਾਨੂੰ ਸੁੱਖ ਦਿੰਦੀ ਹੈ। ਪਰ ਸਾਡੇ ਅੰਦਰ ਸ਼ਾਂਤੀ ਦੀ ਵੀ ਇੱਛਾ ਹੈ, ਦਿਆਲੂ ਤੇ ਭਲੇ
ਹੋਣ ਦੀ ਵੀ ਇੱਛਾ ਹੈ। ਸਾਡੀ ਜ਼ਿੰਦਗੀ ਵਿੱਚ ਇਹੋ ਕੁਝ ਹੁੰਦਾ ਰਹਿੰਦਾ ਹੈ ਵਿਚਾਰ ਸਾਡੇ
ਅੰਦਰ ਇਹ ਦ੍ਵੰਦ ਹੀ ਪੈਦਾ ਨਹੀਂ ਕਰਦੇ, ਇਹ ਆਪਾ-ਵਿਰੋਧ ਹੀ ਪੈਦਾ ਨਹੀਂ ਕਰਦੇ, ਸਗੋਂ
ਬੇਹਿਸਾਬ ਸੁਖਾਂ-ਦੁਖਾਂ ਦੀਆਂ ਯਾਦਾਂ ਵੀ ਇੱਕਠੀਆਂ ਕਰਦੇ ਹਨ। ਅਤੇ ਇਨ•ਾਂ ਯਾਦਾਂ 'ਚੋਂ
ਹੀ ਇਹ ਮੁੜ-ਮੁੜ ਜਮਦਾ ਹੈ। ਸੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਵਿਚਾਰ ਹਮੇਸ਼ਾ
ਅਤੀਤ ਹੁੰਦੇ ਹਨ ਪੁਰਾਣੇ ਹੁੰਦੇ ਹਨ।
ਹਰ ਚੁਨੌਤੀ ਹਮੇਸ਼ਾਂ ਨਵੀਂ ਹੁੰਦੀ ਹੈ ਪਰ ਅਸੀਂ ਉਸ ਦਾ ਸਾਹਮਣਾ ਅਤੀਤ ਦੀ
ਭਾਸ਼ਾ ਵਿਚ ਕਰਦੇ ਹਾਂ। ਇਸ ਕਰਕੇ ਸਾਡਾ ਸਾਹਮਣਾ ਕਰਨਾ ਹਮੇਸ਼ਾ ਅਧੂਰਾ ਤੇ ਨਾਕਾਫੀ
ਹੁੰਦਾ ਹੈ। ਇਸੇ ਕਾਰਣ ਅਸੀਂ ਵਿਸੰਗਤੀਆਂ, ਸੰਘਰਸ਼ਾਂ, ਦੁਖਾਂ-ਕਲੇਸ਼ਾਂ ਦੇ ਸ਼ਿਕਾਰ ਹੋ
ਜਾਂਦੇ ਹਾਂ। ਸਾਡਾ ਛੋਟਾ ਜਿਹਾ ਦਿਮਾਗ ਭਾਵੇਂੇ ਇਹ ਜੋ ਮਰਜ਼ੀ ਕਰੇ ਹਮੇਸ਼ਾ ਸੰਘਰਸ਼ ਵਿਚ
ਰਹਿੰਦਾ ਹੈ। ਚਾਹੇ ਇਹ ਕਿਸੇ ਦੀ ਰੀਸ ਕਰੇ, ਨਕਲ ਕਰੇ, ਦਮਨ ਕਰੇ, ਨਵੀਆਂ ਉਚਾਈਆਂ
ਛੂਣੀਆਂ ਚਾਹੇ, ਨਵੀਂ ਅਨੁਭੂਤੀ ਲਈ ਜਾਂ ਚੇਤਨਾ ਦੇ ਨਵੇਂ ਵਿਸਥਾਰਾਂ ਲਈ ਨਸ਼ਿਆਂ ਦੀ
ਵਰਤੋਂ ਕਰੇ—ਸੰਘਰਸ਼ ਵਿਚ ਡੁਬਿਆ ਇਹ ਦਿਮਾਗ ਤੇ ਮਨ ਜੋ ਚਾਹੇ ਕਰ ਲਏ—ਉਹ
ਟਕਰਾਵ 'ਚ ਹੈ ਇਸਲਈ ਟਕਰਾਵ ਹੀ ਖੜੇ ਕਰੇਗਾ।
ਜੋ ਲੋਕ ਬਹੁਤ ਸੋਚਦੇ-ਵਿਚਾਰਦੇ ਹਨ, ਉਹ ਉੰਨੇ ਹੀ ਪਦਾਰਥਵਾਦੀ ਹੁੰਦੇ ਹਨ।
ਕਿਉਂਕਿ ਵਿਚਾਰ ਪਦਾਰਥ ਹੈ। ਫਰਸ਼, ਕੰਧਾਂ ਜਾਂ ਟੈਲੀਫੋਨ ਵਾਂਗ ਵਿਚਾਰ ਵੀ ਪਦਾਰਥ ਹੈ।
ਊਰਜਾ ਜਦ ਇਕ ਢਾਂਚੇ ਵਿਚ ਕੰਮ ਕਰਦੀ ਹੈ ਤਾਂ ਪਦਾਰਥ ਬਣ ਜਾਂਦੀ ਹੈ। ਊਰਜਾ ਵੀ ਹੈ,
ਪਦਾਰਥ ਵੀ ਹੈ। ਬੱਸ ਇਹੀ ਜਿੰਦਗੀ ਹੈ। ਭਾਵੇਂ ਅਸੀਂ ਸੋਚੀਏ ਕਿ ਵਿਚਾਰ ਪਦਾਰਥ ਨਹੀਂ
ਹੈ, ਪਰ ਇਹ ਹੈ। ਵਿਚਾਰਧਾਰਾ ਦੇ ਰੂਪ ਵਿਚ, ਵਿਚਾਰ ਪਦਾਰਥ ਹੈ। ਜਿਥੇ ਊਰਜਾ ਹੋਵੇ ਇਹ
ਪਦਾਰਥ ਬਣ ਸਕਦੀ ਹੈ, ਪਦਾਰਥ ਤੇ ਊਰਜਾ ਪ੍ਰਸਪਰ ਸਬੰਧਿਤ ਹਨ। ਇਕ ਬਗੈਰ ਦੂਜਾ
ਨਹੀਂ ਹੋ ਸਕਦਾ। ਇਨ•ਾਂ ਦੋਹਾਂ ਵਿਚ ਜਿੰਨਾ ਤਾਲਮੇਲ ਹੋਵੇਗਾ ਉੰਨਾ ਹੀ ਸੰਤੁਲਨ ਹੋਵੇਗਾ।
੯੪ / ਜਾਣੇ ਹੋਏ ਤੋਂ ਆਜ਼ਾਦੀ
ਦਿਮਾਗ ਦੇ ਸੈਲ ਉੰਨੇ ਹੀ ਜ਼ਿਆਦਾ ਕਿਰਿਆਸ਼ੀਲ ਹੋਣਗੇ। ਵਿਚਾਰ ਨੇ ਸੁਖ, ਪੀੜ ਤੇ ਡਰ
ਦਾ ਇਕ ਢਾਂਚਾ ਖੜਾ ਕਰ ਲਿਆ ਹੈ, ਇਸ ਵਿਚ ਹੀ ਉਹ ਹਜ਼ਾਰਾਂ ਸਾਲਾਂ ਤੋਂ ਰੁੱਝਾ ਹੋਇਆ
ਹੈ। ਵਿਚਾਰ ਇਸ ਢਾਂਚੇ ਨੂੰ ਤੋੜ ਨਹੀਂ ਸਕਦੇ, ਕਿਉਂਕਿ ਇਹ ਢਾਂਚਾ ਵਿਚਾਰਾਂ ਦਾ ਹੀ
ਬਣਿਆ ਹੋਇਆ ਹੈ।
ਨਵੀਂ ਗੱਲ ਨੂੰ ਵਿਚਾਰ ਇਕਦਮ ਨਹੀਂ ਦੇਖ ਸਕਦਾ। ਉਹ ਇਸ ਨੂੰ ਬਾਅਦ ਵਿਚ
ਸਮਝ ਸਕਦਾ ਹੈ, ਉਹ ਵੀ ਸਿਰਫ ਜ਼ਬਾਨੀ-ਕਲਾਮੀ। ਬਿਲਕੁਲ ਹੀ ਨਵੀਂ ਗੱਲ ਵਿਚਾਰਾਂ
ਲਈ ਵਾਸਤਵਿਕ ਨਹੀਂ ਹੁੰਦੀ, ਵਿਚਾਰ ਦੀ ਸਮਝ ਤੋਂ ਪਰੇ ਹੁੰਦੀ ਹੈ। ਵਿਚਾਰ ਕਿਸੇ ਮਾਨਸਿਕ
ਸਮੱਸਿਆ ਨੂੰ ਕਦੀ ਹੱਲ ਨਹੀਂ ਕਰ ਸਕਦਾ। ਵਿਚਾਰ ਭਾਵੇਂ ਜਿਨ•ਾਂ ਮਰਜ਼ੀ ਚਲਾਕ, ਚਾਲਬਾਜ਼
ਤੇ ਵਿਦਵਤਾ ਭਰਿਆ ਹੋਵੇ, ਜ਼ਰੂਰਤ ਪੈਣ ਤੇ ਕਿੰਨੀ ਵੀ ਉੱ”1 ਵਿਗਿਆਨਿਕ ਰਚਨਾ ਕਰ
ਲਏ, ਨਵੇਂ ਤੋਂ ਨਵਾਂ ਕੰਪਿਊਟਰ ਬਣਾ ਲਏ, ਪਰ ਵਿਚਾਰ ਖੁਦ ਪੁਰਾਣੇ ਦਾ ਪੁਰਾਣਾ ਹੀ
ਰਹਿੰਦਾ ਹੈ। ਇਸ ਕਰਕੇ ਇਹ ਕਿਸੇ ਵੀ ਜ਼ਬਰਦਸਤ ਸੁਆਲ ਅੱਗੇ ਨਿਰਉਤਰ ਹੋ ਜਾਂਦਾ ਹੈ।
ਪੁਰਾਣਾ ਦਿਮਾਗ ਭਲਾ ਜਿਊਣ ਦੀ ਅਜ਼ੀਮ ਸਮੱਸਿਆ ਨੂੰ ਕਿਵੇਂ ਹੱਲ ਕਰ ਸਕਦਾ ਹੈ।
ਵਿਚਾਰ ਚਾਲਬਾਜ਼ ਹੁੰਦਾ ਹੈ ਕਿਉਂਕਿ ਇਹ ਜੋ ਚਾਹੇ ਘੜ ਲੈਂਦਾ ਹੈ, ਜੋ ਹੈ ਹੀ
ਨਹੀਂ, ਇਹ ਉਹ ਵੀ ਦੇਖ ਲੈਂਦਾ ਹੈ। ਇਹ ਕਿਸੇ ਵੀ ਤਰ•ਾਂ ਦੀ ਚਲਾਕੀ ਕਰ ਸਕਦਾ ਹੈ,
ਇਸ ਕਰਕੇ ਇਸ 'ਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਤੁਸੀਂ ਕਿਉਂ ਸੋਚਦੇ ਹੋ, ਕਿਵੇਂ
ਸੋਚਦੇ ਹੋ, ਇਸ ਦੇ ਪੂਰੇ ਢਾਂਚੇ ਨੂੰ ਜੇ ਤੁਸੀਂ ਸਮਝਦੇ ਹੋ ਅਤੇ ਜਿਨ•ਾਂ ਸ਼ਬਦਾਂ ਦਾ ਤੁਸੀਂ
ਪ੍ਰਯੋਗ ਕਰਦੇ ਹੋ, ਆਪਣੇ ਰੋਜ਼ਮਰਾ ਦੇ ਜੀਵਨ ਵਿਚ ਲੋਕਾਂ ਨਾਲ ਜਿਸ ਢੰਗ ਨਾਲ
ਮਿਲਦ-ਜੁਲਦੇ ਹੋ, ਵਿਵਹਾਰ ਕਰਦੇ ਹੋ, ਤੁਹਾਡੇ ਗੱਲ ਕਰਨ ਦਾ ਜੋ ਢੰਗ ਹੈ, ਤੁਰਨਫਿਰਨ
ਦਾ ਜੋ ਢੰਗ ਹੈ, ਖਾਣ-ਪੀਣ ਦਾ ਜੋ ਢੰਗ ਹੈ, ਜੇ ਤੁਸੀਂ ਇਹਨਾਂ ਸਭ ਦੇ ਪ੍ਰਤੀ ਸੁਚੇਤ
ਤੇ ਸਤਰਕ ਰਹਿੰਦੇ ਹੋ ਤਾਂ ਤੁਹਾਡਾ ਮਨ ਤੁਹਾਨੂੰ ਧੋਖਾ ਨਹੀਂ ਦੇ ਸਕਦਾ। ਫਿਰ ਉਥੇ ਕੋਈ
ਧੋਖਾ ਖਾਣ ਵਾਲਾ ਵੀ ਨਹੀਂ ਹੁੰਦਾ। ਫਿਰ ਮਨ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ। ਕਿਸੇ
ਚੀਜ ਦਾ ਮਾਲਿਕ ਹੋਣਾ ਨਹੀਂ ਚਾਹੁੰਦਾ। ਫਿਰ ਇਹ ਹਾਵੀ ਹੋਣ ਦੀ ਕੋਸ਼ਿਸ਼ ਨਹੀਂ ਕਰਦਾ।
ਅਜਿਹਾ ਮਨ ਅਸਾਧਾਰਣ ਰੂਪ ਨਾਲ ਸ਼ਾਂਤ, ਲਚੀਲਾ, ਸੰਵੇਦਨਸ਼ੀਲ, ਕੋਮਲ ਤੇ ਇੱਕਲਾ
ਹੋ ਜਾਂਦਾ ਹੈ। ਤੇ ਅਜਿਹੀ ਹਾਲਤ ਵਿਚ ਕਿਸੇ ਤਰ•ਾਂ ਦਾ ਛਲ ਕਪਟ ਤੇ ਧੋਖਾ ਅਸੰਭਵ ਹੈ।
ਕੀ ਤੁਸੀਂ ਕਦੀ ਗੌਰ ਕੀਤਾ ਹੈ ਕਿ ਜਦ ਤੁਸੀਂ ਪੂਰੇ ਧਿਆਨ ਦੀ ਅਵਸਥਾ ਵਿਚ ਹੁੰਦੇ
ਹੋ ਤਾਂ ਦ੍ਰਿਸ਼ਟਾ, ਵਿਚਾਰਕ, ਕੇਂਦਰ ਭਾਵ 'ਮੈਂ' ਦਾ ਅੰਤ ਹੋ ਜਾਂਦਾ ਹੈ? ਕਿਉਂਕਿ ਧਿਆਨ ਦੀ
ਇਸ ਹਾਲਤ ਵਿੱਚ ਵਿਚਾਰ ਮੁਰਝਾਉਣ ਤੇ ਝੜਣ ਲੱਗਦੇ ਹਨ।
ਜੇ ਕੋਈ ਆਦਮੀ ਕਿਸੇ ਚੀਜ਼ ਨੂੰ ਸਾਫ਼-ਸਾਫ਼ ਦੇਖਣਾ ਚਾਹੁੰਦਾ ਹੈ ਤਾਂ ਉਸ ਦਾ ਮਨ
ਇਕਦਮ ਸ਼ਾਂਤ ਹੋਣਾ ਚਾਹੀਦਾ ਹੈ। ਉਸ ਹਾਲਤ ਵਿਚ ਮਨ ਲਈ ਸਾਰੇ ਸ਼ੋਰ-ਸ਼ਰਾਬੇ ਤੇ
ਸ਼ਬਦਾਂ ਦੇ ਰਾਮ-ਰੋਲੇ ਨੂੰ, ਖਿਆਲੀ ਮੂਰਤਾਂ ਨੂੰ, ਛਵੀਆਂ ਨੂੰ ਲਾਂਬੇ ਕਰ ਦੇਣਾ ਬਿਲਕੁਲ
ਜ਼ਰੂਰੀ ਹੈ। ਤੇ ਇਸ ਖਾਮੋਸ਼ੀ ਵਿਚ ਤੁਸੀਂ ਵਿਚਾਰ ਦੀ ਸ਼ੁਰੂਆਤ ਨੂੰ ਦੇਖ ਸਕਦੇ ਹੋ ਨਾ ਕਿ
ਜਦ ਤੁਸੀਂ ਕਿਸੇ ਚੀਜ਼ ਨੂੰ ਖੋਜ ਰਹੇ ਹੋਵੋ, ਕੋਈ ਸੁਆਲ ਖੜਾ ਕਰਕੇ, ਜਵਾਬ ਦੀ ਇੰਤਜ਼ਾਰ
੯੫ / ਜਾਣੇ ਹੋਏ ਤੋਂ ਆਜ਼ਾਦੀ
ਕਰ ਰਹੇ ਹੋਵੇ। ਵਿਚਾਰ ਕਿਸ ਛਿਣ ਜਨਮਦਾ ਹੈ? ਖੁਦ ਤੋਂ ਇਹ ਸੁਆਲ ਪੁਛਣ ਤੋਂ ਬਾਦ,
ਜਦ ਤੁਸੀਂ ਪੂਰਨ ਮੌਨ ਹੋ ਜਾਂਦੇ ਹੋ—ਖਾਮੋਸ਼, ਆਪਣੇ ਪੂਰਣ ਵਜੂਦ ਨਾਲ ਮੌਨ, ਉਸ ਚੁੱਪ
ਵਿਚ ਹੀ ਤੁਸੀਂ ਦੇਖਣ ਲਗਦੇ ਹੋ ਕਿ ਵਿਚਾਰ ਕਿਸ ਤਰ•ਾਂ ਅਕਾਰ ਧਾਰਦਾ ਹੈ।
ਜੇ ਇਸ ਗਲ ਦੀ ਪੂਰੀ ਹੋਸ਼ ਹੋਵੇ ਕਿ ਵਿਚਾਰ ਕਿਸ ਤਰ•ਾਂ ਸ਼ੁਰੂ ਹੁੰਦਾ ਹੈ ਤਾਂ ਉਸ ਨੂੰ
ਕਾਬੂ ਰਖਣ ਦੀ ਲੋੜ ਹੀ ਨਹੀਂ ਰਹਿੰਦੀ। ਅਸੀਂ ਆਪਣੇ ਜੀਵਨ ਦਾ ਬਹੁਤ ਸਾਰਾ ਵਕਤ ਤੇ
ਢੇਰ ਸਾਰੀ ਊਰਜਾ ਨਾ ਸਿਰਫ ਰੋਜ਼ਾਨਾ ਜੀਵਨ ਦੀਆਂ ਕਿਰਿਆਵਾਂ ਵਿਚ, ਸਗੋਂ ਵਿਚਾਰਾਂ ਨੂੰ
ਕੰਟਰੋਲ ਵਿਚ ਕਰਨ ਅਤੇ ਉਨ•ਾ ਨੂੰ ਸੇਧ ਦੇਣ ਵਿਚ ਖਰਚ ਕਰ ਛੱਡਦੇ ਹਾਂ, ਜਿਵੇਂ “ਇਹ
ਇਕ ਚੰਗਾ ਵਿਚਾਰ ਹੈ ਮੈਨੂੰ ਇਸ ਤੇ ਹੋਰ ਜ਼ਿਆਦਾ ਸੋਚਣਾ ਚਾਹੀਦਾ ਹੈ, ਇਹ ਇਕ ਭੱਦਾ
ਵਿਚਾਰ ਹੈ, ਇਸ ਨੂੰ ਤੁਰੰਤ ਦਬਾ ਦੇਣਾ ਚਾਹੀਦਾ ਹੈ। ਇਸ ਤਰ•ਾਂ ਵੱਖ-ਵੱਖ ਵਿਚਾਰਾਂ ਵਿਚ
ਆਪਸੀ ਯੁੱਧ ਚਲਦਾ ਰਹਿੰਦਾ ਹੈ। ਇਕ ਇੱਛਾ ਬਾਕੀ ਦੀਆਂ ਸਾਰੀਆਂ ਇੱਛਾਵਾਂ ਨੂੰ ਦਬਾਉਣ
ਵਿਚ ਲੱਗੀ ਰਹਿੰਦੀ ਹੈ। ਪਰ ਜੇ ਵਿਚਾਰ ਦੇ ਸ਼ੁਰੂ ਵਿਚ ਸਜੱਗਤਾ ਤੇ ਹੋਸ਼ ਹੋਵੇ ਤਾਂ ਫੇਰ
ਵਿਚਾਰਾਂ ਵਿਚ ਕੋਈ ਵਿਰੋਧ ਨਹੀਂ ਹੁੰਦਾ।
ਜਦ ਅਸੀਂ ਇਹ ਸੁਣਦੇ ਹਾਂ ਕਿ “ਵਿਚਾਰ ਹਮੇਸ਼ਾ ਪੁਰਾਣਾ ਹੁੰਦਾ ਹੈ” ਜਾਂ “ਸਮਾਂ ਹੀ
ਦੁਖ ਹੈ” ਤਾਂ ਵਿਚਾਰ ਤੁਰੰਤ ਇਸ ਦਾ ਰੁਪਾਂਤਰਣ ਤੇ ਵਿਆਖਿਆ ਕਰਨੀ ਸ਼ੁਰੂ ਕਰ ਦਿੰਦਾ
ਹੈ। ਪਰ ਇਹ ਰੁਪਾਂਤਰਣ ਤੇ ਵਿਆਖਿਆ ਬੀਤੇ ਹੋਏ ਕੱਲ• ਦੇ ਅਨੁਭਵ ਤੇ ਗਿਆਨ 'ਤੇ
ਅਧਾਰਿਤ ਹੁੰਦੀ ਹੈ। ਨਿਸ਼ਚੇ ਹੀ ਤੁਸੀਂ ਇਸ ਦੀ ਵਿਆਖਿਆ ਆਪਣੀ ਸੰਸਕਾਰਾਂ ਤੋਂ
ਪ੍ਰਭਾਵਿਤ ਮਾਨਸਿਕਤਾ ਨਾਲ ਹੀ ਕਰੋਗੇ। ਪਰ ਜੇ ਤੁਸੀਂ ਇਨ•ਾਂ ਕਥਨਾਂ ਨੂੰ ਸਿਰਫ ਦੇਖੋ,
ਵਿਆਖਿਆ ਨਾ ਕਰੋ, ਬੱਸ ਉਨ•ਾਂ ਵਲ ਪੂਰਾ ਧਿਆਨ (ਇਕਾਗਰਤਾ ਨਹੀਂ) ਦਿਉ ਤਾਂ ਤੁਸੀਂ
ਦੇਖੋਗੇ ਕਿ ਉਥੇ ਨਾ ਦੇਖਣ ਵਾਲਾ ਬਚਿਆ ਹੈ ਨਾ ਦੇਖੀ ਜਾਣ ਵਾਲੀ ਚੀਜ਼, ਨਾ ਵਿਚਾਰ
ਕਰਨ ਵਾਲਾ ਨਾ ਵਿਚਾਰ। ਇਹ ਨਾ ਪੁੱਛੋ ਕਿ ਪਹਿਲਾਂ ਵਜੂਦ ਕਿਸ ਦਾ ਹੈ, ਇਹ ਇਕ
ਹੁਸ਼ਿਆਰੀ ਭਰਿਆ ਤਰਕ ਹੈ ਜਿਸ ਚੋਂ ਕੁਝ ਨਹੀਂ ਨਿਕਲਣਾ। ਇਹ ਸਬ ਤੁਸੀਂ ਆਪਣੇ
ਅੰਦਰ ਦੇਖ ਸਕਦੇ ਹੋ ਕਿ ਜਿਨ•ਾਂ ਚਿਰ ਤੁਸੀਂ ਵਿਚਾਰਾਂ ਤੋਂ ਖਾਲੀ ਰਹਿੰਦੇ ਹੋ—ਇਸਦਾ
ਮਤਲਬ ਇਹ ਨਹੀਂ ਕਿ ਤੁਸੀਂ ਯਾਦਦਾਸ਼ਤ ਖੋ ਬੈਠੇ ਹੋ। ਜਦ ਤਕ ਯਾਦ, ਅਨੁਭਵ ਤੇ
ਗਿਆਨ ਅਰਥਾਤ ਅਤੀਤ ਤੋਂ ਪੈਦਾ ਹੋਏ ਵਿਚਾਰ ਗੈਰ-ਹਾਜ਼ਰ ਹਨ, ਉੰਨਾਂ ਚਿਰ ਉਥੇ
ਵਿਚਾਰਕਰਤਾ ਦਾ ਕੋਈ ਵਜੂਦ ਨਹੀਂ ਹੁੰਦਾ। ਇਹ ਕੋਈ ਦਾਰਸ਼ਨਿਕ ਜਾਂ ਰਹਿਸਵਾਦੀ
ਮਸਲਾ ਨਹੀਂ ਹੈ। ਅਸੀਂ ਏਥੇ ਵਾਸਤਵਿਕ ਤੱਥਾਂ ਦੀ ਗੱਲ ਕਰ ਰਹੇ ਹਾਂ। ਜੇ ਤੁਸੀਂ ਇਸ
ਯਾਤਰਾ ਵਿਚ ਏਥੋਂ ਤੱਕ ਚਲਦੇ ਆ ਰਹੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਕਿਸੇ ਚੁਣੌਤੀ ਦਾ
ਸਾਹਮਣਾ ਪੁਰਾਣੇ ਦਿਮਾਗ ਨਾਲ ਨਹੀਂ ਸਗੋਂ ਨਵੇ-ਨਕੋਰ ਤੇ ਤਰੋਤਾਜ਼ਾ ਦਿਮਾਗ ਨਾਲ
ਕਰੋਗੇ।
੯੬ / ਜਾਣੇ ਹੋਏ ਤੋਂ ਆਜ਼ਾਦੀ
ਪਾਠ-14
ਅਤੀਤ ਦਾ ਬੋਝ-ਸ਼ਾਂਤ ਮਨ-ਸੰਵਾਦ-ਉਪਲੱਭਧੀਅਨੁ
ਸਾਸ਼ਨ-ਮੌਨ-ਸੱਚ ਤੇ ਅਸਲੀਅਤ
ਆਮ ਜੀਵਨ ਵਿਚ ਸ਼ਾਇਦ ਹੀ ਕਦੇ ਇਕਾਂਤ ਨਸੀਬ ਹੁੰਦਾ ਹੋਵੇ। ਜਦ ਕਦੀ ਅਸੀਂ
ਇੱਕਲੇ ਵੀ ਹੁੰਦੇ ਹਾਂ ਉਦੋਂ ਵੀ ਸਾਨੂੰ ਅਨੇਕ ਕਿਸਮ ਦੇ ਪ੍ਰਭਾਵ, ਅਨੁਭਵ, ਗਿਆਨ,
ਯਾਦਾਂ, ਚਿੰਤਾਵਾਂ, ਲੜਾਈਆਂ-ਝਗੜੇ ਤੇ ਦੁੱਖਾਂ ਨੇ ਘੇਰਿਆ ਹੁੰਦਾ ਹੈ। ਇਨ•ਾਂ ਕਰਕੇ ਹੀ
ਸਾਡਾ ਮਨ ਜ਼ਿਆਦਾ ਤੋਂ ਜ਼ਿਆਦਾ ਮੂੜ ਤੇ ਅਸੰਵੇਦਨਸ਼ੀਲ ਹੋਈ ਜਾਂਦਾ ਹੈ। ਆਦਮੀ
ਇਕੋ ਹੀ ਢਰੇ ਵਿਚ ਬਝਿਆ ਜੀਵੀ ਜਾਂਦਾ ਹੈ। ਅਤੇ ਕੀ ਅਸੀਂ ਸੱਚਮੁੱਚ ਕਦੀ ਇੱਕਲੇ ਹੋ
ਪਾਂਦੇ ਹਾਂ? ਜਾਂ ਸਦਾ ਬੀਤੇ ਹੋਏ ਕਲ ਦੇ ਬੋਝ ਨੂੰ ਢੋਂਦੇ ਰਹਿੰਦੇ ਹਾਂ?
ਦੋ ਸੰਨਿਆਸੀਆਂ ਦੀ ਰੋਚਕ ਤੇ ਅਰਥਪੂਰਨ ਕਹਾਣੀ ਹੈ। ਇਕ ਵਾਰ ਦੋ ਸੰਨਿਆਸੀ
ਕਿਸੇ ਪਿੰਡ ਤੋਂ ਦੂਜੇ ਪਿੰਡ ਜਾ ਰਹੇ ਸਨ। ਰਸਤੇ ਵਿਚ ਅਚਾਨਕ ਉਨ•ਾਂ ਦੀ ਨਜ਼ਰ ਇਕ ਨਦੀ
ਕਿਨਾਰੇ ਰੋ ਰਹੀ ਜੁਆਨ ਕੁੜੀ ਤੇ ਪਈ। ਉਹਨਾਂ ਚੋਂ ਇਕ ਸੰਨਿਆਸੀ ਕੁੜੀ ਕੋਲ ਗਿਆ ਤੇ
ਕਹਿਣ ਲੱਗਾ ਭੈਣ ਤੂੰ ਕਿਉਂ ਰੋ ਰਹੀ ਹੈਂ? ਉਸ ਲੜਕੀ ਨੇ ਕਿਹਾ ਕਿ ਨਦੀ ਪਾਰ ਜੋ ਘਰ
ਤੁਸੀਂ ਦੇਖ ਰਹੇ ਹੋ ਮੈਂ ਉਥੇ ਰਹਿੰਦੀ ਹਾਂ। ਅਜ ਸਵੇਰੇ ਜਦ ਮੈਂ ਨਦੀ ਪਾਰ ਕੀਤੀ ਤਾਂ ਕੋਈ
ਮੁਸ਼ਕਲ ਨਹੀਂ ਹੋਈ। ਥੋੜਾ-ਥੋੜਾ ਪਾਣੀ ਸੀ, ਪਰ ਹੁਣ ਪਾਣੀ ਚੜ• ਗਿਆ ਹੈ। ਇਸ ਕਰਕੇ
ਮੈਂ ਹੁਣ ਘਰ ਨਹੀਂ ਜਾ ਸਕਦੀ। ਕੋਈ ਬੇੜੀ ਵੀ ਨਹੀਂ ਹੈ। ਉਸ ਸੰਨਿਆਸੀ ਨੇ ਕਿਹਾ ਕਿ ਇਹ
ਕਿਹੜੀ ਗੱਲ ਹੈ। ਮੈਂ ਤੇਰੀ ਸਹਾਇਤਾ ਕਰਦਾ ਹਾਂ। ਇਹ ਕਹਿ ਕੇ ਉਸ ਨੇ ਕੁੜੀ ਨੂੰ ਮੋਢਿਆਂ
ਤੇ ਚੁੱਕਿਆ ਤੇ ਪਾਰ ਜਾ ਕੇ ਕਿਨਾਰੇ ਤੇ ਛੱਡ ਦਿੱਤਾ। ਅਤੇ ਆਪਣੇ ਸੰਨਿਆਸੀ ਸਾਥੀ ਨਾਲ
ਫੇਰ ਯਾਤਰਾ ਤੇ ਚੱਲ ਪਿਆ। ਕੋਈ ਦੋ ਘੰਟੇ ਬਾਅਦ ਦੂਸਰਾ ਸੰਨਿਆਸੀ ਪਹਿਲੇ ਸੰਨਿਆਸੀ
ਨੂੰ ਕਹਿਣ ਲੱਗਾ ਕਿ ਭਾਈ ਅਸੀਂ ਇਹ ਸੌਂਹ ਖਾਧੀ ਸੀ ਕਿ ਸਾਡੇ ਚੋਂ ਕੋਈ ਕਿਸੇ ਔਰਤ ਨੂੰ
ਹੱਥ ਤੱਕ ਨਹੀਂ ਲਾਏਗਾ। ਇਸ ਲਈ ਜੋ ਤੂੰ ਅੱਜ ਕੀਤਾ ਹੈ, ਉਹ ਘੋਰ ਪਾਪ ਹੈ। ਕੀ ਤੈਨੂੰ ਉਸ
ਅੋਰਤ ਨੂੰ ਚੁੱਕ ਕੇ ਸੁਖ-ਰੋਮਾਂਚ ਅਤੇ ਇਕ ਗਹਿਰੀ ਉਤੇਜਨਾ ਅਨੁਭਵ ਨਹੀਂ ਹੋਈ? ਉਸ
ਸੰਨਿਆਸੀ ਨੇ ਉੱad ਦਿੱਤਾ ਕਿ ਮੈਂ ਤੇ ਉਸ ਔਰਤ ਨੂੰ ਦੋ ਘੰਟੇ ਪਹਿਲਾਂ ਛੱਡ ਆਇਆ
ਹਾਂ ਕੀ ਤੂੰ ਅਜੇ ਤੱਕ ਉਹਨੂੰ ਚੁੱਕੀ ਫਿਰਦਾ ਏਂ?
ਅਸੀਂ ਸਭ ਇਹੋ ਕਰ ਰਹੇ ਹਾਂ। ਜੋ ਬੀਤ ਗਿਆ ਹੈ ਉਸ ਦੇ ਭਾਰ ਨੂੰ ਚੁੱਕੀ ਫਿਰਦੇ ਹਾਂ।
ਉਸ ਦੇ ਪ੍ਰਤੀ ਅਸੀਂ ਕਦੀ ਨਹੀਂ ਮਰਦੇ। ਅਸੀਂ ਉਸ ਨੂੰ ਨਾਲ-ਨਾਲ ਰਖਦੇ ਹਾਂ। ਤੇ ਸਹੀ
ਅਰਥਾਂ ਵਿਚ ਸਾਡੇ ਜੀਵਨ ਵਿਚ ਇਕਾਂਤ ਉਦੋਂ ਹੁੰਦਾ ਹੈ ਜਦ ਹਰ ਸਮੱਸਿਆ ਵੱਲ ਪੂਰਨ
੯੭ / ਜਾਣੇ ਹੋਏ ਤੋਂ ਆਜ਼ਾਦੀ
ਧਿਆਨ ਦਿੰਦੇ ਹਾਂ ਤੇ ਉਸ ਨੂੰ ਤਤਕਾਲ ਹੱਲ ਕਰ ਲੈਂਦੇ ਹਾਂ। ਉਸ ਨੂੰ ਅਗਲੇ ਦਿਨ ਜਾਂ
ਅਗਲੇ ਮਿੰਟ ਤੱਕ ਨਹੀਂ ਸਾਂਭਦੇ, ਫੇਰ ਭਾਵੇਂ ਲੋਕਾਂ ਨਾਲ ਭੀੜ-ਭੜਕੇ ਵਾਲੇ ਘਰ ਵਿਚ
ਰਹੀਏ ਜਾਂ ਖਚਾਖਚ ਭਰੀ ਬੱਸ ਵਿਚ ਸਫਰ ਕਰਦੇ ਹੋਈਏ। ਅਸੀਂ ਸਦਾ ਇਕਾਂਤ ਵਿਚ ਹੀ
ਹੁੰਦੇ ਹਾਂ ਅਤੇ ਇਸ ਇਕਾਂਤ ਦਾ ਅਰਥ ਹੈ ਇਕ ਭੋਲਾ-ਭਾਲਾ ਤੇ ਤਾਜਾ ਮਨ।
ਅੰਦਰੂਨੀ ਇਕਾਂਤ ਤੇ ਵਿਸਥਾਰ-ਅਵਕਾਸ਼ ਪ੍ਰਾਪਤ ਕਰਨਾ ਨਿਹਾਇਤ ਜ਼ਰੂਰੀ ਹੈ
ਕਿਉਂਕਿ ਇਸ ਤੋਂ ਅਜਿਹਾ ਬੋਧ ਹੁੰਦਾ ਹੈ ਕਿ ਤੁਸੀਂ ਕੁਝ ਕਰਨ ਲਈ, ਕੁਝ ਹੋਣ ਲਈ
ਬਿਲਕੁਲ ਅਜ਼ਾਦ ਹੋ, ਜਿਵੇਂ ਤੁਸੀਂ ਖੁੱਲੇ ਅਕਾਸ਼ ਵਿਚ ਉਡਾਨ ਭਰ ਰਹੇ ਹੋਵੋ। ਇਸ
ਵਿਸਥਾਰ ਵਿਚ ਹੀ ਚੰਗਿਆਈ ਦਾ ਜਨਮ ਹੋ ਸਕਦਾ ਹੈ ਜਿਵੇਂ ਅਜ਼ਾਦੀ ਤੇ ਮੁਕਤੀ ਵਿਚ
ਹੀ ਸਦਗੁਣ ਖਿੜ ਸਕਦੇ ਹਨ। ਅਸੀਂ ਸਿਆਸੀ ਤੌਰ ਤੇ ਭਾਵੇਂ ਅਜ਼ਾਦ ਹੋਈਏ ਪਰ ਅੰਦਰੋਂ
ਅਸੀਂ ਅਜਾਦ ਨਹੀਂ ਹਾਂ। ਏਸੇ ਕਰਕੇ ਸਾਡੇ ਅੰਦਰ ਵਿਸਥਾਰ ਤੇ ਵਿਹਲ ਨਹੀਂ ਹੈ। ਆਪਣੇ
ਅੰਦਰਲੇ ਅਸੀਮ ਵਿਸਥਾਰ ਤੋਂ ਬਿਨਾਂ ਕੋਈ ਵੀ ਸਾਰਥਿਕ ਸਦਗੁਣ ਤੇ ਖੂਬੀ ਨਾ ਵਿਕਸਿਤ
ਹੋ ਸਕਦੀ ਹੈ ਨਾ ਕੋਈ ਕੰਮ ਕਰ ਸਕਦੀ ਹੈ। ਵਿਸਥਾਰ ਤੇ ਮੌਨ ਜ਼ਰੂਰੀ ਹਨ। ਜਦ ਮਨ
ਇੱਕਲਾ, ਕੋਰਾ-ਤਾਜ਼ਾ, ਸਬ ਪ੍ਰਭਾਵਾਂ ਤੋਂ ਮੁਕਤ, ਹਰ ਤਰ•ਾਂ ਦੇ ਅਨੁਭਵਾਂ ਦੇ ਬੰਧਨ ਤੋਂ ਛੁਟ
ਜਾਂਦਾ ਹੈ, ਤਾਂ ਹੀ ਉਸ ਨਵੀਂਓ-ਨਵੀ ਹਸਤੀ ਦਾ ਦੀਦਾਰ ਸੰਭਵ ਹੋ ਪਾਂਦਾ ਹੈ।
ਅਸੀਂ ਇਹ ਅਸਾਨੀ ਨਾਲ ਦੇਖ ਸਕਦੇ ਹਾਂ ਕਿ ਜਦ ਮਨ ਸ਼ਾਂਤ ਤੇ ਮੌਨ ਹੁੰਦਾ
ਹੈ ਸਪਸ਼ਟਤਾ ਉਦੋਂ ਹੀ ਸੰਭਵ ਹੁੰਦੀ ਹੈ। ਮਨ ਦੀ ਅਜਿਹੀ ਅਵਸਥਾ ਨੂੰ ਪਹੁੰਚਣ ਲਈ
ਪੂਰਬੀ ਮੁਲਕਾਂ ਦੇ ਲੋਕ ਧਿਆਨ ਦੀ ਇੰਨੀ ਜ਼ਿਆਦਾ ਵਰਤੋਂ ਕਰਦੇ ਹਨ। ਇਹ ਵਿਚਾਰਾਂ ਨੂੰ
ਕੰਟਰੋਲ ਕਰਨ ਦੀ ਕੋਸ਼ਿਸ਼ ਹੈ, ਜਿਵੇਂ ਕਿ ਲੋਕ ਮੰਤਰਾਂ ਦਾ ਬਾਰ-ਬਾਰ ਜਪ ਕਰਕੇ ਮਨ ਨੂੰ
ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਅਜਿਹਾ ਇਸ ਉਮੀਦ ਨਾਲ ਕਰਦੇ ਹਨ ਕਿ ਮਨ
ਦੀ ਸ਼ਾਂਤ ਹਾਲਤ ਵਿਚ ਉਹ ਆਪਣੀਆਂ ਸਮੱਸਿਆਵਾਂ ਨੂੰ ਸਮਝ ਸਕਣਗੇ। ਪਰ ਜਦ ਤੱਕ
ਆਦਮੀ ਪਹਿਲਾਂ ਧਿਆਨ ਦੀ ਨੀਂਹ ਨਹੀਂ ਰਖਦਾ ਅਰਥਾਤ ਜਦੋਂ ਤੱਕ ਉਹ ਡਰ, ਦੁੱਖ,
ਚਿੰਤਾ ਤੇ ਆਪਣੇ ਹੀ ਬਣਾਏ ਫੰਦਿਆਂ ਤੋਂ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਮਨ ਭਲਾ ਸ਼ਾਂਤ
ਕਿਵੇਂ ਹੋ ਸਕਦਾ ਹੈ। ਪਰ ਇਹ ਗੱਲ ਕਿਸੇ ਨੂੰ ਸਮਝਾ ਸਕਣਾ ਬੇਹਦ ਮੁਸ਼ਕਿਲ ਹੈ। ਸਾਡੇ
ਦਰਮਿਆਨ ਗਲਬਾਤ ਦਾ ਅਰਥ ਹੈ ਕਿ ਤੁਹਾਨੂੰ ਤੇ ਮੈਨੂੰ ਨਾ ਕੇਵਲ ਵਰਤੇ ਗਏ ਸ਼ਬਦਾਂ ਨੂੰ
ਸਮਝਣਾ ਚਾਹੀਦਾ ਹੈ ਸਗੋਂ ਸਾਨੂੰ ਇਕੋ ਵੇਲੇ ਤੀਬਰ ਦੇ ਸੰਜੀਦਾ ਹੋਣਾ ਚਾਹੀਦਾ ਹੈ। ਇਕ
ਪਲ ਪਹਿਲਾਂ ਜਾਂ ਬਾਅਦ 'ਚ ਨਹੀਂ। ਨਾਲ ਨਾਲ ਸਾਨੂੰ ਇਕ ਹੀ ਤਲ ਤੇ ਮਿਲਣਯੋਗ ਹੋਣਾ
ਚਾਹੀਦਾ ਹੈ। ਪਰ ਤੁਸੀਂ ਜੋ ਪੜ ਰਹੇ ਹੋ ਜੇ ਤੁਸੀਂ ਉਸ ਦੀ ਵਿਆਖਿਆ ਕਰ ਰਹੇ ਹੋ, ਆਪਣੇ
ਗਿਆਨ, ਮਤਾਂ ਤੇ ਸੁਖ-ਸੁਵਿਧਾ ਅਨੁਸਾਰ ਜਾਂ ਇਸ ਨੂੰ ਸਮਝਣ ਲਈ ਜੇ ਤੁਸੀਂ ਅੱਡੀ
ਚੋਟੀ ਦਾ ਜ਼ੋਰ ਲਾ ਰਹੇ ਹੋ ਫੇਰ ਸਾਡੇ ਦਰਮਿਆਨ ਇਹ ਗਲਬਾਤ ਸੰਭਵ ਹੀ ਨਹੀਂ ਹੈ।
ਮੈਨੂੰ ਲਗਦਾ ਹੈ ਕਿ ਕਿਤੇ ਪਹੁੰਚਣ ਲਈ, ਕੁਝ ਪਾਉਣ ਲਈ ਤੇ ਕੁਝ ਹਾਸਿਲ
ਕਰਨ ਲਈ ਇਹ ਨਿਰੰਤਰ ਸਂਘਰਸ਼ ਹੀ ਸਾਡੇ ਜੀਵਨ ਵਿਚ ਬਹੁਤ ਵੱਡੀ ਰੁਕਾਵਟ ਹੈ।
ਸਾਨੂੰ ਬਚਪਨ ਵਿਚ ਹੀ ਸਿਖਾ-ਬੁਝਾ ਕੇ ਤਿਆਰ ਕੀਤਾ ਜਾਂਦਾ ਹੈ ਕਿ ਅਸੀਂ ਕੁਝ ਹਾਸਿਲ
੯੮ / ਜਾਣੇ ਹੋਏ ਤੋਂ ਆਜ਼ਾਦੀ
ਕਰਨਾ ਹੈ, ਸੋ ਕੁਝ ਇੱਕਠਾ ਕਰੋ। ਇਸ ਤਰ•ਾਂ ਭੌਤਿਕ ਸੁਰੱਖਿਆ ਦੀ ਚਾਹਤ ਵਿਚ ਸਾਡੇ
ਦਿਮਾਗ ਦੀਆਂ ਕੋਸ਼ਿਕਾਵਾਂ ਕੁਝ ਹਾਸਿਲ ਕਰਨ ਦੀ ਦੌੜ ਦੀਆਂ ਆਦੀ ਹੋ ਜਾਂਦੀਆਂ ਹਨ।
ਪਰ ਮਾਨਸਿਕ ਸੁਰੱਖਿਆ ਹਾਸਿਲ ਕਰਨ ਵਾਲੀ ਚੀਜ਼ ਤਾਂ ਹੈ ਹੀ ਨਹੀਂ। ਅਸੀਂ ਆਪਣੇ
ਸਾਰੇ ਸਬੰਧਾਂ ਵਿੱਚ, ਨਜ਼ਰੀਏ ਵਿੱਚ ਅਤੇ ਕਿਰਿਆ-ਕਲਾਪਾਂ ਵਿਚ ਸੁਰੱਖਿਆ ਦੀ ਖੋਜ
ਕਰਦੇ ਹਾਂ। ਪਰ ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਕਿਸੇ ਵੀ ਸਬੰਧ 'ਚ
ਸੁਰੱਖਿਆ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਇਸ ਗੱਲ ਦਾ ਅਹਿਸਾਸ ਕਿ ਮਾਨਸਿਕ ਰੂਪ
ਵਿਚ ਕੁਝ ਵੀ ਸਥਾਈ ਨਹੀਂ ਹੈ, ਜ਼ਿੰਦਗੀ ਜਿਉਣ ਦੇ ਨਜ਼ਰੀਏ ਨੂੰ ਪੂਰੀ ਤਰਾਂ ਬਦਲ ਦਿੰਦਾ
ਹੈ। ਬਾਹਰੀ ਸੁਰੱਖਿਆ, ਜਿਵੇਂ ਭੋਜਨ, ਕਪੜੇ ਤੇ ਘਰ ਸੱਚਮੁੱਚ ਬਹੁਤ ਜ਼ਰੂਰੀ ਹੈ, ਪਰ
ਮਾਨਸਿਕ ਸੁਰੱਖਿਆ ਦੀ ਇੱਛਾ ਤੇ ਖੋਜ, ਬਾਹਰੀ ਸੁਰੱਖਿਆ ਨੂੰ ਵੀ ਤਬਾਹ ਕਰ ਦਿੰਦੀ
ਹੈ।
ਚੇਤਨਾ ਦੀ ਸੀਮਾਂ ਤੋਂ ਪਾਰ ਜਾਣ ਲਈ ਮੌਨ ਤੇ ਵਿਸਥਾਰ ਜ਼ਰੂਰੀ ਹੈ। ਪਰ ਜੋ ਮਨ
ਆਪਣੇ ਭਲੇ ਦੀ ਚਿੰਤਾ ਵਿਚ ਹਰ ਵੇਲੇ ਰੁੱਝਾ ਹੋਇਆ ਹੈ ਉਹ ਭਲਾ ਸ਼ਾਂਤ ਕਿਵੇਂ ਹੋ
ਸਕਦਾ ਹੈ। ਤੁਸੀਂ ਮਨ ਨੂੰ ਅਨੁਸ਼ਾਸਿਤ ਤੇ ਕੰਟਰੋਲ ਕਰ ਸਕਦੇ ਹੋ, ਇਕ ਖਾਸ ਢਾਂਚੇ ਵਿਚ
ਢਾਲ ਸਕਦੇ ਹੋ। ਪਰ ਮਨ ਨੂੰ ਇਸ ਤਰ•ਾਂ ਸਤਾ ਕੇ ਤੁਸੀਂ ਉਸ ਨੂੰ ਸ਼ਾਂਤ ਨਹੀਂ ਕਰ ਸਕਦੇ।
ਇਸ ਨਾਲ ਤੇ ਮਨ ਕੇਵਲ ਮੂੜ ਹੁੰਦਾ ਜਾਂਦਾ ਹੈ। ਜੇ ਤੁਸੀਂ ਮਨ ਨੂੰ ਸ਼ਾਂਤ ਕਰਨ ਦਾ ਸੰਕਲਪ
ਜਾਂ ਅਦਰਸ਼ ਬਣਾ ਲਿਆ ਹੈ, ਤਾਂ ਇਸ ਦਾ ਕੋਈ ਲਾਭ ਨਹੀਂ ਕਿਉਂਕਿ ਤੁਸੀਂ ਮਨ ਨਾਲ
ਜਿੰਨੀ ਜ਼ੋਰ- ਜ਼ਬਰਦਸਤੀ ਕਰੋਗੇ ਉਨ•ਾਂ ਹੀ ਉਹ ਸੌੜਾ ਤੇ ਜੜ ਹੋ ਜਾਵੇਗਾ। ਮਨ 'ਤੇ
ਕਿਸੇ ਵੀ ਤਰ•ਾਂ ਦਾ ਕੰਟਰੋਲ ਜਾਂ ਦਬਾਵ ਸਿਰਫ ਸੰਘਰਸ਼ ਪੈਦਾ ਕਰਦਾ ਹੈ। ਇਸ ਕਰਕੇ
ਅੰਦਰੂਨੀ ਕੰਟਰੋਲ ਤੇ ਬਾਹਰੀ ਅਨੁਸ਼ਾਸਨ ਸਹੀ ਮਾਰਗ ਨਹੀਂ ਹੈ ਅਤੇ ਨਾ ਹੀ
ਅਨੁਸ਼ਾਸਨਹੀਨ ਜ਼ਿੰਦਗੀ।
ਸਮਾਜ ਦੀ ਮੰਗ, ਪਰਿਵਾਰ, ਸਾਡੇ ਦੁਖ, ਸਾਡੇ ਅਨੁਭਵ, ਸਾਡੇ ਸਿਧਾਂਤ, ਤੇ
ਵਿਵਹਾਰਕ ਢਾਂਚੇ ਅਨੁਸ਼ਾਸਨ 'ਚ ਰਹਿਣ ਲਈ ਸਾਡੇ 'ਤੇ ਦਬਾਅ ਪਾਉਂਦੇ ਹਨ। ਅਜਿਹਾ
ਅਨੁਸ਼ਾਸਨ ਬਹੁਤ ਘਾਤਕ ਚੀਜ਼ ਹੈ। ਅਨੁਸ਼ਾਸਨ ਕਿਸੇ ਦਬਾਅ, ਕੰਟਰੋਲ ਤੇ ਡਰ ਤੋਂ
ਬਗੈਰ ਹੋਣਾ ਚਾਹੀਦਾ ਹੈ। ਅਜਿਹਾ ਅਨੁਸ਼ਾਸਨ ਕਿਵੇਂ ਹੋ ਸਕਦਾ ਹੈ? ਇਹ ਅਜਿਹਾ ਨਹੀਂ
ਕਿ ਅਨੁਸ਼ਾਸਨ ਪਹਿਲਾਂ ਹੈ ਤੇ ਮੁਕਤੀ ਬਾਦ ਵਿੱਚ। ਅਜ਼ਾਦੀ ਸ਼ੁਰੂ 'ਚ ਹੁੰਦੀ ਹੈ ਅੰਤ 'ਚ
ਨਹੀਂ। ਇਸ ਅਜ਼ਾਦੀ ਨੂੰ ਸਮਝਣਾ ਯਾਨੀ ਅਨੁਸ਼ਾਸਨ-ਬਧਤਾ ਤੋਂ ਅਜ਼ਾਦੀ, ਇਹੀ
ਅਨੁਸ਼ਾਸਨ ਹੈ। ਆਪਣੇ ਆਪ ਦਾ ਨਿਰੀਖਣ ਕਰਦੇ ਹੋਏ ਸਿੱਖਣਾ ਹੀ ਅਨੁਸ਼ਾਸਨ ਹੈ।
ਇਸ ਲਈ ਆਪਣੇ ਆਪ ਨੂੰ ਪੂਰੀ ਤਰ•ਾਂ ਜਾਣਨ ਤੇ ਸਿੱਖਣ ਤੋਂ ਬਗੈਰ ਅਨੁਸ਼ਾਸਨ ਸੰਭਵ
ਨਹੀਂ ਹੈ। ਅਤੇ ਇਹ ਸਿਖਣ ਦੀ ਕਿਰਿਆ ਹੀ ਸਮਝ ਦੀ ਸਪਸ਼ਟਤਾ ਬਣ ਜਾਂਦੀ ਹੈ।
ਨਿਯੰਤਰਣ, ਦਮਨ-ਦਬਾਵ, ਭੋਗ ਦੇ ਪੂਰੇ ਸਰੂਪ ਤੇ ਢਾਂਚੇ ਨੂੰ ਸਮਝਣ ਲਈ ਹੋਸ਼ ਅਤੇ
ਧਿਆਨ ਜ਼ਰੂਰੀ ਹੈ। ਇਸ ਦਾ ਅਧਿਐਣ ਕਰਨ ਲਈ ਤੁਹਾਨੂੰ ਉਪਰੋਂ ਅਨੁਸ਼ਾਸਨ ਨਹੀਂ
ਥੋਪਣਾ ਪਏਗਾ ਸਗੋਂ ਅਧਿਐਣ ਕਰਨ ਦੀ ਕਿਰਿਆ ਆਪਣੇ ਆਪ ਉਸ ਸਹਿਜ ਅਨੁਸ਼ਾਸਨ
੯੯ / ਜਾਣੇ ਹੋਏ ਤੋਂ ਆਜ਼ਾਦੀ
ਨੂੰ ਪੈਦਾ ਕਰਦੀ ਹੈ ਜਿਸ ਵਿੱਚ ਦਮਨ ਮੌਜੂਦ ਨਹੀਂ ਹੁੰਦਾ।
ਸੱਤਾ ਨੂੰ ਨਕਾਰਨ ਲਈ (ਇਥੇ ਮਾਨਸਿਕ ਸੱਤਾ ਦੀ ਗੱਲ ਹੈ ਕਾਨੂੰਨ ਜਾਂ ਸਰਕਾਰੀ
ਸੱਤਾ ਦੀ ਨਹੀਂ)-ਧਾਰਮਿਕ ਸੰਸਥਾਵਾਂ, ਧਰਮ ਪ੍ਰੰਪਰਾਵਾਂ ਤੇ ਅਨੁਭਵਾਂ ਦੀ ਸੱਤਾ ਨੂੰ ਨਕਾਰਨ
ਲਈ ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਸੀਂ ਉਸ ਦੇ ਆਦੇਸ਼ਾਂ ਤੇ ਨਿਯਮਾਂ ਨੂੰ ਕਿਉਂ
ਮੰਨਦੇ ਹੋ? ਤੁਸੀਂ ਇਸ ਦਾ ਠੀਕ-ਠੀਕ ਅਧਿਐਣ ਕਰੋ। ਇਸ ਦਾ ਅਧਿਐਣ ਕਰਨ ਲਈ
ਤੁਹਾਨੂੰ ਆਪਣੇ ਮਤਾਂ, ਵਿਰੋਧਾਂ, ਸਮਰਥਨਾਂ ਤੇ ਸਵੀਕ੍ਰਿਤੀਆਂ ਤੋਂ ਮੁਕਤ ਹੋਣਾ ਪਵੇਗਾ।
ਅਸੀਂ ਸੱਤਾ ਨੂੰ ਸਵੀਕਾਰ ਵੀ ਕਰ ਲਈਏ ਤੇ ਉਸ ਦਾ ਅਧਿਐਣ ਵੀ ਕਰੀਏ ਇਹ ਤਾਂ
ਨਾਮੁਮਕਿਨ ਹੈ। ਆਪਣੇ ਅੰਦਰ ਸੱਤਾ ਦੇ ਪੂਰੇ ਮਾਨਸਿਕ ਢਾਂਚੇ ਦਾ ਅਧਿਐਣ ਕਰਨ ਲਈ
ਮੁਕਤੀ ਪਹਿਲਾਂ ਜ਼ਰੂਰੀ ਹੈ। ਜਦ ਅਸੀਂ ਇਸ ਦਾ ਅਧਿਐਣ ਕਰ ਰਹੇ ਹਾਂ ਤਾਂ ਅਸੀਂ ਇਸ ਦੇ
ਢਾਂਚੇ ਨੂੰ ਪੂਰੀ ਤਰਾਂ ਅਸਵੀਕਾਰ ਕਰ ਰਹੇ ਹਾਂ। ਅਤੇ ਜਦ ਅਸੀਂ ਅਸਵੀਕਾਰ ਕਰਦੇ ਹਾਂ ਤਾਂ
ਇਹ ਅਸਵੀਕ੍ਰਿਤੀ ਹੀ ਸੱਤਾ ਤੋਂ ਮੁਕਤ ਮਨ ਦੀ ਇਕ ਲੌ ਹੈ। ਉਹ ਹਰ ਚੀਜ਼ ਜੋ ਅਜੇ ਤੱਕ
ਸਾਰਥਿਕ ਮੰਨੀ ਜਾਂਦੀ ਸੀ, ਜਿਵੇਂ ਬਾਹਰੀ ਅਨੁਸ਼ਾਸਨ, ਗੁਰੂ-ਚੇਲੇ ਦੀ ਪ੍ਰੰਪਰਾ, ਆਦਰਸ਼,
ਇਨ•ਾਂ ਸਭ ਦਾ ਨਿਖੇਦ ਕਰਨਾ ਹੈ। ਫੇਰ ਇਹ ਅਧਿਐਣ ਕਰਨਾ, ਅਧਿਐਣ ਕਰਨ ਦੀ
ਇਹ ਕਿਰਿਆ ਹੀ ਨਾ ਕੇਵਲ ਅਨੁਸ਼ਾਸਨ ਹੈ, ਸਗੋਂ ਇਨ•ਾਂ ਦਾ ਨਿਖੇਦ ਵੀ ਹੈ। ਤੁਹਾਡਾ
ਨਕਾਰਨਾ ਇਕ ਹਾਂ ਪੱਖੀ ਕੰਮ ਹੈ। ਮਨ ਨੂੰ ਸ਼ਾਂਤ ਕਰਨ ਲਈ ਜੋ ਚੀਜ਼ਾਂ ਅਜੇ ਤੱਕ ਠੀਕ,
ਮਹੱਤਵਪੂਰਨ ਤੇ ਕੀਮਤੀ ਸਮਝੀਆਂ ਜਾਂਦੀਆਂ ਸਨ, ਅਸੀਂ ਉਹਨਾਂ ਸਭਨਾਂ ਦਾ ਇਕਦਮ
ਨਿਖੇਦ ਕਰ
ਰਹੇ ਹਾਂ।
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਕੰਟਰੋਲ ਨਾਲ ਮਨ ਦਾ ਸ਼ਾਂਤ ਤੇ ਮੌਨ ਹੋਣਾ ਸੰਭਵ
ਨਹੀਂ ਹੈ। ਇਹ ਮਨ ਕਿਸੇ ਚੀਜ਼ 'ਤੇ ਇਕਾਗਰ ਹੋ ਕੇ ਵੀ ਸ਼ਾਂਤ ਨਹੀਂ ਹੁੰਦਾ ਕਿਉਂਕਿ ਫੇਰ ਉਹ
ਚੀਜ਼ ਮਨ ਨੂੰ ਆਪਣੇ ਆਪ ਵਿਚ ਉਲਝਾਈ ਰਖਦੀ ਹੈ। ਇਹ ਏਦਾਂ ਹੀ ਹੈ ਜਿਵੇਂ ਤੁਸੀਂ ਜੇ
ਕਿਸੇ ਬੱਚੇ ਨੂੰ ਇਕ ਮਜ਼ੇਦਾਰ ਖਿਲੌਣਾ ਦੇ ਦਿੰਦੇ ਹੋ ਤਾਂ ਉਹ ਉਸ ਵਿਚ ਉਲਝ ਕੇ ਬਿਲਕੁਲ
ਸ਼ਾਂਤ ਹੋ ਜਾਂਦਾ ਹੈ। ਪਰ ਜੇ ਉਸ ਤੋਂ ਖਿਲਾਉਣਾ ਲੈ ਲਉ ਉਹ ਫੇਰ ਸ਼ਰਾਰਤਾਂ ਕਰਨ ਲੱਗ
ਜਾਂਦਾ ਹੈ। ਸਾਡੇ ਸਭ ਕੋਲ ਆਪਣੇ-ਆਪਣੇ ਖਿਡੌਣੇ ਹਨ, ਅਸੀਂ ਸਮਝਦੇ ਹਾਂ ਕਿ ਅਸੀਂ
ਸ਼ਾਂਤ ਹਾਂ ਕਿਉਂਕਿ ਅਸੀਂ ਉਹਨਾਂ ਵਿਚ ਉਲਝੇ ਹੋਏ ਹਾਂ। ਜੇ ਆਦਮੀ ਕਿਸੇ ਖਾਸ ਕਿਸਮ ਦੇ
ਕੰਮ ਨੂੰ ਸਮਰਪਤ ਹੈ ਜਿਵੇਂ ਵਿਗਿਆਨਿਕ ਜਾਂ ਸਾਹਿਤਿਕ ਗਤੀਵਿਧੀ, ਤਾਂ ਇਹ ਗਤੀਵਿਧੀ
ਉਸ ਦਾ ਖਿਡਾਉਣਾ ਬਣ ਜਾਂਦੀ ਹੈ। ਜੋ ਆਦਮੀ ਖਿਡੌਣਿਆਂ ਨਾਲ ਸ਼ਾਂਤ ਹੋ ਜਾਂਦਾ ਹੈ
ਉਹ ਸੱਚਮੁਚ ਸ਼ਾਂਤ ਕਦੀ ਨਹੀਂ ਹੁੰਦਾ।
ਮੌਨ ਕੀ ਹੈ? ਸ਼ੋਰ ਦੇ ਬੰਦ ਹੋਣ ਨਾਲ ਜਾਂ ਵਿਚਾਰ ਦੇ ਠਹਿਰ ਜਾਣ ਨਾਲ ਜੋ ਮੌਨ
ਹੁੰਦਾ ਹੈ, ਅਸੀਂ ਸਿਰਫ ਉਸੇ ਮੌਨ ਨੂੰ ਜਾਣਦੇ ਹਾਂ। ਪਰ ਉਹ ਮੌਨ ਨਹੀਂ ਹੈ, ਮੌਨ ਤੇ ਕੁਝ
ਅਜਿਹਾ ਹੈ ਜੋ ਬਿਲਕੁਲ ਅਲਗ ਹੈ, ਜਿੱਦਾਂ ਸੁੰਦਰਤਾ, ਪ੍ਰੇਮ; ਤੇ ਇਹ ਮੌਨ ਇਕ ਸ਼ਾਂਤ
ਕੀਤੇ ਮਨ ਦੀ ਉਪਜ ਨਹੀਂ ਹੈ, ਇਹ ਦਿਮਾਗੀ ਕੋਸ਼ਿਕਾਵਾਂ ਦੀ ਵੀ ਦੇਣ ਨਹੀਂ ਹੈ, ਜੋ
ਸਾਰੀਆਂ ਗਲਾਂ ਨੂੰ ਸੁਣਨ ਸਮਝਣ ਤੋਂ ਬਾਅਦ ਆਪਣੇ ਆਪ ਨੂੰ ਕਹਿੰਦੀਆਂ ਹਨ, “ਰਬ
੧੦੦ / ਜਾਣੇ ਹੋਏ ਤੋਂ ਆਜ਼ਾਦੀ
ਦੇ ਵਾਸਤੇ ਸ਼ਾਂਤ ਹੋ ਜਾਓ”। ਫੇਰ ਦਿਮਾਗ ਦੀਆਂ ਕੋਸ਼ਿਕਾਵਾਂ ਮੌਨ ਸਾਧ ਲੈਂਦੀਆਂ ਹਨ,
ਪਰ ਇਹ ਅਸਲੀ ਮੌਨ ਨਹੀਂ ਹੈ। ਨਾ ਹੀ ਇਹ ਮੌਨ ਉਸ ਸਾਵਧਾਨੀ ਤੇ ਚੌਕਸੀ ਦਾ ਨਤੀਜਾ
ਹੈ ਜਿਸ ਵਿਚ ਦੇਖਣ ਵਾਲਾ ਦ੍ਰਿਸ਼ ਹੋ ਨਿਬੜਦਾ ਹੈ। ਦ੍ਰਿਸ਼ਟਾ ਦੇ ਦ੍ਰਿਸ਼ ਹੋਣ ਨਾਲ ਸੰਘਰਸ਼
ਤਾਂ ਖਤਮ ਹੋ ਜਾਂਦਾ ਹੈ ਪਰ ਇਹ ਮੌਨ ਦੀ ਅਵਸਥਾ ਨਹੀਂ ਹੈ।
ਤੁਸੀਂ ਇਸ ਇੰਤਜਾਰ 'ਚ ਹੋ ਕਿ ਮੈਂ ਇਸ ਮੌਨ ਦਾ ਵਰਣਨ ਕਰ ਦਵਾਂ ਤਾਂ ਕਿ ਤੁਸੀਂ
ਇਸ ਦੀ ਵਿਆਖਿਆ ਕਰ ਸਕੋ, ਤੁਲਨਾ ਕਰ ਸਕੋ ਤੇ ਫੇਰ ਇਸ ਨੂੰ ਨਾਲ ਲੈ ਜਾਓ ਤੇ
ਸੰਦੂਕ 'ਚ ਸਾਂਭ ਕੇ ਰੱਖ ਦਿਓ। ਇਸ ਮੌਨ ਦਾ ਬਖਾਨ ਕੀਤਾ ਹੀ ਨਹੀਂ ਜਾ ਸਕਦਾ, ਜਿਸ ਦਾ
ਵਰਣਨ ਕੀਤਾ ਜਾ ਸਕਦਾ ਹੈ ਉਹ ਗਿਆਤ ਹੈ। ਅਤੇ ਗਿਆਤ ਤੋਂ ਮੁਕਤੀ ਤਾਂ ਹੀ ਮੁਮਕਿਨ
ਹੈ ਜੇ ਤੁਸੀਂ ਹਰ ਦਿਨ ਗਿਆਤ ਦੇ ਪ੍ਰਤਿ ਯਾਨੀ ਆਪਣੇ ਸਾਰੇ, ਅਨੁਭਵਾਂ ਦੇ ਪ੍ਰਤਿ ਦੂਸਰਿਆਂ
ਤੋਂ ਮਿਲੀ ਨਿੰਦਿਆ ਤੇ ਪ੍ਰਸ਼ਂਸਾ ਦੇ ਪ੍ਰਤਿ, ਆਪਣੇ ਆਪ ਜੋ ਖਿਆਲੀ ਤਸਵੀਰਾਂ ਬਣਾਈਆਂ
ਹਨ ਉਨ•ਾਂ ਦੇ ਪ੍ਰਤੀ ਤੁਸੀਂ ਮਰਦੇ ਰਹੋ ਤਾਂ ਕਿ ਤੁਹਾਡੇ ਦਿਮਾਗ ਦੀਆਂ ਕੋਸ਼ਕਾਵਾਂ ਤਾਜ਼ੀਆਂ,
ਜੁਆਨ ਤੇ ਨਿਰਦੋਸ਼ ਬਣੀਆਂ ਰਹਿਣ। ਪਰ ਤਾਜ਼ਗੀ, ਨਿਰਦੋਸ਼ਤਾ, ਕੋਮਲਤਾ ਪ੍ਰੇਮ ਪੈਦਾ
ਨਹੀਂ ਕਰ ਸਕਦੇ ਕਿਉਂਕਿ ਇਹ ਸੁੰਦਰਤਾ ਤੇ ਮੌਨ ਦੀ ਗੁਣਵਤਾ ਨਹੀਂ ਹੈ।
ਇਹ ਮੌਨ ਸ਼ੋਰ ਬੰਦ ਹੋਣ ਦਾ ਮੌਨ ਨਹੀਂ ਹੈ, ਸਿਰਫ ਛੋਟੀ ਜਿਹੀ ਸ਼ੁਰੂਆਤ ਹੈ। ਇਹ
ਇੱਦਾਂ ਹੈ ਕਿ ਕੋਈ ਆਦਮੀ ਇਕ ਛੋਟੇ ਜਿਹੇ ਛੇਕ ਚੋਂ ਹੁੰਦਾ ਹੋਇਆ ਇਕ ਅਸੀਮ ਤੇ ਅਨੰਤ
ਸਾਗਰ ਵਿਚ ਪਹੁੰਚ ਜਾਏ, ਸਮੇਂ ਤੋਂ ਪਾਰ ਦੀ ਇਕ ਅਜਿਹੀ ਅਵਸਥਾ ਜਿਸ ਦੀ ਕੋਈ ਥਾਹ
ਹੀ ਨਹੀਂ ਹੈ। ਪਰ ਤੁਸੀਂ ਇਸ ਨੂੰ ਸ਼ਬਦਾਂ 'ਚ ਨਹੀਂ ਸਮਝ ਸਕਦੇ ਜਿੰਨਾਂ ਚਿਰ ਤੁਸੀਂ ਚੇਤਨਾ
ਦੇ ਪੂਰੇ ਢਾਂਚੇ ਅਤੇ ਸੁਖ-ਦੁਖ ਤੇ ਨਿਰਾਸ਼ਾ ਦੇ ਅਰਥਾਂ ਨੂੰ ਸਮਝ ਨਹੀਂ ਲੈਂਦੇ ਅਤੇ ਆਪਣੇ
ਆਪ ਦਿਮਾਗ ਦੀਆਂ ਕੋਸ਼ਿਕਾਵਾਂ ਵੀ ਸ਼ਾਂਤ ਨਹੀਂ ਹੋ ਜਾਂਦੀਆਂ। ਫੇਰ ਸ਼ਾਇਦ ਤੁਹਾਨੂੰ ਉਸ
ਰਹਿਸ ਦਾ ਪਤਾ ਲੱਗੇ ਜਿਸ ਨੂੰ ਕੋਈ ਆਦਮੀ ਪ੍ਰਗਟ ਨਹੀਂ ਕਰ ਸਕਦਾ ਤੇ ਜਿਸ ਨੂੰ ਕੋਈ
ਸ਼ੈਅ ਨਸ਼ਟ ਨਹੀਂ ਕਰ ਸਕਦੀ। ਇਕ ਜੀਵੰਤ ਮਨ ਦਾ ਅਰਥ ਹੈ ਇਕ ਨਿਸ਼ਚਲ ਮਨ—
ਅਡੋਲ। ਇਕ ਜੀਵੰਤ ਮਨ ਉਹ ਹੈ ਜਿਸ ਦਾ ਕੋਈ ਕੇਂਦਰ ਨਹੀਂ ਹੈ। ਇਸ ਕਰਕੇ ਓਥੇ ਨਾ
ਸਮਾਂ ਹੈ ਨਾ ਸਥਾਨ ਹੈ ਅਰਥਾਤ ਨਾ ਦੇਸ਼ ਨਾ ਕਾਲ। ਅਜਿਹਾ ਮਨ ਅਸੀਮ ਤੇ ਅਨੰਤ ਹੈ।
ਅਤੇ ਇਹੀ ਇਕ ਮਾਤਰ ਸਚ ਹੈ, ਇਹੀ ਇਕ ਮਾਤਰ ਅਸਲੀਅਤ ਹੈ।
੧੦੧ / ਜਾਣੇ ਹੋਏ ਤੋਂ ਆਜ਼ਾਦੀ
ਪਾਠ-15
ਅਨੁਭੂਤੀ, ਤ੍ਰਿਪਤੀ, ਦ੍ਵੈਤ, ਧਿਆਨ
ਅਸੀਂ ਸਾਰੇ ਕਿਸੇ ਨ ਕਿਸੇ ਤਰ•ਾਂ ਦੀ ਅਨੁਭੂਤੀ ਦਾ ਸੁਆਦ ਲੈਣਾ ਚਾਹੁੰਦੇ ਹਾਂ।
ਕੋਈ ਗਹਿਰੀ ਜਾਂ ਰਹਿਸਮਈ ਅਨੁਭੂਤੀ, ਰੂਹਾਨੀ ਅਨੁਭੂਤੀ, ਕਾਮਵਾਸਨਾ ਦੀ ਅਨੁਭੂਤੀ
ਜਾਂ ਬਹੁਤ ਰੁਪਏ-ਪੈਸੇ, ਧਨ-ਦੌਲਤ, ਪਦ-ਪ੍ਰਤਿਸ਼ਠਾ, ਸ਼ਕਤੀ ਤੇ ਧਾਕ ਜਮਾਉਣ ਦੀ
ਅਨੁਭੂਤੀ। ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਸਰੀਰਕ ਭੁੱਖਾਂ ਅਤੇ ਮੰਗਾਂ ਤੋਂ ਛੁਟਕਾਰਾ
ਮਿਲਦਾ ਜਾਂਦਾ ਹੈ। ਪਰ ਫਿਰ ਅਸੀਂ ਜਿਆਦਾ ਗਹਿਰੀ, ਲੰਮੀ-ਚੌੜੀ ਤੇ ਮਹੱਤਵਪੂਰਨ
ਅਨੁਭੂਤੀ ਦੀ ਖੋਜ ਕਰਨ ਲੱਗ ਜਾਂਦੇ ਹਾਂ। ਇਸ ਅਨੁਭੂਤੀ ਨੂੰ ਪ੍ਰਾਪਤ ਕਰਨ ਲਈ ਅਸੀਂ
ਵੱਖ ਵੱਖ ਸਾਧਨਾਂ ਤੇ ਤਰੀਕਿਆਂ ਦਾ ਸਹਾਰਾ ਲੈਂਦੇ ਹਾਂ। ਕੁਝ ਲੋਕ ਆਪਣੀ ਚੇਤਨਾ ਦੇ
ਅੰਦਰ ਇਕ ਫੈਲਾਅ ਦੀ ਅਨੁਭੂਤੀ ਲਈ ਵੱਖ-ਵੱਖ ਤਰੀਕੇ ਵਰਤਦੇ ਹਨ। ਪਰ ਇਹ ਇਕ
ਚਾਲਬਾਜ਼ੀ ਹੈ। ਪੁਰਾਣੇ ਸਮਿਆਂ 'ਚ ਲੋਕ ਇਕ ਖਾਸ ਦਰਖ਼ਤ ਦੀਆਂ ਪੱਤੀਆਂ ਨੂੰ ਚਬਾਅ
ਲਿਆ ਕਰਦੇ ਸਨ ਤੇ ਹੁਣ ਲੋਕ ਰਸਾਇਣਕ ਪਦਾਰਥਾਂ ਦੀ ਵਰਤੋਂ ਕਰਦੇ ਹਨ। ਇਸ ਤਰ•ਾਂ
ਲੋਕ ਕਾਫੀ ਚਿਰ ਤੋਂ ਇਨ•ਾਂ ਤਰੀਕਿਆਂ ਦੀ ਵਰਤੋਂ ਕਰਦੇ ਆ ਰਹੇ ਹਨ। ਇਸ ਨਾਲ ਹੁੰਦਾ
ਕੇਵਲ ਇਹ ਹੈ, ਕਿ ਦਿਮਾਗ ਦੀਆਂ ਕੋਸ਼ਿਕਾਵਾਂ ਅੰਦਰ ਅਸਥਾਈ ਕਿਸਮ ਦੀ ਤਬਦੀਲੀ
ਹੋ ਜਾਂਦੀ ਹੈ ਜਿਸ ਕਰਕੇ ਤੁਹਾਡੀ ਸੰਵੇਦਨਸ਼ੀਲਤਾ ਤੇ ਦੇਖਣ ਦੀ ਸ਼ਕਤੀ ਕੁਝ ਦੇਰ ਲਈ
ਵੱਧ ਜਾਂਦੀ ਹੈ ਤੇ ਇਸ ਨਾਲ ਜਾਪਦਾ ਹੈ ਕਿ ਇਕ ਅਪੂਰਵ ਤੇ ਅਦਭੁਤ ਸਚਾਈ ਦੇ
ਦਰਸ਼ਨ ਹੋ ਗਏ ਹਨ। ਪਰ ਇਹ ਸਭ ਆਦਮੀ ਦੀ ਅਨੁਭੂਤੀ ਦੀ ਚਾਹਤ ਤੇ ਖੋਜ ਹੀ ਹੈ, ਜੋ
ਆਦਮੀ ਦੀ ਅੰਦਰਲੀ ਗਰੀਬੀ ਹੀ ਹੁੰਦੀ ਹੈ। ਅਸੀਂ ਸੋਚਦੇ ਹਾਂ ਕਿ ਇਨ•ਾਂ ਅਨੁਭੂਤੀਆਂ
ਨਾਲ ਅਸੀਂ ਆਪਣੇ ਆਪ ਤੋਂ ਭੱਜ ਸਕਦੇ ਹਾਂ। ਪਰ ਇਹ ਅਨੁਭੂਤੀਆਂ ਅਸੀਂ “ਜੋ ਹਾਂ”
ਓਸੇ 'ਚੋਂ ਨਿਕਲੀਆਂ ਤੇ ਪ੍ਰਭਾਵਿਤ ਹੋਈਆਂ ਹੁੰਦੀਆਂ ਹਨ। ਜੇ ਮਨ ਤੁੱਛ, ਈਰਖਾਲੂ,
ਚਿੰਤਾਗ੍ਰਸਤ ਹੈ ਤਾਂ ਭਾਵੇਂ ਨਵੇਂ ਤੋਂ ਨਵੇਂ ਨਸ਼ੇ ਕਰ ਲਏ, ਇਹ ਆਪਣੀਆਂ ਹੀ ਤੁੱਛ
ਘਾੜਤਾਂ ਦੇ ਦਰਸ਼ਨ ਕਰੇਗਾ। ਆਪਣੀਆਂ ਹੀ ਕਲਪਨਾਵਾਂ ਤੇ ਉਮੀਦਾਂ ਨੂੰ ਦੇਖੇਗਾ ਜੋ
ਉਸ ਦੇ ਸੰਸਕਾਰਾਂ ਦੇ ਅਸਰ ਦੀ ਉਪਜ ਹੈ।
ਸਾਨੂੰ ਆਮ ਕਰਕੇ ਅਜਿਹੀ ਅਨੁਭੂਤੀ ਦੀ ਤਲਾਸ਼ ਰਹਿੰਦੀ ਹੈ ਜੋ ਪਰਮ ਤ੍ਰਿਪਤੀ
ਦੇਣ ਵਾਲੀ ਹੋਵੇ ਤੇ ਲੰਮੇ ਸਮੇਂ ਲਈ ਹੋਵੇ ਜੋ ਵਿਚਾਰਾਂ ਦੇ ਰੌਲੇ ਰੱਪੇ ਵਿਚ ਗੁਆਚ ਜਾਣ
ਵਾਲੀ ਨਾ ਹੋਵੇ ਤੇ ਅਜਿਹੀ ਅਨੁਭੂਤੀ ਦੀ ਤਲਾਸ਼ ਮਗਰ ਵੀ ਤ੍ਰਿਪਤੀ ਦੀ ਹੀ ਚਾਹ ਕੰਮ
ਕਰਦੀ ਹੈ। ਇਹ ਤ੍ਰਿਪਤੀ ਦੀ ਮੰਗ ਹੀ ਸਾਡੀ ਅਨੁਭੂਤੀ ਦੀ ਰੂਪਰੇਖਾ ਦਾ ਫੈਸਲਾ ਕਰਦੀ ਹੈ
੧੦੨ / ਜਾਣੇ ਹੋਏ ਤੋਂ ਆਜ਼ਾਦੀ
ਇਸ ਲਈ ਅਸੀਂ ਨਾ ਕੇਵਲ ਤ੍ਰਿਪਤੀ ਦੇ ਪੂਰੇ ਸਰੂਪ ਤੇ ਢਾਂਚੇ ਨੂੰ ਸਮਝਣਾ ਹੈ, ਸਗੋਂ ਹਰ
ਅਨੁਭੂਤੀ ਵਿੱਚ ਜੋ ਚੀਜ਼ ਅਨੁਭਵ ਕੀਤੀ ਜਾਂਦੀ ਹੈ ਉਸ ਦੀ ਵੀ ਜਾਂਚ-ਪੜਤਾਲ ਕਰਨੀ
ਹੈ। ਸਾਡੇ ਲਈ ਇਕ ਗਹਿਰੀ ਤ੍ਰਿਪਤੀ ਦਾ ਅਰਥ ਹੈ ਇਕ ਮਹਾਨ ਸੁੱਖ। ਇਸ ਤਰ•ਾਂ
ਅਨੁਭੂਤੀ ਜਿੰਨੀ ਸਥਾਈ, ਗਹਿਰੀ ਤੇ ਟਿਕਾਊ ਹੋਵੇਹੀ ਉੰਨੀ ਹੀ ਸੁਖ ਦੇਣ ਵਾਲੀ ਹੋਵੇਗੀ।
ਇਸ ਕਰਕੇ ਸੁਖ ਹੀ ਉਸ ਅਨੁਭੂਤੀ ਦੇ ਰੰਗ-ਰੂਪ ਦਾ ਫੈਸਲਾ ਕਰਦਾ ਹੈ, ਜਿਸ ਦੀ ਅਸੀਂ
ਤਲਾਸ਼ ਕਰ ਰਹੇ ਹਾਂ। ਤੇ ਸੁਖ ਹੀ ਉਹ ਪੈਮਾਨਾ ਹੈ ਜਿਸ ਨਾਲ ਅਸੀਂ ਹਰ ਅਨੁਭੂਤੀ ਨੂੰ
ਮਿਣਦੇ ਹਾਂ। ਤੇ ਜੋ ਕੁਝ ਵੀ ਮਿਣਿਆ ਜਾ ਸਕਦਾ ਹੈ ਉਹ ਵਿਚਾਰ ਦੇ ਜਗਤ ਦਾ ਹੀ ਇਕ
ਹਿੱਸਾ ਹੈ ਅਤੇ ਇਸ ਲਈ ਇਹ ਭਰਮ ਪੈਦਾ ਕਰਨ ਵਾਲਾ ਹੈ। ਜੇ ਤੁਹਾਨੂੰ ਅਦਭੁਤ ਤੇ
ਅਨੋਖੀਆਂ ਅਨੁਭੂਤੀਆਂ ਹੋ ਰਹੀਆਂ ਹਨ ਤਾਂ ਤਸੀਂ ਸਿਰਫ ਭਰਮ ਤੇ ਧੋਖੇ ਦੇ ਸ਼ਿਕਾਰ ਹੋ
ਰਹੇ ਹੋ। ਤੁਹਾਨੂੰ ਜਿਨ•ਾਂ ਚੀਜ਼ਾਂ ਦਾ ਦਰਸ਼ਨ ਹੋਏਗਾ ਉਹ ਜ਼ਰੂਰੀ ਹੈ ਕਿ ਤੁਹਾਡੇ ਸੰਸਕਾਰਿਤ
ਮਨ ਦੀ ਖੇਡ ਹੋਏਗੀ। ਬਹੁਤ ਲੋਕਾਂ ਨੂੰ ਕ੍ਰਿਸ਼ਨ ਦਾ, ਜਾਂ ਈਸਾ ਦਾ, ਬੁੱਧ ਦਾ ਜਾਂ ਜਿਨ•ਾਂ
ਵਿਚ ਉਨ•ਾਂ ਦੀ ਆਸਥਾ ਹੁੰਦੀ ਹੈ ਉਹਨਾਂ ਦਾ ਦਰਸ਼ਨ ਹੋ ਜਾਂਦਾ ਹੈ, ਤੇ ਤੁਸੀਂ ਜਿੰਨੇ ਵੱਡੇ
ਆਸਤਿਕ ਤੇ ਉਪਾਸਕ ਹੋ ਅਰਥਾਤ ਤੁਹਾਡੀ ਆਸਥਾ ਤੇ ਸ਼ਰਧਾ ਜਿੰਨੀ ਜ਼ਿਆਦਾ ਹੈ
ਓੰਨਾ ਹੀ ਇਹ ਦਰਸ਼ਨ ਤੁਹਾਨੂੰ ਸਹੀ ਤੇ ਸੱਚਾ ਜਾਪੇਗਾ। ਪਰ ਇਹ ਸਭ ਤੁਹਾਡੀਆਂ
ਇਛਾਵਾਂ ਤੇ ਕਲਪਨਾਵਾਂ ਦਾ ਪਰਛਾਵਾਂ ਹੈ।
ਜੇ ਤੁਸੀਂ ਕਿਸੇ ਮੌਲਿਕ ਚੀਜ਼ ਦੀ ਖੋਜ਼ ਕਰ ਰਹੇ ਹੋ ਜਿਵੇਂ ਕਿ ਸੱਚ ਕੀ ਹੈ, ਤੇ ਤੁਸੀਂ
ਸੁੱਖ ਨੂੰ ਹੀ ਆਪਣਾ ਮਾਪਦੰਡ ਬਣਾ ਲਿਆ ਹੈ, ਇਸ ਦਾ ਅਰਥ ਹੈ ਕਿ ਸੱਚ ਦੀ ਅਨੁਭੂਤੀ
ਕਿੱਦਾਂ ਦੀ ਹੋਏਗੀ ਇਹ ਪਹਿਲਾਂ ਹੀ ਤੁਸੀਂ ਕਲਪਤ ਕਰ ਲਿਆ ਹੈ—ਇਸ ਕਰਕੇ ਤੁਹਾਡੀ
ਖੋਜ ਹੀ ਬੇਮਾਨੀ ਹੋ ਜਾਂਦੀ ਹੈ।
ਅਨੁਭੂਤੀ ਤੋਂ ਸਾਡਾ ਮਤਲਬ ਕੀ ਹੈ? ਕਿਸੇ ਵੀ ਅਨੁਭੂਤੀ ਵਿਚ ਕੀ ਕੋਈ ਵੀ ਚੀਜ਼
ਨਵੀਂ ਜਾਂ ਮੌਲਿਕ ਹੁੰਦੀ ਹੈ? ਆਦਮੀ ਦਾ ਅਨੁਭਵ ਯਾਦਾਂ ਦਾ ਭੰਡਾਰ ਹੈ ਅਤੇ ਇਸੇ ਅਨੁਭਵ
ਨਾਲ ਆਦਮੀ ਹਰ ਚੁਨੌਤੀ ਦਾ ਸਾਹਮਣਾ ਕਰਦਾ ਹੈ ਤੇ ਉਸ ਦਾ ਉੱad ਦਿੰਦਾ ਹੈ, ਇਸ
ਕਰਕੇ ਇਹ ਉੱad ਮਨੁੱਖ ਦੀ ਪਿਛੋਕੜ ਦੀ ਉਪਜ ਹੈ। ਤੁਸੀਂ ਆਪਣੇ ਅਨੁਭਵ ਦੇ
ਵਿਸ਼ਲੇਸ਼ਣ ਤੇ ਵਿਆਖਿਆ ਵਿਚ ਜਿੰਨੇ ਮਾਹਿਰ ਹੋ ਉੰਨੇ ਹੀ ਤਤਪਰਤਾ ਨਾਲ ਤੁਹਾਡਾ
ਅਨੁਭਵ ਉੱad ਦਿੰਦਾ ਹੈ। ਇਸ ਕਰਕੇ ਤੁਹਾਨੂੰ ਨਾ ਕੇਵਲ ਦੂਸਰੇ ਦੇ ਅਨੁਭਵ 'ਤੇ ਸਗੋਂ
ਆਪਣੇ ਅਨੁਭਵਾਂ 'ਤੇ ਵੀ ਸੁਆਲ ਖੜਾ ਕਰਨਾ ਹੈ। ਹੁਣ ਅਸੀਂ ਫੇਰ ਅਨੁਭੂਤੀ ਦੇ
ਸੁਆਲ ਨੂੰ ਲੈਂਦੇ ਹਾਂ। ਹਰ ਅਨੁਭੂਤੀ ਕਿਸੇ ਪੁਰਾਣੇ ਅਨੁਭਵ ਦਾ ਹੀ ਦੁਹਰਾਵ ਹੈ ਅਰਥਾਤ
ਹਰ ਅਨੁਭੂਤੀ ਇਸਤੋਂ ਪਹਿਲਾਂ ਵੀ ਅਨੁਭਵ ਕੀਤੀ ਜਾ ਚੁੱਕੀ ਹੈ ਨਹੀਂ ਤਾਂ ਤੁਸੀਂ ਇਸ ਨੂੰ
ਪਹਿਚਾਣਦੇ ਕਿਵੇਂ? ਉਦਾਹਰਨ ਲਈ ਜਦ ਤੁਸੀਂ ਕਹਿੰਦੇ ਹੋ ਕਿ ਮੈਨੂੰ ਸੁਖ ਦੀ ਅਨੁਭੂਤੀ
ਹੋਈ ਹੈ ਤਾਂ ਇਸ ਦਾ ਮਤਲਬ ਹੈ ਕਿ ਸੁਖ ਦਾ ਅਨੁਭਵ ਤੁਹਾਨੂੰ ਪਹਿਲਾਂ ਤੋਂ ਹੀ ਹੈ। ਤੁਸੀਂ
ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਕਿਸੇ ਅਨੁਭੂਤੀ ਨੂੰ ਚੰਗਾ, ਬੁਰਾ, ਧਾਰਮਿਕ, ਅਧਾਰਮਿਕ
ਵਗੈਰਾ ਦੇ ਰੂਪ 'ਚ ਪਛਾਣਦੇ ਹੋ, ਇਸਲਈ ਹਰ ਅਨੁਭੂਤੀ ਦੀ ਪਛਾਣ ਪੁਰਾਣੀ ਹੀ ਹੈ।
੧੦੩ / ਜਾਣੇ ਹੋਏ ਤੋਂ ਆਜ਼ਾਦੀ
ਅਸੀਂ ਸਾਰੇ ਸੱਚ ਤੇ ਅਸਲੀਅਤ ਦੀ ਅਨੁਭੂਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਕਿਸੇ
ਚੀਜ਼ ਨੂੰੇ ਅਨੁਭਵ ਕਰਨ ਦਾ ਅਰਥ ਹੈ ਉਸ ਨੂੰ ਜਾਣਨਾ। ਇਸ ਕਰਕੇ ਜਦ ਅਸੀਂ ਅਸਲੀਅਤ
ਨੂੰ ਜਾਣ ਲਵਾਂਗੇ, ਇਸ ਦੀ ਸਾਡੇ ਮਨ ਵਿਚ ਤਸਵੀਰ ਬਣ ਜਾਏਗੀ। ਫੇਰ ਇਹ ਅਸਲੀਅਤ
ਹੈ ਹੀ ਕਿਥੇ? ਕਿਉਂਕਿ ਇਹ ਤਾਂ ਵਿਚਾਰ ਤੇ ਸਮੇਂ ਦੇ ਜਗਤ ਦਾ ਹਿੱਸਾ ਹੋ ਗਿਆ ਜਿਸ
ਅਸਲੀਅਤ ਦੇ ਸਬੰਧ ਵਿਚ ਵਿਚਾਰ ਸੋਚ ਸਕਦਾ ਹੈ, ਉਹ ਅਸਲੀਅਤ ਹੈ ਹੀ ਕਿੱਥੇ? ਜੇ
ਕੋਈ ਅਨੁਭੂਤੀ ਸੱਚਮੁੱਚ ਨਵੀਂ ਤੇ ਤਾਜੀ ਹੈ ਤਾਂ ਅਸੀਂ ਉਹਨੂੰ ਪਛਾਣ ਨਹੀਂ ਸਕਦੇ। ਉਸ ਨੂੰ
ਪਛਾਣਨਾ ਨਾਮੁਮਕਿਨ ਹੈ। ਅਸੀਂ ਸਿਰਫ ਉਸ ਚੀਜ਼ ਨੂੰ ਪਛਾਣ ਸਕਦੇ ਹਾਂ ਜਿਸ ਨੂੰ ਅਸੀਂ
ਪਹਿਲਾਂ ਤੋਂ ਹੀ ਜਾਣਦੇ ਹਾਂ। ਜਦ ਅਸੀਂ ਕਹਿੰਦੇ ਹਾਂ ਕਿ ਸਾਨੂੰ ਤੇ ਇਕ ਬਿਲਕੁਲ ਨਵੀਂ
ਅਨੁਭੂਤੀ ਹੋਈ ਹੈ ਤਾਂ ਅਸੀਂ ਅਨਜਾਣੇ ਹੀ ਇਕ ਝੂਠ ਬੋਲ ਰਹੇ ਹੁੰਦੇ ਹਾਂ। ਅੱਜ ਕੱਲ ਵੱਖਵ
ੱਖ ਮਾਦਕ ਚੀਜ਼ਾਂ ਦੇ ਜ਼ਰੀਏ ਚੇਤਨਾ ਦੇ ਫੈਲਾਅ ਨਾਲ ਜੋ ਇਕ ਨਵੀਂ ਅਨੁਭੂਤੀ ਪ੍ਰਾਪਤ
ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਵੀ ਚੇਤਨਾ ਦੇ ਦਾਇਰੇ ਦੀ ਹੀ ਘਟਨਾ ਹੈ ਇਸਲਈ
ਸੀਮਤ ਹੈ, ਬੇਮਾਨੀ ਹੈ।
ਇਸ ਤਰ•ਾਂ ਅਸੀਂ ਇਕ ਅਤਿਅੰਤ ਮੌਲਿਕ ਤੇ ਕੀਮਤੀ ਸੱਚ ਦਾ ਪਤਾ ਲਗਾਇਆ ਹੈ
ਤੇ ਉਹ ਇਹ ਹੈ ਕਿ ਜੋ ਮਨ ਇਕ ਅਖੌਤੀ ਗਹਿਰੀ ਤੇ ਅੱਦਭੁਤ ਅਨੁਭੂਤੀ ਪ੍ਰਾਪਤ ਕਰਨ ਦੀ
ਕੋਸ਼ਿਸ਼ ਕਰ ਰਿਹਾ ਹੈ, ਉਹ ਮਨ ਬਹੁਤ ਛਿਛਲਾ ਤੇ ਖੂਹ ਦਾ ਡੱਡੂ ਹੈ, ਕਿਉਂਕਿ ਉਹ ਸਦਾ
ਆਪਣੀਆਂ ਯਾਦਾਂ ਅੰਦਰ ਹੀ ਜਿਊਂਦਾ ਹੈ।
ਹੁਣ ਜੇ ਸਾਡੇ ਕੋਲ ਕੋਈ ਅਨੁਭੂਤੀ ਰਹੇ ਹੀ ਨਾ ਤਾਂ ਸਾਡਾ ਕੀ ਹੋਵੇਗਾ? ਆਪਣੇ ਆਪ
ਨੂੰ ਜਾਗਦੇ ਰੱਖਣ ਲਈ ਅਸੀਂ ਚੁਨੌਤੀਆਂ ਅਤੇ ਅਨੁਭੂਤੀਆਂ 'ਤੇ ਨਿਰਭਰ ਰਹਿੰਦੇ ਹਾਂ। ਸਾਡੇ
ਅੰਦਰ ਟਕਰਾਵ, ਪਰੇਸ਼ਾਨੀਆਂ ਜਾਂ ਅਦਲਾ-ਬਦਲੀ ਨਾ ਹੋਵੇ ਤਾਂ ਅਸੀਂ ਡੂੰਘੀ ਨੀਂਦ ਵਿੱਚ
ਚਲੇ ਜਾਵਾਂਗੇ। ਇਸ ਤਰਾਂ ਚੁਨੌਤੀਆਂ ਕਈ ਲੋਕਾਂ ਲਈ ਜ਼ਰੂਰੀ ਹੋ ਜਾਂਦੀਆਂ ਹਨ। ਅਸੀਂ
ਸੋਚਦੇ ਹਾਂ ਕਿ ਜੇ ਸਾਡੇ ਕੋਲ ਚੁਨੌਤੀਆਂ ਨਾ ਹੋਣ ਤਾਂ ਸਾਡਾ ਮਨ ਸੁਸਤ ਤੇ ਬੋਝਲ ਹੋ ਜਾਏਗਾ
ਅਤੇ ਇਸਲਈ ਅਸੀਂ ਅਨੁਭੂਤੀਆਂ ਤੇ ਚੁਨੌਤੀਆਂ 'ਤੇ ਨਿਰਭਰ ਹੋ ਜਾਂਦੇ ਹਾਂ, ਤਾਂ ਕਿ
ਸਾਨੂੰ ਲਗਾਤਾਰ ਉਤੇਜਨਾ ਤੇ ਊਰਜਾ ਮਿਲਦੀ ਰਹੇ ਤੇ ਸਾਡਾ ਮਨ ਤੇਜ਼-ਤਰਾਰ ਬਣਿਆ
ਰਹੇ। ਅਸਲ ਵਿਚ ਆਪਣੇ ਆਪ ਨੂੰ ਜਾਗਦੇ ਰੱਖਣ ਲਈ ਚੁਨੌਤੀਆਂ ਤੇ ਅਨੁਭੂਤੀਆਂ
'ਤੇ ਨਿਰਭਰ ਹੋਣ ਨਾਲ ਜਾਗਦੇ ਰਹਿਣਾ ਤੇ ਦੂਰ, ਅਸੀਂ ਸਗੋਂ ਹੋਰ ਸੁਸਤ ਹੁੰਦੇ ਜਾਂਦੇ ਹਾਂ।
ਇਸਲਈ ਹੁਣ ਮੈਂ ਆਪਣੇ ਆਪ ਤੋਂ ਪੁੱਛ ਰਿਹਾ ਹਾਂ ਕਿ ਕੀ ਬਿਨਾ ਕਿਸੇ ਅਨੁਭੂਤੀ ਅਤੇ
ਚੁਨੌਤੀ ਦੇ ਪੂਰਨ ਰੂਪ ਵਿਚ ਜਾਗਦੇ ਰਹਿਣਾ ਸੰਭਵ ਹੈ? ਆਪਣੀ ਹੋਂਦ ਦੀ ਉਪਰੀ ਸਤਹ 'ਤੇ
ਹੀ ਨਹੀਂ, ਆਂਸ਼ਿਕ ਤੌਰ 'ਤੇ ਹੀ ਨਹੀਂ ਸਗੋਂ ਧੁਰ ਅੰਦਰ ਤੱਕ ਪੂਰਨ ਰੂਪ ਵਿਚ ਜਾਗਦੇ
ਰਹਿਣਾ, ਕੀ ਸੰਭਵ ਹੈ ? ਇਸਲਈ ਸਰੀਰਕ ਤੇ ਮਾਨਸਿਕ ਦੋਨਾਂ ਤਲਾਂ 'ਤੇ ਅਪਾਰ
ਸੰਵੇਦਨਸ਼ੀਲਤਾ ਚਾਹੀਦੀ ਹੈ। ਇਸ ਤੋਂ ਮੁਰਾਦ ਹੈ ਕਿ ਮੈਨੂੰ ਆਪਣੀਆਂ ਸਾਰੀਆਂ ਮੰਗਾਂ ਤੋਂ
ਅਜ਼ਾਦ ਹੋਣਾ ਪਏਗਾ ਕਿਉਂਕਿ ਜਿਸ ਪਲ ਮੈਂ ਕੁਝ ਮੰਗਿਆ, ਓਸੇ ਵੇਲੇ ਮੈਂ ਅਨੁਭੂਤੀ ਦੇ
ਮੋਹਜਾਲ ਵਿਚ ਫਸਿਆ। ਤ੍ਰਿਪਤੀ ਅਤੇ ਮੰਗਾਂ ਤੋਂ ਉਪਰ ਉੱaa ਲਈ ਮੈਨੂੰ ਆਪਣੇ ਅੰਦਰ
੧੦੪ / ਜਾਣੇ ਹੋਏ ਤੋਂ ਆਜ਼ਾਦੀ
ਗਹਿਰਾਈ ਵਿੱਚ ਜਾ ਕੇ ਜਾਂਚ-ਪੜਤਾਲ ਕਰਨੀ ਹੋਏਗੀ ਅਤੇ ਮੰਗ ਦੇ ਸਰੂਪ ਤੇ ਸੁਭਾਅ
ਨੂੰ ਸਮਝਣਾ ਹੋਏਗਾ।
ਦ੍ਵੈਤ ਹੀ ਮੰਗ ਨੂੰ ਜਨਮ ਦਿੰਦੀ ਹੈ। ਜਿਵੇਂ ਕਿ ਮੈਂ ਦੁਖੀ ਹਾਂ ਤੇ ਮੈਂ ਸੁੱਖੀ ਹੋਣਾ
ਚਾਹੁੰਦਾ ਹਾਂ। ਇਸ ਸੁਖੀ ਹੋਣ ਦੀ ਮੰਗ ਵਿਚ ਹੀ ਦੁਖ ਛਿਪਿਆ ਹੋਇਆ ਹੈ। ਜਦ ਕੋਈ
ਚੰਗਾ ਬਣਨ ਲਈ ਕੋਸ਼ਿਸ਼ ਕਰਦਾ ਹੈ ਤਾਂ ਇਸ ਚੰਗਿਆਈ ਦੀ ਕੋਸ਼ਿਸ਼ ਵਿਚ ਹੀ ਇਸ ਦਾ
ਉਲਟ ਯਾਨੀ ਬੁਰਾਈ ਛਿਪੀ ਹੁੰਦੀ ਹੈ। ਇਸ ਤਰ•ਾਂ ਹਰ ਉਹ ਚੀਜ਼ ਜੋ ਠੋਸੀ ਜਾਂਦੀ ਹੈ
ਆਪਣੇ ਨਾਲ ਆਪਣਾ ਉਲਟ ਵੀ ਲੈ ਕੇ ਆਉਂਦੀ ਹੈ। ਕਿਸੇ ਚੀਜ਼ 'ਤੇ ਕਾਬੂ ਪਾ ਲੈਣ ਦੀ
ਕੋਸ਼ਿਸ਼ ਉਸ ਚੀਜ਼ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਦਿੰਦੀ ਹੈ ਜਿਸ ਵਿਰੁੱਧ ਇਹ ਕੋਸ਼ਿਸ਼
ਤੇ ਘੋਲ ਕੀਤਾ ਜਾ ਰਿਹਾ ਹੁੰਦਾ ਹੈ। ਜਦ ਤੁਸੀਂ ਸੱਚ ਤੇ ਅਸਲੀਅਤ ਦੀ ਅਨੁਭੂਤੀ ਦੀ
ਮੰਗ ਕਰਦੇ ਹੋ ਤਾਂ ਇਹ ਮੰਗ “ਜੋ ਹੈ” ਉਸ ਤੋਂ ਤੁਹਾਡੇ ਅਸੰਤੁਸ਼ਟ ਹੋਣ ਦੇ ਕਾਰਣ ਹੀ
ਪੈਦਾ ਹੁੰਦੀ ਹੈ। ਇਸ ਤਰ•ਾਂ ਹਰ ਮੰਗ “ਜੋ ਹੈ” ਦੇ ਉਲਟ ਦੀ ਚਾਹ ਤੇ ਖੋਜ ਹੈ, ਅਤੇ ਹਰ
ਉਲਟ ਵਿਚ ਅਤੀਤ ਦੀ ਯਾਦ ਬੀਜ ਰੂਪ ਵਿਚ ਮੌਜੂਦ ਹੈ। ਆਦਮੀ ਦੇ ਅੰਦਰ ਹਰ ਵੇਲੇ
ਉਥਲ-ਪੁਥਲ ਮਚਾ ਰਹੀਆਂ ਮੰਗਾ ਤੋਂ ਉਸਨੂੰ ਅਜ਼ਾਦ ਹੋਣਾ ਪਏਗਾ, ਨਹੀਂ ਤੇ ਦ੍ਵੰਦ ਦੇ
ਇਸ ਵਿਸਥਾਰ ਦਾ ਫੇਰ ਕੋਈ ਅੰਤ ਨਹੀਂ ਹੈ। ਇਸ ਦਾ ਮਤਲਬ ਹੈ ਆਪਣੇ ਆਪ ਨੂੰ ਇੰਨੀ
ਪੂਰੀ ਤਰ•ਾਂ ਜਾਣ ਲੈਣਾ ਕਿ ਮਨ ਦੀ ਸਾਰੀ ਖੋਜ ਤੇ ਦੌੜ-ਭੱਜ ਆਪਣੇ ਆਪ ਬੰਦ ਹੋ ਜਾਏ।
ਅਜਿਹਾ ਮਨ ਕਿਸੇ ਵੀ ਅਨੁਭੂਤੀ ਦੀ ਮੰਗ ਨਹੀਂ ਕਰਦਾ ਨਾ ਇਹ ਕਿਸੇ ਚੁਨੌਤੀ ਦੀ
ਰਾਹ ਦੇਖਦਾ ਰਹਿੰਦਾ ਹੈ। ਇਹ ਚੀਜ਼ਾਂ ਨੂੰ ਉਹਨਾਂ ਦੇ ਸਹਿਜ ਸੁਭਾਵਿਕ ਰੂਪ ਵਿਚ ਲੈਂਦਾ ਹੈ,
ਨਾ ਕਿ ਚੁਨੌਤੀ ਦੇ ਰੂਪ ਵਿਚ। ਇਹ ਕਦੀ ਨਹੀਂ ਕਹਿੰਦਾ ਕਿ ਮੈਂ ਗਹਿਰੀ ਨੀਂਦ ਵਿਚ ਹਾਂ, ਨਾ
ਹੀ ਇਹ ਕਹਿੰਦਾ ਹੈ ਕਿ ਮੈਂ ਜਾਗ੍ਰਿਤ ਹਾਲਤ ਵਿਚ ਹਾਂ। ਇਹ ਪੂਰਨ ਰੂਪ ਵਿਚ ਓਹੀ ਹੈ ਜੋ
ਇਹ ਹੈ । ਹੋਰ ਜ਼ਿਆਦਾ ਦੀ ਚਾਹਤ ਤੇ ਖੋਜ ਵਿੱਚ ਕੇਵਲ ਛਿਛਲਾ, ਕੁੰਠਿਤ-ਹਤਾਸ਼,
ਸੌੜਾ ਅਤੇ ਸੰਸਾਕਾਰਬੱਧ ਮਨ ਭਟਕਦਾ ਰਹਿੰਦਾ ਹੈ। ਕੀ ਹੋਰ ਜ਼ਿਆਦਾ ਦੀ ਖਾਹਿਸ਼ ਤੋਂ
ਮੁਕਤ ਹੋ ਕੇ ਅਰਥਾਤ ਤੁਲਨਾਵਾਂ ਦੇ ਅਨੰਤ ਸਿਲਸਿਲੇ ਤੋਂ ਮੁਕਤ ਹੋ ਕੇ ਇਸ ਸੰਸਾਰ
ਵਿਚ ਜਿਊਣਾ ਸੰਭਵ ਹੈ? ਹਾਂ ਇਹ ਬਿਲਕੁਲ ਸੰਭਵ ਹੈ। ਪਰ ਇਸ ਲਈ ਤੁਹਾਨੂੰ ਖੁਦ
ਇਸ ਸੁਆਲ ਦੀ ਗਹਿਰਾਈ ਵਿਚ ਉਤਰਨਾ ਪਏਗਾ।
ਇਸ ਪੂਰੇ ਪ੍ਰਸ਼ਨ ਦੀ ਜਾਂਚ-ਪੜਤਾਲ ਹੀ ਧਿਆਨ ਹੈ। ਧਿਆਨ ਸ਼ਬਦ ਦਾ ਇਸਤੇਮਾਲ
ਪੂਰਬ ਅਤੇ ਪੱਛਮ ਦੋਹਾਂ ਜਗਾ 'ਤੇ ਬਹੁਤ ਬਦਕਿਸਮਤੀ ਵਾਲੇ ਤਰੀਕੇ ਨਾਲ ਹੋਇਆ ਹੈ।
ਧਿਆਨ ਦੀਆਂ ਵੱਖ-ਵੱਖ ਪਰੰਪਰਾਵਾਂ, ਪੱਧਤੀਆਂ, ਤਰੀਕੇ, ਵਿੱਧੀਆਂ ਪ੍ਰਚਲਤ ਰਹੀਆਂ
ਹਨ। ਇਕ ਤਰੀਕੇ ਅਨੁਸਾਰ ਤੁਰਦੇ ਵਕਤ ਆਪਣੇ ਪੈਰ ਦੇ ਅੰਗੂਠੇ ਨੂੰ ਦੇਖਦੇ ਜਾਓ, ਦੇਖਦੇ
ਜਾਓ, ਦੇਖਦੇ ਜਾਓ। ਕੁਝ ਦੂਜੇ ਤਰੀਕੇ ਹਨ ਜੋ ਨਿਯਮਤ ਰੂਪ ਨਾਲ ਆਸਨ ਤੇ ਪ੍ਰਾਣਾਯਾਮ
ਕਰਨ ਦਾ ਤੇ ਇਕ ਵਿਸ਼ੇਸ਼ ਮੁਦਰਾ ਵਿਚ ਬੈਠਣ ਦਾ ਨਿਰਦੇਸ਼ ਦਿੰਦੇ ਹਨ। ਇਕ ਹੋਰ ਤਰੀਕੇ
ਵਿਚ ਸੱਜਗ ਰਹਿਣ ਦਾ ਅਭਿਆਸ ਕਰਾਇਆ ਜਾਂਦਾ ਹੈ। ਪਰ ਇਹ ਸਾਰੀਆਂ ਕਿਰਿਆਵਾਂ
ਇਕਦਮ ਮਸ਼ੀਨੀ ਹਨ। ਹੁਣ ਇਕ ਨਵੇਂ ਤਰੀਕੇ ਮੁਤਾਬਿਕ ਤੁਹਾਨੂੰ ਇਕ ਖਾਸ ਸ਼ਬਦ ਜਾਂ
੧੦੫ / ਜਾਣੇ ਹੋਏ ਤੋਂ ਆਜ਼ਾਦੀ
ਮੰਤਰ ਦਸ ਦਿੱਤਾ ਜਾਂਦਾ ਹੈ ਤੇ ਉਸ ਨੂੰ ਦੁਹਰਾਉਂਦੇ ਚਲੇ ਜਾਣ ਲਈ ਕਿਹਾ ਜਾਂਦਾ ਹੈ ਅਤੇ
ਦੱਸਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਇਕ ਅਦਭੁਤ ਭਾਵਾਤੀਤ ਅਨੁਭੂਤੀ ਪ੍ਰਾਪਤ
ਹੋਵੇਗੀ। ਇਹ ਕੋਰੀ ਬਕਵਾਸ ਹੈ। ਇਹ ਆਤਮ-ਸੰਮੋਹਣ ਦਾ ਹੀ ਇਕ ਢੰਗ ਹੈ।
ਅਨਿਸ਼ਚਿਤ ਕਾਲ ਤੱਕ ਓਮ ਜਾਂ ਅਮੀਨ ਜਾਂ ਕੋਕਾਕੋਲਾ ਸ਼ਬਦ ਨੂੰ ਦੋਹਰਾਂਦੇ ਰਹਿਣ ਨਾਲ
ਤੁਹਾਨੂੰ ਕੁਝ ਨਾ ਕੁਝ ਅਨੁਭੂਤੀ ਤੇ ਜਰੂਰ ਹੀ ਮਿਲੇਗੀ ਕਿਉਂਕਿ ਕਿਸੇ ਸ਼ਬਦ ਨੂੰ ਵਾਰ ਵਾਰ
ਦੋਹਰਾਉਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਇਹ ਇਕ ਕਾਫੀ ਮਸ਼ਹੂਰ ਗੱਲ ਹੈ ਜੋ ਭਾਰਤ
ਵਿਚ ਹਜ਼ਾਰਾਂ ਸਾਲਾਂ ਤੋਂ ਜਪ-ਯੋਗ ਜਾਂ ਮੰਤਰ-ਯੋਗ ਦੇ ਨਾਂ ਨਾਲ ਪ੍ਰਚਲਿਤ ਹੈ। ਵਾਰ ਵਾਰ
ਕਿਸੇ ਸ਼ਬਦ ਨੂੰ ਦੁਹਰਾ ਕੇ ਸ਼ਾਇਦ ਵਕਤੀ ਤੌਰ ਤੇ ਤੁਸੀਂ ਮਨ ਨੂੰ ਥੋੜਾ ਨਰਮ ਤੇ ਲਚੀਲਾ
ਹੋਣ ਲਈ ਰਾਜ਼ੀ ਕਰ ਲੈਂਦੇ ਹੋ, ਇਸ ਦੇ ਬਾਵਜੂਦ ਫੇਰ ਵੀ ਤੇ ਇਹ ਮਨ ਓਹੋ ਹੀ ਮਾੜਾ,
ਨਿਕਮਾਂ ਤੇ ਦੀਨ-ਹੀਨ ਹੀ ਰਹੇਗਾ ਜੋ ਇਹ ਪਹਿਲਾਂ ਸੀ। ਭਗਤੀ ਤੇ ਪੂਜਾ ਦਾ ਜੇ ਤੁਸੀਂ
ਮਨੋਵਿਗਿਆਨ ਸਮਝਣਾ ਹੋਵੇ ਤਾਂ ਤੁਸੀਂ ਕਿਤਿਓਂ ਇਕ ਛੜੀ ਜਾਂ ਕੋਈ ਹੋਰ ਚੀਜ਼ ਲਿਆ
ਕੇ ਘਰ ਕਿਤੇ ਉੱ”ੇ ਸਥਾਨ 'ਤੇ ਸਜਾਅ ਕੇ ਰੱਖ ਲਓ ਅਤੇ ਹਰ ਦਿਨ ਉਸ 'ਤੇ ਫੁਲ
ਚੜਾਓ, ਧੂਫ-ਅਗਰਬੱਤੀ ਜਗਾਓ। ਇਕ ਮਹੀਨੇ ਦੇ ਅੰਦਰ ਇਹ ਤੁਹਾਡੇ ਲਈ ਸ਼ਰਧਾਭਗਤੀ
ਤੇ ਪੂਜਾ ਦੀ ਚੀਜ਼ ਹੋ ਜਾਏਗੀ ਫਿਰ ਜੇ ਕਿਸੇ ਦਿਨ ਤੁਸੀਂ ਇਸ 'ਤੇ ਫੁਲ ਨਹੀਂ
ਚੜਾਉਗੇ ਤਾਂ ਤੁਹਾਨੂੰ ਲੱਗੇਗਾ ਕਿ ਜਿਵੇਂ ਕੋਈ ਪਾਪ ਹੋ ਗਿਆ ਹੋਵੇ।
ਧਿਆਨ ਦਾ ਅਰਥ ਕਿਸੇ ਤਰੀਕੇ ਦੀ ਰੀਸ ਕਰਨੀ ਨਹੀਂ ਹੈ ਨਾ ਹੀ ਇਹ ਕਿਸੇ ਸ਼ਬਦ
ਨੂੰ ਲਗਾਤਾਰ ਦੁਹਰਾਉਣਾ ਹੈ। ਧਿਆਨ ਇਕਾਗਰਤਾ ਨਹੀਂ ਹ,ੈ ਧਿਆਨ ਨੂੰ ਇਕਾਗਰਤਾ
ਨਾਲ ਜੋੜਨ ਦਾ ਕੰਮ ਕੁਝ ਧਿਆਨ ਸਿਖਾਉਣ ਵਾਲੇ ਹੁਸ਼ਿਆਰ ਤੇ ਚਲਾਕ ਗੁਰੂਆਂ ਨੇ
ਕੀਤਾ ਹੈ। ਉਹ ਚੇਲਿਆਂ ਨੂੰ ਇਕ ਤਰਕੀਬ ਦੱਸਦੇ ਹਨ ਕਿ ਮਨ ਨੂੰ ਇਕ ਖਾਸ ਵਿਚਾਰ 'ਤੇ
ਕੇਂਦਰਿਤ ਕਰੋ ਅਤੇ ਇਸ ਤੋਂ ਇਲਾਵਾ ਹੋਰ ਸਭ ਵਿਚਾਰਾਂ ਨੂੰ ਮਨ ਚੋਂ ਬਾਹਰ ਕੱਢ ਦਿਓ।
ਇਹ ਇਕ ਨਿਹਾਇਤ ਭੱਦੀ ਅਤੇ ਮੂਰਖਤਾਪੂਰਨ ਗੱਲ ਹੈ। ਅਜਿਹੀ ਗੱਲ ਸਕੂਲ ਦੇ ਬੱਚੇ
ਕੋਲੋਂ ਉਸ ਨੂੰ ਮਜਬੂਰ ਕਰ ਕੇ ਕਰਵਾਈ ਜਾਂਦੀ ਹੈ। ਤੇ ਇਸ ਦਾ ਖਤਰਾ ਇਹ ਹੈ ਕਿ ਇਸ
ਨਾਲ ਤੁਹਾਡੇ ਅੰਦਰ ਇਕ ਭਿਆਨਕ ਯੁੱਧ ਤੇ ਸੰਘਰਸ਼ ਸ਼ੁਰੂ ਹੋ ਜਾਂਦਾ ਹੈ, ਇਕ ਪਾਸੇ ਤਾਂ
ਇਹ ਕਿ ਮੈਨੂੰ ਆਪਣਾ ਮਨ ਕਿਸੇ ਨਾ ਕਿਸੇ ਤਰ•ਾਂ ਜ਼ਰੂਰ ਇਕਾਗਰ ਕਰਨਾ ਚਾਹੀਦਾ ਹੈ,
ਦੂਸਰੇ ਪਾਸੇ ਤੁਹਾਡਾ ਮਨ ਜੋ ਆਪਣੇ ਸੁਭਾਅ ਕਰਕੇ ਵਾਰ-ਵਾਰ ਭਟਕ ਕੇ ਬਾਹਰ ਚਲਾ
ਜਾਂਦਾ ਹੈ। ਸਹੀ ਤਰੀਕਾ ਸਿਰਫ ਏਨ•ਾਂ ਹੈ ਕਿ ਮਨ ਭਟਕ ਕੇ ਜਿੱਥੇ ਵੀ ਜਾਏ, ਜੋ ਜੋ ਕਰੇ, ਉਸ
ਨੂੰ ਸੱਜਗ ਹੋ ਕੇ ਤੇ ਸੁਚੇਤ ਹੋ ਕੇ ਸਿਰਫ ਦੇਖਦੇ ਰਹੋ। ਮਨ ਜਦ ਭਟਕ ਕੇ ਵਾਰ-ਵਾਰ ਕਿਤੇ
ਹੋਰ ਜਾਂਦਾ ਹੈ ਤਾਂ ਇਸ ਦਾ ਸਿੱਧਾ ਅਰਥ ਹੋਇਆ ਕੇ ਤੁਹਾਡੀ ਦਿਲਚਸਪੀ ਕਿਸੇ ਹੋਰ ਚੀਜ਼
ਵਿੱਚ ਹੈ।
ਧਿਆਨ ਇਕ ਅਜਿਹੇ ਮਨ ਦੀ ਮੰਗ ਕਰਦਾ ਹੈ ਜੋ ਬੇਹਿਸਾਬ ਹੱਦ ਤਕ ਸਤਰਕ ਹੈ।
ਜੀਵਨ ਦੀ ਪੂਰੀ-ਪੂਰੀ ਸਮਝ ਹੀ ਧਿਆਨ ਹੈ। ਜਿਸ ਵਿਚ ਕਿ ਕਿਸੇ ਪ੍ਰਕਾਰ ਦੀ ਵੰਡ ਤੇ
ਤਕਸੀਮ ਮੁਕ ਗਈ ਹੋਵੇ। ਵਿਚਾਰਾਂ ਦਾ ਕੰਟਰੋਲ ਧਿਆਨ ਨਹੀਂ ਹੈ ਕਿਉਂਕਿ ਜਦ ਵਿਚਾਰਾਂ
੧੦੬ / ਜਾਣੇ ਹੋਏ ਤੋਂ ਆਜ਼ਾਦੀ
'ਤੇ ਕੰਟਰੋਲ ਕਰੀਦਾ ਹੈ ਤੇ ਇਸ ਨਾਲ ਮਨ ਅੰਦਰ ਸੰਘਰਸ਼ ਤੇ ਦ੍ਵਦ ਪੈਦਾ ਹੁੰਦਾ ਹੈ। ਪਰ
ਜੇ ਤੁਸੀਂ ਵਿਚਾਰ ਦੀ ਉਤਪਤੀ ਤੇ ਇਸ ਦੇ ਢਾਂਚੇ ਨੂੰ ਸਮਝਦੇ ਹੋ- ਇਸ ਦੀ ਛਾਣਬੀਨ
ਅਸੀਂ ਪਹਿਲੇ ਹੀ ਕਰ ਚੁੱਕੇ ਹਾਂ ਤੇ ਵਿਚਾਰ ਲਤ ਅੜਾਉਣੀ ਬੰਦ ਕਰ ਦਿੰਦਾ ਹੈ ਵਿਚਾਰ
ਦੀ ਪ੍ਰਤਿਕਿਰਿਆ ਦੇ ਪੂਰੇ ਢਾਂਚੇ ਦੀ ਸਮਝ ਮਾਤਰ ਆਪਣੇ ਆਪ ਵਿਚ ਅਨੁਸ਼ਾਸਨ ਹੈ।
ਏਹੋ ਧਿਆਨ ਹੈ।
ਧਿਆਨ ਦਾ ਅਰਥ ਆਪਣੇ ਅੰਦਰ ਉੱaa ਵਾਲੇ ਇਕ-ਇਕ ਵਿਚਾਰ ਤੇ ਭਾਵ ਦੇ
ਪ੍ਰਤੀ ਸੱਜਗ ਰਹਿਣਾ ਹੈ। ਇਹ ਨਹੀਂ ਕਹਿਣਾ ਕਿ ਇਹ ਵਿਚਾਰ ਚੰਗਾ ਹੈ, ਇਹ ਵਿਚਾਰ
ਗਲਤ ਹੈ, ਇਹਨਾਂ ਨੂੰ ਸਿਰਫ ਦੇਖਦੇ ਰਹਿਣਾ ਅਤੇ ਨਾਲ-ਨਾਲ ਚਲਦੇ ਰਹਿਣਾ। ਇਸ
ਨਿਰੀਖਣ ਵਿਚ ਹੀ ਤੁਸੀਂ ਵਿਚਾਰ ਤੇ ਭਾਵ ਦੀ ਪੂਰੀ ਗਤਿਵਿਧੀ ਨੂੰ ਸਮਝਣ ਲੱਗਦੇ ਹੋ।
ਇਸੇ ਸਜਗਤਾ ਤੋਂ ਹੀ ਮੌਨ ਦਾ ਜਨਮ ਹੁੰਦਾ ਹੈ। ਵਿਚਾਰ ਦੀ ਮਦਦ ਨਾਲ ਜ਼ਬਰਨ ਪੈਦਾ
ਕੀਤਾ ਗਿਆ ਮੌਨ ਤਾਂ ਇਕ ਲਾਸ਼ ਵਾਂਗ ਹੈ, ਪਰ ਜਦੋਂ ਵਿਚਾਰ ਆਪਣੇ ਮੂਲ ਤੇ ਸਰੂਪ ਨੂੰ
ਸਮਝ ਲੈਂਦਾ ਹੈ ਕਿ ਜਿੰਨਾਂ ਮਰਜ਼ੀ ਉੱ”1 ਉੱa ਲਏ ਰਹਿੰਦਾ ਉਹ ਆਪਣੀ ਹੱਦ ਅੰਦਰ ਹੀ
ਹੈ ਅਤੇ ਇਹ ਕਿ ਇਸ ਦਾ ਸੁਭਾਅ ਹੀ ਪੁਰਾਣਾ ਹੋਣਾ ਹੈ ਅਤੇ ਵਿਚਾਰ ਵਿੱਚ ਕਦੀ ਵੀ ਤੇ
ਕੁਝ ਵੀ ਨਵਾਂ ਨਹੀਂ ਜਨਮ ਸਕਦਾ ਤੇ ਇਸ ਤੋਂ ਜਿਹੜੇ ਮੌਨ ਦਾ ਜਨਮ ਹੁੰਦਾ ਹੈ, ਉਹੀ
ਮੌਨ ਧਿਆਨ ਹੈ। ਇਸ ਧਿਆਨ ਵਿਚ ਧਿਆਨੀ ਦਾ ਵਜੂਦ ਨਹੀਂ ਰਹਿੰਦਾ ਤੇ ਮਨ ਆਪਣੇ
ਵਿਚੋਂ ਅਤੀਤ ਨੂੰ ਕੱਢ ਸੁੱਟਦਾ ਹੈ।
ਜੇ ਤੁਸੀਂ ਇਕ ਘੰਟੇ ਲਈ ਵੀ ਇਸ ਕਿਤਾਬ ਨੂੰ ਧਿਆਨ ਨਾਲ ਪੜਿਆ ਹੈ ਤਾਂ ਇਹ
ਧਿਆਨ ਹੈ ਪਰ ਜੇ ਤੁਸੀਂ ਇਸ ਕਿਤਾਬ 'ਚੋਂ ਕੁਝ ਸ਼ਬਦ ਹੀ ਚੁਣੇ ਹਨ, ਤੇ ਬਾਦ ਵਿਚ ਸੋਚ
ਵਿਚਾਰ ਕਰਨ ਲਈ ਕੁਝ ਵਿਚਾਰ ਇੱਕਠੇ ਕਰ ਲਏ ਹਨ, ਤਾਂ ਇਹ ਧਿਆਨ ਨਹੀਂ ਹੈ।
ਧਿਆਨ ਮਨ ਦੀ ਉਹ ਹਾਲਤ ਹੈ ਜਿਸ ਵਿਚ ਮਨ ਹਰ ਚੀਜ਼ ਨੂੰ ਉਸ ਦੇ ਪੂਰੇ ਰੂਪ ਵਿਚ ਪੂਰਾ
ਜਾਗਦਾ ਹੋਇਆ ਤੇ ਪੂਰੀ ਹੋਸ਼ ਨਾਲ ਦੇਖਦਾ ਹੈ। ਤੁਹਾਨੂੰ ਜਾਗਣਾ, ਸੁਚੇਤ ਰਹਿਣਾ ਤੇ
ਹੋਸ਼ ਵਿਚ ਰਹਿਣਾ ਕੋਈ ਸਿਖਾ ਨਹੀਂ ਸਕਦਾ। ਜੇ ਤੁਸੀਂ ਇਹ ਕਿਸੇ ਤਰੀਕੇ ਨਾਲ ਸਿੱਖ ਰਹੇ
ਹੋ ਤਾਂ ਤੁਸੀਂ ਤਰੀਕੇ ਦੇ ਪ੍ਰਤੀ ਤਾਂ ਸੱਜਗ ਹੋ ਸਕਦੇ ਹੋ ਪਰ ਇਹ ਧਿਆਨ ਨਹੀਂ ਹੈ। ਧਿਆਨ
ਜੀਵਨ ਦੀਆਂ ਮਹਾਨਤਮ ਕਲਾਵਾਂ ਵਿਚੋਂ ਇਕ ਹੈ—ਸ਼ਾਇਦ ਸਭ ਤੋਂ ਹੀ ਮਹਾਨ ਅਤੇ
ਇਸ ਨੂੰ ਕਿਸੇ ਕੋਲੋਂ ਸਿੱਖਣਾ ਸੰਭਵ ਨਹੀਂ ਹੈ, ਇਹੋ ਇਸ ਦੀ ਸੁੰਦਰਤਾ ਹੈ, ਇਸ ਦੀ ਕੋਈ
ਤਰਕੀਬ ਨਹੀ ਹੁੰਦੀ, ਇਸ ਦਾ ਕੋਈ ਮਾਸਟਰ ਨਹੀਂ ਹੁੰਦਾ। ਜਦ ਤੁਸੀਂ ਆਪਣੇ ਆਪ ਦਾ
ਨਿਰੀਖਣ ਕਰਦੇ ਹੋਏ ਆਪਣੇ ਬਾਰੇ ਸਿਖਦੇ ਹੋ ਕਿ ਕਿਸ ਤਰ•ਾਂ ਤੁਸੀਂ ਖਾਂਦੇ-ਪੀਂਦੇ ਹੋ, ਕਿਸ
ਢੰਗ ਨਾਲ ਤੁਸੀਂ ਚਲਦੇ-ਫਿਰਦੇ ਹੋ, ਕਿਸ ਤਰ•ਾਂ ਦੀ ਗੱਲਬਾਤ ਤੇ ਗੱਪਸ਼ੱਪ ਕਰਦੇ ਹੋ,
ਕਿਸ ਤਰ•ਾਂ ਤੁਸੀਂ ਨਫਰਤ ਤੇ ਈਰਖਾ ਕਰਦੇ ਹੋ—ਜਦ ਤੁਸੀਂ ਆਪਣੇ ਅੰਦਰ ਤੇ ਬਾਹਰ
ਦੀਆਂ ਇਨਾਂ ਸਾਰੀਆਂ ਗੱਲਾਂ ਬਾਰੇ, ਬਿਨਾਂ ਕਿਸੇ ਚੋਣ ਤੋਂ ਸਜੱਗ ਤੇ ਸੁਚੇਤ ਹੁੰਦੇ ਹੋ ਤਾਂ
ਇਹ ਧਿਆਨ ਦਾ ਹੀ ਇਕ ਅੰਗ ਹੈ।
ਇਸ ਕਰਕੇ ਧਿਆਨ ਕਿਤੇ ਵੀ ਤੇ ਕਦੋਂ ਵੀ ਹੋ ਸਕਦਾ ਹੈ—ਜਦ ਤੁਸੀਂ ਕਿਸੇ ਬਸ 'ਚ
੧੦੭ / ਜਾਣੇ ਹੋਏ ਤੋਂ ਆਜ਼ਾਦੀ
ਬੈਠੇ ਸਫਰ ਕਰ ਰਹੇ ਹੁੰਦੇ ਹੋ ਜਾਂ ਜਦ ਧੁੱਪੇ ਜਾਂ ਛਾਂਵੇਂ ਜੰਗਲ ਵਿਚ ਟਹਿਲ ਰਹੇ ਹੁੰਦੇ ਹੋ ਜਾਂ
ਜਦੋਂ ਤੁਸੀਂ ਪੰਛੀਆਂ ਦੇ ਗੀਤਾਂ ਨੂੰ ਸੁਣ ਰਹੇ ਹੁੰਦੇ ਹੋ ਜਾਂ ਜਦ ਤੁਸੀਂ ਆਪਣੀ ਪਤਨੀ ਜਾਂ
ਆਪਣੇ ਬੱਚਿਆਂ ਦੇ ਚੇਹਰੇ ਦੇਖ ਰਹੇ ਹੁੰਦੇ ਹੋ।
ਇਸ ਧਿਆਨ ਦੀ ਸਮਝ ਵਿੱਚ ਹੀ ਪ੍ਰੇਮ ਦਾ ਬੂਟਾ ਪੁੰਗਰਦਾ ਹੈ। ਪ੍ਰੇਮ ਦਾ ਸਬੰਧ ਨਾ
ਕਿਸੇ ਆਦਤ ਨਾਲ ਹੈ ਨਾ ਨਕਲ ਨਾਲ, ਨਾ ਕਿਸੇ ਤਰੀਕੇ ਜਾਂ ਪ੍ਰਣਾਲੀ ਨਾਲ। ਪ੍ਰੇਮ
ਵਿਚਾਰ ਦੀ ਪੈਦਾਇਸ਼ ਨਹੀਂ ਹੈ। ਪ੍ਰੇਮ ਤਾਂ ਹੀ ਪੈਦਾ ਹੋ ਸਕਦਾ ਹੈ ਜਦ ਪੂਰਨ ਮੌਨ ਹੋਵੇ।
ਅਜਿਹਾ ਮੌਨ ਜਿਸ ਵਿਚ ਧਿਆਨੀ ਪੂਰੀ ਤਰ•ਾਂ ਗੈਰਮੌਜੂਦ ਹੋਵੇ। ਮਨ ਤਾਂ ਹੀ ਮੌਨ ਤੇ ਚੁੱਪ
ਹੋ ਸਕਦਾ ਹੈ, ਜਦ ਉਹ ਵਿਚਾਰ ਤੇ ਭਾਵ ਦੇ ਰੂਪ ਵਿਚ ਆਪਣੀ ਸਾਰੀ ਗਤੀਵਿਧੀ ਨੂੰ
ਸਮਝ ਲੈਂਦਾ ਹੈ। ਵਿਚਾਰ ਤੇ ਭਾਵ ਦੀ ਗਤੀਵਿਧੀ ਨੂੰ ਸਮਝਣਾ ਤਾਂ ਹੀ ਸੰਭਵ ਹੈ ਜੇ ਇਨ•ਾਂ
ਦਾ ਨਿਰੀਖਣ ਕਰਦੇ ਸਮੇਂ ਇਨ•ਾਂ ਦੀ ਨਿੰਦਿਆ ਨਾ ਕੀਤੀ ਜਾਏ। ਇਸ ਤਰ•ਾਂ ਨਿਰੀਖਣ ਤੇ
ਅਵਲੋਕਣ ਕਰਨਾ ਹੀ ਅਨੁਸ਼ਾਸਨ ਹੈ। ਇਸ ਤਰ•ਾਂ ਦਾ ਅਨੁਸ਼ਾਸਨ ਅਜ਼ਾਦ ਤੇ ਸੁਭਾਵਿਕ
ਹੁੰਦਾ ਹੈ। ਇਹ ਨਿਯਮਬੱਧਤਾ ਵਾਲਾ ਅਨੁਸ਼ਾਸਨ ਨਹੀਂ ਹੈ।
੧੦੮ / ਜਾਣੇ ਹੋਏ ਤੋਂ ਆਜ਼ਾਦੀ
ਪਾਠ -16
ਪੂਰਨ ਕ੍ਰਾਂਤੀ-ਧਾਰਮਿਕ ਮਨ-ਊਰਜਾ-ਜੋਸ਼
ਇਸ ਪੂਰੀ ਕਿਤਾਬ ਵਿਚ ਜੋ ਸਾਡੀ ਮੰਸ਼ਾ ਰਹੀ ਹੈ ਉਹ ਹੈ ਖੁਦ ਆਪਣੇ ਅੰਦਰ ਤੇ
ਇਸ ਰਾਹੀਂ ਆਪਣੇ ਪੂਰੇ ਜੀਵਨ ਵਿਚ ਵੀ ਇਕ ਮੁਕੰਮਲ ਕ੍ਰਾਂਤੀ ਲਿਆਉਣਾ, ਜਿਸ ਦਾ
ਸਮਾਜਿਕ ਢਾਂਚੇ ਨਾਲ ਕੁਝ ਲੈਣ-ਦੇਣ ਨਹੀਂ। ਅਜੋਕਾ ਸਮਾਜ ਤਾਂ ਇਕ ਡਰਾਉਣੀ ਚੀਜ਼
ਹੈ ਜਿਸ ਵਿਚ ਯੁੱਧਾਂ ਤੇ ਹਮਲਿਆਂ ਦਾ—ਭਾਵੇਂ ਇਹ ਹਮਲੇ ਵਿਸਥਾਰਵਾਦੀ ਹੋਣ ਜਾਂ
ਬਚਾਅਵਾਦੀ—ਅੰਤਹੀਨ ਸਿਲਸਿਲਾ ਕਾਇਮ ਹੈ। ਸਾਨੂੰ ਇਕ ਬਿਲਕੁਲ ਨਵੀਂ ਚੀਜ਼,
ਅਰਥਾਤ ਆਦਮੀ ਦੇ ਚਿਤ ਵਿਚ ਇਕ ਪੂਰਨ ਕ੍ਰਾਂਤੀ ਅਤੇ ਰੁਪਾਂਤਰਣ ਦੀ ਜ਼ਰੂਰਤ ਹੈ।
ਮਨੁੱਖ ਦੇ ਆਪਸੀ ਸਬੰਧਾਂ ਤੋਂ ਪੈਦਾ ਹੋਏ ਸੰਕਟਾਂ ਤੇ ਸਮੱਸਿਆਵਾਂ ਨੂੰ ਪੁਰਾਣਾ ਦਿਮਾਗ
ਹੱਲ ਨਹੀਂ ਕਰ ਸਕਦਾ। ਪੁਰਾਣਾ ਦਿਮਾਗ ਤੇ ਏਸ਼ਿਆਈ, ਯੁਰੋਪੀ, ਅਮਰੀਕੀ ਤੇ ਅਫਰੀਕੀ
ਬਣਿਆ ਬੈਠਾ ਹੈ। ਇਸ ਕਰਕੇ ਅਸੀਂ ਖੁਦ ਨੂੰ ਇਕ ਮੌਲਿਕ ਸੁਆਲ ਕਰ ਰਹੇ ਹਾਂ ਕਿ ਕੀ
ਖੁਦ ਦਿਮਾਗ ਦੀਆਂ ਕੋਸ਼ਕਾਵਾਂ ਵਿਚ ਬੁਨਿਆਦੀ ਪਰਿਵਰਤਨ ਲਿਆਉਣਾ ਸੰਭਵ ਹੈ।
ਹੁਣ ਜਦ ਕਿ ਅਸੀਂ ਆਪਣੇ ਆਪ ਨੂੰ ਬੇਹਤਰ ਢੰਗ ਨਾਲ ਸਮਝ ਲਿਆ ਹੈ ਤਾਂ
ਅਸੀਂ ਇਕ ਵਾਰ ਫੇਰ ਪੁੱਛਦੇ ਹਾਂ ਕਿ ਕੀ ਇਹ ਸੰਭਵ ਹੈ ਕਿ ਇਕ ਆਦਮੀ ਜੋ ਸਾਧਾਰਨ
ਜਿਹਾ ਜੀਵਨ ਬਤੀਤ ਕਰ ਰਿਹਾ ਹੈ, ਇਸ ਨਿਰਦਈ, ਪਥਰਦਿਲ ਤੇ ਹਿੰਸਕ ਸੰਸਾਰ ਵਿਚ—
ਉਸ ਸੰਸਾਰ ਵਿਚ ਜੋ ਦਿਨ-ਪ੍ਰਤੀਦਿਨ ਜਿੰਨਾ ਸਮਰਥ-ਕੁਸ਼ਲ ਹੋ ਰਿਹਾ ਹੈ, ਓਨਾ ਹੀ
ਜ਼ਿਆਦਾ ਨਿਰਦਈ ਤੇ ਕਠੋਰ ਵੀ ਹੋਈ ਜਾ ਰਿਹਾ ਹੈ ਅਤੇ ਕੀ ਉਸ ਆਦਮੀ ਲਈ ਇਹ
ਸੰਭਵ ਹੈ ਕਿ ਉਹ ਨਾ ਕੇਵਲ ਆਪਣੇ ਬਾਹਰੀ ਸਬੰਧਾਂ ਵਿਚ ਸਗੋਂ ਆਪਣੇ ਵਿਚਾਰਾਂ,
ਭਾਵਨਾਵਾਂ, ਕਿਰਿਆਵਾਂ ਤੇ ਪ੍ਰਤਿਕਿਰਿਆਵਾਂ ਦੇ ਪੂਰੇ ਖੇਤਰ ਵਿੱਚ ਇਕ ਕ੍ਰਾਂਤੀ ਲੈ ਆਏ?
ਤੁਸੀਂ ਇਸ ਸੰਸਾਰ ਵਿਚ ਹਰ ਰੋਜ਼ ਆਪਣੇ ਚਾਰੇ ਪਾਸੇ ਅਜਿਹੀਆਂ ਭਿਆਨਕ
ਘਟਨਾਵਾਂ ਦੇਖਦੇ-ਪੜ•ਦੇ ਹੋ ਜੋ ਮਨੁੱਖ ਅੰਦਰ ਮੌਜੂਦ ਹਿੰਸਾ ਦਾ ਨਤੀਜਾ ਹਨ। ਤੁਸੀਂ
ਕਹਿ ਸਕਦੇ ਹੋ ਕਿ ਮੈਂ ਇਸ ਸਬੰਧ ਵਿਚ ਕਰ ਹੀ ਕੀ ਸਕਦਾ ਹਾਂ, ਜਾਂ ਕਿ ਸੰਸਾਰ ਨੂੰ
ਪ੍ਰਭਾਵਤ ਕਰਨਾ ਮੇਰੇ ਵੱਸ ਵਿਚ ਨਹੀਂ ਹੈ। ਮੈਂ ਸਮਝਦਾ ਹਾਂ ਕਿ ਤੁਸੀਂ ਪ੍ਰਚੰਡ ਰੂਪ ਇਸ
ਸੰਸਾਰ ਨੂੰ ਪ੍ਰਭਾਵਤ ਕਰ ਸਕਦੇ ਹੋ। ਜੇ ਤੁਸੀਂ ਖੁਦ ਆਪਣੇ ਅੰਦਰੋਂ ਹਿੰਸਕ ਨਹੀਂ ਹੋ, ਜੇ
ਤੁਸੀਂ ਆਪ ਰੋਜ਼ਾਨਾ ਇਕ ਸੱਚਮੁੱਚ ਦਾ ਸ਼ਾਂਤ ਜੀਵਨ ਜੀ ਰਹੇ ਹੋ, ਇਕ ਅਜਿਹਾ ਜੀਵਨ
ਜੋ ਲਾਗਤਬਾਜ਼ੀ, ਈਰਖਾ ਤੇ ਲੋਭ-ਲਾਲਚ ਤੋਂ ਪ੍ਰੇਰਤ ਨਹੀਂ ਹੈ, ਇਕ ਅਜਿਹਾ ਜੀਵਨ ਜੋ
ਦੁਸ਼ਮਨੀ ਪੈਦਾ ਨਹੀਂ ਕਰਦਾ। ਇਕ ਛੋਟੀ ਜਿਹੀ ਚਿੰਗਾਰੀ ਜਵਾਲਾ ਬਣ ਸਕਦੀ ਹੈ। ਅਸੀਂ
ਆਪਣੀਆਂ ਸਵੈ-ਕੇਂਦਰਿਤ ਕਿਰਿਆਵਾਂ ਨਾਲ, ਆਪਣੀਆਂ ਨਫਰਤਾਂ, ਲਾਗਤਬਾਜ਼ੀਆਂ
੧੦੯ / ਜਾਣੇ ਹੋਏ ਤੋਂ ਆਜ਼ਾਦੀ
ਤੇ ਕੌਮੀ ਭਾਵਨਾਵਾਂ ਨਾਲ ਸੰਸਾਰ ਨੂੰ ਅਰਾਜਕਤਾ ਦੇ ਵਰਤਮਾਨ ਕਗਾਰ 'ਤੇ ਲਿਆ ਖੜਾ
ਕੀਤਾ ਹੈ ਅਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਸਬੰਧ ਵਿੱਚ ਕਰ ਹੀ ਕੀ ਸਕਦੇ ਹਾਂ
ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਅੰਦਰ ਦੀ ਮਾੜੀ ਹਾਲਤ ਨੂੰ ਪੱਕੀ ਤੇ ਸਥਾਈ
ਸਚਾਈ ਮੰਨੀ ਬੈਠੇ ਹਾਂ। ਅਸਲੀਅਤ ਇਹ ਹੈ ਕਿ ਸਾਡੇ ਕਾਰਣ ਹੀ ਇਹ ਸੰਸਾਰ ਛਿੰਨਭਿ
ੰਨ ਹੋ ਰਿਹਾ ਹੈ, ਟੁੱਕੜੇ-ਟੁੱਕੜੇ ਹੋ ਰਿਹਾ ਹੈ। ਜੇ ਅਸੀਂ ਆਪ ਟੁੱਟੇ ਹੋਏ ਹਾਂ, ਖੰਡਿਤ ਹਾਂ,
ਤਾਂ ਸਾਡਾ ਸੰਸਾਰ ਨਾਲ ਸਬੰਧ ਵੀ ਖੰਡਿਤ ਹੀ ਹੋਏਗਾ। ਪਰ ਜੇ ਅਸੀਂ ਆਪਣੀ ਹਰ ਕਰਮ
ਨੂੰ ਪੂਰੀ ਸ਼ਿੱਦਤ ਨਾਲ ਕਰੀਏ ਤਾਂ ਸੰਸਾਰ ਨਾਲ ਸਾਡੇ ਸਬੰਧਾਂ ਵਿਚ ਇਕ ਪ੍ਰਚੰਡ ਕ੍ਰਾਂਤੀ ਆ
ਜਾਂਦੀ ਹੈ।
ਕਿਸੇ ਵੀ ਸਾਰਥਿਕ ਗਤੀਵਿਧੀ ਜਾਂ ਮਹੱਤਵਪੂਰਣ ਬਦਲਾਵ ਦੀ ਸ਼ੁਰੂਆਤ ਸਾਡੇ
'ਚੋਂ ਹਰੇਕ ਆਦਮੀ ਦੇ ਅੰਦਰੋਂ ਹੋਣੀ ਚਾਹੀਦੀ ਹੈ। ਪਹਿਲਾਂ ਮੈਨੂੰ ਖੁਦ ਬਦਲਣਾ ਪਵੇਗਾ।
ਮੈਨੂੰ ਦੇਖਣਾ ਚਾਹੀਦਾ ਹੈ ਕਿ ਸੰਸਾਰ ਨਾਲ ਮੇਰੇ ਰਿਸ਼ਤੇ ਦਾ ਸਰੂਪ ਤੇ ਢਾਂਚਾ ਕੀ ਹੈ? ਇਸ
ਦੇਖਣ ਵਿਚ ਹੀ ਕਰਨਾ ਲੁਕਿਆ ਹੈ। ਇਸ ਤਰ•ਾਂ ਸੰਸਾਰ ਵਿਚ ਜੀਉਣ ਵਾਲੇ ਇਕ
ਆਦਮੀ ਦੇ ਨਾਤੇ ਮੈਂ ਆਪਣੇ ਅੰਦਰ ਇਕ ਨਵੀਂ ਤੇ ਵੱਖਰੀ ਗੁਣਵੱਤਾ ਦੀ ਜ਼ਰੂਰਤ
ਮਹਿਸੂਸ ਕਰਦਾ ਹਾਂ, ਅਤੇ ਮੇਰੀ ਨਜ਼ਰ ਵਿਚ ਇਹ ਗੁਣਵੱਤਾ ਇਕ ਧਾਰਮਿਕ ਮਨ ਦੀ
ਗੁਣਵੱਤਾ ਹੈ।
ਇਕ ਧਾਰਮਿਕ ਮਨ, ਧਰਮ ਵਿਚ ਵਿਸ਼ਵਾਸ ਕਰਨ ਵਾਲੇ ਮਨ ਤੋਂ ਹਮੇਸ਼ਾ ਵੱਖਰਾ
ਹੁੰਦਾ ਹੈ। ਜੇ ਤੁਸੀਂ ਅਸਲ ਵਿਚ ਧਾਰਮਿਕ ਹੋ ਤਾਂ ਤੁਸੀਂ ਹਿੰਦੂ, ਮੁਸਲਮਾਨ, ਇਸਾਈ ਜਾਂ
ਬੌਧੀ ਕਦੀ ਨਹੀਂ ਹੋ ਸਕਦੇ। ਇਕ ਧਾਰਮਿਕ ਮਨ ਦਾ ਅਰਥ ਹੈ ਜਿਸ ਦੀ ਸਾਰੀ ਖੋਜਬੀਨ ਤੇ
ਦੌੜ-ਭੱਜ ਖਤਮ ਹੋ ਗਈ ਹੈ। ਇਕ ਧਾਰਮਿਕ ਮਨ ਸੱਚ ਨਾਲ ਤਜੁਰਬੇ ਨਹੀਂ ਕਰਦਾ। ਸਚ
ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਤੁਹਾਡੇ ਦੁੱਖ-ਸੁੱਖ ਦੇ ਇਸ਼ਾਰਿਆਂ ਤੇ ਚੱਲੇ ਜਾਂ ਤੁਹਾਡੇ
ਫਿਰਕੂ ਸਂਸਕਾਰਾਂ ਦੇ ਪਿੱਛੇ-ਪਿੱਛੇ ਚੱਲੇ—ਸਂਸਕਾਰ ਭਾਵੇਂ ਹਿੰਦੂ ਹੋਣ, ਭਾਵੇਂ ਕੁਝ ਹੋਰ।
ਇਕ ਧਾਰਮਿਕ ਮਨ, ਮਨ ਦੀ ਉਹ ਅਵਸਥਾ ਹੈ ਜਿਸ ਵਿਚ ਡਰ ਦਾ ਕੋਈ ਨਾਂ ਨਿਸ਼ਾਨ
ਨਹੀਂ। ਇਸ ਕਰਕੇ ਓਥੇ ਕੋਈ ਧਾਰਮਿਕ ਆਸਥਾ ਤੇ ਵਿਸ਼ਵਾਸ ਵੀ ਨਹੀਂ ਹੈ। ਮਨ ਦੀ ਇਸ
ਧਾਰਮਿਕ ਅਵਸਥਾ ਵਿਚ ਤਾਂ ਸਿਰਫ ਓਹੀ ਬਚਿਆ ਹੈ ਜੋ ਹੈ—ਜੋ ਅਸਲ ਹੈ।
ਧਾਰਮਿਕ ਮਨ ਵਿੱਚ ਸਿਰਫ ਮੌਨ ਹੀ ਰਹਿ ਜਾਂਦਾ ਹੈ। ਇਸ ਦੀ ਚਰਚਾ ਅਸੀਂ ਪਹਿਲਾਂ
ਹੀ ਕਰ ਚੁੱਕੇ ਹਾਂ। ਇਹ ਮੌਨ ਸੋਚ-ਵਿਚਾਰ ਦਾ ਪਰਿਣਾਮ ਨਹੀਂ ਹੈ, ਸਗੋਂ ਸਜਗਤਾ ਦਾ
ਸਹਿਜ ਫਲ ਹੈ। ਅਰਥਾਤ ਇਹ ਮੌਨ ਉਹ ਧਿਆਨ ਹੈ ਜਿਸ ਵਿਚ ਧਿਆਨੀ ਬਚਦਾ ਹੀ
ਨਹੀਂ। ਇਸ ਮੌਨ ਦੇ ਅੰਦਰ ਅਜਿਹੀ ਊਰਜਾ ਮੌਜੂਦ ਹੈ ਜੋ ਸੰਘਰਸ਼ ਤੇ ਦ੍ਵੰਦ ਤੋਂ ਬਿਲਕੁਲ
ਅਜ਼ਾਦ ਹੈ। ਇਹ ਊਰਜਾ ਕਿਰਿਆ ਹੈ, ਗਤੀਵਿਧਿ ਹੈ। ਸਬ ਕਿਰਿਆਵਾਂ ਇਕ ਪ੍ਰਵਾਹ ਤੇ
ਗਤੀ ਹਨ, ਊਰਜਾ ਹਨ। ਸਾਰੀ ਇੱਛਾ ਤੇ ਵਾਸਨਾ ਊਰਜਾ ਹੈ। ਸਬ ਵਿਚਾਰ ਤੇ ਭਾਵ
ਊਰਜਾ ਹਨ। ਸੰਪੂਰਣ ਜੀਵਨ ਊਰਜਾ ਹੈ, ਜੀਉਣਾ ਊਰਜਾ ਹੈ। ਜੇ ਇਸ ਊਰਜਾ ਨੂੰ
ਵਹਿਣ ਦਿੱਤਾ ਜਾਏ, ਬਿਨਾ ਸੰਘਰਸ਼ ਤੋਂ, ਵਿਰੋਧ ਅਤੇ ਰੁਕਾਵਟਾਂ ਤੋਂ, ਤਾਂ ਇਹ ਊਰਜਾ
੧੧੦ / ਜਾਣੇ ਹੋਏ ਤੋਂ ਆਜ਼ਾਦੀ
ਅਨੰਤ ਤੇ ਅਸੀਮ ਹੋ ਜਾਂਦੀ ਹੈ। ਜਦ ਕੋਈ ਰੁਕਾਵਟ ਨਹੀਂ, ਕੋਈ ਰੋੜਾ-ਅੜਿਕਾ ਨਹੀਂ
ਤਾਂ ਊਰਜਾ ਦੀ ਕੋਈ ਸੀਮਾ ਨਹੀਂ ਹੁੰਦੀ। ਰੁਕਾਵਟਾਂ-ਅੜਵਚਨਾ ਕਾਰਣ ਹੀ ਊਰਜਾ
ਸੀਮਾਵਾਂ ਵਿੱਚ ਬਝ ਜਾਂਦੀ ਹੈ। ਇਸ ਗੱਲ ਨੂੰ ਦੇਖਣ- ਸਮਝਣ ਬਾਵਜੂਦ ਵੀ ਆਦਮੀ
ਸਦਾ ਇਸ ਊਰਜਾ ਦੇ ਰਾਹ ਵਿਚ ਰੁਕਾਵਟਾਂ ਕਿਉਂ ਖੜੀਆਂ ਕਰਦਾ ਹੈ? ਇਹ ਪ੍ਰਵਾਹ ਤੇ
ਗਤੀ ਜਿਸ ਨੂੰ ਅਸੀਂ ਜੀਵਨ ਕਹਿੰਦੇ ਹਾਂ ਇਸ ਦੇ ਰਾਹ ਵਿਚ ਆਦਮੀ ਰੁਕਾਵਟ ਕਿਉਂ
ਖੜੀ ਕਰਦਾ ਹੈ? ਸ਼ੁਧ ਊਰਜਾ, ਅਸੀਮ ਊਰਜਾ ਉਸ ਲਈ ਸਿਰਫ ਇਕ ਵਿਚਾਰ ਹੀ ਹੈ?
ਕੀ ਇਸ ਦੀ ਉਸ ਲਈ ਕੋਈ ਅਸਲੀਅਤ ਨਹੀਂ?
ਆਪਣੇ ਅੰਦਰ ਇਕ ਪੂਰਣ ਕ੍ਰਾਂਤੀ ਲਿਆਉਣ ਲਈ, ਦੇਖਣ ਲਈ, ਜਾਂਚ-ਪੜਤਾਲ
ਕਰਨ ਲਈ ਤੇ ਕੁਝ ਵੀ ਕਰਨ ਲਈ ਸਾਡੇ ਕੋਲ ਊਰਜਾ ਦਾ ਹੋਣਾ ਜ਼ਰੂਰੀ ਹੈ। ਜਦ ਕਿਤੇ
ਵੀ ਸਾਡੇ ਸਬੰਧਾਂ ਵਿਚ ਅੜਚਨਾਂ ਖੜੀਆਂ ਹੁੰਦੀਆਂ ਹਨ—ਚਾਹੇ ਪਤੀ-ਪਤਨੀ ਵਿਚ,
ਆਦਮੀ ਤੇ ਆਦਮੀ ਵਿਚ, ਇਕ ਗਰੁੱਪ ਤੇ ਦੂਜੇ ਗਰੁਪ ਵਿਚਕਾਰ, ਇਕ ਕੌਮ ਤੇ ਦੂਜੀ
ਕੌਮ ਵਿਚਕਾਰ, ਇਕ ਵਿਚਾਰਧਾਰਾ ਤੇ ਦੂਜੀ ਵਿਚਾਰਧਾਰਾ ਵਿਚਕਾਰ, ਅਰਥਾਤ ਜਦੋਂ
ਕਿਤੇ ਵੀ ਕਿਸੇ ਤਰ•ਾਂ ਦਾ ਅੰਤਰਿਕ ਅਵਰੋਧ ਜਾਂ ਬਾਹਰੀ ਸੰਘਰਸ਼ ਹੁੰਦਾ ਹੈ ਚਾਹੇ ਉਹ
ਜਿੰਨਾ ਮਰਜ਼ੀ ਸੂਖਮ ਕਿਉਂ ਨਾ ਹੋਵੇ, ਤਾਂ ਊਰਜਾ ਦਾ ਨਾਸ਼ ਤਾਂ ਹੁੰਦਾ ਹੀ ਹੈ।
ਜਦ ਤੱਕ ਦ੍ਰਿਸ਼ਟਾ ਤੇ ਦ੍ਰਿਸ਼ ਦੇ ਵਿਚ ਸਮੇਂ ਦਾ ਅੰਤਰਾਲ ਮੌਜੂਦ ਹੈ, ਇਹ ਅੜਚਨਾਂ
ਖੜੀਆਂ ਕਰਦਾ ਹੈ, ਅਤੇ ਇਸਲਈ ਊਰਜਾ ਦਾ ਨਾਸ਼ ਤਾਂ ਲਾਜ਼ਮੀ ਹੈ। ਜਦ ਦ੍ਰਿਸ਼ਟਾ ਹੀ
ਦ੍ਰਿਸ਼ ਹੋ ਜਾਂਦਾ ਹੈ ਅਰਥਾਤ ਜਦੋਂ ਸਮੇਂ ਦਾ ਅੰਤਰਾਲ ਪੂਰੀ ਤਰਾਂ ਮਿਟ ਜਾਂਦਾ ਹੈ ਓਦੋਂ ਇਹ
ਊਰਜਾ ਆਪਣੇ ਸਿਖਰਲੇ ਬਿੰਦੂ ਦੇ ਗਿਰਦ ਇਕੱਠੀ ਹੋ ਜਾਂਦੀ ਹੈ, ਫੇਰ ਉਸ ਊਰਜਾ ਦਾ
ਕੋਈ ਉਦੇਸ਼ ਨਹੀਂ ਹੁੰਦਾ ਤੇ ਓਦੋਂ ਇਹ ਊਰਜਾ ਆਪਣਾ ਕੰਮ ਕਰਨ ਦਾ ਰਾਹ ਖੁਦ ਲੱਭ
ਲੈਂਦੀ ਹੈ ਕਿਉਂਕਿ ਓਦੋਂ 'ਮੈਂ' ਮੌਜੂਦ ਨਹੀਂ ਹੁੰਦਾ।
ਅਸੀਂ ਜਿਸ ਬੁਰੀ ਹਾਲਤ ਤੇ ਉਲਝਣ ਵਿਚ ਜਿਊਂਦੇ ਹਾਂ ਉਸ ਨੂੰ ਸਮਝਣ ਲਈ
ਸਾਡੇ ਕੋਲ ਰੱਜ ਕੇ ਊਰਜਾ ਹੋਣੀ ਚਾਹੀਦੀ ਹੈ। ਅਤੇ ਇਹ ਭਾਵ ਕਿ “ਮੈਂ ਵਾਕਿਆ ਹੀ
ਸਮਝਣਾ ਚਾਹੁੰਦਾ ਹਾਂ”, ਇਸ ਨਾਲ ਖੋਜਣ ਲਈ ਲੋੜੀਂਦੀ ਸ਼ਕਤੀ ਮਿਲਦੀ ਹੈ ਪਰ ਖੋਜਣ
ਤੇ ਲੱਭਣ ਦਾ ਮਤਲਬ ਸਮਾਂ ਲਾਉਣਾ ਹੈ। ਜਿਵੇਂ ਕਿ ਅਸੀਂ ਦੇਖਿਆ ਹੈ ਕਿ ਜੇ ਮਨ ਨੂੰ
ਸੰਸਕਾਰਾਂ ਤੋਂ ਖਾਲੀ ਕਰਨਾ ਹੈ ਤੇ ਇਹ ਕੰਮ ਹੌਲੀ-ਹੌਲੀ ਨਹੀਂ ਹੁੰਦਾ। ਵਕਤ ਲਾਉਣਾ
ਇਸ ਦਾ ਸਹੀ ਤਰੀਕਾ ਨਹੀਂ ਹੈ। ਅਸੀਂ ਭਾਵੇਂ ਜਵਾਨ ਹੋਈਏ ਭਾਵੇਂ ਬੁੱਢੇ, ਜੀਵਨ ਦੀ ਪੂਰੀ
ਪ੍ਰਕਿਰਿਆ ਨੂੰ ਵਖਰੀ ਹੀ ਦਿਸ਼ਾ ਦੇਣੀ ਹੈ। ਅਸੀਂ ਜੋ ਹਾਂ ਉਸ ਦੇ ਬਿਲਕੁਲ ਵਿਪਰੀਤ ਦੀ
ਖੋਜ ਵੀ ਸਹੀ ਰਸਤਾ ਨਹੀਂ ਹੈ। ਕਿਸੇ ਫਿਲਾਸਫਰ, ਗੁਰੂ ਜਾਂ ਸਾਧੂ-ਸਨਿਆਸੀ ਜਾਂ ਕਿਸੇ
ਵੀ ਤਰੀਕੇ ਰਾਹੀਂ ਥੋਪਿਆ ਗਿਆ ਓਪਰਾ ਅਨੁਸ਼ਾਸਨ ਵੀ ਠੀਕ ਰਸਤਾ ਨਹੀਂ ਹੈ, ਇਹ
ਸਭ ਤਾਂ ਬਚਗਾਨੀਆਂ ਗੱਲਾਂ ਹਨ। ਜਦ ਅਸੀਂ ਇਨਾਂ ਸਭ ਗੱਲਾਂ ਨੂੰ ਬੋਧ ਪੂਰਵਿਕ ਮਹਿਸੂਸ
ਕਰਦੇ ਹਾਂ ਤੇ ਅਸੀਂ ਆਪਣੇ ਆਪ ਤੋਂ ਪੁਛਦੇ ਹਾਂ—ਸਦੀਆਂ ਪੁਰਾਣੇ ਸੰਸਕਾਰਾਂ ਦੀ ਇਸ
ਦੀਵਾਰ ਤੇ ਰੁਕਾਵਟ ਨੂੰ ਤਤਕਾਲ ਪਾਰ ਕਰਨਾ, ਤੇ ਦੂਜੇ ਸੰਸਕਾਰਾਂ ਦੇ ਜਾਲ ਵਿਚ ਨਾ
੧੧੧ / ਜਾਣੇ ਹੋਏ ਤੋਂ ਆਜ਼ਾਦੀ
ਉਲਝਣਾ, ਸਗੋਂ ਸਦਾ ਮੁਕਤ ਰਹਿਣਾ ਤਾਂ ਕਿ ਸਾਡਾ ਮਨ ਇਕਦਮ ਨਵਾਂ ਜੀਵੰਤ, ਤੀਬਰ,
ਸੰਵੇਦਨਸ਼ੀਲ, ਸਜਗ ਅਤੇ ਸਖਸ਼ਮ ਹੋ ਸਕੇ, ਕੀ ਇਹ ਸੰਭਵ ਹੈ? ਅਤੇ ਇਹੀ ਸਾਡਾ
ਮਸਲਾ ਹੈ। ਕੋਈ ਹੋਰ ਮਸਲਾ ਹੈ ਹੀ ਨਹੀਂ। ਮਨ ਜਦ ਨਵਾਂ ਹੋ ਜਾਂਦਾ ਹੈ ਯਾਨੀ ਇਸ ਦਾ
ਪੂਰਾ ਕਾਇਆ ਕਲਪ ਹੋ ਜਾਂਦਾ ਹੈ ਤਾਂ ਇਹ ਕਿਸੇ ਵੀ ਮਸਲੇ ਦਾ ਸਾਹਮਣਾ ਤੇ ਹੱਲ ਖੁਦ
ਕਰ ਸਕਦਾ ਹੈ। ਅਤੇ ਇਹੋ ਇਕ ਮਾਤਰ ਸੁਆਲ ਹੈ, ਜੋ ਅਸੀਂ ਆਪਣੇ ਆਪ ਤੋਂ ਪੁੱਛਣਾ
ਹੈ।
ਪਰ ਅਸੀਂ ਤੇ ਆਪਣੇ ਆਪ ਤੋਂ ਪੁੱਛਦੇ ਹੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ
ਦਸ ਦਵੇ। ਸਾਡੇ ਮਨੋਵ੍ਰਿਤੀ ਦੀ ਬਣਾਵਟ ਦੀ ਸਭ ਤੋਂ ਅਜੀਬ ਗੱਲ ਇਹੀ ਹੈ ਕਿ ਅਸੀਂ ਸਭ
ਚਾਹੁੰਦੇ ਹਾਂ ਕਿ ਕੋਈ ਸਾਨੂੰ ਦੱਸੇ। ਇਸ ਕਰਕੇ ਵੀ ਕਿ ਅਸੀਂ ਖੁਦ ਦਸ ਹਜ਼ਾਰ ਸਾਲਾਂ ਦੇ
ਪ੍ਰਾਪੇਗੰਡੇ ਦਾ ਫਲ ਹਾਂ। ਅਸੀਂ ਕੇਵਲ ਉੰਨਾ ਹੀ ਸੋਚਣ-ਵਿਚਾਰਨ ਦਾ ਹੌਂਸਲਾ ਕਰਦੇ ਹਾਂ
ਜਿਸ ਦੀ ਹਾਮੀ ਦੂਜੇ ਵੀ ਭਰਨ ਤੇ ਜਿਸਨੂੰ ਸਾਰੇ ਮੰਨਦੇ ਹੋਣ। ਜਦ ਕਿ ਸੁਆਲ ਕਰਨ ਦਾ
ਅਸਲ਼ ਅਰਥ ਹੈ ਖੁਦ ਤੋਂ ਪੁਛਣਾ। ਮੈਂ ਜੋ ਕਹਿ ਰਿਹਾ ਹਾਂ ਉਸ ਦਾ ਕੋਈ ਖਾਸ ਮੁੱਲ ਨਹੀਂ।
ਉਸਨੂੰ ਤੇ ਤੁਸੀਂ ਕਿਤਾਬ ਬੰਦ ਕਰਨ ਸਾਰ ਹੀ ਭੁੱਲ ਜਾਓਗੇ ਜਾਂ ਕੁਝ ਕਥਨਾਂ ਨੂੰ ਇਥੇ-ਓਥੇ
ਦੁਹਰਾਉਂਦੇ ਫਿਰੋਗੇ ਜਾਂ ਜੋ ਪੜਿਆ ਹੈ ਉਸ ਦੀ ਤੁਲਨਾ ਕਿਸੇ ਹੋਰ ਕਿਤਾਬ ਨਾਲ ਕਰੋਗੇ।
ਪਰ ਦੁਖ ਤਾਂ ਇਹ ਹੈ ਕਿ ਤੁਸੀਂ ਆਪਣੇ ਜੀਵਨ ਦਾ ਸਾਹਮਣਾ ਕਦੀ ਨਹੀਂ ਕਰੋਗੇ ਅਤੇ
ਸਾਰਾ ਮਹੱਤਵ ਤੇ ਮੁੱਲ ਏਸੇ ਗੱਲ ਦਾ ਹੈ। ਆਪਣਾ ਜੀਵਨ, ਆਪਣਾ ਆਪਾ, ਆਪਣਾ
ਛੋਟਾਪਨ, ਆਪਣਾ ਛਿਛਲਾਪਣ, ਆਪਣਾ ਲੋਭ, ਆਪਣੀ ਕੁਝ ਬਨਣ ਦੀ ਇੱਛਾ, ਆਪਣੀ
ਹਿੰਸਾ, ਆਪਣਾ ਜ਼ੁਲਮ, ਹਰ ਰੋਜ਼ ਦਾ ਆਪਣਾ ਦੁੱਖ-ਦਰਦ, ਆਪਣੀ ਪੀੜ ਤੇ ਪ੍ਰੇਸ਼ਾਨੀ—
ਇਹ ਸਭ ਤੁਸੀਂ ਸਮਝਣਾ ਹੈ। ਇਸ ਤੋਂ ਉਭਾਰਨ ਲਈ ਨਾ ਜ਼ਮੀਨ ਤੇ ਕੋਈ ਹੈ ਨਾ ਸਵਰਗ
ਵਿਚ, ਪਰ ਤੁਸੀਂ ਖੁਦ ਆਪਣੇ ਆਪ ਨੂੰ ਜ਼ਰੂਰ ਉਬਾਰ ਸਕਦੇ ਹੋ।
ਆਪਣੇ ਰੋਜਮਰਾ ਜੀਵਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਜੋ ਕੁਝ ਚਲ ਰਿਹਾ ਹੈ ਉਸ
ਨੂੰ ਦੇਖਦੇ ਹੋਏ, ਅਰਥਾਤ ਦਿਨ ਭਰ ਦੀਆਂ ਆਪਣੀਆਂ ਸਾਰੀਆਂ ਕਿਰਿਆਵਾਂ ਅਤੇ
ਗਤੀਵਿਧੀਆਂ ਦੀ ਪੜਚੋਲ ਕਰਦੇ ਹੋਏ ਜਦ ਤੁਸੀਂ ਗੱਲ ਕਰਦੇ ਹੋ, ਜਦ ਤੁਸੀਂ ਕਲਮ
ਚੁੱਕਦੇ ਹੋ, ਜਦ ਕਿਤੇ ਚਹਿਲਕਦਮੀ ਲਈ ਜਾਂਦੇ ਹੋ ਜਾਂ ਜਦੋਂ ਕਿਸੇ ਬਾਗ-ਬਗੀਚੇ 'ਚ
ਇੱਕਲੇ-ਕਾਰੇ ਘੁਮਦੇ ਹੋ, ਤਾਂ ਆਪਣੀਆਂ ਇਨ•ਾਂ ਕਿਰਿਆਵਾਂ ਤੇ ਗਤੀਵਿਧੀਆਂ ਦੌਰਾਣ
ਕੀ ਤੁਸੀਂ ਇੱਕੋ ਵਾਰ, ਇੱਕੋ ਝਲਕ ਵਿਚ ਆਪਣੇ ਆਪ ਨੂੰ ਇਕਦਮ ਸਰਲਤਾਪੂਰਣ ਜਾਣ
ਸਕਦੇ ਹੋ, ਜੋ ਤੁਸੀਂ ਹੋ? ਜਦ ਤੁਸੀਂ ਆਪਣੇ ਆਪ ਨੂੰ, ਜਿੱਦਾਂ ਦੇ ਤੁਸੀਂ ਹੋ, ਉਹ ਜਾਣ
ਲੈਂਦੇ ਹੋ ਤਾਂ ਆਦਮੀ ਦਾ ਛਲ-ਕਪਟ, ਪ੍ਰਪੰਚ-ਪਖੰਡ ਸਭ ਤੁਹਾਡੀ ਸਮਝ ਵਿਚ ਆ
ਜਾਂਦਾ ਹੈ। ਪਰ ਇਹ ਜਾਣਨ ਸਮਝਣ ਲਈ ਤੁਹਾਨੂੰ ਆਪਣੇ ਆਪ ਨਾਲ, ਧੁਰ ਅੰਦਰ
ਤਾਈਂ ਪੂਰਾ ਪੂਰਾ ਇਮਾਨਦਾਰ ਹੋਣਾ ਪਵੇਗਾ। ਜਦ ਤੁਸੀਂ ਆਪਣੇ ਸਿਧਾਂਤਾਂ ਅਨੁਸਾਰ
ਚਲਦੇ ਹੋ ਤਾਂ ਤੁਸੀਂ ਇਮਾਨਦਾਰ ਨਹੀਂ ਹੁੰਦੇ, ਕਿਉਂਕਿ ਸਿਧਾਂਤ ਤੁਹਾਡਾ ਆਦਰਸ਼ ਹੋ
ਸਕਦਾ ਹੈ ਤੁਹਾਡੀ ਹਕੀਕਤ ਜਾਂ ਅਸਲੀਅਤ ਨਹੀਂ। ਅਤੇ ਕੋਈ ਵੀ ਆਦਰਸ਼ ਰਖਣਾ
੧੧੨ / ਜਾਣੇ ਹੋਏ ਤੋਂ ਆਜ਼ਾਦੀ
ਨਿਰਾ ਪਾਗਲਪਣ ਹੈ। ਜੇ ਤੁਸੀਂ ਕੋਈ ਅਦਰਸ਼, ਵਿਸ਼ਵਾਸ ਜਾਂ ਸਿਧਾਂਤ ਪਾਲ ਰਖਿਆ ਹੈ ਤੇ
ਸੰਭਵ ਹੀ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਸਿੱਧੇ ਰੂਪ 'ਚ ਦੇਖ ਸਕਦੇ, ਜਿਸ ਤਰ•ਾਂ ਦੇ
ਤੁਸੀਂ ਹੋ। ਕੀ ਤੁਸੀਂ ਪੂਰੇ ਨਿਖੇਧਾਤਮਿਕ ਹੋ ਸਕਦੇ ਹੋ—ਨਿਰਵਿਚਾਰ, ਨਿਰਭੈ ਤੇ ਪੂਰੀ ਤਰਾਂ
ਸ਼ਾਂਤ ਤੇ ਫੇਰ ਵੀ ਜੋਸ਼ ਨਾਲ ਭਰੇ, ਇਕ ਦਮ ਤਾਜ਼ੇ ਤੇ ਜੀਵੰਤ?
ਮਨ ਦੀ ਉਹ ਅਵਸਥਾ ਜਿੱਥੇ ਕੋਈ ਲਾਲਸਾ ਨਹੀਂ ਹੀ ਅਸਲ ਧਾਰਮਿਕ ਮਨ ਹੈ।
ਜਿਸ ਨੂੰ ਲੋਕੀਂ ਸੱਚ, ਅਸਲੀਅਤ, ਪਰਮਾਨੰਦ, ਪਰਮਾਤਮਾ, ਸੁੰਦਰਤਾ ਜਾਂ ਪ੍ਰੇਮ ਆਖਦੇ
ਹਨ, ਕੀ ਉਸ ਦੇ ਦਰਸ਼ਨ ਮਨ ਦੀ ਅਜਿਹੀ ਹਾਲਤ ਵਿਚ ਹੋ ਸਕਦੇ ਹਨ? ਤੁਸੀਂ ਅਜਿਹੀ
ਹਾਲਤ ਨੂੰ ਸੱਦ ਨਹੀਂ ਸਕਦੇ। ਕਿਰਪਾ ਕਰਕੇ ਇਸ ਸਾਧਾਰਨ ਤੇ ਸਿੱਧੀ ਗੱਲ ਨੂੰ ਪੱਲੇ ਬੰਨੋ।
ਨਾ ਇਸ ਨੂੰ ਸੱਦ ਸਕਦੇ ਹਾਂ ਨਾ ਇਸ ਦੀ ਖੋਜ ਕਰ ਸਕਦੇ ਹਾਂ। ਕਿਉਂਕਿ ਮਨ ਇਸ ਲਈ
ਛੋਟਾ ਪੈ ਜਾਂਦਾ ਹੈ। ਮਨ ਤਾਂ ਇਕਦਮ ਨਾਦਾਨ ਤੇ ਨਾਸਮਝ ਹੈ। ਤੁਹਾਡੀਆਂ ਭਾਵਨਾਵਾਂ
ਤਾਂ ਬਿਲਕੁਲ ਬਣਾਉਟੀ ਤੇ ਬੇਅਰਥ ਹਨ। ਤੁਹਾਡਾ ਜੀਵਨ ਤੇ ਰਹਿਣ-ਸਹਿਣ ਇੰਨਾਂ
ਅਸਤ-ਵਿਅਸਤ ਤੇ ਉਲਝਿਆ ਹੈ ਅਤੇ ਇਸ ਵਿਰਾਟ ਜੀਵਨ ਦੀ ਜਿਸ ਛੋਟੀ ਜਿਹੀ
ਨੁੱਕਰੇ ਤੁਸੀਂ ਰਹਿ ਰਹੇ ਹੋ ਉਹ ਇਨ•ੀ ਗੰਦੀ, ਮੈਲੀ ਤੇ ਗਈ ਬੀਤੀ ਹੈ ਕਿ ਉਸ ਵਿਚ ਤੁਸੀਂ
ਉਸ ਅਨੰਤ ਤੇ ਅਸੀਮ ਨੂੰ ਆਉਣ ਦਾ ਸੱਦਾ ਨਹੀਂ ਦੇ ਸਕਦੇ। ਕਿਸੇ ਨੂੰ ਸੱਦਾ ਦੇਣ ਲਈ,
ਉਸਨੂੰ ਜਾਣਨਾ ਜ਼ਰੂਰੀ ਹੈ, ਪਰ ਇਸ ਚੀਜ ਨੂੰ ਤੁਸੀਂ ਜਾਣ ਨਹੀਂ ਸਕਦੇ। ਇਹ ਮਹੱਤਵਪੂਰਨ
ਨਹੀਂ ਹੈ ਕਿ ਕੌਣ ਕਹਿੰਦਾ ਹੈ। ਜੇ ਕੋਈ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ, ਤਾਂ ਓਸੇ ਵੇਲੇ ਸਮਝ
ਲਓ ਕਿ ਉਹ ਨਹੀਂ ਜਾਣਦਾ। ਜਿਸ ਪਲ ਤੁਸੀਂ ਕਿਹਾ ਕਿ ਤੁਸੀਂ ਉਸ ਨੂੰ ਪਾ ਲਿਆ ਹੈ ਤਾਂ
ਸਮਝੋ ਤੁਸੀਂ ਉਸ ਨੂੰ ਨਹੀਂ ਪਾਇਆ। ਜੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਉਸ ਦੀ ਅਨੁਭੂਤੀ ਹੋ
ਗਈ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਨੂੰ ਉਸ ਦੀ ਅਨੁਭੂਤੀ ਕਦੀ ਨਹੀਂ ਹੋਈ। ਇਹ ਸਭ
ਦੂਸਰੇ ਦਾ ਸ਼ੋਸ਼ਣ ਕਰਨ ਦੇ ਢੰਗ ਤਰੀਕੇ ਹਨ। ਇਹ ਸ਼ੋਸ਼ਣ ਚਾਹੇ ਆਪਣੇ ਦੋਸਤ ਦਾ ਕਰੋ ਜਾਂ
ਦੁਸ਼ਮਨ ਦਾ।
ਤੇ ਅਸੀਂ ਖੁਦ ਤੋਂ ਹੀ ਪੁਛਦੇ ਹਾਂ ਕਿ ਕੀ ਬਿਨਾ ਕਿਸੇ ਸੱਦਾ-ਪਤੱਰ ਦੇ, ਬਿਨਾ
ਇੰਤਜ਼ਾਰ, ਬਿਨਾ ਕੋਸ਼ਿਸ਼, ਬਿਨਾ ਖੋਜ ਦੇ ਉਸ ਸ਼ੈਅ ਦਾ ਦਰਸ਼ਨ ਸੰਭਵ ਹੈ? ਇਸ ਨੂੰ ਇਕ
ਠੰਡੀ ਹਵਾ ਵਾਂਗ ਆਉਣ ਦਿਓ ਜੋ ਖੁੱਲੀ ਖਿੜਕੀ ਥਾਣੀ ਆ ਜਾਂਦੀ ਹੈ। ਤੁਸੀਂ ਉਸ ਠੰਡੀ
ਹਵਾ ਦੇ ਬੁੱਲੇ ਨੂੰ ਬੁਲਾਵਾ ਨਹੀਂ ਭੇਜ ਸਕਦੇ ਪਰ ਖਿੜਕੀ ਖੁਲ•ੀ ਰੱਖ ਸਕਦੇ ਹੋ। ਇਸ ਦਾ
ਇਹ ਅਰਥ ਨਹੀਂ ਹੈ ਕਿ ਖਿੜਕੀ ਖੋਲ ਕੇ ਇੰਤਜ਼ਾਰ ਕਰਨ ਲੱਗ ਜਾਓ। ਅਜਿਹਾ ਆਪਣੇ
ਆਪ ਨਾਲ ਇਕ ਹੋਰ ਧੋਖਾ ਹੋਵੇਗਾ ਕਿਉਂਕਿ ਜਦ ਤੁਸੀਂ ਆਪਣੇ ਆਪ ਨੂੰ ਇਸ ਲਈ
ਖੁੱਲ•ਾ ਰੱਖਦੇ ਹੋ ਕਿਉਂਕਿ ਤੁਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਹ ਵਿਚਾਰ ਦਾ ਹੀ
ਰੂਪ ਹੈ।
ਕੀ ਤੁਸੀਂ ਕਦੀ ਆਪਣੇ ਆਪ ਤੋਂ ਪੁਛਿਆ ਹੈ ਕਿ ਆਖਰ ਆਦਮੀ ਕੋਲ ਉਹ ਕਿਉਂ
ਨਹੀਂ ਹੈ? ਆਦਮੀ ਬੱਚੇ ਪੈਦਾ ਕਰਦਾ ਹੈ। ਕਾਮਵਾਸਨਾ ਦਾ ਸੁਖ ਭੋਗਦਾ ਹੈ। ਦੋਸਤੀ,
ਸੰਗਸਾਥ ਵਿਚ ਮਿਲਜੁਲ ਕੇ ਰਹਿਣਾ, ਆਪਸ ਵਿਚ ਵੰਡ ਕੇ ਖਾਣਾ, ਜਿਊਣਾ, ਰਸ,
੧੧੩ / ਜਾਣੇ ਹੋਏ ਤੋਂ ਆਜ਼ਾਦੀ
ਮਿਠਾਸ, ਇਹ ਸਭ ਉਸ ਨੂੰ ਪ੍ਰਾਪਤ ਹੈ, ਪਰ ਇਕ ਚੀਜ਼ ਤੋਂ ਉਹ ਮਹਿਰੂਮ ਕਿਉਂ ਹੈ? ਕੀ
ਤੁਹਾਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੋਈ? ਕਦੀ ਵੀ? ਸੁਸਤੀ ਵੇਲੇ, ਆਲਸ ਵੇਲੇ,
ਕਦੀ ਕਿਸੇ ਸੁਨਸਾਨ ਸੜਕ 'ਤੇ ਇੱਕਲੇ ਟਹਿਲਦੇ ਹੋਏ ਜਾਂ ਕਿਸੇ ਗੰਦੀ ਗਲੀ ਵਿਚੋਂ
ਗੁਜ਼ਰਦੇ ਹੋਏ ਜਾਂ ਕਿਸੇ ਬੱਸ 'ਚ ਬੈਠੇ ਹੋਏ ਜਾਂ ਕਿਸੇ ਸਮੁੰਦਰ ਕਿਨਾਰੇ ਆਪਣੀਆਂ
ਛੁਟੀਆਂ ਬਿਤਾਉਂਦੇ ਹੋਏ ਜਾਂ ਝਰਨਿਆਂ, ਦਰਖ਼ਤਾਂ ਪੰਛੀਆਂ-ਪਸ਼ੂਆਂ ਭਰੇ ਕਿਸੇ ਜੰਗਲ
ਵਿਚ ਟਹਿਲਦੇ ਹੋਏ-ਇਹਨਾਂ ਵਿਚੋਂ ਕਿਸੇ ਮੌਕੇ ਕੀ ਤੁਹਾਨੂੰ ਯਾਦ ਨਹੀਂ ਆਇਆ ਕਿ
ਮਨੁੱਖ ਜੋ ਲੱਖਾਂ ਸਾਲਾਂ ਤੋਂ ਇਸ ਜ਼ਮੀਨ 'ਤੇ ਰਹਿ ਰਿਹਾ ਹੈ ਇਸ ਚੀਜ਼ ਨੂੰ ਕਿਉਂ ਨਹੀਂ
ਹਾਸਿਲ ਕਰ ਸਕਿਆ? ਇਸ ਕਦੀ ਨਾ ਮੁਰਝਾਉਣ ਵਾਲੇ ਅਦਭੁਤ ਫੁਲ ਨੂੰ ਉਹ ਕਿਉਂ
ਨਹੀਂ ਪ੍ਰਾਪਤ ਕਰ ਸਕਿਆ? ਆਖਿਰ ਕੀ ਕਾਰਨ ਹੈ ਕਿ ਤੁਸੀਂ ਇਕ ਇਨਸਾਨ ਹੋਣ ਦੇ
ਨਾਤੇ ਜੋ ਇੰਨਾ ਸਮਰਥ, ਹੁਸ਼ਿਆਰ, ਤੇ ਚਲਾਕ ਹੈ, ਜਿਸ ਕੋਲ ਅਦਭੁਤ ਤਕਨੀਕੀ ਗਿਆਨ
ਹੈ, ਜਿਸ ਨੇ ਅਕਾਸ਼, ਧਰਤੀ ਤੇ ਸਮੁੰਦਰ ਮਿਣ ਲਿਆ ਹੈ, ਜਿਸ ਕੋਲ ਵੱਧ ਤੋਂ ਵੱਧ ਯੋਗਤਾ
ਵਾਲੇ ਕੰਪਿਊਟਰ ਹਨ, ਪਰ ਜੋ ਸਭ ਤੋਂ ਕੀਮਤੀ, ਬੇਸ਼-ਕੀਮਤੀ ਚੀਜ਼ ਹੈ, ਉਹ ਉਸ ਕੋਲ
ਕਿਉਂ ਨਹੀਂ ਹੈ? ਪਤਾ ਨਹੀਂ ਤੁਸੀਂ ਕਦੀ ਗੰਭੀਰਤਾ ਨਾਲ ਇਸ ਸੁਆਲ ਦਾ ਸਾਹਮਣਾ ਕੀਤਾ
ਹੈ ਕਿ ਨਹੀਂ? ਕਿ ਤੁਹਾਡਾ ਦਿਲ ਇੰਨਾ ਖਾਲੀ-ਖਾਲੀ ਕਿਉਂ ਹੈ?
ਜੇ ਤੁਸੀਂ ਆਪਣੇ ਆਪ ਤੋਂ ਇਹ ਸੁਆਲ ਪੁਛੋ ਤਾਂ ਤੁਹਾਡਾ ਜੁਆਬ ਕੀ ਹੋਏਗਾ?
ਤੁਹਾਡਾ ਸਿਧਾ ਜੁਆਬ ਬਿਨਾ ਕਿਸੇ ਹੇਰ-ਫੇਰ ਦੇ, ਬਿਨਾਂ ਸ਼ਬਦਾਂ ਦੇ ਦਿਖਾਵੇ ਜਾਂ ਚਲਾਕੀ
ਦੇ ਕੀ ਹੋਏਗਾ? ਤੁਸੀਂ ਜਿੰਨੀ ਤੀਬਰਤਾ, ਗੰਭੀਰਤਾ ਅਤੇ ਗਹਿਣਤਾ ਨਾਲ ਇਹ ਸੁਆਲ
ਪੁਛੋਗੇ ਉਸ ਦੇ ਹੀ ਅਨੁਰੂਪ ਤੁਹਾਡਾ ਜੁਆਬ ਹੋਏਗਾ। ਪਰ ਨਾ ਤੁਸੀਂ ਗਹਿਣ ਹੋ ਨਾ
ਗੰਭੀਰ। ਉਹ ਇਸ ਲਈ ਕਿ ਤੁਹਾਡੇ ਕੋਲ ਊਰਜਾ ਨਹੀਂ ਹੈ। ਊਰਜਾ ਅਰਥਾਤ ਜੋਸ਼ ਅਤੇ
ਬਿਨਾ ਜੋਸ਼ ਤੋਂ ਤੁਸੀਂ ਸੱਚ ਨੂੰ ਨਹੀਂ ਪਾ ਸਕਦੇ। ਉਹ ਜੋਸ਼ ਜੋ ਪ੍ਰਚੰਡਤਾ ਨਾਲ ਭਰਿਆ ਹੋਏ,
ਉਹ ਜੋਸ਼ ਜਿਸ ਵਿਚ ਕੋਈ ਵੀ ਲੁਕੀ-ਛਿਪੀ ਚਾਹ ਤੇ ਕਾਮਨਾ ਨਾ ਹੋਏ ਪਰ ਜੋਸ਼ ਤੁਹਾਡੇ
ਲਈ ਡਰਾਉਣੀ ਚੀਜ ਹੈ, ਕਿਉਂਕਿ ਜਦ ਤੁਹਾਡੇ ਕੋਲ ਜੋਸ਼ ਹੁੰਦਾ ਹੈ ਤਾਂ ਤੁਸੀਂ ਡਰਦੇ ਹੋ
ਕਿ ਪਤਾ ਨਹੀਂ ਇਹ ਤੁਹਾਨੂੰ ਕਿੱਥੇ ਲੈ ਜਾਏਗਾ।
ਕੀ ਕਿਤੇ ਡਰ ਦੇ ਕਾਰਨ ਹੀ ਤੁਸੀਂ ਉਸ ਊਰਜਾ ਤੋਂ ਵੰਚਿਤ ਤਾਂ ਨਹੀਂ ਹੋ? ਜਿਸ
ਨਾਲ ਪਤਾ ਲਗਾ ਸਕਦੇ ਹੋ ਕਿ ਪ੍ਰੇਮ ਦਾ ਗੁਣ ਤੁਹਾਡੇ ਅੰਦਰ ਕਿਉਂ ਨਹੀਂ ਹੈ, ਤੁਹਾਡੇ
ਦਿਲ ਵਿਚ ਪ੍ਰੇਮ ਦਾ ਇਹ ਦੀਵਾ ਕਿਉਂ ਨਹੀਂ ਜਗਦਾ? ਜੇ ਤੁਸੀਂ ਆਪਣੇ ਦਿਲ ਨੂੰ
ਟਟੋਲਿਆ ਹੈ, ਉਸ ਦੀ ਨੇੜੇ ਹੋ ਕੇ ਛਾਣਬੀਨ ਕੀਤੀ ਹੈ ਤਾਂ ਤੁਹਾਨੂੰ ਪਤਾ ਲਗੇਗਾ ਕਿ
ਤੁਹਾਡੇ ਕੋਲ ਇਹ ਕਿਉਂ ਨਹੀਂ ਹੈ। ਜੇ ਇਸ ਦੀ ਖੋਜ ਤੁਸੀਂ ਪੂਰੇ ਜੋਸ਼ ਨਾਲ ਭਰ ਕੇ ਕਰੋਗੇ
ਤਾਂ ਤੁਸੀਂ ਅਚਾਨਕ ਪਾਓਗੇ ਕਿ ਇਹ ਤੇ ਹੈ ਹੀ ਇਥੇ। ਜੋਸ਼ ਦਾ ਸਭ ਤੋਂ ਉੱ”1 ਰੂਪ ਨਿਖੇਧ
ਹੈ। ਪੂਰਨ ਨਿਖੇਧ ਹੀ ਉਹ ਰਸਤਾ ਹੈ ਜਿਸ ਵਿਚੋਂ ਪ੍ਰੇਮ ਦਾ ਆਗਮਨ ਹੁੰਦਾ ਹੈ, ਨਿਮਰਤਾ
ਵਾਂਗ ਹੀ ਤੁਸੀਂ ਪ੍ਰੇਮ ਵੀ ਪੈਦਾ ਨਹੀਂ ਕਰ ਸਕਦੇ। ਅਹੰਕਾਰ ਦੇ ਬਿਲਕੁਲ ਖਤਮ ਹੋਣ ਨਾਲ
ਹੀ ਨਿਮਰਤਾ ਦਾ ਜਨਮ ਹੁੰਦਾ ਹੈ। ਫੇਰ ਤੁਹਾਨੂੰ ਭਾਵੇਂ ਪਤਾ ਵੀ ਨਾ ਲੱਗੇ ਕਿ ਵਿਨਿਮਰ
੧੧੪ / ਜਾਣੇ ਹੋਏ ਤੋਂ ਆਜ਼ਾਦੀ
ਹੋਣਾ ਕੀ ਹੈ? ਉਹ ਆਦਮੀ ਜਿਸ ਨੂੰ ਆਪਣੇ ਵਿਨਿਮਰ ਹੋਣ ਦਾ ਪਤਾ ਹੈ ਉਹ ਅਹੰਕਾਰੀ
ਆਦਮੀ ਹੈ। ਇਸੇ ਤਰ•ਾਂ ਜਦ ਤੁਸੀਂ ਆਪਣੇ ਪੂਰੇ ਦਿਲ ਨਾਲ ਆਪਣੇ ਪੂਰੇ ਵਜੂਦ ਤੇ
ਜਾਨ-ਪ੍ਰਾਣ ਨਾਲ ਜੀਵਨ ਦੇ ਰਸਤੇ ਦਾ ਪਤਾ ਲਗਾਉਂਦੇ ਹੋ, ਜੋ ਅਸਲ ਹੈ ਉਸਨੂੰ ਦੇਖਦੇ
ਹੋ ਤੇ ਉਸ ਤੋਂ ਪਾਰ ਚਲੇ ਜਾਂਦੇ ਹੋ। ਅਤੇ ਜੋ ਤੁਸੀਂ ਜੀ ਰਹੇ ਹੋ ਉਸ ਜੀਵਨ ਨੂੰ ਪੂਰੀ ਤਰ•ਾਂ
ਤੇ ਸਮੁੱਚਤਾ ਨਾਲ ਅਸਵੀਕਾਰ ਕਰ ਦਿੰਦੇ ਹੋ, ਅਤੇ ਜੋ ਕਰੂਪ, ਕਠੋਰ, ਬੇਰਹਿਮ ਹੈ, ਉਸ
ਨੂੰ ਰੱਦ ਕਰਨ ਵਿਚ ਹੀ ਉਸ 'ਹੋਰ' ਦਾ ਜਨਮ ਹੁੰਦਾ ਹੈ ਅਤੇ ਤੁਸੀਂ ਉਸ ਨੂੰ ਜਾਣ ਵੀ
ਸਕਦੇ ਹੋ? ਉਹ ਆਦਮੀ ਜੋ ਜਾਣਦਾ ਹੈ ਕਿ ਉਹ ਸ਼ਾਂਤ ਖਾਲੀ ਤੇ ਪ੍ਰੇਮ ਪੂਰਨ ਹੈ, ਅਸਲ
ਵਿੱਚ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਪ੍ਰੇਮ ਤੇ ਮੌਨ ਕੀ ਹੈ।
-ਸਮਾਪਤ
੧੧੫ / ਜਾਣੇ ਹੋਏ ਤੋਂ ਆਜ਼ਾਦੀ
Subscribe to:
Post Comments (Atom)
a book freedom from the known by J Krishnamurti translated into punabi by prem singh jane hoye to azadi
ReplyDelete